Email: [email protected]
Telegram: @harmanradio
Phone: +61285992811

ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ

amb-da-bootaਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ – ਇਕ ਵਿਗਿਆਨੀ ਤੱਥ ਕੁਲਦੀਪ ਮਾਣਕ ਦਾ ਗਾਇਆ ਅਤੇ ਗੁਰਮੁਖ ਸਿੰਘ ਗਿੱਲ (ਜਬੋ ਮਾਜਰੇ ਵਾਲਾ) ਦੇ ਕਲਮਬੱਧ ਕੀਤੇ ਹੋਏ ਇਸ ਗੀਤ ਦਾ ਮੁਖੜਾ ਕਿਰਸਾਨੀ ਲੋਕ ਤੱਤ ਜਾਂ ਕਿਰਸਾਨੀ ਗਿਆਨ ਦਾ ਪ੍ਰਤੀਕ ਹੈ। ਅਜਿਹਾ ਗਿਆਨ ਸਦੀਆਂ ਤੋਂ ਧਰਤੀ ਅਤੇ ਹਰਿਆਵਲ ਦੇ ਆਪਸੀ ਸੰਬੰਧਾਂ ਨੂੰ ਨੇੜੇ ਤੋਂ ਵਾਚਣ ਤੋਂ ਬਾਅਦ ਹੀ ਪੈਦਾ ਹੁੰਦਾ ਹੈ। ਅੰਬ ਦਾ ਬੂਟਾ ਕਿਉਂ ਮਸਤ ਹੈ ਕੇਲਿਆਂ ਦੇ ਬੂਟਿਆਂ ਕੋਲ? ਇਸ ਤੱਥ ਦੀ ਸਮਝ ਮੈਨੂੰ ਆਸਟ੍ਰੇਲੀਆ ਵਿਚ ਆ ਕੇ ਕਈ ਸਾਲਾਂ ਬਾਅਦ ਆਈ। 1994 ਵਿਚ ਸਾਡੇ ਪਰਿਵਾਰ ਨੇ ਵੂਲਗੁਲਗਾ ਖੇਤਰ ਵਿਚ ਖੇਤੀ ਕਰਨ ਦਾ ਫ਼ੈਸਲਾ ਕੀਤਾ ਅਤੇ ਕੇਲਿਆਂ ਦਾ ਫਾਰਮ ਲਿਆ। ਕੁੱਝ ਸਾਲਾਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਹੋਰ ਫ਼ਸਲਾਂ ਵੀ ਲਾਉਣ ਦੀ ਲੋੜ ਹੈ। ਇਸ ਇਲਾਕੇ ਵਿਚ ਐਵੋਕਾਡੋ (Avocado) ਵੀ ਕਾਫੀ ਹੁੰਦਾ ਸੀ, ਸੋ ਅਸੀ ਇੱਕ ਫਾਰਮ ਨੂੰ ਇਸ ਖੇਤੀ ਵਿਚ ਬਦਲਣ ਦਾ ਫ਼ੈਸਲਾ ਕੀਤਾ ਅਤੇ ਕੇਲਿਆਂ ਵਿਚ ਹੀ ਬੂਟੇ ਲਗਾ ਦਿੱਤੇ। ਬਹੁਤ ਸੁਹਣਾ ਉਗੰਰੇ ਅਤੇ ਦੋ ਸਾਲਾਂ ਵਿਚ ਹੀ ਬਹੁਤ ਫਲਾਰ ਹੋ ਗਿਆ। ਕੇਲੇ ਘਟਾਉਂਦੇ ਗਏ ਅਤੇ ਹੌਲ਼ੀ-ਹੌਲ਼ੀ ਬਹੁਤ ਥੋੜੇ ਰਹਿ ਗਏ। ਫ਼ਸਲ ਬਹੁਤ ਸੁਹਣੀ ਹੋ ਜਾਂਦੀ। ਸੋਕੇ ਦੇ ਹਾਲਤਾਂ ਵਿਚ ਵੀ ਪਾਣੀ ਦੀ ਲੋੜ ਨਾ ਪਈ, ਜੜਾਂ ਦੀ ਬਿਮਾਰੀ ਵੀ ਨਾ ਪਈ। ਫਿਰ ਅਸੀ ਸਾਰੇ ਕੇਲੇ ਖ਼ਤਮ ਕਰਨ ਦੀ ਸੋਚੀ। ਬੱਸ ਡੇਢ ਕੁ ਸਾਲ ਬਾਅਦ, ਪਾਣੀ ਦੀ ਲੋੜ ਮਹਿਸੂਸ ਹੋਈ, ਜੜਾਂ ਦੀ ਬਿਮਾਰੀ (Phytophthora) ਪੈਣ ਲਗੀ ਅਤੇ ਉਹ ਆਬ ਨਾ ਰਹੀ ਜੋ ਪਹਿਲਾਂ ਸੀ। ਖੇਤੀ ਦੇ ਮਾਹਿਰਾਂ ਨੂੰ ਪੁੱਛਿਆ ਅਤੇ ਸਭ ਨੇ ਕਈ ਦਵਾਈਆਂ ਅਤੇ ਸਪਰੇਅ ਦੱਸੇ, ਕੀਤੇ ਵੀ ਪਰ ਗੱਲ ਨਾ ਬਣਦੀ ਦਿਸੀ। ਇਕ ਦਿਨ ਇਸ ਇਲਾਕੇ ਦੇ ਬਹੁਤ ਹੀ ਪੁਰਾਣੇ ਗੋਰੇ ਕਿਸਾਨ ਨੂੰ ਮਿਲਣ ਦਾ ਮੌਕਾ ਮਿਲਿਆ। ਉਸਨੂੰ ਆਪਣੀ ਸਮੱਸਿਆ ਦੱਸੀ ਤਾਂ ਉਸ ਨੇ ਸਹਿਜ ਸੁਭਾ ਹੀ ਕਿਹਾ ਕਿ “ਯੰਗ ਫੈਲੋ! ਦੇ ਆਰ ਲਾਇਕ ਮੈਂਗੋ। ਬੋਥ ਗੋ ਸਾਈਡ ਬਾਈ ਸਾਈਡ। ਰੀ ਪਲਾਂਟ ਸਮ ਬਨਾਨਾਜ਼” (ਜੁਆਨਾਂ! ਇਹ ਅੰਬਾਂ ਵਾਂਗ ਹੀ ਹਨ ਅਤੇ ਨਾਲ-ਨਾਲ ਹੀ ਰਹਿਣਾ ਪਸੰਦ ਕਰਦੇ ਹਨ, ਕੇਲੇ ਲਾ ਇਹਨਾਂ ਵਿਚ)। ਮੈਂ ਬੜਾ ਹੈਰਾਨ ਕਿ ਕਿਤੇ ਇਹ ਵੀ ਕੁਲਦੀਪ ਮਾਣਕ ਦਾ ਫੈਨ ਤਾਂ ਨੀ। ਫਿਰ ਆ ਕੇ ਤਹਿ ਤਕ ਸੋਚਿਆ ਅਤੇ ਘੋਖਿਆ ਅਤੇ ਇਸ ਪਿੱਛੇ ਚੱਲਦੀਆਂ ਕੁਦਰਤੀ ਗਰਾਰੀਆਂ ਆਪ ਜੀ ਨਾਲ ਸਾਂਝੀਆਂ ਕਰ ਰਿਹਾ ਹਾਂ।

ਅੰਬ ਅਤੇ ਕੇਲਾ ਦੋਨੋ ਹੀ ਸਦਾ ਬਹਾਰ ਬਨਸਪਤੀ ‘ਚੋਂ ਹਨ। ਅੰਬ ਦੀ ਮੁੱਖ ਜੜ੍ਹ ਕਾਫੀ ਡੂੰਘੀ ਜਾਂਦੀ ਹੈ ਅਤੇ ਜੇ ਜ਼ਮੀਨ ਨੰਗੀ ਹੈ ਤਾਂ ਵਾਲ਼ਾਂ ਵਰਗੀਆਂ ਉਪਰੀਆ ਜੜਾਂ ਘੱਟ ਹੁੰਦੀਆਂ ਹਨ। ਪਾਣੀ ਦੀ ਘਾਟ ਕਾਰਨ ਕਈ ਵਾਰੀ ਬੂਟਾ ਕਮਜ਼ੋਰ ਹੋ ਜਾਂਦਾ ਹੈ। ਧਰਤੀ ਸਖ਼ਤ ਹੋ ਜਾਂਦੀ ਹੈ। ਇਸ ਨਾਲ ਜੜਾਂ ਦੀ ਬਿਮਾਰੀ (Phytophthora) ਪੈਣ ਦੇ ਆਸਾਰ ਬਹੁਤ ਵੱਧ ਜਾਂਦੇ ਹਨ। ਜੋ ਜੜ੍ਹ ਵਿਚ ਰਹਿ ਕੇ ਤੱਤ ਖਾ ਜਾਂਦੇ ਹਨ ਅਤੇ ਬੂਟੇ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਇਸ ਬਿਮਾਰੀ ਨੂੰ ਰੋਕਣ ਵਾਸਤੇ ਮਿਟੀ ਵਿਚ ਦਵਾਈਆਂ ਦਾ ਛਿੱਟਾ ਦੇਣਾ ਜਾਂ ਸਪਰੇਅ ਕਰਨਾ ਪੈਂਦਾ ਹੈ। ਕਈ ਵਾਰੀ ਜ਼ਿਆਦਾ ਮੀਂਹ ਜਾਂ ਸਲ੍ਹਾਬ ਰਹਿਣ ਕਰਕੇ ਵੀ ਬਿਮਾਰੀ ਪੈਂਦੀ ਹੈ। ਇਸ ਸਮੱਸਿਆ ਨੂੰ ਕੇਲੇ ਦਾ ਬੂਟਾ ਹੱਲ ਕਰਦਾ ਹੈ। ਜ਼ਿਆਦਾ ਪਾਣੀ ਨੂੰ ਕੇਲਾ ਬੜੀ ਛੇਤੀ ਸੋਕ ਲੈਂਦਾ ਹੈ। ਕੇਲੇ ਦੇ ਸੁੱਕੇ ਹੋਏ ਪੱਤ-ਪਰਾਲ਼ ਧਰਤੀ ਨੂੰ ਢਕਦੇ ਹਨ ਤੇ ਧਰਤੀ ਨੂੰ ਪੋਲਾ ਰੱਖਦੇ ਹਨ, ਬੇਲੋੜਾ ਸੁੱਕਣ ਤੋਂ ਬਚਾਉਂਦਾ ਹਨ। ਜਿਸ ਕਰਕੇ ਉਪਰੀ ਜੜਾਂ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਗਲ਼ ਰਹੇ ਪੱਤੇ ਅਤੇ ਕੇਲੇ ਦੇ ਮੁੱਢ, ਤੱਤ ਅਤੇ ਪਾਣੀ ਮੁਹੱਈਆ ਕਰਵਾਉਂਦੇ ਹਨ। ਕੇਲਾ ਪੁੱਠੀ ਛਤਰੀ ਵਾਂਗ ਹੁੰਦਾ ਹੈ ਜੋ ਪਾਣੀ ਨੂੰ ਇਕਠਾ ਕਰਕੇ ਆਪਣੇ-ਆਪ ਨੂੰ ਤਰੌਤ ਕਰਦਾ ਹੈ। ਕਈ ਵਾਰੀ ਅੰਬ ਦੀ ਉੱਪਰਲੀਆਂ ਜੜ੍ਹਾਂ ਕੇਲੇ ਦੇ ਮੁੱਢ ਵਿਚ ਵੀ ਜਾਂ ਵੜਦੀਆਂ ਹਨ। ਇਸ ਕਰਕੇ ਇਹ ਦੋਵੇਂ ਇਕ ਦੂਜੇ ਦੇ ਪੂਰਕ ਬਣ ਜਾਂਦੇ ਹਨ।

ਆਉਣ ਵਾਲੇ ਸਮੇਂ ਵਿਚ ਆਪਣੇ ਖੇਤੀ ਦੇ ਤਜਰਬੇ ਵਿਚੋਂ ਹੋਰ ਵੀ ਸਾਂਝ ਪਾਵਾਂਗਾ ਜਿਵੇਂ “ਰੰਬੇ ਦੀ ਚਾਂਡ“, “ਅੰਬ ਨੂੰ ਟੱਕ“, “ਜੱਟ ਦੀਆਂ ਫ਼ਸਲ ਨਾਲ ਗੱਲਾਂ“, “ਚਾਨਣ ‘ਚ ਪੇਂਦ“, “ਗਊ ਦੇ ਜਾਏ ਕਾਮਧੇਨੁ“, “ਕਣਕ ‘ਚ ਸਰ੍ਹੋਂ ਦਾ ਸਿਆੜ“, ਆਦਿ।

– ਅਮਨਦੀਪ ਸਿੰਘ ਸਿੱਧੂ

0 Comments

Add a Comment

Your email address will not be published. Required fields are marked *