Email: [email protected]
Telegram: @harmanradio
Phone: +61285992811

ਸੇਵਾ ਦੇ ਅਹਿਸਾਸ ‘ਚ ਘਰ ਵਾਪਸੀ ਦਾ ਨੁਕਤਾ : ਇਹ ਜਨਮ ਤੁਮ੍ਹਾਰੇ ਲੇਖੇ

Eh Janam Tumahre Lekhe
ਨਵੀਂ ਤਰ੍ਹਾਂ ਦੇ ਗੁਆਂਢ ਬਣ ਚੁੱਕੇ ਫੇਸਬੁੱਕ ਤੋਂ ਹੀ ਮਿੱਤਰਾਂ ਦੀ ਖੈਰ ਸੁਖ ਮਿਲਦੀ ਹੈ ਅਤੇ ਨਾਲ ਹੀ ਵਿਖਦਾ ਹੈ ਉਹਨਾਂ ਦੇ ਵਿਚਾਰਾਂ ਦਾ ਪ੍ਰਗਟਾਵਾ। ਯਾਦਵਿੰਦਰ ਨੇ ਇੱਕ ਵੀਡਿਓ ਸਾਂਝੀ ਕੀਤੀ ਅਤੇ ਨਾਲ ਉਸ ਬਾਰੇ ਛੋਟਾ ਜਿਹਾ ਸੰਦਰਭ ਲਿਖਿਆ, ਵਿਚਾਰਧਾਰਕ ਮਸ਼ੀਨ ਬਣ ਚੁੱਕੇ ਲੋਕਾਂ ਲਈ ਜਿਨ੍ਹਾਂ ਨੂੰ ਭਾਵਨਾਤਮਕ ਗੱਲ ਦੁਨੀਆ ਦੀ ਸਭ ਤੋਂ ਛੋਟੀ ਚੀਜ਼ ਲੱਗਦੀ ਹੈ। ਸੋ ਪਹਿਲੀ ਗੱਲ ਤਾਂ ਇਹੋ ਹੈ ਕਿ ਭਾਵਨਾ ਸ਼ਬਦ ਨੂੰ ਸਮਝਿਆ ਜ਼ਰੂਰ ਜਾਵੇ। ਇਹ ਤੁਹਾਡੀ ਨਿਜੀ ਖੋਜ ਹੈ ਪਰ ਸਾਰਿਆਂ ਦੇ ਹਿਤ ‘ਚ ਹੈ।
ਦੂਜਾ ਕਿ ਇਹ ਮੇਰੇ ਦਿਮਾਗ ‘ਚ ਇਸ ਲਈ ਚੱਲ ਰਿਹਾ ਹੈ ਕਿਉਂ ਕਿ ਭਗਤ ਪੂਰਨ ਸਿੰਘ ਨੂੰ ਸਮਝਨ ਲਈ ਤਰਕ ਦੀ ਸੂਝ ਭਾਵਨਾ ਮਾਰਫਤ ਹੈ। ਹਰਜੀਤ ਸਿੰਘ ਵੱਲੋਂ ਨਿਰਦੇਸ਼ਤ ਭਗਤ ਪੂਰਨ ਸਿੰਘ ਦੀ ਫ਼ਿਲਮ ਸਿਰਫ ਬਾਇਓਗ੍ਰਾਫੀਕਲ ਫ਼ਿਲਮ ਨਹੀਂ ਸਗੋਂ ਸਿਰਫ ਕੂੰਜੀ ਹੈ। ਇਹ ਫ਼ਿਲਮ ਸਿਰਫ ਉਹਨਾਂ ਦੀ ਜ਼ਿੰਦਗੀ ਤੱਕ ਪਹੁੰਚਣ ਦੇ ਛੋਟੇ ਛੋਟੇ ਇਸ਼ਾਰਿਆਂ ਦਾ ਦਸਤਖਤ ਹੈ। ਇਸੇ ਲਈ ਸਿਨੇਮਾ ਬਾਰੇ ਗੱਲ ਕਰਨ ਵਾਲਿਆਂ ਨੂੰ ਇਹ ਵਿਸਥਾਰ ‘ਚ ਮਹਿਸੂਸ ਨਹੀਂ ਹੁੰਦੀ ਜਾਂ ਇੰਝ ਲੱਗਦਾ ਹੈ ਕਿ ਇਹ ਫ਼ਿਲਮ ਕਈ ਜਗ੍ਹਾ ਤੋਂ ਟੁੱਟਦੀ ਹੈ। ਕਹਾਣੀ ਕਹਿਣ ‘ਚ ਕਾਹਲ ਜਾਪਦੀ ਹੈ ਜਾਂ ਫਿਲਮ ਸੰਪਾਦਨਾ ‘ਚ ਕਮੀ ਵੀ ਮਹਿਸੂਸ ਹੁੰਦੀ ਹੈ।
ਪਰ ਇਸ ਫ਼ਿਲਮ ਦਾ ਵਰਤਾਰਾ ਤਕਨੀਕੀ ਪੱਖ ਤੋਂ ਉੱਪਰ ਦਾ ਹੈ। ਇਹਨੂੰ ਵੇਖਦੇ ਹੋਏ ਵਾਇਆ ਸਿਨੇਮਾ ਮੈਂ ਲੋਕ ਮਨਾਂ ਨੂੰ ਵੀ ਵੇਖ ਰਿਹਾ ਸੀ, ਸੁਣ ਰਿਹਾ ਸੀ। ਫ਼ਿਲਮ ਸ਼ੁਰੂ ਹੋਣ ਦੌਰਾਨ ਇੱਕ ਚਰਚਾ ਇਹ ਚੱਲ ਰਹੀ ਹੈ ਕਿ ਫ਼ਿਲਮ ਦਾ ਨਾਮ ‘ਇਹ ਜਨਮ ਤੁਮ੍ਹਾਰੇ ਲੇਖੇ’ ‘ਚ ਪੰਜਾਬੀ ਫ਼ਿਲਮ ਬਣਾਉਣ ਵੇਲੇ ਹਿੰਦੀ ਦਾ ਸ਼ਬਦ ‘ਤੁਮ੍ਹਾਰੇ’ ਕਿਉਂ ਵਰਤਿਆ ਗਿਆ। ਸ਼ਾਇਦ ਉਹਨਾਂ ਨੂੰ ਭਗਤ ਰਵੀਦਾਸ ਦੇ ਸ਼ਬਦ ਦਾ ਨਹੀਂ ਸੀ ਪਤਾ ਜਿੱਥੋਂ ਇਹ ਸਿਰਲੇਖ ਲਿਆ ਗਿਆ।ਸਿਨੇਮਾ ਅੰਦਰ ਅਗਲੀਆਂ ਸੀਟਾਂ ‘ਤੇ ਬੈਠੇ ਨੌਜਵਾਨਾਂ ਵੱਲੋਂ ਇਹ ਚਰਚਾ ਹੋ ਸਕਦੇ ਮੇਰੀ ਨਜ਼ਰੇ ਉਂਝ ਹੀ ਵਧਾ ਚੜ੍ਹਾਕੇ ਵੇਖੀ ਜਾ ਰਹੀ ਹੋਵੇ ਪਰ ਇਹ ਤੰਦ ਮੇਰੇ ਸਾਹਮਣੇ ਉਜਾਗਰ ਕਰਦੀ ਹੈ ਕਿ ਪੰਜਾਬ ਅੰਦਰੋ ਹਰ ਸਾਹ ਦਰ ਸਾਹ ਪਹੁੰਚਣ ਵਾਲੇ ਫਲਸਫੇ ਕਿੰਝ ਉਹਨਾਂ ਦੀ ਪਹੁੰਚ ਤੋਂ ਦੂਰ ਹੋ ਰਹੇ ਹਨ ਕਿ ਜਿੰਨ੍ਹਾ ਗੱਲਾਂ ਦਾ ਆਮ ਜ਼ਿਕਰ ਜਾਂ ਉਹਨਾਂ ਦੀ ਸਮਝ ਅਧੀਨ ਪਸਾਰ ਹੋਣਾ ਚਾਹੀਦਾ ਸੀ ਉਹ ਨਹੀਂ ਹੈ। ਜਦੋਂ ਫਿਲਮ ਖਤਮ ਹੁੰਦੀ ਹੈ ਤਾਂ ਕੁਝ ਦਾ ਜ਼ਿਕਰ ਹੈ ਕਿ ਇਹ ਤਾਂ ਕੋਈ ਸੌਧਾ ਨਾ ਹੋਇਆ,ਦਿਲਜੀਤ ਦਾ ਗਾਣਾ ਤਾਂ ਵਿਖਾਇਆ ਨਹੀਂ।ਇਹਨਾਂ ਸਾਰੀਆਂ ਗੱਲਾਂ ‘ਚ ਖੁਸ਼ੀ ਇਹ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਇਹ ਫ਼ਿਲਮ ਵੇਖਣ ਦੀ ਪਹਿਲ ਤਾਂ ਕੀਤੀ। ਪਰ ਸੋਚ ਅੰਦਰ ਇਹ ਜ਼ਰੂਰ ਚੱਲ ਰਿਹਾ ਹੈ ਕਿ ਫ਼ਿਲਮ ਵੇਖਣ ਤੋਂ ਬਾਅਦ ਜੋ ਸੋਚ ‘ਚ ਚੱਲਣਾ ਚਾਹੀਦਾ ਸੀ ਉਹ ਨਹੀਂ ਮਹਿਸੂਸ ਹੋ ਰਿਹਾ। ਬਾਕੀ ਅੱਧੇ ਸਿਨੇਮਾ ਦਾ ਭਰਨਾ ਮੇਰੇ ਨਜ਼ਰੇ ਸਾਰਥਕ ਜ਼ਰੂਰ ਹੋਇਆ ਹੈ। ਇੱਕ ਵਾਰ ਫ਼ਿਲਮ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਘੁਸਰ ਭੁਸਰ ਨਜ਼ਰ ਨਹੀਂ ਆ ਰਹੀ ਸੀ।ਇਹ ਮੇਰੇ ਲਈ ਪਿਛਲੇ ਜ਼ਿਕਰ-ਏ-ਅਹਿਸਾਸ ਤੋਂ ਵੱਖਰਾ ਤਜਰਬਾ ਸੀ।
ਇਸ ਫ਼ਿਲਮ ਦੇ ਬਹਾਨੇ ਸਾਡੇ ਜ਼ਿਹਨ ‘ਚ ਇਹ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਅਸੀ ਸਾਰੇ ਕੋਸਦੇ ਹਾਂ ਕਿ ਚੰਗਾ ਸਿਨੇਮਾ ਨਹੀਂ ਬਣਦਾ,ਚੰਗੇ ਵਿਸ਼ੇ ਨਹੀਂ ਹਨ। ਪਰ ਜਦੋਂ ਅਜਿਹੀ ਫ਼ਿਲਮ ਆਉਂਦੀ ਹੈ ਸਾਨੂੰ ਹੁੰਗਾਰਾ ਜ਼ਰੂਰ ਦੇਣਾ ਚਾਹੀਦਾ ਹੈ।ਭਗਤ ਪੂਰਨ ਸਿੰਘ ਪੰਜਾਬ ਦੇ ਓਸ ਫ਼ਲਸਫੇ ਦਾ ਪ੍ਰਤੀਕ ਹੈ ਜਿੱਥੇ ਗੂਰੂ ਨਾਨਕ ਸਾਹਬ ਦੇ ਪੂਰਨੇ ਪਾਏ ਵਿਖਦੇ ਹਨ। ਸੰਗਤ, ਪੰਗਤ, ਸੇਵਾ, ਨਿਜ ਦਾ ਤਿਆਗ, ਅਣਮਨੁੱਖੀ ਵਰਤਾਰੇ ਦਾ ਵਿਰੋਧ,ਦਇਆ ਇਹਨਾਂ ਸੰਗ ਸੰਸਾਰ ਦੀ ਸੋਚ ਸ਼ਾਹੀ ਬਣੇਗੀ। ਭਗਤ ਪੂਰਨ ਸਿੰਘ ਦੀ ਭੂਮਿਕਾ ਨੂੰ ਪਵਨ ਰਾਜ ਮਲਹੋਤਰਾ ਨੇ ਏਨੀ ਖੂਬਸੂਰਤੀ ਨਾਲ ਜਿੰਦਾ ਕੀਤਾ ਹੈ ਕਿ ਭਗਤ ਪੂਰਨ ਸਿੰਘ ਤੋਂ ਅਣਜਾਨ ਬੰਦਾ ਉਹਨਾਂ ਦੀ ਸ਼ਖਸੀਅਤ ਨਿਰਮਾਣ ‘ਚ ਝਾਤ ਸੋਖਿਆ ਮਾਰ ਲੈਂਦਾ ਹੈ। ਇਹ ਫ਼ਿਲਮ ਭਗਤ ਪੂਰਨ ਸਿੰਘ ਦੇ ਵਿਸਥਾਰ ‘ਚ ਨਹੀਂ ਜਾਂਦੀ ਸਗੋਂ ਉਹਦੇ ਛੋਟੇ ਛੋਟੇ ਇਸ਼ਾਰੇ ਕਰਦੀ ਹੈ।ਉਹ ਕੁਝ ਉਸੇ ਤਰ੍ਹਾਂ ਦਾ ਅਹਿਸਾਸ ਹੈ ਕਿ ਆਪਣੀ ਫਸਲ ਆਪ ਬੀਜਣੀ ਪਵੇਗੀ ਅਤੇ ਆਪ ਹੀ ਕੱਟਣੀ ਪਵੇਗੀ। ਸੋ ਇਸ ਫ਼ਿਲਮ ਨੂੰ ਵੇਖੋ ਭਗਤ ਪੂਰਨ ਸਿੰਘ ਪ੍ਰਤੀ ਉਤਸੁਕਤਾ ਜਗਾਓ ਅਤੇ ਉਹਨਾਂ ਨੂੰ ਹੋਰ ਜਾਨਣ ਲਈ ਖੁਦ ਸੇਵਾ ‘ਚ ਪੈ ਜਾਓ। ਸੇਵਾ ਦੇ ਮਾਇਨਿਆਂ ਨੂੰ ਸਮਝਨ ਲਈ ਇਹ ਮੁੱਢਲੀ ਗਾਈਡਲਾਈਨ ਹੈ।
ਫ਼ਿਲਮ ਦੀ ਸ਼ੁਰੂਆਤ ਸਾਹਿਬ ਸ਼੍ਰੀ ਗੁਰੁ ਨਾਨਕ ਦੇਵ ਜੀ ਵੱਲੋਂ ਲਿਖੇ ਸ਼ਬਦ ‘ਆਰਤੀ’ ਤੋਂ ਹੁੰਦੀ ਹੈ। ਉਸ ਦੇ ਫ਼ਿਲਮਾਂਕਣ ਨਾਲ ਹੀ ਸਾਡੀ ਸੋਚ ਅੰਦਰ ਚਿੰਤਨ ਜਨਮ ਲੈਂਦਾ ਹੈ ਅਤੇ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਅੰਦਰਲੀਆਂ ਨਿਸ਼ਾਨਦੇਹੀਆਂ ਵਿਖਦੀਆਂ ਹਨ। ਜਦੋਂ ਅੱਜ ਪਛਾਣ ਨੂੰ ਲੈ ਕੇ ਸਾਰਿਆਂ ਅੰਦਰ ਇੱਕ ਤੜਪ ਹੈ।ਫੇਸਬੁੱਕ ‘ਤੇ ਤਰਜੀਹ, ਲਾਈਕ, ਟਿੱਪਣੀਆਂ ਦੇ ਸ਼ਕਤੀ ਪ੍ਰਦਰਸ਼ਨ ਦੇ ਦੌਰ ਤੋਂ ਲੈ ਕੇ ਘਰ ਵਾਪਸੀ ਵਰਗੇ ਫਾਲਤੂ ਸ਼ੰਸੋਪੰਜ ਚਰਚਾ ‘ਚ ਹਨ। ਅਜਿਹੇ ‘ਚ ਨਿਰਦੇਸ਼ਕ ਕਹਾਣੀ ਦੱਸਣ ਤੋਂ ਪਹਿਲਾਂ ਅਹਿਸਾਸ ਕਰਵਾ ਰਿਹਾ ਹੈ ਕਿ ਭਗਤ ਪੂਰਨ ਸਿੰਘ ਵਰਗਾ ਸਿੱਖ ਇਸ ਨੁਕਤੇ ਨੂੰ ਮਹਿਸੂਸ ਕਰਦਾ ਸੀ ਕਿ ਕੁਦਰਤ ਦੇ ਜਲੌਅ ‘ਚ ਏਡੀ ਵੱਡੀ ਆਰਤੀ ‘ਚ ਸਾਡਾ ਨਿਜ ਕਿੱਥੇ ਠਹਿਰਦਾ ਹੈ। ਇਸ ਲਈ  ਭਗਤ ਪੂਰਨ ਸਿੰਘ ਪਿੰਗਲਵਾੜਾ ਮਹਾਨਤਮ ਅਹਿਸਾਸ ਨੂੰ ਉਪੜੇ ਹਨ।
ਫ਼ਿਲਮ ਦੀ ਪੇਸ਼ਕਾਰੀ ‘ਚ ਸੰਵਾਦ ਨੂੰ ਤੋਰਨ ‘ਚ ਇੰਝ ਐਲੀਮੈਂਟ ਨੂੰ ਵਰਤਣਾ ਬਹੁਤ ਖੂਬਸੂਰਤ ਲੱਗਿਆ।ਕਿਤੇ ਨਾ ਕਿਤੇ ਆਰਤੀ ਦੇ ਉਹਨਾਂ ਮਾਇਨਿਆਂ ਨੂੰ ਦੁਬਾਰਾ ਸਮਰਣ ਕਰਨ ਦੀ ਲੋੜ ਹੈ ਫਿਰ ਹੀ ਸੰਸਾਰ ਦੀ ਭਾਵਨਾਤਮਕ ਗੱਲ ( ਜੋ ਮੈਂ ਯਾਦਵਿੰਦਰ ਦੇ ਫੇਸਬੁੱਕੀ ਟਿੱਪਣੀ ਦੇ ਹਵਾਲੇ ਨਾਲ ਕੀਤੀ ਸੀ ) ਵੱਡੀ ਜਾਪੇਗੀ।ਪਿਛਲੇ ਦਿਨਾਂ ਦੀਆਂ ਸਾਰੀਆਂ ਖ਼ਬਰਾਂ ਇਹੋ ਅਹਿਸਾਸ ਕਰਵਾ ਰਹੀਆਂ ਹਨ ਕਿ ਸਿੱਖੀ ਅੰਦਰ ਵੀ ‘ਗਗਨ ਮੈ ਥਾਲਿ’ ਦੇ ਮਾਇਨੇ ਗਵਾਚ ਗਏ ਹਨ। ਬਾਕੀ ਧਰਮਾਂ ਅੰਦਰਾਂ ਵੀ ਇਹ ਅਹਿਸਾਸ ਨਿਗੁਨੇ ਹੋਏ ਹਨ। ਗੋਆ ਤੋਂ ਇੱਕ ਖ਼ਬਰ ਆਈ ਸੀ ਕਿ ਕਿਸੇ ਨੇ ਕਿਹਾ ਕਿ ਜੇ ਤੁਸੀ ਇਸਾਈ ਨਹੀਂ ਬਣਦੇ ਤਾਂ ਨਰਕ ‘ਚ ਜਾਓਗੇ।ਛਤੀਸਗੜ੍ਹ ‘ਚ ਆਰ.ਐੱਸ.ਐੱਸ ਵਾਲਿਆਂ ਇੱਕ ਇਸਾਈ ਮਿਸ਼ਨਰੀ ਦੇ ਸਕੂਲ ‘ਚ ਮੁੱਖ ਅਧਿਆਪਕ ਨੂੰ ਆਪਣੇ ਆਪ ਨੂੰ ਫਾਦਰ ਕਹਾਉਣ ਤੋਂ ਰੋਕਿਆ ਅਤੇ ਸਕੂਲ ‘ਚ ਸਰਸਵਤੀ ਦੀ ਮੂਰਤੀ ਸਥਾਪਿਤ ਕਰਨ ਦੀਆਂ ਹਦਾਇਤਾਂ ਜੜ੍ਹ ਛੱਡੀਆਂ। ਆਰ.ਐੱਸ.ਐੱਸ  ਸਨ੍ਹੇ ਕੱਟੜ ਹਿੰਦੂਵਾਦੀ ਗੁੱਟ 2025 ‘ਚ ਸੰਪੂਰਨ ਭਾਰਤ ਨੂੰ ਹਿੰਦੂ ਬਣਾਉਣ ਦਾ ਏਜੰਡਾ ਲੈ ਕੇ ਚੱਲ ਰਹੇ ਹਨ। ਅਜਿਹੀ ਨਿਗੁਣੀਆਂ ਗੱਲਾਂ ‘ਚ ਸੇਵਾ ਅਤੇ ਮਨੁੱਖਤਾ ਦੇ ਬੀਜ ਮੁੜ ਸੁਰਜੀਤ ਕਰਨ ਲਈ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਸੋਚ ਨੂੰ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਅੰਮ੍ਰਿਤਸਰ ਦੀ ਇੱਕ ਵਾਰਤਾ ਦਾ ਜ਼ਿਕਰ ਕਰਦੇ ਹੋਏ ਸਾਡਾ ਮਿੱਤਰ ਮਨਜੀਤ ਸਿੰਘ ਰਾਜਪੁਰਾ ਦੱਸਦਾ ਹੈ ਕਿ ਸਿੰਘ ਬ੍ਰਦਰਜ਼ ਪਬਲੀਕੇਸ਼ਨ ਵਾਲਿਆਂ ਆਪਣੇ ਤਜਰਬੇ ਨਾਲ ਭਗਤ ਪੂਰਨ ਸਿੰਘ ਬਾਰੇ ਕੁਝ ਇਸ ਤਰ੍ਹਾਂ ਦੱਸਦੇ ਸਨ।
“ਉਹ ਉਹਨਾਂ  ਮਰੀਜ਼ਾਂ ਦੀ ਸੇਵਾ ਕਰਦੇ ਸਨ ਅਤੇ ਜਿਹੋ ਜਿਹੀ ਉਹਨਾਂ ਮਰੀਜ਼ਾਂ ਦੀ ਹਾਲਤ ਹੁੰਦੀ ਸੀ ਉਸ ਨੂੰ ਵੇਖਕੇ ਤਾਂ ਸਗੇ ਵੀ ਮੂੰਹ ਫੇਰ ਲੈਣ। ਅਜਿਹੀ ਸੇਵਾ ਲਈ ਤਾਂ ਕਿਸੇ ਸ਼ਖਸੀਅਤ ਦਾ Abnormal ਹੋਣਾ ਹੀ ਜ਼ਰੂਰੀ ਹੈ।”
ਮੈਂ ਇਸ ਨੂੰ Normal Man in Abnormal World ਦਾ ਵਿਸ਼ੇਸ਼ਣ ਦਿੰਦਾ ਹਾਂ।
ਫ਼ਿਲਮਸਾਜ਼ ਦੀ ਇਹ ਫ਼ਿਲਮ ਬਹੁਤ ਹੀ ਈਮਾਨਦਾਰ ਕੌਸ਼ਿਸ਼ ਹੈ। ਭਗਤ ਪੂਰਨ ਸਿੰਘ ਹੁਣਾਂ ਦੀ ਸੋਚ ਅਤੇ ਉਹਨਾਂ ਦੀ ਸ਼ਖਸੀਅਤ ਨਿਰਮਾਣ ‘ਚ ਉਹਨਾਂ ਦੀ ਮਾਂ ਦੀਆਂ ਸਿੱਖਿਆਵਾਂ ਦਾ ਬਹੁਤ ਵੱਡਾ ਹੱਥ ਹੈ। ਭਗਤ ਪੂਰਨ ਸਿੰਘ ਅਤੇ ਉਹਨਾਂ ਦੀ ਮਾਂ ਦਰਮਿਆਨ ਰਿਸ਼ਤਾ ਪੂਰੇ ਨਿਰਦੇਸ਼ਕੀ ਕੌਸ਼ਲ ਦਾ ਕਮਾਲ ਹੈ।ਇਸੇ ਕੌਸ਼ਲ ‘ਚ ਪ੍ਰਦੂਸ਼ਣ ਪ੍ਰਤੀ ਉਹਨਾਂ ਦੀ ਚਿੰਤਾ ਅਤੇ ਪਦਾਰਥਵਾਦੀ ਵਰਤਾਰੇ ‘ਚ ਪੜ੍ਹੇ ਲਿਖਿਆ ਨੂੰ ਪੜ੍ਹੇ ਲਿਖੇ ਜਾਹਲ ਕਹਿਣਾ ਉਹਨਾਂ ਦਾ ਰੋਸ ਅਤੇ ਗੁੱਸੇ ਨੂੰ ਬਿਆਨ ਵੀ ਕਰਦਾ ਹੈ।ਇਸ ਦੇ ਨਾਲੋਂ ਨਾਲ ਅਜੋਕੀ ਪੜ੍ਹਾਈ ਅੰਦਰੋ ਮਨਫੀ ਸਮਾਜਿਕ ਜ਼ਿੰਮੇਵਾਰੀ ਦੇ ਵਿਸਥਾਰ ਲਏ ਬਨਾਉਟੀ ਵਰਤਾਰੇ ਉੱਤੇ ਟਿੱਪਣੀ ਵੀ ਖੂਬ ਕਰਦਾ ਹੈ।ਇਸ ਨੂੰ ਇਸ ਫ਼ਿਲਮ ਮਾਰਫਤ ਸਿੱਖਣ ਦੀ ਲੋੜ ਹੈ ਕਿ ਅਸੀ ਕਿਸੇ ਪ੍ਰਤੀ ਧਾਰਨਾ ਬਣਾਉਣਾ ਦਾ ਮੁੱਢਲਾ ਜ਼ਰੀਆ ਉਹਦੇ ਪਹਿਰਾਵੇ ਨੂੰ ਨਾ ਬਣਾਈਏ ਅਤੇ ਬੰਦੇ ਨੂੰ ਬੰਦਾ ਸਮਝਨ ਦਾ ਫਲਸਫਾ ਜਿੰਨਾ ਛੇਤੀ ਹੋ ਸਕੇ ਸਿੱਖ ਲਈਏ।
ਭਗਤ ਪੂਰਨ ਸਿੰਘ ਦਾ 1984 ਵੇਲੇ ਦਰਬਾਰ ਸਾਹਿਬ ‘ਤੇ ਹਮਲੇ ਅਤੇ ਬੇਦੋਸ਼ਿਆਂ ਦੇ ਕਤਲੇਆਮ ਅੰਦਰ ਆਪਣੇ ਪਦਮ ਸ਼੍ਰੀ ਪੁਰਸਕਾਰ ਨੂੰ ਵਾਪਸ ਕਰਨਾ ਬਹੁਤ ਖਾਸ ਦਸਤਖਤ ਸੀ।ਅਜਿਹੇ ‘ਚ ਸਿਸਟਮ ਪ੍ਰਤੀ ਉਹਨਾਂ ਦੀ ਟਿੱਪਣੀ ਬਹੁਤ ਮਾਇਨੇ ਰੱਖਦੀ ਹੈ।ਇਸ ਨੂੰ ਹੋਰ ਵਿਸਥਾਰ ‘ਚ ਸਮਝਨ ਲਈ ਇੱਕ ਕਿਤਾਬ ਪੜ੍ਹੀ ਜਾ ਸਕਦੀ ਹੈ। Garland Around My Neck: The Story of Puran Singh of Pingalwara, by Patwant Singh & Harinder Kaur Sekhon.
ਬਹੁਤ ਕੁਝ ਵਿਚਾਰਨ ਨੂੰ ਜੀਅ ਕਰਦਾ ਹੈ।ਇਹੋ ਫ਼ਿਲਮ ਦੀ ਸਾਰਥਕਤਾ ਹੈ।ਆਦਮ ਤੇ ਹਵਾ ਦੇ ਰਿਸ਼ਤੇ ਵਿੱਚ,ਵੱਖੋ ਵੱਖਰੇ ਰਿਸ਼ਤਿਆਂ ਨੂੰ ਨਿਭਾਉਂਦੇ ਹੋਏ ਕਿਹੜੇ ਜਜ਼ਬਾਤ ਨੂੰ ਸਹੀ ਲੀਹੇ ਲੈ ਕੇ ਜਾਈਏ।ਉਹਨਾਂ ਤੱਕ ਇਹ ਸੰਦੇਸ਼ ਪਹੁੰਚਾਉਣ ਦੀ ਲੋੜ ਹੈ ਕਿ ਪਿੰਜਰ ਦੀ ਪਾਤਰ ਜਿਸ ਸਲਾਮਤੀ ਦੀ ਦੁਆ ‘ਚ ਮਨੁੱਖਤਾ ਦੀ ਘਰ ਵਾਪਸੀ ਨਾਲ ਆਪਣਾ ਆਪ ਵੇਖ ਰਹੀ ਹੈ।ਉਹ ਹੀ ਸੱਚਾ ਤੇ ਸੁੱਚਾ ਅਹਿਸਾਸ ਹੈ।ਅਜਮੇਰ ਸਿੱਧੂ ਦੀ ਕਹਾਣੀ ‘ਇਕਬਾਲ ਹੁਸੈਨ ਮੋਇਆ ਨੀ’ ਜਿਸ ਧਰਮ ਦੀ ਕੱਟੜਤਾ ‘ਤੇ ਵਿਅੰਗ ਕਰਦੀ ਹੈ ਉਸ ‘ਚ ਹੀ ਧਰਮ ਦੇ ਲੰਬੜਦਾਰ ਵੇਖਣ ਕਿ ਫਤਵੇ ਰਾਹ ਦਸੇਰਾ ਨਹੀਂ ਬਣਦੇ ਕਿਸੇ ਅਹਿਸਾਸ ਦੇ।ਇਸ ਫ਼ਿਲਮ ਦੇ ਮਾਰਫਤ ਪਿਆਰ,ਦਇਆ,ਆਦਰ,ਮਨੁੱਖਤਾ,ਕੁਦਰਤ ਕਿੰਨੀਆਂ ਹੀ ਵੰਨਗੀਆਂ ਮੁੜ ਚੇਤੇ ਆ ਜਾਂਦੀਆਂ ਹਨ।ਜਦੋਂ ਇਸ ਸਮੇਂ ਘਰ ਵਾਪਸੀ ਸ਼ਬਦ ਆਪਣਾ ਨਿੱਖਧ ਰੂਪ ਧਾਰਨ ਕਰ ਚੁੱਕਾ ਹੈ।ਅਜਿਹੇ ‘ਚ ਸੇਵਾ ਦੀ ਭਾਵਨਾ ਨਾਲ ਮਨੁੱਖਤਾ ਅਤੇ ਕੁਦਰਤ ਦੇ ਨੁਕਤਿਆਂ ਵਿੱਚ ਆਪਣੇ ਜਨਮ ਨੂੰ ਕਿਸ ਲੇਖੇ ਲਾਉਣਾ ਹੈ..ਇਹ ਹੀ ਸਾਡਾ ਮੂਲ ਚਿੰਤਨ ਹੈ।ਇਹੋ ਹੀ ਘਰ ਵਾਪਸੀ ਹੈ।

0 Comments

Add a Comment

Your email address will not be published. Required fields are marked *