Email: [email protected]
Telegram: @harmanradio
Phone: +61285992811

Guler Arts :: ਗੁਲੇਰ ਚਿੱਤਰਕਲਾ

ਇਨ੍ਹਾਂ ਚਿਤਰਾਂ ਨੂੰ ਸਮਝਣ ਲਈ ਗੁਲੇਰ ਦੇ ਇਤਿਹਾਸ ਨੂੰ ਜਾਨਣਾ ਜਰੂਰੀ ਹੈ – ਮਹਿੰਦਰ ਸਿੰਘ ਰੰਧਾਵਾ

PACJ041PACJ040Miniature_Painting,_Krishna_releases_the_defeated_Rukmi,_Guler_style,_1770,_Chamba_Museum,_Himachal_Pradesh,_India

 

 

 

paca030_king_govardhan_chand_listening_musicpaca008_raja_goverdhan_chand_riding_his_favourite_horsepaca007_makeup_queen

 

 

 

 
7894Portrait of the Govardhan Chand, Surrounded by women - Circa 1750

 

 

 

 

 

ਇਨ੍ਹਾਂ ਚਿਤਰਾਂ ਨੂੰ ਸਮਝਣ ਲਈ ਗੁਲੇਰ ਦੇ ਇਤਿਹਾਸ ਨੂੰ ਜਾਨਣਾ ਜਰੂਰੀ ਹੈ। ਰਾਜਾ ਹਰੀ ਚੰਦ ਨੇ 1405 ਈਸਵੀ ਵਿਚ ਗੁਲੇਰ ਦੀ ਰਾਜਧਾਨੀ ਨੂੰ ਕਾਇਮ ਕੀਤਾ। ਰਾਜਾ ਹਰੀ ਚੰਦ ਕਾਂਗੜੇ ਦਾ ਰਾਜਾ ਸੀ ਜਿਥੋਂ ਇਹ ਬੜੀ ਵਚਿੱਤਰ ਹਾਲਤ ਵਿਚ ਤੁਰ ਆਇਆ। ਕਿਹਾ ਜਾਂਦਾ ਹੈ ਕਿ ਰਾਜਾ ਆਪਣੇ ਸਾਥੀਆਂ ਨਾਲ ਸ਼ਿਕਾਰ ਕਰ ਰਿਹਾ ਸੀ ਕਿ ਇਕ ਜੰਗਲੀ ਸੂਰ ਦੇ ਮਗਰ ਲੱਗਿਆ ਇਹ ਬਹੁਤ ਦੂਰ ਨਿਕਲ ਗਿਆ। ਹਨੇਰਾ ਪੈਣ ਉੱਤੇ ਇਹ ਰਸਤਾ ਭੁੱਲ ਗਿਆ ਤੇ ਆਪਣੇ ਘੋੜੇ ਸਮੇਤ ਇਕ ਢੱਠੇ ਖੂਹ ਵਿਚ ਡਿੱਗ ਪਿਆ। ਕੁਝ ਦਿਨਾਂ ਬਾਅਦ ਖੱਚਰਾਂ ਦੀ ਲਾਮ ਡੋਰੀ ਲਈ ਓਧਰੋਂ ਇਕ ਵਪਾਰੀ ਲੰਘਿਆ, ਜਿਸ ਨੇ ਇਸ ਨੂੰ ਖੂਹ ਵਿਚੋਂ ਕੱਢਿਆ।ਰਾਜੇ ਦੇ ਇੰਜ ਆਲੋਪ ਹੋ ਜਾਣ ਉੱਤੇ ਉਸਦਾ ਛੋਟਾ ਭਰਾ ਤਖ਼ਤ ਉੱਤੇ ਬੈਠ ਗਿਆ ਤੇ ਉਸਦੀਆਂ ਰਾਣੀਆਂ ਸਤੀਆਂ ਹੋ ਗਈਆਂ।

ਜਦ ਹਰੀ ਚੰਦ ਨੂੰ ਇਹ ਸਭ ਪਤਾ ਲੱਗਾ ਤਾਂ ਉਸ ਕਾਂਗੜੇ ਵਾਪਸ ਜਾਣਾ ਮੁਨਾਸਿਬ ਨਹੀਂ ਸਮਝਿਆ। ਉਹ ਸਿੱਧਾ ਹਰੀਪੁਰ ਆ ਗਿਆ ਤੇ ਨਵੀਂ ਰਾਜਧਾਨੀ ਬਣਾਈ। ਕਿਹਾ ਜਾਂਦਾ ਹੈ ਕਿ ਜਿੱਥੇ ਕਿਲਾ ਹੈ, ਉੱਥੇ ਇਕ ਗਵਾਲਾ ਗਊਆਂ ਚੁਰਾਉਂਦਾ ਸੀ। ਇਕ ਵਾਰ ਗਵਾਲੇ ਨੇ ਵੇਖਿਆ ਕਿ ਇਕ ਬਾਘ ਤੇ ਬੱਕਰੀ ਇਕ ਚਸ਼ਮੇ ‘ਤੇ ਇਕੱਠੇ ਪਾਣੀ ਪੀ ਰਹੇ ਹਨ। ਹਰੀ ਚੰਦ ਉੱਥੇ ਪਹੁੰਚਿਆ ਤਾਂ ਗਵਾਲੇ ਨੇ ਉਹ ਜਗ੍ਹਾ ਉਸਨੂੰ ਵਿਖਾਈ। ਜਦ ਕੋਈ ਵੱਡੀ ਇਮਾਰਤ ਜਾਂ ਖ਼ਾਸ ਕਰਕੇ ਕਿਲਾ ਬਣਾਇਆ ਜਾਂਦਾ ਸੀ ਤਾਂ ਬਲੀ ਜ਼ਰੂਰ ਦਿੱਤੀ ਜਾਂਦੀ ਸੀ। ਕਿਹਾ ਜਾਂਦਾ ਹੈ ਕਿ ਉਸੇ ਗਵਾਲੇ ਦੀ ਬਲੀ ਦਿੱਤੀ ਗਈ, ਤੇ ਨੀਂਹ ਵਿਚ ਉਸਦਾ ਸਿਰ ਦਬਾਇਆ ਗਿਆ। ਏਸੇ ਕਰਕੇ ਗੁਲੇਰ ਦਾ ਪਹਿਲਾ ਨਾ ਗਵਾਲੇਰ ਸੀ।

ਹਰੀ ਚੰਦ ਤੋਂ ਬਾਅਦ ਉਹਦੇ ਕਈ ਜ਼ਾਨਸੀਨ ਹੋਏ, ਜਿੰਨ੍ਹਾ ਦੇ ਰਾਜ ਵਿਚ ਕੋਈ ਵਿਸ਼ੇਸ਼ ਘਟਨਾ ਨਹੀਂ ਵਾਪਰੀ। ਸਤਾਰਵੀਂ ਸਦੀ ਦੇ ਸ਼ੁਰੂ ਵਿਚ ਫੇਰ ਅਸੀਂ ਗੁਲੇਰ ਤੇ ਇਹਦੇ ਰਾਜਿਆ ਬਾਰਿਆ ਸੁਣਨਾ ਸ਼ੁਰੂ ਕਰਦੇ ਹਾਂ। ਰੂਪ ਚੰਦ ਤੋਂ ਬਿਕਰਮ ਸਿੰਘ ਤਕ ਗੁਲੇਰ ਦੇ ਰਾਜਿਆਂ ਦਾ ਮੁਗ਼ਲ ਬਾਦਸ਼ਾਹਾਂ ਨਾਲ ਬਹੁਤ ਚੰਗਾ ਸੰਬੰਧ ਰਿਹਾ। ਰੂਪ ਚੰਦ (1610 ਈ:) ਨੇ ਬਾਦਸ਼ਾਹ ਜਹਾਂਗੀਰ ਦੀ ਮੁਗ਼ਲ ਫੌਜ ਦੀ ਕਾਂਗੜੇ ਦੇ ਕਿਲੇ ਉੱਤੇ ਹਮਲਾ ਕਰਨ ਵੇਲੇ ਮੱਦਦ ਕੀਤੀ ਤੇ ਮੁਗ਼ਲ ਬਾਦਸਾਹ ਨੇ ਇਕ ਹਾਥੀ ਤੇ ਘੋੜਾ ਉਹਨੂੰ ਤੋਹਫ਼ੇ ਵਜੋਂ ਦਿੱਤਾ। ਇਸ ਤੋਂ ਬਾਅਦ ਇਸ ਰਾਜੇ ਨੇ ਜਹਾਂਗੀਰ ਦੀ ਨੌਕਰੀ ਕਰ ਲਈ ਤੇ ਉਹਨੇ ਇਹਨੂੰ ਦੱਖਣ ਵਲ ਇਕ ਮੁਹਿੰਮ ਤੇ ਭੇਜ ਦਿੱਤਾ। ਜਹਾਂਗੀਰ ਤੋਂ ਬਾਅਦ ਸ਼ਾਹ ਜਹਾਨ ਨੇ ਰੂਪ ਚੰਦ ਨੂੰ 1634 ਈਸਵੀ ਵਿਚ ਗੜ੍ਹਵਾਲ ਉੱਤੇ ਚੜਾਈ ਕਰਨ ਲਈ ਭੇਜਿਆ ਤੇ ਇਸੇ ਹਮਲੇ ਵਿਚ ਉਸਦੀ ਮੌਤ ਹੋ ਗਈ। ਰੂਪ ਚੰਦ ਦੇ ਪੁੱਤਰ ਮਾਨ ਸਿੰਘ (1645 ਈ:) ਨੇ ਵੀ ਸ਼ਾਹ ਜਹਾਨ ਦੀ ਨੌਕਰੀ ਕੀਤੀ ਤੇ ਉੱਤਰ ਪੂਰਬੀ ਇਲਾਕੇ ਦੀਆਂ ਮੁਹਿੰਮਾਂ ਵਿਚ ਲੜਦਾ ਰਿਹਾ। ਫੇਰ ਉਹ ਔਰੰਗਜੇਬ ਦੀ ਫੌਜ ਵਿਚ ਰਿਹਾ ਤੇ 1637 ਈ: ਵਿਚ ਕੰਧਾਰ ਦੇ ਹਮਲੇ ਵਿਚ ਉਸਨੇ ਹਿੱਸਾ ਲਿਆ। ਇਸਦਾ ਪੁੱਤਰ ਬਿਕਰਮ ਸਿੰਘ ਬੜਾ ਰਿਸ਼ਟ ਪੁਸ਼ਟ ਸੀ। ਕਿਹਾ ਜਾਂਦਾ ਹੈ ਕਿ ਉਹ ਨਾਰੀਅਲ ਨੂੰ ਉਂਗਲਾਂ ਨਾਲ ਦਬਾ ਕੇ ਤੋੜ ਦਿੰਦਾ ਸੀ।

ਦਲੀਪ ਸਿੰਘ ਦੇ ਜ਼ਮਾਨੇ ਵਿਚ ਹਿੰਦੂ ਕਲਾਕਾਰ, ਜਿਹੜੇ ਪਹਿਲੇ ਮੁਗ਼ਲ ਦਰਬਾਰ ਵਿਚ ਕੰਮ ਕਰਦੇ ਸਨ, ਨਾਦਰਸ਼ਾਹ ਦੇ ਹਮਲੇ ਕਰਕੇ ਖਿੰਡਰ-ਪੁਡਰ ਗਏ ਤੇ ਉਨ੍ਹਾਂ ਵਿਚੋਂ ਕਈ ਤਾਂ ਪਹਾੜੀਂ ਰਿਆਸਤਾਂ ਵਿਚ ਆ ਗਏ। ਮੁਗ਼ਲ ਸਲਤਨਤ ਬੜੀ ਕਮਜ਼ੋਰ ਹੋ ਗਈ ਸੀ, ਨਾਦਰਸ਼ਾਹ ਦੇ ਹਮਲੇ ਨੇ 1739 ਵਿਚ ਦਿੱਲੀ ਰਾਜਧਾਨੀ ਵਿਚ ਬੜੀ ਅਬਤਰੀ ਪੈਦਾ ਕੀਤੀ। ਹਜ਼ਾਰਾਂ ਸ਼ਹਿਰੀ ਕਤਲ ਕਰ ਦਿੱਤੇ ਗਏ ਤੇ ਬਾਕੀ ਰਾਜਸਥਾਨ ਤੇ ਪੰਜਾਬ ਦੇ ਪਹਾੜਾਂ ਅਤੇ ਹੋਰ ਅਜਿਹੀਆਂ ਥਾਵਾਂ ਵਲ ਭੱਜ ਗਏ। ਇਨ੍ਹਾਂ ਵਿਚੋਂ ਕੁਝ ਹਿੰਦੂ ਕਲਾਕਾਰ ਵੀ ਸਨ। ਇਨ੍ਹਾਂ ਪੁਰਾਣੇ ਕਲਾਕਾਰਾਂ ਵਿਚੋਂ ਪੰਡਤ ਸੇਊ ਤੇ ਉਹਦੇ ਪੁੱਤਰ ਨੈਣ ਸੁੱਖ ਤੇ ਮਾਣਕ ਦੇ ਚਿੱਤਰ ਮਿਲਦੇ ਹਨ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਕਾਂਗੜਾ-ਕਲਾ ਦਾ ਮੁੱਢ ਇਨ੍ਹਾਂ ਚਿਤਰਕਾਰਾਂ ਨੇ ਹੀ ਹਰੀਪੁਰ ਗੁਲੇਰ ਵਿਚ ਬੰਨ੍ਹਿਆਂ। ਨੈਣ ਸੁੱਖ 1748 ਵਿਚ ਜੰਮੂ ਚਲਾ ਗਿਆ ਜਿੱਥੇ ਉਸਨੇ ਰਾਜਾ ਬਲਵੰਤ ਦੇਵ ਦੀ ਨੌਕਰੀ ਕੀਤੀ। ਇਕ ਚਿਤਰ ਵਿਚ ਰਾਜਾ ਬਿਕਰਮ ਸਿੰਘ ਮੁਗ਼ਲ-ਕਲਾ ਦੇ ਮੁਤਾਬਿਕ ਇਕ ਹਾਥੀ ਉੱਤੇ ਸਵਾਰ ਹੈ। ਇਹ ਤਸਵੀਰ ਅੱਜ ਕੱਲ੍ਹ ਮਿਊਜੀਅਮ ਚੰਡੀਗੜ ਵਿਚ ਹੈ। ਇਕ ਹੋਰ ਚਿਤਰ ਰਾਜਾ ਦਲੀਪ ਸਿੰਘ ਦਾ ਪੋਲੋ ਖੇਡਦੇ ਦਾ ਹੈ। ਰਾਜਾ ਤੇ ਉਸਦੇ ਸਾਥੀ ਮੁਗ਼ਲਾਂ ਦੇ ਪਹਿਰਾਵੇ ਵਿਚ ਦਰਸਾਏ ਗਏ ਹਨ, ਉਨ੍ਹਾਂ ਨੇ ਚੋਗੇ ਪਾਏ ਹੋਏ ਹਨ ਤੇ ਉਨ੍ਹਾਂ ਦੇ ਸਾਫ਼ੇ ਸਿੱਧੇ ਹਨ। ਇਸ ਚਿਤਰ ਵਿਚ ਰਾਜਾ ਅਕਬਰ ਵਾਂਗ ਲੱਗਦਾ ਹੈ।

ਆਦਮੀਆਂ ਤੇ ਘੋੜਿਆਂ ਦੇ ਚਿਤਰ ਬਹੁਤ ਸੁਚੱਜਤਾ ਨਾਲ ਬਣਾਏ ਗਏ ਹਨ। ਇਹ ਚਿਤਰ ਪੋਲੋ ਖੇਡ ਰਹੇ ਲੋਕਾਂ ਦਾ ਇਕ ਵਧੀਆ ਚਿੱਤਰ ਹੈ, ਖਿਡਾਰੀਆਂ ਦੇ ਚਿਹਰਿਆਂ ਤੇ ਹੱਲਾ ਕਰਨ ਤੇ ਗੇਂਦ ਨੂੰ ਮਾਰਨ ਦੀ ਕੋਸ਼ਸ਼ ਸਪੱਸ਼ਟ ਚਿੱਤਰੀ ਹੋਈ ਹੈ, ਤੇ ਘੋੜਿਆਂ ਦੇ ਪੱਠਿਆਂ ਵਿਚ ਇਉਂ ਜਾਪਦਾ ਹੈ ਜਿਵੇਂ ਬੜੀ ਫੁਰਤੀ ਤੇ ਤਾਕਤ ਹੋਵੇ। ਇਸ ਚਿਤਰ ਵਿਚ ਉਹ ਸਾਰੇ ਵਿਸ਼ੇਸ਼ ਗੁਣ ਹਨ ਜਿਹੜੇ ਮੁਗ਼ਲ ਕਲਾ ਵਿਚ ਪਾਏ ਜਾਂਦੇ ਹਨ।

Miniature_Painting,_Krishna_releases_the_defeated_Rukmi,_Guler_style,_1770,_Chamba_Museum,_Himachal_Pradesh,_India

ਇਕ ਹੋਰ ਚਿੱਤਰ ਰਾਜਾ ਗਵਰਧਨ ਚੰਦ ਦਾ ਹੈ, ਜਿਸ ਵਿਚ ਰਾਜਾ ਮੁਗ਼ਲਈ ਅੰਦਾਜ਼ ਨਾਲ ਹਾਥੀ ਉੱਤੇ ਸਵਾਰ ਹੈ। ਹਾਥੀ ਨੂੰ ਬਹੁਤ ਵਧੀਆਂ ਤਰੀਕੇ ਨਾਲ ਸਜਾਇਆ ਹੋਇਆ ਹੈ, ਤੇ ਮਹਾਵਤ ਦੀ ਦਾਹੜੀ ਮੁਗ਼ਲਈ ਤਰੀਕੇ ਨਾਲ ਕਟੀ ਹੋਈ ਹੈ। ਇਹ ਤਸਵੀਰ ਵਿਸ਼ੇ ਤੇ ਚਿੱਤਰਨ ਦੋਹਾਂ ਕਰਕੇ ਮੁਗ਼ਲ ਕਲਾ ਦਾ ਇਕ ਵਧੀਆਂ ਨਮੂਨਾ ਹੈ।

ਗਵਰਧਨ ਚੰਦ (1740-1773) ਦੇ ਜ਼ਮਾਨੇ ਵਿਚ ਗੁਲੇਰ ਦੇ ਜਿਹੜੇ ਚਿੱਤਰ ਬਣਾਏ ਗਏ ਉਨ੍ਹਾਂ ਵਿਚ ਕਾਂਗੜਾ ਕਲਾ ਦਾ ਵਿਕਾਸ ਸਾਫ਼ ਤੌਰ ਤੇ ਵਿਖਾਈ ਦਿੰਦਾ ਹੈ। ਗੁਲੇਰ ਦਾ ਮੈਦਾਨੀ ਇਲਾਕੇ ਦੇ ਨਜਦੀਕ ਹੋਣਾ ਤੇ ਇੱਥੋਂ ਦੇ ਰਾਜਿਆ ਦਾ ਮੁਗ਼ਲਾਂ ਦੇ ਨਾਲ ਸੰਬੰਧ ਇਸ ਕੰਮ ਵਿਚ ਬਹੁਤ ਸਹਾਇਕ ਸਿੱਧ ਹੋਇਆ। ਇਸ ਲਈ ਕਾਂਗੜਾ ਕਲਾ ਦਾ ਜਨਮ ਅਸਥਾਨ ਗੁਲੇਰ ਹੀ ਹੈ ਤੇ ਕਾਂਗੜੇ ਦੇ ਸਭ ਤੋਂ ਪੁਰਾਣੇ ਚਿੱਤਰ ਗੁਲੇਰ ਵਿਚ ਹੀ ਚਿਤਰੇ ਗਏ। ਮਿ: ਵਿਲੀਅਮ ਆਰਚਰ ਨੇ ਠੀਕ ਹੀ ਕਿਹਾ ਹੈ, “ਗੁਲੇਰ ਪਹਾੜੀ ਕਲਾ ਦੇ ਅਠੱਤੀ ਕੇਂਦਰਾਂ ਵਿਚੋਂ ਕੇਵਲ ਇਕ ਨਹੀਂ, ਸਗੋਂ ਇਹ ਪੰਜਾਬ ਦੀ ਪਹਾੜੀ ਕਲਾ ਦੀ ਇਕ ਵਿਸ਼ੇਸ਼ ਸ਼ੈਲੀ ਦਾ ਜਨਮ ਦਾਤਾ ਹੈ।” ਗੁਲੇਰ ਨੇ ਆਪਣੀ ਸਥਾਨਕ ਕਲਾ ਵਿਚ ਨਜ਼ਾਕਤ ਤੇ ਸਿਮਰਤਾਈ ਹੀ ਨਹੀਂ ਪੈਦਾ ਕੀਤੀ ਸਗੋਂ ਇਹ ਕਲਾ ਜਦੋਂ 1790 ਈ: ਵਿਚ ਆਪਣੇ ਸਿਖ਼ਰ ਤੇ ਪੁੱਜੀ ਤਾਂ ਇਹ ਕਾਂਗੜਾ-ਕਲਾ ਦੇ ਨਾਂ ਨਾਲ ਮਸ਼ਹੂਰ ਹੋ ਗਈ।

paca008_raja_goverdhan_chand_riding_his_favourite_horseਹੁਣ ਅਸੀਂ ਉਨ੍ਹਾਂ ਚਿਤਰਾਂ ਦਾ ਜ਼ਿਕਰ ਕਰਾਂਗੇ ਜਿੰਨ੍ਹਾਂ ਨੂੰ ਕਾਂਗੜੇ ਦੀ ਕਲਾ ਦੇ ਚਿਤਰ ਕਿਹਾ ਜਾਂਦਾ ਹੈ। ਇਕ ਤਸਵੀਰ ਰਾਜਾ ਗਵਰਧਨ ਚੰਦ ਦੀ ਹੈ। ਰਾਜਾ ਕੇਸਰੀ ਰੰਗ ਦੇ ਕੱਪੜੇ ਪਹਿਨੀ ਆਪਣੇ ਮਸ਼ਹੂਰ ਘੋੜੇ ਉੱਤੇ ਚੜ੍ਹਿਆ ਹੋਇਆ ਹੈ। ਚਿੱਤਰ ਦਾ ਪਿਛਵਾੜਾ ਲਾਲ ਰੰਗ ਦਾ ਹੈ। ਗਵਰਧਨ ਚੰਦ ਦੇ ਇਸ ਘੋੜੇ ਨੂੰ ਜਲੰਧਰ ਦੇ ਨਵਾਬ ਅਦੀਨਾ ਬੇਗ ਨੇ ਬਹੁਤ ਪਸੰਦ ਕੀਤਾ। ਗਵਰਧਨ ਚੰਦ ਨੇ ਘੋੜਾ ਦੇਣ ਤੋਂ ਨਾਂਹ ਕਰ ਦਿੱਤੀ। ਦੋਨਾਂ ਦੀ ਲੜਾਈ ਹੋਈ ਜਿਸ ਵਿਚ ਅਦੀਨਾ ਬੇਗ਼ ਦੀ ਹਾਰ ਹੋਈ ਤੇ ਇਹ ਮਸ਼ਹੂਰ ਘੋੜਾ ਰਾਜਾ ਗਵਰਧਨ ਚੰਦ ਕੋਲ ਹੀ ਰਿਹਾ। ਪਿਛਲੇ ਜ਼ਮਾਨੇ ਵਿਚ ਘੋੜਿਆਂ ਦੀ ਬਹੁਤ ਕਦਰ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਆਪਣੀ ਘੋੜੀ ਲੇਲੀ ਨੂੰ ਜਾਨ ਨਾਲੋਂ ਵਧੀਕ ਪਿਆਰਾ ਸਮਝਦਾ ਸੀ ਤੇ ਉਸਨੇ ਤੀਹ ਲੱਖ ਰੁਪਏ ਦੇ ਹੀਰੇ ਜਵਾਹਰਾਂ ਨਾਲ ਉਹਦੀ ਕਾਠੀ ਤੇ ਸਾਜ਼ ਸਜਾਇਆ ਸੀ।

paca030_king_govardhan_chand_listening_musicਰਾਜਾ ਗਵਰਧਨ ਚੰਦ ਦਾ ਇਕ ਹੋਰ ਸੁੰਦਰ ਚਿੱਤਰ ਹੈ ਜਿਸ ਵਿਚ ਰਾਜਾ ਗਾਣੇ ਦੀ ਮਹਿਫ਼ਲ ਵਿਚ ਬੈਠਾ ਹੈ-ਇਹ ਚਿੱਤਰ ਰੰਗਾਂ ਦੀ ਚੋਣ ਤੇ ਉਨ੍ਹਾਂ ਦੀ ਵਰਤੋਂ ਦੀ ਨਜ਼ਾਕਤ ਕਰਕੇ ਬਹੁਤ ਵਿਸ਼ੇਸ਼ ਹੈ। ਇਸ ਤਸਵੀਰ ਦਾ ਚਿਤਰਨ ਢੰਗ ਸਾਦਾ ਹੈ-ਰਾਜਾ ਬਾਨ ਗੰਗਾ ਦੇ ਉੱਤੇ ਇਕ ਚਬੂਤਰੇ ਤੇ ਬੈਠਾ ਹੁੱਕਾ ਪੀ ਰਿਹਾ ਹੈ। ਦਰਬਾਰੀਆਂ ਵਿਚ ਇਕ ਦਰਬਾਰੀ ਤਿੱਬਤ ਦੇ ਭਿਖਸ਼ੂਆਂ ਵਾਂਗ ਲਗਦਾ ਹੈ। ਰਾਜਾ ਬਲਦੇਵ ਸਿੰਘ ਦੇ ਕਹਿਣ ਅਨੁਸਾਰ ਇਹ ਦਰਬਾਰੀ ਪਿੰਡੋਰੀ ਦਾ ਮਹੰਤ ਸੀ।ਰਾਜੇ ਨੇ ਕੇਸਰੀ ਚੋਗਾ ਪਾਇਆ ਹੋਇਆ ਹੈ, ਤੇ ਦਰਬਾਰੀਆਂ ਦੇ ਚੋਗੇ ਵੱਖ-ਵੱਖ ਰੰਗਾਂ ਤੇ ਢੰਗਾਂ ਦੇ ਹਨ। ਸ਼ਹਿਨਾਈ ਤੇ ਨਗਾਰੇ ਵਜਾਉਣ ਵਾਲਿਆਂ ਦੇ ਪਹਿਰਾਵੇ ਵੀ ਰੰਗੀਨ ਹਨ। ਨਗਾਰਿਆਂ ਉੱਤੇ ਵੀ ਪੀਲੇ ਰੰਗ ਦੇ ਗਿਲਾਫ਼ ਚੜ੍ਹੇ ਹੋਏ ਹਨ। ਚਬੂਤਰੇ ਦੇ ਹੇਠ ਹਰੇ ਦਰਖ਼ਤਾਂ ਦਾ ਝੁੰਡ ਇਸ ਚਿਤਰ ਨੂੰ ਇਕ ਅਤਿਅੰਤ ਸੁੰਦਰਤਾ ਬਖ਼ਸ਼ ਰਿਹਾ ਹੈ। ਇਸ ਚਿਤਰ ਵਿਚ ਮੁਗ਼ਲ ਤੇ ਕਾਂਗੜਾ ਕਲਾ ਦੀਆਂ ਵਿਸ਼ੇਸ਼ਤਾਈਆਂ ਹਨ। ਰਾਜਾ ਸੰਗੀਤ ਸੁਣ ਰਿਹਾ ਹੈ ਤੇ ਇੰਜ ਜਾਪਦਾ ਹੈ ਜਿਵੇਂ ਹਵਾ ਵਿਚ ਇਕ ਨਸ਼ਾ ਜਿਹਾ ਫੈਲਿਆ ਹੋਵੇ। ਇਹ ਚਿਤਰ ਮੁਗ਼ਲ ਕਲਾ ਦੇ ਸਭ ਤੋਂ ਵਧੀਆਂ ਨਮੂਨੇ ਨਾਲ ਟੱਕਰ ਖਾ ਸਕਦਾ ਹੈ।ਇਹਦੇ ਵਿਚ ਇਕ ਨਜ਼ਾਕਤ ਹੈ, ਇਕ ਅਧਿਆਤਮਕ ਰੰਗਣ ਹੈ ਜਿਹੜੀ ਮੁਗ਼ਲ ਕਲਾ ਵਿਚ ਕਿਤੇ ਵਿਖਾਈ ਨਹੀਂ ਦਿੰਦੀ। ਇਸ ਜ਼ਮਾਨੇ ਦੇ ਕਾਂਗੜ ਦੇ ਚਿੱਤਰਾਂ ਵਿਚ ਰੰਗਾਂ ਦੀ ਚੋਣ ਬਹੁਤ ਅਕਰਸ਼ਕ ਹੈ। ਕਾਂਗੜੇ ਦੇ ਕਲਾਕਾਰਾ ਕੋਲ ਪਹੁ-ਫੁਟਾਲੇ ਤੇ ਸਤ-ਰੰਗੀ ਪੀਂਘ ਦੇ ਰੰਗ ਜਿਵੇਂ ਫੁੱਟ-ਫੁੱਟ ਪੈ ਰਹੇ ਹੋਣ।

ਇਕ ਹੋਰ ਚਿਤਰ ਵਿਚ ਰਾਜਾ ਗਵਰਧਨ ਚੰਦ ਜ਼ਰਾ ਵਡੇਰੀ ਉਮਰ ਦਾ ਹੈ ਉਹਦੇ ਕੋਲ ਉਹਦੀ ਬਲੌਰੀ ਰਾਣੀ ਤੇ ਬੱਚੇ ਹਨ। ਰਾਜਾ ਆਪਣੇ ਬੱਚੇ ਕੰਵਰ ਪ੍ਰਕਾਸ਼ ਚੰਦ ਨੂੰ ਮਿਠਾਈ ਦੇ ਰਿਹਾ ਵਿਖਾਇਆ ਗਿਆ ਹੈ। ਦਰੀ ਉੱਤੇ ਦੋ ਸਿਰਤੋੜੇ ਬੈਠੇ ਹਨ। ਸਿਰਤੋੜਾ ਉਹ ਬੱਚਾ ਹੁੰਦਾ ਹੈ ਜਿਹੜਾ ਕਿਸੇ ਦਾਸੀ ਦੀ ਕੁੱਖੋਂ ਪੇਦਾ ਹੋਇਆ ਹੋਵੇ। ਕਾਂਗੜੇ ਦੀ ਕਲਾ ਦੇ ਵਿਕਾਸ ਦੇ ਦ੍ਰਿਸ਼ਟੀਕੋਨ ਤੋਂ ਇਹ ਗੱਲ ਬੜੀ ਦਿਲਚਸਪ ਹੈ ਕਿ ਰਾਜਾ ਗਵਰਧਨ ਚੰਦ ਦੀ ਰਾਣੀ ਬਸੋਹਲੀ ਰਿਆਸਤ ਦੀ ਸੀ। ਬਸੋਹਲੀ 1678 ਤੋਂ ਲੈ ਕੇ ਰਾਜਪੂਤ ਕਲਾ ਦਾ ਇਕ ਕੇਂਦਰ ਸੀ। ਉੱਥੇ ਇਹ ਕਲਾ ਰਾਜਾ ਕਿਰਪਾਲ ਪਾਲ ਦੇ ਸਮੇਂ (1678 ਈ:) ਵਿਚ ਸ਼ੁਰੂ ਹੋਈ ਤੇ ਮੇਦਨੀ ਪਾਲ (1725 ਈ:) ਦੇ ਜ਼ਮਾਨੇ ਵਿਚ ਆਪਣੇ ਪੂਰੇ ਸਿਖ਼ਰ ਤੇ ਪੁੱਜੀ। ਗੁਲੇਰ ਦੇ ਸ਼ੁਰੂ-ਸ਼ੁਰੂ ਦੇ ਚਿਤਰਾਂ ਵਿਚ ਬਸੋਹਲੀ ਕਲਾ ਦਾ ਰੰਗ-ਢੰਗ ਪ੍ਰਧਾਨ ਹੈ।

7894ਕਾਂਗੜੇ ਕਲਾ ਤੇ ਮੁਗ਼ਲ ਕਲਾ ਦੀ ਕੀ ਪਛਾਣ ਹੈ? ਲੀਕ ਦੀ ਬਾਰੀਕੀ ਤਾਂ ਦੋਹਾਂ ਵਿਚ ਇਕੋ ਜਿਹੀ ਹੈ, ਪਰ ਕਾਂਗੜਾ ਕਲਾ ਵਿਚ ਪਹਾੜ, ਦਰਿਆ ਤੇ ਜੰਗਲ ਵਿਖਾਏ ਗਏ ਹਨ, ਤੇ ਮੁਗ਼ਲ ਕਲਾ ਵਿਚ ਉਤਰੀ ਹਿੰਦ ਦੇ ਪਧਰੇ ਮੈਦਾਨ ਹੀ ਦਿਸਦੇ ਹਨ। ਪ੍ਰਕ੍ਰਿਤੀ ਪਿਆਰ ਜੋ ਕਾਂਗੜਾ ਕਲਾ ਵਿਚ ਵਿਖਾਈ ਦਿੰਦਾ ਹੈ, ਉਹ ਮੁਗਲ ਕਲਾ ਵਿਚ ਨਹੀਂ। ਕਾਂਗੜਾ ਕਲਾ ਦਾ ਮੁੱਖ ਲੱਛਣ ਇਹ ਹੈ ਕਿ ਇਹ ਹਿੰਦੂ ਕਲਾ ਹੈ ਤੇ ਵੈਸ਼ਨਵ ਧਰਮ ਤੇ ਕ੍ਰਿਸ਼ਨ ਜੀ ਦੀ ਪ੍ਰੇਮ ਤੇ ਭਗਤੀ ਭਾਵ ਨੇ ਕਾਂਗੜਾ ਕਲਾ ਨੂੰ ਬਹੁਤ ਸੁੰਦਰ ਬਣਾ ਦਿਤਾ ਹੈ। ਮੁਗਲ ਕਲਾ ਵਿਚ ਮੁਗ਼ਲ ਬਾਦਸ਼ਾਹ ਤੇ ਉਨ੍ਹਾਂ ਦੇ ਦਰਬਾਰੀ ਹੀ ਵਿਖਾਈ ਦਿੰਦੇ ਹਨ ਜਾਂ ਕਿਤੇ-ਕਿਤੇ ਸ਼ਿਕਾਰ ਬੇਗਮਾਂ, ਤੇ ਹਰਮਸਰਾ ਦੇ ਦ੍ਰਿਸ਼ ਵੀ ਵਿਖਾਏ ਗਏ ਹਨ। ਦਰਬਾਰੀ ਕਲਾ ਕਦੇ ਵੀ ਉੱਚੀ ਕਲਾ ਨਹੀਂ ਹੋ ਸਕਦੀ ਕਿਉਂਕਿ ਇਹਦੇ ਵਿਚੋਂ ਖ਼ੁਸ਼ਾਮਦ ਦੀ ਬੂ ਆਉਂਦੀ ਹੈ। ਕਲਾਕਾਰ ਉਦੋਂ ਹੀ ਉੱਚੇ ਦਰਜੇ ਦੀ ਕਲਾ ਪੈਦਾ ਕਰ ਸਕਦਾ ਹੈ ਜਦ ਉਸਦਾ ਮਨ ਸੁਤੰਤਰ ਹੋਵੇ ਤੇ ਸਿਵਾਏ ਆਪਣਾ ਮਨ ਖ਼ੁਸ਼ ਕਰਨ ਦੇ ਦਿਲ ਵਿਚ ਹੋਰ ਕੋਈ ਮਤਲਬ ਨਾ ਹੋਵੇ। ਗੁਲੇਰ ਦੀ ਚਿਤਰ ਕਲਾ ਵਿਚ ਇਹ ਸੁਤੰਤਰਤਾ ਸਪੱਸਟ ਵਿਖਾਈ ਦਿੰਦੀ ਹੈ, ਤੇ ਇਨ੍ਹਾਂ ਚਿਤਰਾਂ ਦੀਆਂ ਲੀਕਾਂ ਇੰਜ ਲੱਗਦੀਆਂ ਹਨ ਜਿਵੇਂ ਸੰਗੀਤ ਕਰ ਰਹੀਆਂ ਹੋਣ।

ਪ੍ਰਕਾਸ਼ ਚੰਦ 1733 ਵਿਚ ਗੁਲੇਰ ਦਾ ਰਾਜਾ ਬਣਿਆ। ਇਕ ਚਿਤਰ ਵਿਚ ਜਿਹੜਾ ਸ਼ਾਇਦ ਗਵਰਧਨ ਚੰਦ ਦੇ ਰਾਜ ਨਾਲ ਸੰਬੰਧ ਰੱਖਦਾ ਹੈ, ਪ੍ਰਕਾਸ਼ ਚੰਦ ਆਪਣੇ ਭਰਾ ਪਰਾਕ੍ਰਮ ਚੰਦ ਨਾਲ ਵਿਖਾਇਆ ਗਿਆ ਹੈ। ਪ੍ਰਕਾਸ਼ ਚੰਦ ਦੇ ਰਾਜ ਵਿਚ ਗੁਲੇਰ ਦੀ ਕਲਾ ਬਹੁਤ ਪ੍ਰਫਲਿਤ ਹੋਈ ਤੇ ਇਸ ਜ਼ਮਾਨੇ ਦੇ ਚਿੱਤਰਾਂ ਦਾ ਪੱਧਰ ਬਹਤ ਉੱਚਾ ਹੈ। ਕਈ ਚਿਤਰਾਂ ਵਿਚ ਰਾਜੇ ਦੇ ਘਰੋਗੀ ਜੀਵਨ ਨੂੰ ਦਰਸਾਇਆ ਗਿਆ ਹੈ।ਇਕ ਚਿਤਰ ਰਾਜਾ ਪ੍ਰਕਾਸ਼ ਚੰਦ ਦੀ ਚੰਬੇ ਦੀ ਰਾਣੀ ਸ੍ਰੀ ਮਤੀ ਅਨੰਤੀ ਦੇਵੀ ਦਾ ਹੈ। ਰਾਣੀ ਆਪਣੇ ਪੁੱਤਰ ਭੂਪ ਸਿੰਘ ਨਾਲ ਨੌਕਰਾਣੀਆਂ ਵਿਚ ਘਿਰੀ ਬੈਠੀ ਹੈ। ਇਕ ਨੌਕਰਾਣੀ ਭੂਪ ਸਿੰਘ ਨੂੰ ਖਿਡਾਉਣਾ ਦੇ ਰਹੀ ਹੈ। ਤਲਾਅ ਦੇ ਕੰਢੇ ਤੇ ਦੋ ਮਰਾਸਣਾਂ ਸਿਤਾਰ ਤੇ ਢੋਲਕ ਵਜਾ ਰਹੀਆਂ ਹਨ। ਇਕ ਬਾਂਦੀ ਪਿੰਜਰੇ ਵਿਚ ਬੰਦ ਤੋਤੇ ਨੂੰ ਚੋਗ ਖਿਲਾ ਰਹੀ ਹੈ। ਫਵਾਰੇ ਤੋਂ ਇਕ ਬਾਂਦਰ ਪਾਣੀ ਪੀ ਰਿਹਾ ਵਿਖਾਇਆ ਗਿਆ ਹੈ। ਚਿੱਟੇ ਤੇ ਪੀਲੇ ਫੁੱਲ ਅਤੇ ਇਸਤਰੀਆਂ ਦੇ ਰੰਗਦਾਰ ਪਹਿਰਾਵੇ ਇਸ ਚਿਤਰ ਨੂੰ ਇਕ ਅਨੋਖਾ ਹੁਸਨ ਬਖ਼ਸ਼ਦੇ ਹਨ। ਰਾਜਾ ਪ੍ਰਕਾਸ਼ ਚੰਦ ਬੜਾ ਫ਼ਜ਼ੂਲ-ਖ਼ਰਚ ਸੀ। ਕਿਹਾ ਜਾਂਦਾ ਹੈ ਕਿ ਉਸਦਾ ਵੱਡਾ ਸੁਗ਼ਲ ਕੱਪੜਿਆਂ ਦੇ ਟੋਟੇ ਪਾੜ ਕੇ ਆਪਣੀ ਪਰਜਾ ਵਿਚ ਵੰਡਣਾ ਸੀ। ਉਸਨੂੰ ਕੱਪੜੇ ਦੇ ਪਾਟਣ ਦਾ ਝਿੜਾਕਾ ਬੜਾ ਸਵਾਦ ਦਿੰਦਾ ਸੀ। ਉਸਦਾ ਖ਼ਰਚ ਆਮਦਨ ਤੋਂ ਹਮੇਸ਼ਾ ਜ਼ਿਆਦਾ ਹੁੰਦਾ ਤੇ ਉਹਨੂੰ ਅਕਸਰ ਸ਼ਾਹੂਕਾਰਾਂ ਕੋਲੋ ਉਧਾਰ ਲੈਣਾ ਪੈਂਦਾ ਸੀ। ਹਰੀਪੁਰ ਦਾ ਅਵਤਾਰਾ ਬ੍ਰਾਹਮਣ ਉਸਦਾ ਇਕ ਖ਼ਾਸ ਸ਼ਾਹੂਕਾਰ ਸੀ। ਇਕ ਚਿਤਰ ਵਿਚ ਰਾਜਾ ਪ੍ਰਕਾਸ਼ ਚੰਦ ਅਵਤਾਰੇ ਸ਼ਾਹੂਕਾਰ ਦੇ ਬੈਠਾ ਵਿਖਾਇਆ ਗਿਆ ਹੈ। ਚਿਟ-ਦਾੜ੍ਹੀਆ ਰਾਜਾ ਹੁੱਕਾ ਪੀ ਰਿਹਾ ਹੈ ਤੇ ਅਵਤਾਰੇ ਦਾ ਬੇਟਾ ਰਾਜੇ ਪ੍ਰਕਾਸ਼ ਚੰਦ ਦੇ ਪੁੱਤਰ ਭੂਪ ਸਿੰਘ ਨੂੰ ਲੱਡੂ ਦੇ ਰਿਹਾ ਹੈ। ਕਿਹਾ ਜਾਂਦਾ ਹੈ ਕਿ ਸ਼ਾਹੂਕਾਰ ਤੇ ਰਾਜੇ ਦੇ ਹਿਸਾਬ ਕਰਦਿਆਂ ਝਗੜਾ ਹੋ ਗਿਆ। ਰਾਜੇ ਨੇ ਫ਼ੈਸਲਾ ਕੀਤਾ ਕਿ ਉਸਨੂੰ ਤੇ ਸ਼ਾਹੂਕਾਰ ਨੂੰ ਪਿੱਪਲ ਦੇ ਮੁੱਢ ਨਾਲ ਬੰਨਿਆ ਜਾਵੇ। ਦੋਵੇਂ ਪਿੱਪਲ ਦੇ ਮੁੱਢ ਨਾਲ ਬੰਨ੍ਹੇ ਗਏ, ਤੇ ਰਾਤ ਵੇਲੇ ਪਿੱਪਲ ਦਾ ਟਾਹਣਾ ਟੁੱਟ ਸ਼ਾਹੂਕਾਰ ਦੇ ਸਿਰ ਤੇ ਵੱਜਾ ਤੇ ਉਹ ਉੱਥੇ ਹੀ ਢੇਰੀ ਹੋ ਗਿਆ। ਇਸ ਤੋਂ ਸਿੱਧ ਹੋਇਆ ਕਿ ਰਾਜਾ ਠੀਕ ਸੀ ਤੇ ਸ਼ਾਹੂਕਾਰ ਬੇਈਮਾਨ।

ਰਾਜਾ ਪ੍ਰਕਾਸ਼ ਚੰਦ ਦਾ ਵਜ਼ੀਰ ਧਿਆਨ ਸਿੰਘ ਸਿਆਣਪ ਤੇ ਕੰਮ ਕਾਰ ਦੀ ਚਤੁਰਤਾ ਲਈ ਬੜਾ ਮਸਹੂਰ ਸੀ। ਰਾਜ ਪਾਟ ਦਾ ਕੰਮ ਉਸਨੇ ਸੰਭਾਲਿਆ ਹੋਇਆ ਸੀ। ਪ੍ਰਕਾਸ਼ ਚੰਦ ਦੇ ਰਾਜ ਦੇ ਪਿਛਲੇ ਹਿੱਸੇ ਦੇ ਬਹੁਤ ਸਾਰੇ ਚਿਤਰਾਂ ਵਿਚ ਧਿਆਨ ਸਿੰਘ ਹੀ ਵਜ਼ੀਰ ਵਿਖਾਇਆ ਗਿਆ ਹੈ। ਇਕ ਚਿੱਤਰ ਵਿਚ ਧਿਆਨ ਸਿੰਘ ਕਮਾਨ ਚੁੱਕੀ ਕੰਵਰ ਭੂਪ ਸਿੰਘ ਦੇ ਨਾਲ ਜਾ ਰਿਹਾ ਹੈ। ਭੂਪ ਸਿੰਘ ਧਿਆਨ ਸਿੰਘ ਦੇ ਨਾਲ ਆਪਣੇ ਪਿਤਾ ਦੀ ਰਿਆਸਤ ਦੇ ਦੌਰੇ ਤੇ ਨਿਕਲਿਆ ਹੈ। ਜਲੂਸ ਦੇ ਅੱਗੇ-ਅੱਗੇ ਚੋਬਦਾਰ ਝੰਡੇ ਚੁੱਕੀ ਜਾ ਰਹੇ ਹਨ। ਰਾਜਾ ਇਕ ਪਿੰਡ ਦੇ ਨੇੜੇ ਪੁੱਜਾ ਹੈ ਤੇ ਨਗਾਰਚੀ ਨਗਾਰੇ ਪਿਟ ਪਿਟ ਕੇ ਇਸ ਖ਼ਬਰ ਦਾ ਐਲਾਨ ਕਰ ਰਹੇ ਹਨ। ਭੂਪ ਸਿੰਘ ਦੇ ਪਿੱਛੇ ਇਕ ਨੌਕਰ ਮੋਰ-ਪੰਖੀ ਦਾ ਚੌਰ ਲਈ ਖੜੋਤਾ ਹੈ। ਪਿੱਛੇ ਕਈ ਨੌਕਰ ਹਨ ਜਿੰਨ੍ਹਾਂ ਦੇ ਹੱਥਾਂ ਵਿਚ ਬਾਜ਼ ਹਨ।

ਇਕ ਹੋਰ ਚਿਤਰ ਵਿਚ ਧਿਆਨ ਸਿੰਘ ਦਾ ਵਜ਼ੀਰ ਭੂਪ ਸਿੰਘ ਨਾਲ ਸ਼ਿਕਾਰ ਖੇਡਦਾ ਵਿਖਾਇਆ ਗਿਆ ਹੈ। ਧਿਆਨ ਸਿੰਘ ਨੇ ਇਕ ਹਿਰਨ ਦੇ ਪਿੱਛੇ ਤੀਰ ਛਡਿਆ ਹੈ ਤੇ ਭੂਪ ਸਿੰਘ ਦਾ ਸਾਲਾ ਨੌਰੰਗ ਪਟਿਆਲ ਇਕ ਜੰਗਲੀ ਸੂਰ ਨੂੰ ਆਪਣੀ ਤਲਵਾਰ ਨਾਲ ਵੱਢ ਰਿਹਾ ਹੈ। ਇਕ ਨੌਕਰ ਉੱਤੇ ਇਕ ਬਾਘ ਹਮਲਾ ਕਰ ਰਿਹਾ ਹੈ। ਪਿਛਵਾੜੇ ਵਿਚ ਕਈ ਨੌਕਰ ਜੰਗਲੀ ਸੂਰਾਂ ਨੂੰ ਮਾਰ ਕੇ ਮੋਢਿਆਂ ਤੇ ਚੁੱਕੀ ਫਿਰਦੇ ਹਨ। ਇਹ ਚਿਤਰ ਬੜਾ ਦਿਲਚਸਪ ਹੈ।

ਰਾਜਾ ਪ੍ਰਕਾਸ਼ ਚੰਦ ਨਾਲ ਕੋਈ ਬਦਮਜ਼ਗੀ ਹੋ ਜਾਣ ਕਰਕੇ ਵਜ਼ੀਰ ਧਿਆਨ ਸਿੰਘ ਨੇ 1785 ਵਿਚ ਗੁਲੇਰ ਛੱਡ ਦਿੱਤਾ। ਕੋਟਲੇ ਦੇ ਕਿਲ੍ਹੇ ਉੱਤੇ ਇਸ ਵਜ਼ੀਰ ਨੇ ਕਬਜਾ ਕਰ ਲਿਆ ਤੇ ਖ਼ੁਦਮੁਖ਼ਤਾਰ ਹੋ ਕੇ ਰਾਜ ਕਰਨ ਲਗ ਪਿਆ। ਧਿਆਨ ਸਿੰਘ ਇਤਨਾ ਜੋਰਾਵਰ ਹੋ ਗਿਆ ਕਿ ਸੰਸਾਰ ਚੰਦ ਆਪਣੇ ਪੂਰੇ ਜੋਬਨ ਵਿਚ ਵੀ ਕੋਟਲੇ ਦੇ ਕਿਲੇ ਨੂੰ ਫ਼ਤਿਹ ਨਾ ਕਰ ਸਕਿਆ, ਤੇ ਕਈ ਸਾਲ ਧਿਆਨ ਸਿੰਘ ਇਸ ਕਿਲੇ ਤੇ ਕਾਬਜ ਰਿਹਾ। ਅਖ਼ੀਰ ਕੋਟਲੇ ਦਾ ਕਿਲਾ ਸਰਦਾਰ ਦੇਸਾ ਸਿੰਘ ਮਜੀਠੀਏ ਨੇ ਧਿਆਨ ਸਿੰਘ ਦੇ ਭਤੀਜੇ ਕਿਸ਼ਨ ਸਿੰਘ ਤੋਂ ਖੋਹ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਮੀਰਥਲ ਸਮੇਤ 27 ਪਿੰਡਾਂ ਦੀ ਇਕ ਜਾਗੀਰ ਕਿਸ਼ਨ ਸਿੰਘ ਨੂੰ ਬਖ਼ਸੀ। ਕਿਸ਼ਨ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਅਮਰ ਸਿੰਘ ਨੂੰ ਜਿਸਨੂੰ ਦਾਹੜੀ ਵਾਲਾ ਕਹਿੰਦੇ ਹਨ, ਮਹਾਰਾਜਾ ਰਣਜੀਤ ਸਿੰਘ ਨੇ ਅੱਠ ਆਨੇ ਰੋਜ਼ ਦਾ ਭੱਤਾ ਉਸਦੀ ਸੁੰਦਰ ਤੇ ਲੰਮੀ ਦਾਹੜੀ ਵਾਸਤੇ ਦੇਣਾ ਪ੍ਰਵਾਨ ਕੀਤਾ। ਇਸੇ ਤਰ੍ਹਾ ਹੀ ਤਰਾਸ਼ੀਆਂ ਮੁਗਲਈ ਦਾਹੜੀਆਂ ਦਾ ਰਿਵਾਜ ਘਟਿਆ, ਤੇ ਲੰਮੀਆਂ ਦਾਹੜੀਆਂ ਦਾ ਰਿਵਾਜ ਵਧਿਆ। ਗੁਲੇਰ ਦੇ ਪੁਰਾਣੇ ਚਿਤਰ ਜਿਹੜੇ ਰਾਜਾ ਗਵਰਧਨ ਚੰਦ ਦੇ ਜ਼ਮਾਨੇ ਦੇ ਹਨ, ਇਕ ਰੀਟਾਇਰਡ ਫੌਜੀ ਅਫ਼ਸਰ ਕਪਤਾਨ ਸੁੰਦਰ ਸਿੰਘ ਕੋਲ ਸਨ ਜਿਹੜਾ ਵਜ਼ੀਰ ਧਿਆਨ ਸਿੰਘ ਦੇ ਖ਼ਾਨਦਾਨ ਵਿਚੋਂ ਹੈ। ਹੁਣ ਇਹ ਚਿਤਰ ਪੰਜਾਬ ਮਿਊਜੀਅਮ ਵਿਚ ਹਨ।

PACJ041ਭੂਪ ਸਿੰਘ ਕੋਲ 1790 ਵਿਚ ਰਾਜਾ ਬਣਿਆ। ਇਹ ਗੁਲੇਰ ਦਾ ਆਖਰੀ ਰਾਜਾ ਸੀ। ਇਸ ਦੇ ਕਈ ਚਿਤਰਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਆਪਣੇ ਪਿਓ ਵਾਂਗ ਇਹ ਰਾਜਾ ਵੀ ਕਲਾ ਦਾ ਬੜਾ ਕਦਰਦਾਨ ਸੀ ਤੇ ਕਲਾਕਾਰਾਂ ਦੀ ਦਿਲ ਖੋਲ ਕੇ ਮਦਦ ਕਰਦਾ ਸੀ। ਇਕ ਸੁੰਦਰ ਚਿਤਰ ਵਿਚ ਭੂਪ ਸਿੰਘ ਆਪਣੀ ਰਾਣੀ ਤੇ ਪੁੱਤਰ ਸਮਸ਼ੇਰ ਸਿੰਘ ਨਾਲ ਬੈਠਾ ਹੈ। ਰਾਜਾ ਤੇ ਰਾਣੀ ਮੂਹੜਿਆਂ ਉੱਤੇ ਬੈਠੇ ਹੋਏ ਹਨ। ਭੂਪ ਸਿੰਘ ਦੀ ਗੋਦੀ ਵਿਚ ਉਸਦਾ ਪੁੱਤਰ ਹੈ। ਪਿਛਵਾੜੇ ਵਿਚ ਕੇਲੇ ਲੱਗੇ ਹੋਏ ਹਨ, ਜਿਹੜੇ ਗੁਲੇਰ ਦੇ ਚਿਤਰਾਂ ਵਿਚ ਅਕਸਰ ਦਿਖਾਏ ਜਾਂਦੇ ਸਨ। 1815 ਤੋਂ ਬਾਅਦ ਦੇ ਗੁਲੇਰ ਦੇ ਚਿਤਰ ਅਕਸਰ ਸਿੱਖ ਸੈਲੀ ਦੇ ਮੁਤਾਬਿਕ ਹਨ। ਇਨ੍ਹਾਂ ਚਿਤਰਾਂ ਵਿਚ ਲੋਕਾਂ ਦੀਆਂ ਦਾਹੜੀਆਂ ਬੀਬੀਆਂ ਹਨ ਤੇ ਸਾਫ਼ੇ ਵੀ ਖ਼ਾਸ ਤਰ੍ਹਾਂ ਦੇ ਹਨ। 1813 ਵਿਚ ਰਣਜੀਤ ਸਿੰਘ ਨੇ ਗੁਲੇਰ ਉੱਤੇ ਕਬਜਾ ਕਰ ਲਿਆ। ਮਹਾਰਾਜੇ ਨੇ ਭੂਪ ਸਿੰਘ ਨੂੰ ਪਠਾਣਾਂ ਦੇ ਖਿਲਾਫ਼ ਮਦਦ ਲਈ ਕਿਹਾ ਤੇ ਜਦੋਂ ਗੁਲੇਰ ਖਾਲੀ ਹੋ ਗਿਆ, ਉਸਨੇ ਭੂਪ ਸਿੰਘ ਨੂੰ ਲਾਹੌਰ ਬੁਲਾ ਲਿਆ। ਦੇਸਾ ਸਿੰਘ ਮਜੀਠੀਏ ਨੂੰ ਦਸ ਹਾਜ਼ਾਰ ਸਿੰਘਾਂ ਦੀ ਫੌਜ ਨਾਲ ਗੁਲੇਰ ਉੱਤੇ ਹਮਲਾ ਕਰਨ ਲਈ ਭੇਜ ਦਿੱਤਾ। ਰਾਜੇ ਨੂੰ ਉਸਦੇ ਖਰਚੇ ਲਈ 20 ਹਜ਼ਾਰ ਰੁਪਏ ਦੀ ਜਾਗੀਰ ਦਿੱਤੀ। ਭੂਪ ਸਿੰਘ ਦੇ ਰਾਜ ਦੇ ਅਖ਼ੀਰਲੇ ਦਿਨਾਂ ਦੇ ਇੱਕ ਚਿੱਤਰ ਵਿਚ ਸਿੱਖ ਸ਼ੈਲੀ ਦਾ ਅਸਰ ਸਪੱਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ। ਭੂਪ ਸਿੰਘ ਇਕ ਚਬੂਤਰੇ ਉੱਤੇ ਬੈਠਾ ਹੈ। ਹੇਠ ਬਾਨ ਗੰਗਾ ਬਹਿ ਰਹੀ ਹੈ ਅਤੇ ਉਹਦੇ ਸਾਹਮਣੇ ਵਜ਼ੀਰ ਘੰਟਾ ਖਤਰੀ ਦਰਸਾਇਆ ਗਿਆ ਹੈ। ਸਾਰਿਆਂ ਦੇ ਪਹਿਰਾਵੇ ਸਿੱਖਾਂ ਵਰਗੇ ਹਨ।

ਭੂਪ ਸਿੰਘ ਤੋਂ ਬਾਅਦ ਸਮਸ਼ੇਰ ਸਿੰਘ ਨੇ 1826 ਵਿਚ ਰਾਜਪਾਟ ਸੰਭਾਲ ਲਿਆ। ਇਕ ਚਿਤਰ ਵਿਚ ਸ਼ਮਸ਼ੇਰ ਸਿੰਘ ਆਪਣੇ ਮਾਮੇ ਨਾਲ ਖੇਡ ਰਿਹਾ ਵਿਖਾਇਆ ਗਿਆ ਹੈ। ਮਾਮਾ ਘੋੜਾ ਬਣਿਆ ਹੈ, ਤੇ ਭਣੇਵਾਂ ਉੱਪਰ ਸਵਾਰ ਹੈ। ਇਸ ਚਿਤਰ ਤੋਂ ਪਤਾ ਲਗਦਾ ਹੈ ਕਿ ਰਾਜਿਆਂ ਦੇ ਪੁੱਤਰ ਕਿਵੇ ਚਮ੍ਹਲਾਏ ਜਾਂਦੇ ਸਨ। ਅੰਗਰੇਜ਼ਾਂ ਨਾਲ ਸਿੱਖਾਂ ਦੀ ਪਹਿਲੀ ਲੜਾਈ ਵਿਚ ਜਦੋਂ ਸਿੱਖਾਂ ਨੂੰ ਹਾਰ ਹੋਈ ਤਾਂ ਸ਼ਮਸ਼ੇਰ ਸਿੰਘ ਨੇ ਇਨ੍ਹਾਂ ਦੀ ਫੌਜ ਨੂੰ ਆਪਣੀ ਰਿਆਸਤ ਵਿਚੋਂ ਕੱਢ ਦਿੱਤਾ। ਇਹ ਰਾਜਾ 1813 ਵਿਚ ਸੁਰਗਵਾਸ ਹੋ ਗਿਆ।

ਕਿਉਂਕਿ ਸਮਸ਼ੇਰ ਸਿੰਘ ਕੋਈ ਪੁੱਤਰ ਛੱਡ ਕੇ ਨਹੀਂ ਸੀ ਮੋਇਆ ਇਸ ਲਈ ਉਸਤੋਂ ਬਾਅਦ ਉਸਦਾ ਭਰਾ ਜੈ ਸਿੰਘ 1877 ਵਿਚ ਤਖ਼ਤ ਉੱਤੇ ਬੈਠਾ। ਰਾਜਾ ਸ਼ਮਸ਼ੇਰ ਸਿੰਘ ਦੇ ਜ਼ਮਾਨੇ ਨਾਲ ਸੰਬੰਧ ਰੱਖਦੇ ਇਕ ਚਿਤਰ ਵਿਚ ਜੈ ਸਿੰਘ ਆਪਣੀ ਮਾਂ ਨਾਲ ਵਿਖਾਇਆ ਗਿਆ ਹੈ। ਇਸਦੀ ਮਾਂ ਚੰਬਿਆਲ ਰਾਣੀ ਇਕ ਯੱਗ ਵਿਚ ਹਿੱਸਾ ਲੈ ਰਹੀ ਹੈ ਜਿਹੜਾ ਦਰਬਾਰ ਦੇ ਦਰਜ਼ੀ ਨੇ ਕਰਵਾਇਆ ਹੈ। ਦਰਜ਼ੀ ਹਵਨ ਕੋਲ ਬੈਠਾ ਅਹੂਤੀ ਚੜ੍ਹਾ ਰਿਹਾ ਹੈ ਤੇ ਬ੍ਰਾਹਮਣ ਪਰੋਹਿਤ ਚਿੱਟੇ ਕੱਪੜੇ ਪਾਈ ਕੋਲ ਬੈਠਾ ਹੈ। ਉਹਦੇ ਹੱਥ ਵਿਚ ਇਕ ਪੁਸਤਕ ਹੈ ਜਿਸਦੇ ਵਿਚੋਂ ਉਹ ਕੁਝ ਮੰਤਰ ਪੜ੍ਹ ਰਿਹਾ ਹੈ। ਸਾਹਮਣੇ ਕੁਝ ਮਰਾਸਣਾਂ ਬੈਠੀਆਂ ਗਾ ਰਹੀਆਂ ਹਨ। ਮਰਦਾਂ ਤੇ ਔਰਤਾਂ ਦੇ ਸਾਰੇ ਚਿਤਰ ਬਹੁਤ ਨਜ਼ਾਕਤ ਤੇ ਸਿਆਣਪ ਨੂੰ ਦਰਸਾਉਂਦੇ ਹਨ, ਤੇ ਇੰਜ ਜਾਪਦਾ ਹੈ ਕਿ ਇਸ ਰਾਜੇ ਦੇ ਦਰਬਾਰੀ ਕਲਾਕਾਰ ਵੀ ਪੁਰਾਣੇ ਕਲਾਕਾਰਾਂ ਵਰਗੀ ਮੁਹਾਰਤ ਰੱਖਦੇ ਸਨ। ਇਕ ਹੋਰ ਚਿਤਰ ਵਿਚ ਰਾਜਾ ਜੈ ਸਿੰਘ ਦੀ ਜੰਝ ਦਾ ਨਜ਼ਾਰਾ ਖਿੱਚਿਆ ਹੈ। ਇਸ ਚਿਤਰ ਵਿਚ ਸਿੱਖ ਸ਼ੈਲੀ ਦਾ ਅਸਰ ਸਪੱਸ਼ਟ ਤੌਰ ਤੇ ਨਜ਼ਰ ਆਉਂਦਾ ਹੈ। ਇਕ ਹੋਰ ਚਿਤਰ ਵਿਚ ਰਾਜਾ ਜੈ ਸਿੰਘ ਇਕ ਮੁਜਰੇ ਵਿਚ ਬੈਠਾ ਹੈ, ਨੱਚਣ ਵਾਲੀਆਂ ਕੰਚਨੀਆਂ ਦੇ ਚਿੱਤਰ ਏਨੇ ਕੁਦਰਤੀ ਨਹੀਂ ਜਿੰਨੇ ਹੋਣੇ ਚਾਹੀਦੇ ਹਨ। ਇਕ ਹੋਰ ਚਿਤਰ ਵਿਚ ਰਾਜਾ ਜੈ ਸਿੰਘ ਆਪਣੇ ਪੁੱਤਰ ਟਿੱਕਾ ਰਘੁਨਾਥ ਸਿੰਘ ਨਾਲ ਦਰਸਾਇਆ ਗਿਆ ਹੈ। ਇਹ ਚਿਤਰ ਗੁਲੇਰ ਕਲਾ ਦਾ ਸਭ ਤੋਂ ਵਧੀਆ ਨਮੂਨਾ ਹੈ। ਰਾਜਾ, ਉਸਦਾ ਪੁੱਤਰ ਤੇ ਨੌਕਰ ਚਾਕਰ ਸਭ ਦੇ ਪਹਿਰਾਵੇ ਬਹਤ ਸ਼ਾਨਦਾਰ ਹਨ ਤੇ ਉਨ੍ਹਾਂ ਦੇ ਸਾਫ਼ਿਆਂ ਵਿਚ ਮੋਤੀ ਜੜੇ ਹੋਏ ਹਨ। ਇਸ ਸਾਰੀ ਸ਼ਾਨ ਸ਼ੌਕਤ ਵਿਚ ਇਸ ਕਲਾ ਦਾ ਜ਼ਵਾਲ ਨਜ਼ਰ ਆਉਂਦਾ ਹੈ। ਇੰਜ ਜਾਪਦਾ ਹੈ ਕਿ ਇਸ ਵਕਤ ਤੋਂ ਹੀ ਗੁਲੇਰ ਦੀ ਕਲਾ ਢਹਿੰਦੀਆਂ ਕਲਾ ਵਲ ਜਾਣੀ ਸ਼ੁਰੂ ਹੋ ਗਈ ਸੀ।

1890 ਤੋਂ ਬਾਅਦ ਗੁਲੇਰ ਵਿਚ ਇਹ ਕਲਾ ਖ਼ਤਮ ਹੋ ਗਈ। ਇੰਜ ਜਾਪਦਾ ਹੈ ਕਿ ਇਸਦਾ ਕਾਰਨ ਜ਼ਮਾਨੇ ਦੇ ਨਾਲ-ਨਾਲ ਹਾਲਾਤ ਦੀ ਤਬਦੀਲੀ ਤੇ ਲੋਕਾਂ ਦੀਆਂ ਕਦਰਾਂ ਵਿਚ ਫ਼ਰਕ ਸੀ। ਜਾਗੀਗਦਾਰੀ ਵਿਚ ਭਾਵੇਂ ਲੱਖ ਐਬ ਹੋਣ ਪਰ ਇਸਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਾਗੀਰਦਾਰੀ ਦੇ ਜ਼ਮਾਨੇ ਵਿਚ ਅਦੁੱਤੀ ਤੇ ਅਤਿ ਸੁੰਦਰ ਕਲਾ ਦਾ ਨਿਰਮਾਣ ਹੁੰਦਾ ਰਿਹਾ। ਜਾਗੀਰਦਾਰੀ ਦੇ ਖ਼ਤਮ ਹੋਣ ਕਰਕੇ ਰਾਜਿਆਂ ਦੀ ਸਰਪ੍ਰਸਤੀ ਘਟਦੀ ਗਈ, ਤੇ ਕਾਂਗੜੇ ਦੀ ਕਲਾ ਵੀ ਹੌਲੀ-ਹੌਲੀ ਮਿਟਣੀ ਸ਼ੁਰੂ ਹੋ ਗਈ।

ਜਿੰਨ੍ਹਾਂ ਲੋਕਾ ਨੇ ਇਤਨੇ ਸੁੰਦਰ ਚਿੱਤਰ ਬਣਾਏ ਆਖ਼ਰ ਉਹ ਕੌਣ ਸਨ? ਰਾਜਾ ਬਲਦੇਵ ਸਿੰਘ ਦੇ ਕਹਿਣ ਮੁਤਾਬਿਕ ਇਹ ਲੋਕ ਜਾਤ ਦੇ ਤਰਖ਼ਾਣ ਤੇ ਸੁਨਿਆਰੇ ਸਨ ਤੇ ਇਨ੍ਹਾਂ ਦੀ ਔਲਾਦ ਅਜੇ ਵੀ ਹਰੀਪੁਰ ਵਿਚ ਮਿਲਦੀ ਹੈ।

ਇਨ੍ਹਾਂ ਸਮਕਾਲੀ ਚਿੱਤਰਾਂ ਵਿਚ ਕਲਾ ਦੀ ਪੁਰਾਣੀ ਸੂਝ ਨਹੀਂ, ਤੇ ਇਹ ਲੋਕ ਆਪਣੀ ਜੀਵਿਕਾ ਦਰਵਾਜ਼ੇ ਖਿੜਕੀਆਂ ਆਦਿ ਚਿੱਤਰ ਕੇ ਹੀ ਤੋਰਦੇ ਹਨ।

ਜਿਵੇਂ ਇਕ ਆਦਮੀ ਬਚਪਨ, ਜਵਾਨੀ, ਅਧੇੜ ਉਮਰ ਤੇ ਬੁਢਾਪੇ ਵਿਚੋਂ ਗੁਜ਼ਰਦਾ ਹੈ ਇੰਜ ਹੀ ਕਾਂਗੜੇ ਦੀ ਕਲਾ ਵੀ ਚਾਰ ਸਪੱਸ਼ਟ ਪੜਾਵਾਂ ਵਿਚੋਂ ਲੰਘੀ ਜਾਪਦੀ ਹੈ। ਸਭ ਤੋਂ ਪਹਿਲਾਂ ਜ਼ਮਾਨਾ ਤਜਰਬੇ ਦਾ ਜ਼ਮਾਨਾ ਸੀ ਜਦੋਂ ਕਲਾਕਾਰ ਇਕ ਨਵਾਂ ਢੰਗ ਅਪਣਾਨ ਦੀ ਕੋਸ਼ਿਸ਼ ਕਰ ਰਹੇ ਸਨ। ਗੁਲੇਰ ਵਿਚ ਇਹ ਜ਼ਮਾਨਾ 1661 ਤੋਂ 1695 ਈ: ਤਕ (ਬਿਕਰਮ ਸਿੰਘ ਦੇ ਰਾਜ ਤੋਂ ਦਲੀਪ ਸਿੰਘ ਦੇ ਰਾਜ ਤਕ) ਮੰਨਿਆ ਜਾਂਦਾ ਹੈ। 1740 ਤੋਂ ਲੈ ਕੇ 1780 ਤਕ ਜਦੋਂ ਗਵਰਧਨ ਚੰਦ ਤੇ ਪ੍ਰਕਾਸ਼ ਚੰਦ ਦਾ ਰਾਜ ਸੀ, ਗੁਲੇਰ ਵਿਚ ਕਾਂਗੜੇ ਦੀ ਕਲਾ ਆਪਣੇ ਸਿਖ਼ਰ ਤੇ ਪੁੱਜ ਗਈ ਸੀ। ਗਵਰਧਨ ਚੰਦ ਦੇ ਜ਼ਮਾਨੇ ਦੇ ਸ਼ੁਰੂ-ਸ਼ੁਰੂ ਦੇ ਚਿੱਤਰਾਂ ਵਿਚ ਇਕ ਗੈਰ-ਮਾਮੂਲੀ ਸਾਦਗੀ ਤੇ ਖੂਬਸੂਰਤੀ ਹੈ। ਗਵਰਧਨ ਚੰਦ ਦੇ ਅੰਤਿਮ ਦਿਨਾਂ ਵਿਚ ਕ੍ਰਿਸ਼ਨ ਤੇ ਗੋਪੀਆਂ ਦੇ  ਬਹੁਤ ਸਾਰੇ ਚਿਤਰ ਬਣਾਏ ਗਏ। ਇਸ ਸਮੇਂ ਨੂੰ ਕਾਂਗੜਾ ਕਲਾ ਦੀ ਬਸੰਤ ਰਿਤੂ ਦਾ ਨਾਮ ਦਿੱਤਾ ਜਾ ਸਕਦਾ ਹੈ। ਪ੍ਰਕਾਸ਼ ਚੰਦ ਦੇ ਰਾਜ ਵਿਚ ਗੁਲੇਰ ਦੀ ਕਲਾ ਪੂਰੀ ਤਰ੍ਹਾਂ ਨਿੱਖਰ ਚੁੱਕੀ ਸੀ। 1790 ਤੋਂ ਲੈ ਕੇ 1878 ਤਕ ਗੁਲੇਰ ਦੀ ਕਲਾ ਵਿਚ ਸਿੱਖ ਸ਼ੈਲੀ ਪ੍ਰਧਾਨ ਹੈ। ਇਹ ਜ਼ਮਾਨਾ ਭੂਪ ਸਿੰਘ ਤੋਂ ਲੈ ਕੇ ਜੈ ਸਿੰਘ ਦੇ ਰਾਜ ਦਾ ਜ਼ਮਾਨਾ ਹੈ। ਹੁਣ ਕਲਾ ਦੇ ਹੁਨਰ ਵਿਚ ਜ਼ਿਆਦਾ ਸਜਾਵਟ ਤੇ ਮੀਨ ਮੇਖ ਆ ਗਈ ਹੈ, ਪਰ ਬਣਤ ਦਿਨੋ-ਦਿਨ ਕਰੜੀ ਹੁੰਦੀ ਗਈ। ਇਨਸਾਨਾਂ ਦੇ ਵਿਕਾਸ ਵਿਚ ਵੀ ਜ਼ਿਆਦਾ ਸਜਾਵਟ ਤੇ ਜ਼ਿਆਦਾ ਅੜਕ-ਮੜਕ ਢਹਿੰਦੀਆਂ ਕਲਾ ਦੀ ਨਿਸ਼ਾਨੀ ਹੋਇਆ ਕਰਦੀ ਹੈ। ਇਹ ਸਮਾਂ ਕਾਂਗੜੇ ਦੀ ਕਲਾ ਦੇ ਪਤਝੜ ਦਾ ਸਮਾਂ ਹੈ, ਤੇ ਇਸ ਕਲਾ ਦਾ ਜ਼ਵਾਲ ਸ਼ੁਰੂ ਹੋ ਰਿਹਾ ਵਿਖਾਈ ਦਿੰਦਾ ਹੈ। ਜਿਸ ਤਰ੍ਹਾਂ ਇਨਸਾਨਾਂ ਦੀ ਜਿੰਦਗੀ ਵਿਚ ਹੁੰਦਾ ਹੈ, ਕਲਾ ਸਾਹਿਤ ਤੇ ਵਿਕਾਸ ਵਿਚ ਵੀ ਇਕ ਖ਼ਾਸ ਸਿਖਰ ਤੇ ਪੁੱਜਣ ਤੋਂ ਬਾਅਦ ਬੁਢਾਪੇ ਦੀਆਂ ਨਿਸ਼ਾਨੀਆਂ ਵਿਖਾਈ ਦੇਣ ਲਗ ਪੈਂਦੀਆਂ ਹਨ। ਕਿਸੇ ਖਾਸ ਵਕਤ ਵਿਚ ਕਲਾ ਕਿਉਂ ਜ਼ਿਆਦਾ ਪ੍ਰਫੁਲਿਤ ਹੁੰਦੀ ਹੈ ਤੇ ਕਿਸੇ ਹੋਰ ਵਕਤ ਇਹ ਢਹਿੰਦੀਆਂ ਕਲਾ ਵਿਚ ਕਿਉਂ ਚਲੀ ਜਾਂਦੀ ਹੈ, ਇਹ ਗੱਲ ਇਤਿਹਾਸ ਦਾ ਮੁਇੰਮਾ ਹੈ, ਤੇ ਕੋਈ ਇਸਦਾ ਤਸੱਲੀ ਬਖ਼ਸ ਜਵਾਬ ਨਹੀਂ ਦੇ ਸਕਦਾ।

King Jai Singh


Acknowledgment and References

 

1 ਰੰਧਾਵਾ ਅੈੱਮ.ਐੱਸ. ਕਾਂਗੜੇ ਦੇ ਲੋਕ ਗੀਤ,1955, ਅਤਰ ਚੰਦ ਕਪੂਰ ਐਂਡ ਸੰਨਜ਼ ਦਿੱਲੀ।

2 ਰੰਧਾਵਾ ਮਹਿੰਦਰ ਸਿੰਘ ਕਾਂਗੜਾ, ਨਵਯੁਗ ਪਬਲਿਸ਼ਰਜ਼,ਦਿੱਲੀ, 1955

3 ਰੰਧਾਵਾ ਅੈੱਮ.ਐੱਸ. ਕਾਂਗੜਾ ਕਲਾ,ਲੋਕ ਤੇ ਗੀਤ,1963,ਸਾਹਿਤ ਅਕਾਦਮੀ, ਨਵੀਂ ਦਿੱਲੀ

1 Randhawa, M.S, Guler- The Birth Place of Kangra Art, Marg 1953

2 Randhawa, M.S, Kangra Paintings illustrating the life of Shiva and Parvati, Roop Lekha 1953

3 Randhawa, M.S, Sujanpur Tira, The Cradle of Kangra Art, Marg 1953

4 Randhawa, M.S, Kangra Paintings of love, Studio Sept.1954

5 Randhawa, M.S, Kangra valley School of Paintings, Art and Letters 1954

6 Randhawa, M.S, Moonlight in Kangra Paintings March April 1954

7 Randhawa, M.S Kangra Painting of Bhagavata Purana, New Delhi, National Museum, 1960

8 Randhawa, M.S, Maharaja Sansar Chand: The Patron of Kangra Paintings Roop Lekha, 1962

9 Randhawa, M.S Kangra Painting of Bihari Satsai, New Delhi, National Museum, 1966

10 Randhawa, M.S Kangra Ragmala Paintings, New Delhi, National Museum, 1968

0 Comments

Add a Comment

Your email address will not be published. Required fields are marked *