ਪ੍ਰਦੇਸਾਂ ਵਿੱਚ ਸੁਸ਼ੋਭਿਤ ਗੁਰੂ-ਘਰ, ਅਗਲੇਰੀ ਪੀੜ੍ਹੀ ਨੂੰ ਆਪਣੇ ਇਤਿਹਾਸ, ਆਪਣੀ ਸੂਰਮਗਤੀ ਅਤੇ ਵਿਰਸੇ-ਵਿਰਾਸਤ ਨਾਲ ਜੋੜੀ ਰੱਖਣ ਦਾ ਉੱਦਮ ਲਗਾਤਾਰ ਕਰਦੇ ਆ ਰਹੇ ਨੇ। ਸਾਡੇ ਏਥੇ ਨਿਊਜ਼ੀਲੈਂਡ ਦੇ ਵੱਡ-ਆਕਾਰੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ (ਟਾਕਾਨੀਨੀ, ਆਕਲੈਂਡ) ਵਿਖੇ ਆਪਣੀ ਮਾਂ-ਬੋਲੀ ਪੰਜਾਬੀ ਅਤੇ ਸਿੱਖੀ-ਸਿਧਾਂਤਾਂ ਦੇ ਪ੍ਰਚਾਰ-ਪ੍ਰਸਾਰ ਹਿੱਤ ਛੇਵਾਂ ਸਲਾਨਾ ਦੋ ਦਿਨਾ “ਸਿੱਖ ਚਿਲਡਰਜ਼ ਡੇਅ” ਅਕਤੂਬਰ ਮਹੀਨੇ ਦੀ ੩ ਅਤੇ ੪ ਤਾਰੀਖ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਉਪਰੰਤ ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਲਈ ” ਰੇਨਬੋਜ਼ ਐਂਡ” ਦੀ ਮਨੋਰੰਜਕ ਯਾਤਰਾ ਹੋਵੇਗੀ। ਜਿੱਥੇ ਇਸ ਸਮਾਗਮ ਦੌਰਾਨ ਦੇਸ਼ ( ਗੁਆਂਢੀ ਮੁਲਕ ਆਸਟ੍ਰੇਲੀਆ ਤੋਂ ਵੀ) ਭਰ ਵਿੱਚੋਂ ਬੱਚੇ ਭਰਵੀਂ ਗਿਣਤੀ ਵਿੱਚ ਹਿੱਸਾ ਲੈਣ ਪੁੱਜਦੇ ਹਨ, ਉੱਥੇ ਸੁਪਰੀਮ ਸਿੱਖ ਸੁਸਾਇਟੀ ( ਨਿਊਜ਼ੀਲੈਂਡ) ਦੇ ਸੱਦੇ ਉੱਤੇ ਇਸ ਵਾਰ ਵੀ ਵਾਜਬ ਸਮਾਂ-ਸਾਰਣੀ ਅਤੇ ਵਰਗਾਂ ਮੁਤਾਬਕ ਇਹਨਾਂ ਬਾਲ ਮੁਕਾਬਲਿਆਂ ਦੀ ਦੇਖ-ਰੇਖ ਵਾਸਤੇ , ਸਮਰਪਣ ਭਾਵਨਾ ਵਾਲੇ ਵਲੰਟੀਅਰਜ਼ ਅਤੇ ਸੁਹਿਰਦ ਜੱਜ ਸਾਹਿਬਾਨ ਦੀ ਸ਼ਮੂਲੀਅਤ ਵਾਸਤੇ ਅਪੀਲ ਕੀਤੀ ਜਾਂਦੀ ਹੈ। ਜ਼ਿਆਦਾ ਜਾਣਕਾਰੀ ਹਿੱਤ ਇਸ਼ਤਿਹਾਰ ਵੇਖ ਸਕਦੇ ਹੋ। ਸਮੁੱਚੇ ਭਾਈਚਾਰੇ ਦੀ ਕੋਸ਼ਿਸ਼ ਰਹੇ ਕਿ ਇਸ ਵਾਰ ਦਾ “ਸਿੱਖ ਚਿਲਡਰਜ਼ ਡੇਅ” ਵੀ ਯਾਦਗਾਰੀ ਰਹੇ:
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥
ਏਤੁ ਦੁਆਰੈ ਧੋਇ ਹਛਾ ਹੋਇਸੀ ॥
ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥
0 Comments