ਬੰਬੇ ਵੈਲਵਟ ਨੂੰ ਵੇਖਦੇ ਹੋਏ ਤੁਸੀ ਫ਼ਿਲਮ ਨੂੰ ਵੇਖਣ ਦੇ ਨਾਲ ਨਾਲ ਸ਼ਹਿਰ ਨੂੰ ਜਿਊਂਦੇ ਹੋ। ਇੱਕ ਅਜਿਹਾ ਸੰਭਾਵਨਾ ਭਰਿਆ ਸ਼ਹਿਰ ਜਿਹਨੂੰ ਤੁਸੀ ਜਿੰਨਾ ਆਪਣਾ ਆਪ ਸੌਂਪਦੇ ਹੋ ਬਦਲੇ ‘ਚ ਬਹੁਤ ਕੁਝ ਤੁਹਾਡੇ ਤੋਂ ਲੈ ਚੁੱਕਾ ਹੁੰਦਾ ਹੈ।ਗਿਆਨ ਪ੍ਰਕਾਸ਼ ਦੀ ਕਿਤਾਬ ‘ਮੁੰਬਈ ਫੇਬਲਸ’ ‘ਤੇ ਅਧਾਰਿਤ ਇਸ ਫ਼ਿਲਮ ਨੇ ਸ਼ਹਿਰ ਦਾ ਖੌਫਨਾਕ ਚਿਹਰਾ ਪੇਸ਼ ਕੀਤਾ ਹੈ।
ਇਹਨੂੰ ਮੈਂ ਦੂਸਰੇ ਹਵਾਲੇ ਨਾਲ ਵੀ ਸਮਝਦਾ ਹਾਂ। ਐੱਸ.ਹੁਸੈਨ ਜ਼ਾਇਦੀ ਆਪਣੀ ਕਿਤਾਬ ‘ਡੋਂਗਰੀ ਟੂ ਦੁਬੱਈ-ਛੇ ਦਹਾਕੇ ਮੁੰਬਈ ਮਾਫੀਆ ਦੇ’ ‘ਚ ਜ਼ਿਕਰ ਕਰਦਾ ਹੈ ਕਿ 1947 ਦੇ ਪਹਿਲੇ ਪਖਵਾੜੇ ‘ਚ ਸ਼ਹਿਰ ‘ਚ ਕਈ ਵਾਰਦਾਤਾਂ ਹੋਈਆਂ।ਇੱਕਲੇ ਜਨਵਰੀ ਮਹੀਨੇ ਦੀ ਦੀ ਗੱਲ ਕਰੀਏ ਤਾਂ 1-ਜਨਵਰੀ-1947 ਨੂੰ ਲਾਲ ਬਾਗ਼, ਅਗਰੀਪਾੜਾ ‘ਚ ਚਾਕੂ ਨਾਲ ਹਮਲੇ ਹੋਣ ਤੋਂ ਬਾਅਦ 8 ਜਨਵਰੀ ਨੂੰ ਐਂਟੀ ਕਰੱਪਸ਼ਨ ਬਿਓਰੋ ਨੇ ਮਰੀਨ ਡ੍ਰਾਈਵ ਦੇ ਇੱਕ ਫਲੈਟ ‘ਚ 400 ਤੇਜ਼ ਚਾਕੂ ਬਰਾਮਦ ਕੀਤੇ। ਉਸੇ ਦਿਨ ਪਰੇਲ ‘ਚ ਇੱਕ ਸਮਾਜਿਕ ਕਾਰਕੂਨ ਦਾ ਕਤਲ ਹੋ ਗਿਆ। ਥੌੜ੍ਹੇ ਦਿਨਾਂ ਬਾਅਦ ਨਗਰ ਨਿਗਮ ਦੇ ਅਧਿਕਾਰੀ ਬੀ.ਜੇ ਦੇਵਰੂਖਕਰ ਦਾ ਕਤਲ ਹੋਇਆ। ਥੌੜ੍ਹੇ ਦਿਨਾਂ ਤੱਕ ਦੱਖਣ ਬੰਬੇ ਦਾ ਇੱਕ ਬੈਂਕ ਲੁੱਟਿਆ ਗਿਆ। 14 ਜਨਵਰੀ ਨੂੰ ਪੁਲਿਸ ਨੇ ਇੱਕ ਗਿਰੋਹ ਫੜ੍ਹਿਆ ਜਿਹੜਾ ਵਿਕਟੋਰੀਆ ਟਰਮੀਨਲ (ਛਤਰਪਤੀ ਸ਼ਿਵਾ ਜੀ ਟਰਮੀਨਲ) ਦੇ ਪਾਰਸਲ ਬੁਕਿੰਗ ਦਫਤਰ ‘ਚ ਆਪਣੀ ਮੁਹਿੰਮ ਚਲਾਉਂਦਾ ਸੀ।ਅਜਿਹੇ ਸਾਰੇ ਦੀ ਪੇਸ਼ਕਾਰੀ ਇਹ ਫ਼ਿਲਮ ਛੋਟੇ ਛੋਟੇ ਇਸ਼ਾਰਿਆਂ ਨਾਲ ਕਰਦੀ ਜਾਂਦੀ ਹੈ। ਅਖ਼ਬਾਰਾਂ ਦੀਆਂ ਖ਼ਬਰਾਂ ਸੰਗ ਅਜ਼ਾਦ ਭਾਰਤ, ਹਿੰਸਾ, ਗੋਡਸੇ ਵੱਲੋਂ ਮਹਾਤਮਾ ਗਾਂਧੀ ਦਾ ਕਤਲ, ਬੰਦਰਗਾਹਾਂ ‘ਤੇ ਪਨਾਹਗੀਰ ਲੋਕ, ਰੁਜ਼ਗਾਰ ਦੀ ਕਿੱਲਤ, ਗਲੀਆਂ, ਚਿਹਰੇ, ਇਮਾਰਤਾਂ ਕਿੰਨਾ ਕੁਝ।ਬਾਰ ਬਾਰ ਇੱਕ ਇੱਕ ਸੜਕ, ਇਮਾਰਤ, ਆਵਾਜਾਈ ਦੇ ਦ੍ਰਿਸ਼ਾਂ ਦੇ ਦੁਹਰਾਵ ‘ਚ ਇਹ ਫ਼ਿਲਮ ਤੁਹਾਨੂੰ ਪੇਸ਼ ਕਰ ਰਹੀ ਹੈ ਕਿ ਅਜ਼ਾਦ ਭਾਰਤ ‘ਚ ਅਸੀ ਕੀ ਗਵਾ ਚੁੱਕੇ ਹਾਂ ਅਤੇ ਕੀ ਪਾ ਚੁੱਕੇ ਹਾਂ ਅਤੇ ਇੱਥੇ ਕਿੰਝ ਦੀ ਕਲਾਸ ਬਣਨ ਵਾਲੀ ਹੈ ਜੋ ਭਾਰਤ ਦੀ ਨੀਤੀ ਨਿਰਮਾਣਤਾ ਤੈਅ ਕਰੇਗੀ।
ਅਜਿਹੇ ਸ਼ਹਿਰ ‘ਚ ਅਜ਼ਾਦ ਭਾਰਤ ਤੋਂ ਪਹਿਲਾਂ ਅਤੇ ਅਜ਼ਾਦ ਹੋਣ ਤੋਂ ਬਾਅਦ ਜਵਾਨ ਹੋਣ ਦੇ ਨਾਲ ਨਾਲ ਕਿਰਦਾਰਾਂ ਦਾ ਨਿਰਮਾਣ ਕਰਦੀ ਬੰਬੇ ਵੈਲਵਟ ਪਰਦੇ ‘ਤੇ ਉਤਰਦੀ ਹੈ। ਅਨੁਰਾਗ ਕਸ਼ਿਅਪ ਆਪਣੇ ਬਿਆਨ ਦੇ ਨਾਲ ਦੱਸ ਰਿਹਾ ਹੈ ਕਿ ਭਾਰਤ ਦੇ ਅਜ਼ਾਦ ਹੋਣ ਦੇ ਨਾਲ ਅਜ਼ਾਦ ਭਾਰਤ ਦਾ ਸੁਫ਼ਨਾ ਵੀ ਖਿੰਡ ਗਿਆ ਹੈ। ਜੌਨੀ ਬਲਰਾਜ(ਰਣਬੀਰ ਕਪੂਰ) ਅਤੇ ਉਸਦਾ ਦੋਸਤ ਮੁਲਤਾਨ ਅਤੇ ਸਿਆਲਕੋਟ ਤੋਂ ਉਜੜਕੇ ਬੰਬਈ ਆਸਰਾ ਲੈ ਰਹੇ ਹਨ। ਸੁਨਹਿਰੇ ਭਾਰਤ ਦੇ ਅੰਦਰ ਡਾਰਕ ਮਾਹੌਲ ਅਤੇ ਅਜਿਹੇ ਮਾਹੌਲ ‘ਚ ਅਜਿਹੇ ਬੇਸਹਾਰੇ ਕਿਰਦਾਰਾਂ ਦਾ ਆਕਾ ਬਣਨ ਲਈ ਵੱਡੀ ਮੱਛਲੀ ਤਿਆਰ ਬੈਠੀ ਹੈ। ਇਸ ਸਭ ਨੂੰ ਅਨੁਰਾਗ ਨੇ ਆਪਣੀ ਟੀਮ ਨਾਲ 8 ਸਾਲਾਂ ਦੀ ਖੋਜ ਨਾਲ ਕਹਾਣੀ ਦਾ ਨਿਰਮਾਣ, 1 ਸਾਲ ਪ੍ਰੀ ਪ੍ਰੋਡਕਸ਼ਨ, 10 ਮਹੀਨੇ ਸੈੱਟ ਨਿਰਮਾਣ ਅਤੇ 600 ਲੋਕਾਂ ਦੇ ਕਰੂ ਨਾਲ ਜ਼ਿੰਦਾ ਕੀਤਾ ਹੈ।
ਫ਼ਿਲਮ ਆਪਣੇ ਕਥਾਨਕ ਨੂੰ ਚਾਰ ਹਿੱਸਿਆ ‘ਚ ਵਿਸਥਾਰ ਦੇ ਰਹੀ ਹੈ। ਇੱਕ ਨਾਇਕ ਅਤੇ ਨਾਇਕਾ ਦੀ ਨਿਜੀ ਕਹਾਣੀ ਹੈ। ਰਣਬੀਰ ਸਿਆਲਕੋਟ ਤੋਂ ਆਪਣੀ ਮਾਂ ਨਾਲ ਬੰਬਈ ਆਉਂਦਾ ਹੈ। ਗਰੀਬੀ ਉਹਨਾਂ ਨੂੰ ਬੰਬਈ ਦੀਆਂ ਲਾਲ ਗਲੀਆਂ ਦੀ ਕਾਲੀ ਜ਼ਿੰਦਗੀ ‘ਚ ਆਸਰਾ ਦਿੰਦੀ ਹੈ। ਨਾਇਕ ਦੀ ਮਾਂ ਦੇਹ ਵਪਾਰ ‘ਚ ਆਪਣਾ ਅਤੇ ਆਪਣਾ ਪੁੱਤ ਦਾ ਢਿੱਡ ਭਰ ਰਹੀ ਹੈ। ਇਸੇ ਮਾਹੌਲ ‘ਚ ਰਣਬੀਰ ਅਤੇ ਉਸਦਾ ਦੋਸਤ ਅਜ਼ਾਦ ਭਾਰਤ ਦੇ ਫੇਲ੍ਹ ਹੋਏ ਸਿਸਟਮ ਦੀ ਤਰਜਮਾਨੀ ਕਰਦੇ ਹਨ ਅਤੇ ਜ਼ੁਰਮ ਦੀ ਦੁਨੀਆ ‘ਚ ਦਾਖਲ ਹੁੰਦੇ ਹਨ। ਛੋਟੀ ਮੱਛਲੀ ਵੱਡੀ ਮੱਛਲੀ ਬਣਨਾ ਚਾਹੁੰਦੀ ਹੈ ਅਤੇ ਵੱਡੀ ਮੱਛਲੀ ਛੋਟੀ ਨੂੰ ਖਾਣਾ ਚਾਹੁੰਦੀ ਹੈ। ਅਜਿਹੇ ‘ਚ ਜੌਨੀ ਬਲਰਾਜ ਦਾ ਸੁਫ਼ਨਾ ਹੈ ਕਿ ਉਹ ਬੰਬਈ ‘ਚ ਆਪਣੇ ਨਾਮ ਦੀ ਥਾਂ ਮੱਲ ਲਵੇ। ਨਾਇਕਾ ਰੋਜ਼ੀ ਹੈ ਜੋ ਘਰੇਲੂ ਹਿੰਸਾ ਦੀ ਸਿਲ ਥੱਲੋਂ ਕੁਝ ਬੇਹਤਰ ਦੀ ਤਲਾਸ਼ ‘ਚ ਦੋੜ ਲਗਾਕੇ ਪਹੁੰਚ ਗਈ ਹੈ। ਸਤਾਏ ਹੋਏ ਨੂੰ ਸਤਾਏ ਹੋਏ ਦਾ ਸਾਥ ਨਸੀਬ ਹੋਇਆ ਹੈ। ਜੌਨੀ ਬਲਰਾਜ ਅਤੇ ਰੋਜ਼ੀ ਦੀ ਪ੍ਰੇਮ ਕਹਾਣੀ ਹੈ। ਇਹ ਪ੍ਰੇਮ ਕਹਾਣੀ ਤਾਂ ਮਹਿਜ਼ ਪ੍ਰਤੀਕ ਹੈ ਇੱਕ ਹੱਸਦੀ ਖੇਡਦੀ ਜ਼ਿੰਦਗੀ ਦਾ ਜੋ ਆਪਣੀ ਬੇਹਤਰ ਜ਼ਿੰਦਗੀ ਲਈ ਸਿਸਟਮ ਨਾਲ ਲੜ ਰਹੇ ਆਮ ਲੋਕ ਜਹੇ ਹਨ। ਤੀਜਾ ਹਿੱਸਾ ਕਾਇਜ਼ਾਦ ਖੰਬਾਟਾ (ਕਰਨ ਜੌਹਰ) ਹੈ। ਕਰਨ ਜੌਹਰ ਨੇ ਇਸ ਕਿਰਦਾਰ ‘ਚ ਕਮਾਲ ਦਾ ਰੰਗ ਭਰਿਆ ਹੈ। ਇਹ ਸ਼ੁੱਧ ਰੂਪ ‘ਚ ਅਜਿਹਾ ਸਰਮਾਏਦਾਰ ਹੈ ਜਿਹਨੂੰ ਪਤਾ ਹੈ ਸਿਸਟਮ ਦੀ ਨਬਜ਼ ਕਿਵੇਂ ਫੜ੍ਹਨੀ ਹੈ ਅਤੇ ਜੌਨੀ ਵਰਗੇ ਮੌਹਰਿਆਂ ਨੂੰ ਇਸ ਲਈ ਕਿਵੇਂ ਵਰਤਣਾ ਹੈ। ਚੌਥਾ ਹਿੱਸਾ ਅਫ਼ਸਰਸ਼ਾਹੀ ਅਤੇ ਸਿਆਸਤ ਦਾ ਹੈ। ਮੁੰਬਈ ਦੇ ਇਤਿਹਾਸ ਰਾਹੀਂ ਇਹ ਵਿਕਾਸ ਦੀ ਹਰ ਕਹਾਣੀ ਦਾ ਖੂਨੀ ਮੰਜਰ ਸਾਡੇ ਸਾਹਮਣੇ ਪੇਸ਼ ਕਰ ਰਹੀ ਹੈ। ਬੰਬਈ ਦੇ ਤਮਾਮ ਕਾਰਖਾਨੇ ਬੰਦ ਕਰ ਮਜ਼ਦੂਰਾਂ ਨੂੰ ਹੜਤਾਲਾਂ ਕਰਨ ਲਈ ਮਜਬੂਰ ਕਰ ਦਿੱਤਾ ਗਿਆ। ਬਾਅਦ ‘ਚ ਆਪਣੀਆਂ ਫੈਕਟਰੀਆਂ ਨੂੰ ਜਿੰਦਰੇ ਮਰਵਾ ਤਹਿਸ ਨਹਿਸ ਕਰਨ ਦੀ ਵਿਉਂਤਬੰਦੀ ਅਤੇ ਉਹਨਾਂ ਕਾਰਖਾਨਿਆਂ ਵਾਲੀ ਜਗ੍ਹਾਂ ‘ਤੇ ਅੱਜ ਦੇ ਸਭ ਤੋਂ ਮਹਿੰਗੇ ਨਰੀਮਨ ਪੋਇੰਟ ਦਾ ਵਿਸਥਾਰ ਅਤੇ ਇਸ ਵਿਸਥਾਰ ‘ਚ ਅਮੀਰ ਲੋਕਾਂ ਦੇ ਰਹਿਣ ਬਸੇਰੇ। ਮਹਿਸੂਸ ਕਰਕੇ ਵੇਖੋ ਇਸ ਸ਼ਹਿਰ ਦੀ ਬੁਨਿਆਦ ‘ਚ ਕਿੰਨੀਆਂ ਸਧਰਾਂ ਦਾ ਖੂਨ ਸ਼ਾਮਲ ਹੈ।
ਬੰਬੇ ਵੇਲਵੈਟ ਆਪਣੀ ਕਹਾਣੀ ਤੋਂ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੀ। ਅਜਿਹੀ ਕਹਾਣੀ ਕਿਸੇ ਨਾ ਕਿਸੇ ਰੂਪ ‘ਚ ਤੁਹਾਡੇ ਸਾਹਮਣੇ ਆਉਂਦੀ ਰਹੀ ਹੈ। 80ਵੇਂ ਦਹਾਕਿਆਂ ‘ਚ ਜਾਂ ਐਂਗਰੀ ਯੰਗਮੈਨ ਰੂਪਕ ਕਹਾਣੀਆਂ ਦੀ ਸਿਰਜਣਾ ਇਸੇ ਤਰ੍ਹਾਂ ਦੀ ਹੈ। ਨਾਇਕ ਦਾ ਆਪਣੇ ਮਾਲਕ ਨਾਲ ਟਕਰਾ, ਇਸ ਟਕਰਾ ‘ਚ ਮੁਹੱਬਤ ਨੂੰ ਬਚਾਉਣ ਦਾ ਸੰਘਰਸ਼ ਅਤੇ ਫਿਰ ਸਿਸਟਮ ਦੀ ਜਿੱਤ। ਇਹ ਕਹਾਣੀ ਤੁਹਾਨੂੰ ਆਪਣੀ ਪੇਸ਼ਕਾਰੀ ਰਾਂਹੀ ਪ੍ਰਭਾਵਿਤ ਕਰਦੀ ਹੈ। ਬੰਬੇ ਵੈਲਵੈਟ ਆਪਣੇ ਛੋਟੇ ਛੋਟੇ ਇਸ਼ਾਰਿਆਂ ਰਾਹੀਂ ਤੁਹਾਨੂੰ ਠਕੋਰਦੀ ਹੈ। 1960 ਤੱਕ ਆਉਂਦੇ ਆਉਂਦੇ ਫ਼ਿਲਮ ਤੁਹਾਨੂੰ ਮਹਿਸੂਸ ਕਰਵਾ ਦੇਵੇਗੀ ਕਿ ਇਹ ਜਵਾਹਰ ਲਾਲ ਨਹਿਰੂ ਦੇ ਸੁਫਨਿਆਂ ਦੇ ਬਰਬਾਦ ਹੋਣ ਤੋਂ ਬਾਅਦ ਐਂਗਰੀ ਯੰਗ ਮੈਨ ਦਾ ਉਦੈ ਹੈ। ਜੌਨੀ ਬਲਰਾਜ ਸਮਝ ਚੁੱਕਾ ਹੈ ਕਿ ਵੱਡੀ ਮੱਛਲੀ ਅਪਾਣਾ ਕੰਮ ਛੋਟੀ ਮੱਛਲੀ ਦੇ ਬਲਬੂਤੇ ਕਰਵਾ ਰਹੀ ਹੈ ਅਤੇ ਛੋਟੀ ਮੱਛਲੀ ਆਪ ਖਾਲੀ ਦੀ ਖਾਲੀ ਹੈ। ਲਾਲਚੀ ਤੇ ਖੁੰਖਾਰ ਅਮੀਰ ਦਾ ਚਿਹਰਾ ਉਸ ਸਮੇਂ ਸਭ ਤੋਂ ਜ਼ਿਆਦਾ ਹਿੰਸਕ ਮਹਿਸੂਸ ਹੁੰਦਾ ਹੈ ਜਦੋਂ ਜੌਨੀ ਬਲਰਾਜ ਕਾਇਜ਼ਾਦ ਤੋਂ ਉਹਦੇ ਨਿਰਮਾਣ ਪ੍ਰੋਜੈਕਟ ‘ਚ ਆਪਣੀਆਂ ਸੇਵਾਵਾਂ ਬਦਲੇ ਹਿੱਸਾ ਮੰਗਦਾ ਹੈ ਅਤੇ ਉਹ ਬਾਹਰ ਆਕੇ ਹੱਸਦਾ ਹੈ। ਪੂਰਾ ਸੀਨ ਵੇਖੋ, ਜੌਨੀ ਬਲਰਾਜ ਹਿੱਸਾ ਮੰਗਦਾ ਹੈ ਅਤੇ ਕਾਇਜ਼ਾਦ ਬਰਫ ਲਿਆਉਣ ਦੇ ਬਹਾਨੇ ਬਾਹਰ ਆਕੇ ਹੱਸਦਾ ਹੈ। ਅਸਲ ‘ਚ ਇਹ ਅਮੀਰ ਸਨਅਤਕਾਰ ਦਾ ਉਸ ਤੋਂ ਹੈਸੀਅਤ ‘ਚ ਛੋਟੇ ਜੌਨੀ ਬਲਰਾਜ ‘ਤੇ ਉਸਦੀ ਔਕਾਤ ਨੂੰ ਲੈ ਕੇ ਹੱਸਿਆ ਹਾਸ ਹੈ ਜੋ ਦਰਸ਼ਕ ਨੂੰ ਬਿਆਨ ਕਰਦਾ ਹੈ ਕਿ ਪਬਲਿਕ ਇੰਟਰਸਟ ਦੀ ਗੱਲ ਕਰਨ ਵਾਲਿਆਂ ਲਈ ਛੋਟੇ ਬੰਦੇ ਦੀ ਕੀ ਔਕਾਤ ਹੈ। ਇਹ ਹਾਸਾ ਮੁਨਾਫਾਖੋਰ ਸਰਾਮਾਏਦਾਰਾਂ ਦਾ ਭਾਰਤ ਦੀ ਉਸ ਜਮਾਤ ‘ਤੇ ਹੈ ਜਿੰਨਾ ਬਾਰੇ ਉਹਨਾਂ ਦੀ ਜ਼ਹਿਨੀਅਤ ‘ਚ ਉਹਨਾਂ ਬਰਾਬਰ ਆਉਣ ਦਾ ਸੰਕਲਪ ਹੀ ਨਹੀਂ ਹੈ।
ਬੰਬੇ ਵੈਲਵਟ ਇਸ ਨੂੰ ਲੈ ਕੇ ਸਾਫ ਹੈ ਕਿ 1947 ‘ਚ ਅਜ਼ਾਦੀ ਮਿਲਣ ਦੇ ਨਾਲ ਹੀ ਵੰਡ ਦਾ ਦੌਰ ਸ਼ੁਰੂ ਹੋ ਗਿਆ ਸੀ।ਇਹ ਵੰਡ ਸ਼ਕਤੀ ਨੂੰ ਲੈ ਕੇ ਹੈ। ਮਹੁੰਮਦ ਅਲੀ ਜਿਨਹਾ ਦਾ ਸੁਫਨਾ ਵੀ ਕਾਇਜ਼ਾਦ ਦੇ ਨਜ਼ਰੀਏ ਤੋਂ ਸ਼ਕਤੀ ਹੀ ਹੈ ਅਤੇ ਇਹ ਸ਼ਕਤੀ ਵੀ ਵੱਡੀ ਮੱਛਲੀ ਬਨਾਮ ਛੋਟੀ ਮੱਛਲੀ ਦੇ ਰੂਪਕ ਚੋਂ ਹੈ। ਆਜ਼ਾਦ ਭਾਰਤ ਅੰਦਰ ਵੀ ਸੱਤਾ ਕੋਈ ਬਹੁਤੀ ਸ਼ਾਨਮੱਤਾ ਹਾਸਲਯਾਫਤਾ ਨਹੀਂ ਹੈ।ਇਹੋ ਵੰਡ ਕੈਪਟਲਿਸਟ ਬਨਾਮ ਸ਼ੋਸ਼ਲਿਸਟ ਹੈ। ਬਕੌਲ ਕਾਇਜ਼ਾਦ ਖੰਬਾਟਾ ਉਸ ਮਗਰ ਪਿਆ ਅਖ਼ਬਾਰ ਦਾ ਮੁਖੀ ਜਿਮੀ ਮਿਸਤਰੀ ਰੂਸ ਦਾ ਕੁਤਾ ਹੈ ਅਤੇ ਜਿਮੀ ਮਿਸਤਰੀ ਉਸ ਬਾਰੇ ਅਮਰੀਕੀ ਟੱਟੂ ਦਾ ਵਿਚਾਰ ਰੱਖਦਾ ਹੈ। ਹਰ ਕਿਰਦਾਰ ਨਿਜੀ ਅਜ਼ਾਦੀ (ਸ਼ਕਤੀ ਦੇ ਰੂਪਕ) ਦੀ ਜਦੋਜਹਿਦ ‘ਚ ਹੈ। ਜਦੋਂ ਰੋਜ਼ੀ ਜੌਨੀ ਨੂੰ ਕਹਿੰਦੀ ਹੈ ਕਿ ਆਪਾਂ ਬੰਬਈ ਤੋਂ ਦੂਰ ਚਲੇ ਜਾਈਏ ਤਾਂ ਜੌਨੀ ਕਹਿੰਦਾ ਹੈ ਕਿ ਬੰਬਈ ਤੋਂ ਬਾਹਰ ਇੰਡੀਆ ਹੈ ਅਤੇ ਇੰਡੀਆ ‘ਚ ਭੁਖਮਰੀ ਅਤੇ ਗਰੀਬੀ ਹੈ। ਬੰਬਈ ਸੰਭਾਵਨਾ ਦਾ ਸ਼ਹਿਰ ਹੈ।ਇੱਥੇ ਇਹ ਸਮਝਨਾ ਪਵੇਗਾ ਕਿ ਫ਼ਿਲਮ ਦਾ ਇਸ਼ਾਰਾ ਹੈ ਕਿ ਬੰਬਈ ਨੇ ਅਜਿਹੇ ਲਾਲਚ ਨੂੰ ਜ਼ਮੀਨ ਦਿੱਤੀ ਹੈ।
ਇਸੇ ਗੱਲ ਦੀ ਤਰਜਮਾਨੀ ਅਨੁਰਾਗ ਕਸ਼ਿਅਪ ਇੱਕ ਹੋਰ ਖੂਬਸੂਰਤ ਕਿਰਦਾਰ ਰਾਹੀਂ ਕਰਦਾ ਹੈ। ਫ਼ਿਲਮ ਦੇ ਵਿੱਚ ਵਿੱਚ ਬੰਬੇ ਵੈਲਵਟ ਹੋਟਲ ‘ਚ ਇੱਕ ਸਟੈਂਡਅਪ ਕਮੇਡੀਅਨ ਹੈ ਜੋ ਭਾਰਤ ਅੰਦਰਲੀ ਗਰੀਬੀ ਅਤੇ ਮਾੜੇ ਪ੍ਰਬੰਧ ਸਿਸਟਮ ‘ਤੇ ਟਿੱਪਣੀਆਂ ਕਰਦਾ ਜਾ ਰਿਹਾ ਹੈ। ਜੋ ‘ਭਾਰਤ’ ਲਈ ਜਾਂ ਉਸ ਵਰਗ ਲਈ ਗੰਭੀਰ ਗੱਲ ਹੈ ਉਹ ਅਮੀਰਾਂ ਦੀ ਇਸ ਮਹਿਫ਼ਲ ‘ਚ ਚੁੱਟਕਲਾ ਹੈ। ਇਹ ਵਿਸ਼ਾਲ ਭਰਦਵਾਜ ਦੀ ਫ਼ਿਲਮ ‘ਮਟਰੂ ਕੀ ਬਿਜਲੀ ਕਾ ਮੰਡੋਲਾ’ ਦੇ ਸਰਮਾਏਦਾਰ ਦੇ ਸੰਵਾਦ ਦੀ ਅਧਾਰਸ਼ਿਲਾ ਦੀ ਫ਼ਿਲਮ ਹੈ। ਜਿੱਥੇ ਖੜ੍ਹਕੇ ਇਸ ਫ਼ਿਲਮ ਵਿਚਲਾ ਸਰਮਾਏਦਾਰ ਕਹਿੰਦਾ ਹੈ ਕਿ ਮੈਂ ਉਹ ਫੈਕਟਰੀਆਂ ਵੇਖਦਾ ਹਾਂ, ਜਿਸ ਸਦਕੇ ਮਾਲ ਹਨ, ਉਹ ਕਲਚਰ ਹੈ, ਜਿੱਥੇ ਮੈਂ ਇੱਕ ਹੱਥ ਤੋਂ ਤਨਖਾਹ ਦੇ ਰਿਹਾ ਹਾਂ ਅਤੇ ਦੂਜੇ ਹੱਥ ਤੋਂ ਮਾਲ ‘ਚ ਉਹਨਾਂ ਤੋਂ ਲੈ ਰਿਹਾ ਹਾਂ। ਜੋ ਅੱਜ ਹੈ, ਅੱਜ ਦਾ ਸਿਸਟਮ, ਬੰਬੇ ਵੈਲਵੇਟ ‘ਚ ਉਸ ਨੀਂਹਪੱਥਰ ਦਾ ਦਸਤਾਵੇਜ਼ ਪੇਸ਼ ਹੋਇਆ ਹੈ।
ਇਹ ਅਨੁਰਾਗ ਦੀ ਅਮਿਤ ਤ੍ਰਿਵੇਦੀ ਨਾਲ ਜੁਗਲਬੰਦੀ ਹੀ ਹੈ ਕਿ ਉਹ ਆਪਣੀ ਫ਼ਿਲਮ ਨੂੰ ਜੈਜ਼ ਮਿਊਜ਼ਿਕ ਦੇ ਮਾਰਫਤ ਤੌਰ ਰਿਹਾ ਹੈ। ਅਮਿਤਾਬ ਭੱਟਚਾਰੀਆ ਦੇ ਗੀਤ,ਸਭ ਵਪਾਰ ਹੈ,ਕਾਰੋਬਾਰ ਹੈ ਲਾਲਚੀ ਤੰਤਰ ਦੀ ਵਿਆਖਿਆ ਹੈ।ਫ਼ਿਲਮ 60ਵੇਂ ਦਹਾਕਿਆਂ ਦੀ ਗੱਲ ਕਰ ਤਾਂ ਰਹੀ ਹੈ ਪਰ ਨਾਲੋਂ ਨਾਲ ਦੱਸ ਰਹੀ ਹੈ ਕਿ ਇਸ ਸ਼ਹਿਰ ਦੀ ਦਾਸਤਾਨ ‘ਚ ਅਜੇ ਵੀ ਬੰਬਈ ਅਤੇ ਇੰਡੀਆ ਵੱਖ ਵੱਖ ਹਨ।ਇਹਨਾਂ ਲਈ ਬੰਬਈ ਸੁਫ਼ਨਿਆਂ ਦਾ ਸ਼ਹਿਰ ਹੈ ਧਨਾਢ ਵਰਗ ਇਸ ਨੂੰ ਭਲੀਭਾਂਤ ਸਮਝ ਰਹੇ ਹਨ ਪਰ ਭਾਰਤ ਹਕੀਕਤ ਹੈ ਇਸ ਨੂੰ ਕੱਲ੍ਹ ਵੀ ਸਮਝਿਆ ਨਹੀਂ ਸੀ ਗਿਆ ਅਤੇ ਅੱਜ ਵੀ ਸਮਝਿਆ ਨਹੀਂ ਜਾ ਰਿਹਾ। ਇਸੇ ਕਰਕੇ ਕਾਰਵਾਂ ਦੁਖਦਾਇਕ ਹੈ ਅਤੇ ਅੰਤ ਵੀ ਦੁਖਦਾਈ ਹੈ।
ਅਖੀਰ ‘ਤੇ ਫ਼ਿਲਮ ਦਾ ਅੰਤ ਮੈਨੂੰ ਬਹੁਤ ਪ੍ਰਤੀਕਾਤਮਕ ਲੱਗਦਾ ਹੈ।ਨਾਇਕ ਅਤੇ ਨਾਇਕਾ (ਆਮ ਲੋਕ) ਬੁਨਿਆਦੀ ਬੇਹਤਰ ਜ਼ਿੰਦਗੀ ਲਈ ਸੰਘਰਸ਼ ਕਰਦੇ ਜ਼ਮੀਨ ‘ਤੇ ਗਿਰੇ ਪਏ ਹਨ।ਉਹਨਾਂ ਦੀ ਪ੍ਰੇਮ ਕਹਾਣੀ ਦਾ ਅੰਤ ਦੁਖਦਾਈ ਹੈ।ਸਿਸਟਮ ਸਰਮਾਏਦਾਰਾਂ ਦੀ ਵਿਚੋਲਗੀ ਕਰਦਾ ਪੈਰ ਪਸਾਰੀ ਉਹਨਾਂ ਨੂੰ ਲਤਾੜ ਰਿਹਾ ਹੈ। ਕਲੋਜ਼ ਅਪ ‘ਚ ਸਿਰਫ ਉਸ ਬੰਦੇ ਦੀਆਂ ਲੱਤਾ ਵਿਖਾਈ ਦੇ ਰਹੀਆਂ ਹਨ ਬਾਕੀ ਸਿਸਟਮ ਨੁਮਾ ਲੋਕ ਦੂਰੋਂ ਵੇਖ ਰਹੇ ਹਨ,ਸਿਰਫ ਵੇਖ ਰਹੇ ਹਨ।ਸਭ ਕੁਝ ਜਾਣਦੇ ਹੋਏ ਵੀ।ਇਹ ਅਪੰਗਤਾ ਹੀ ਅਖੀਰੀ ਸੱਚ ਹੈ। ਜੌਨੀ ਨਹੀਂ ਹੈ,ਰੋਜ਼ੀ ਨਹੀਂ ਹੈ, ਕਾਇਜ਼ਾਦ ਵੀ ਨਹੀਂ ਹੈ (ਪਰ ਉਹ ਫਿਰ ਵੀ ਹੈ ਕਿਸੇ ਹੋਰ ਰੂਪ ‘ਚ) ਸਿਸਟਮ ਯਕੀਨਨ ਹੈ। ਜੋ ਕਿਸੇ ਹੋਰ ਕਾਇਜ਼ਾਦ ਲਈ ਕੰਮ ਕਰੇਗਾ।ਉਹ ਕੋਈ ਹੋਰ ਕਾਇਜ਼ਾਦ ਲੱਭੇਗਾ ਅਤੇ ਆਪਣੇ ਆਪ ਨੂੰ ਉਹਦੇ ਹੱਥੋਂ ਭ੍ਰਸ਼ਟ ਕਰੇਗਾ।ਇਹ ਕੋਈ ਕੈਪਟਲਿਸਟ, ਸ਼ੋਸ਼ਲਿਸਟ ਵਿਆਖਿਆ ਨਹੀਂ। ਸ਼ੁੱਧ ਲੋਕਤੰਤਰਿਕ ਮਾਯੂਸੀ ਦੀ ਗਾਥਾ ਹੈ।
0 Comments