Email: [email protected]
Telegram: @harmanradio
Phone: +61285992811

Rumaala :: ਰੁਮਾਲਾ

ਗੁਰੂ ਘਰਾਂ ਵਿਚ ਫਾਲਤੂ ਰੁਮਾਲਿਆਂ ਦੀ ਸਮੱਸਿਆ

Rumala

ਗੁਰਦਵਾਰਿਆਂ ਵਿਚ ਪੁਰਾਣੇ ਰੁਮਾਲਿਆਂ ਦੀ ਸਾਂਭ ਸੰਭਾਲ ਦੀ ਸਮੱਸਿਆ ਨੂੰ ਘੋਖਦਾ ਹੋਇਆ ਹਰਮਨ ਰੇਡੀਉ ਤੇ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਵਿਚ ਮੇਰੇ ਨਾਲ ਮਿੰਟੂ ਬਰਾੜ ਨੇ ਹਿੱਸਾ ਲਿਆ। ਕਈ ਹਫ਼ਤਿਆਂ ਤੋਂ ਕੈਨੇਡਾ ਤੋਂ ਹਰਵਿੰਦਰ ਬਾਸੀ ਹੋਣਾ ਨੇ ਇਸ ਮਸਲੇ ਤੇ ਗੱਲ ਕਰਨ ਲਈ ਕਿਹਾ ਸੀ। ਸੋ ਪੇਸ਼ ਹੈ ਇਸ ਪ੍ਰੋਗਰਾਮ ਦੀ ਆਡੀਓ। ਇਸ ਦੇ ਨਾਲ ਗਿਆਨੀ ਸੰਤੋਖ ਸਿੰਘ ਸਿਡਨੀ ਵਾਲਿਆਂ ਦਾ ਲੇਖ ਵੀ ਨੱਥੀ ਕੀਤਾ ਗਿਆ ਹੈ। ਆਪ ਜੀ ਨੂੰ ਬੇਨਤੀ ਹੈ ਕਿ ਜੇ ਤੁਸੀਂ ਵੀ ਕੋਈ ਵਾਧਾ ਕਰਨਾ ਚਾਹੋਂ ਤਾਂ ਲਿਖ ਭੇਜੋ।

ਇਸ ਆਡੀਓ ਦੀ ਤਰਤੀਬ ਇਸ ਤਰਾਂ ਹੈ;
ਭੂਮਿਕਾ – ਇਤਿਹਾਸ – ਸਮੱਸਿਆ – ਸਮੱਸਿਆ ਦੇ ਹੱਲ ਲਈ ਉੱਦਮ – ਮੌਜੂਦਾ ਹੱਲ ਅਤੇ ਸੰਭਾਵੀ ਹੱਲ

 

This article also published in Giani Santokh Singh’s first book’s every edition named ‘Sache Da Sacha Dhoa.’

ਗੁਰੂ ਜੀ ਦੇ ਸ਼ਰਧਾਲੂ ਸਿੱਖ ਆਪਣੇ ਖ਼ੂਨ ਪਸੀਨੇ ਦੀ ਕਮਾਈ ਨੂੰ ਆਪਣੇ ਬੱਚਿਆ ਦੇ ਮੂੰਹਾਂ ਵਿਚੋਂ ਬਚਾ ਕੇ, ਮਹਿੰਗੇ ਤੋਂ ਮਹਿੰਗਾ ਰੁਮਾਲਾ ਖ਼ਰੀਦ ਕੇ, ਗੁਰਦੁਆਰਾ ਸਾਹਿਬ ਵਿਖੇ ਲਿਆਉਂਦੇ ਹਨ। ਕੁਝ ਸੁੱਖਣਾ ਲਾਹੁਣ ਲਈ, ਕੁਝ ਵੇਖੋ ਵੇਖੀ, ਕੁਝ ਮਰਯਾਦਾ ਸਮਝ ਕੇ, ਕੁਝ ਧਰਮੀ ਪੁਜਾਰੀਆਂ ਦੀ ਪ੍ਰੇਰਨਾ, ਤੇ ਸ਼ਾਇਦ ਕੁਝ ਹੋਰ ਕਾਰਨਾਂ ਕਰਕੇ, ਹਰ ਰੋਜ਼ ਦੇਸ ਤੇ ਪਰਦੇਸਾਂ ਵਿਚਲੇ ਗੁਰਦੁਆਰਿਆਂ ਵਿਚ, ਲੱਖਾਂ ਦੀ ਗਿਣਤੀ ਵਿਚ ਰੁਮਾਲੇ ਮਹਾਂਰਾਜ ਤੇ ਚੜ੍ਹਾਏ ਜਾਂਦੇ ਹਨ। ਸਿਰਫ ਇਕ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਛੁਹਾ ਕੇ ਤੇ ਫੇਰ ਲਾਹ ਕੇ ਕਿਸੇ ਕੋਠੜੀ ਅੰਦਰ ਸੁੱਟ ਦਿਤੇ ਜਾਂਦੇ ਹਨ, ਜਿਥੇ ਕੇਵਲ ਉਹ ਚੂਹਿਆਂ ਵਾਸਤੇ ‘ਮਹੱਲਾਂ’ ਦਾ ਕੰਮ ਹੀ ਦਿੰਦੇ ਹਨ ਤੇ ਪਰਦੇਸਾਂ ਵਿਚ ਅੱਗ ਦੇ ਖ਼ਤਰੇ ਦਾ ਕਾਰਨ ਵੀ ਬਣਦੇ ਹਨ। ਕੁਝ ਗ੍ਰੰਥੀ ਸਿੰਘ ਵੀ, ਕਿਸੇ ਅੰਧ ਵਿਸ਼ਵਾਸ਼ ਦੇ ਅਸਰ ਹੇਠ, ਨਾ ਤਾਂ ਸੰਗਤਾਂ ਨੂੰ ਇਸ ਬੇਲੋੜੀ ਫ਼ਜ਼ੂਲ ਖ਼ਰਚੀ ਤੋਂ ਬਚਾ ਕੇ ਇਸ ਧਨ ਨੂੰ ਸਕਾਰਥ ਕਾਰਜਾਂ ਵਿਚ ਖ਼ਰਚਣ ਲਈ ਪ੍ਰੇਰਨਾ ਕਰਦੇ ਹਨ ਤੇ ਨਾ ਫਿਰ ਇਸ ਕੀਮਤੀ ਕੱਪੜੇ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰਬੰਧਕਾਂ ਤੇ ਸੰਗਤਾਂ ਨੂੰ ਯੋਗ ਅਗਵਾਈ ਹੀ ਦਿੰਦੇ ਹਨ।

ਕੁਝ ਦਹਾਕੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਇਕ ਬਹੁਤ ਥੋਹੜੀ ਜਿਹੀ ਦਲੇਰੀ ਇਸ ਪਾਸੇ ਕੀਤੀ ਸੀ। ਸੰਗਤਾਂ ਨੂੰ ਤਸਵੀਰਾਂ ਵਾਲੇ ਰੁਮਾਲੇ ਗੁਰੂ ਗ੍ਰ੍ਰੰਥ ਸਾਹਿਬ ਜੀ ਤੇ ਚੜ੍ਹਾਉਣੋ ਰੋਕਿਆ ਸੀ। ਹੁਣ ਕੁਝ ਦਿਨ ਹੋਏ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਦਵਾਨ ਮੁਖ ਗ੍ਰੰਥੀ, ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜੀ, ਨੇ ਆਖਿਆ ਕਿ ਸੰਗਤਾਂ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਵਾਲੇ ਰੁਮਾਲੇ ਖ਼ਰੀਦ ਕੇ ਨਾ ਚੜ੍ਹਾਉਣ ਪਰ ਸਮੱਸਿਆ ਨੂੰ ਸਹੀ ਥਾਂ ਤੇ ਹੱਥ ਪਾਉਣ ਦਾ ਹੌਂਸਲਾ ਕੋਈ ਨਹੀ ਕਰਦਾ।

ਕੁਝ ਦਹਾਕੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚਲੇ ਗੁਰਦੁਆਰਾ ਸਾਹਿਬਾਨ ਵਿਖੇ ਸਟੋਰਾਂ ਵਿਚ ਰੁਲਦੇ ਰੁਮਾਲਿਆਂ ਵਿਚੋਂ, ਸਬੰਧਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੀ ਆਗਿਆ ਨਾਲ, ਨਿਹੰਗ ਸਿੰਘ, ਸੰਤ, ਮਹਾਤਮਾ ਆਦਿ ਰੁਮਾਲੇ ਲੈ ਜਾਇਆ ਕਰਦੇ ਸਨ। ਫੇਰ ਇਸ ਦਾ ਇਕ ਹੱਲ ਇਹ ਸੋਚ ਕੇ ਵਰਤੋਂ ਵਿਚ ਲਿਆਂਦਾ ਗਿਆ ਕਿ ਗੁਰਦੁਆਰਿਆਂ ਦੀਆਂ ਸਰਾਂਵਾਂ ਦੇ ਬਿਸਤਰਿਆਂ ਦੀਆਂ ਰਜਾਈਆਂ/ਤਲਾਈਆਂ ਦੇ ਗਿਲਾਫ਼ ਬਣਾ ਲਏ ਜਾਇਆ ਕਰਨ ਪਰ ਕਮੇਟੀ ਦੇ ਇਕ ਜੁੰਮੇਵਾਰ ਅਧਿਕਾਰੀ ਤੋਂ ਪਤਾ ਲੱਗਾ ਕਿ ਇਸ ਚੰਗੇ ਵਿਚਾਰ ਉਪਰ ਅਮਲ ਨਹੀਂ ਸੀ ਹੋ ਸਕਿਆ।

ਮੇਰੇ ਬਚਪਨ ਸਮੇ ਇਹਨਾਂ ਦੀ ਸੁਚੱਜੀ ਵਰਤੋਂ ਇਕ ਇਹ ਵੀ ਹੁੰਦੀ ਸੀ ਕਿ ਨਵ ਜਨਮੇ ਬੱਚੀ/ਬੱਚੀ ਨੂੰ ਜਦੋਂ ਪਰਵਾਰ ਪਹਿਲੀ ਵਾਰ ਮੱਥਾ ਟਿਕਾਉਣ ਗੁਰਦੁਆਰਾ ਸਾਹਿਬ ਵਿਚ ਲਿਜਾਇਆ ਕਰਦਾ ਸੀ ਤਾਂ ਓਦੋਂ ਗ੍ਰੰਥੀ ਸਿੰਘ, ਸਿਰੋਪੇ ਵਜੋਂ, ਉਸ ਬੱਚੇ ਨੂੰ, ਇਕ ਰੁਮਾਲੇ ਦੀ ਬਖ਼ਸ਼ਿਸ਼ ਕਰਿਆ ਕਰਦੇ ਸਨ; ਜਿਸ ਦਾ ਪਰਵਾਰ ਵਾਲੇ ਚੋਲਾ ਬਣਾ ਕੇ ਬੱਚੇ ਦੇ ਗਲ ਪਾਇਆ ਕਰਦੇ ਸਨ ਜੋ ਕਿ ਹੁਣ ਇਹ ਰਸਮ, ਨਵੀ ਵਿਦਿਆ ਦੀ ਰੋਸ਼ਨੀ ਵਿਚ, ਹੋਰ ਵੀ ਕਈ ਬਹੁਤ ਸਾਰੀਆਂ ਚੰਗੀਆਂ ਰਸਮਾਂ ਵਾਂਗ, ਅਲੋਪ ਹੋ ਚੁੱਕੀ ਹੈ।

1977 ਦੀ ਗੱਲ ਹੈ ਕਿ ਲੰਡਨ ਦੇ ਇਕ ਗੁਰਦੁਆਰਾ ਸਹਿਬ ਵਿਖੇ ਮੈੰ ਧਾਰਮਿਕ ਵਿਖਿਆਨ ਦੇਣ ਹਿਤ ਗਿਆ ਤਾਂ ਉਸ ਸਮੇ ਓਥੋਂ ਦੇ ਗ੍ਰੰਥੀ ਸਿੰਘ ਜੀ ਨੇ ਮੇਰੇ ਕੋਲੋਂ ਰੁਮਾਲਿਆਂ ਦੀ ਸਮੱਸਿਆ ਦਾ ਸਮਾਧਾਨ ਪੁਛਿਆ। ਉਸ ਨੇ ਵਿਖਾਇਆ ਕਿ ਕਿਵੇਂ ਗੁਰਦੁਆਰਾ ਸਾਹਿਬ ਦੀ ਗੈਲਰੀ ਰੁਮਾਲਿਆਂ ਦੀਆਂ ਪੰਡਾਂ ਨਾਲ ਭਰੀ ਪਈ ਹੈ ਤੇ ਇਹਨਾਂ ਵਿਚ ਚੂਹੇ ਲੁੱਡੀਆਂ ਪਾ ਰਹੇ ਹਨ। ਇਸ ਤੋਂ ਇਲਾਵਾ ਜੇਕਰ ਕਿਤੇ ਕੌਂਸਲ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ‘ਫ਼ਾਇਰ ਹੈਜ਼ਰਡ’ ਦਾ ਦੋਸ਼ ਲਾ ਕੇ ਜੁਰਮਾਨਾ ਵੀ ਕਰਨਾ ਏਂ ਤੇ ਫੌਰੀ ਤੌਰ ਤੇ ਇਹਨਾਂ ਨੂੰ ਖ਼ਤਮ ਕਰਨ ਲਈ ਹੁਕਮ ਵੀ ਦੇ ਦੇਣਾ ਹੈ। ਓਹਨੀਂ ਦਿਨੀਂ ਬੰਗਲਾ ਦੇਸ਼ ਵਿਚ ਆਏ ਤੁਫ਼ਾਨ ਤੋਂ ਪ੍ਰਭਾਵਤ ਲੋਕਾਂ ਲਈ, ਗੁਰੂ ਘਰਾਂ ਵਿਚ ਮਾਇਆ, ਕੱਪੜੇ ਆਦਿ ਦੇਣ ਦੀ ਅਪੀਲ ਕੀਤੀ ਜਾ ਰਹੀ ਸੀ। ਮੈਂ ਸਟੇਜ ਤੇ ਸੁਝਾ ਦੇ ਦਿਤਾ ਕਿ ਇਹ ਰੁਮਾਲੇ ਵੀ ਓਥੇ ਲੋੜਵੰਦਾਂ ਨੂੰ ਭੇਜ ਦੇਣੇ ਚਾਹੀਦੇ ਹਨ; ਇਹ ਭਲੇ ਦਾ ਕਾਰਜ ਹੇ। ਦੀਵਾਨ ਦੀ ਸਮਾਪਤੀ ਤੇ ਇਕ ਗੁਰਸਿੱਖ ਸੱਜਣ ਬੜੇ ਜੋਸ਼ ਵਿਚ ਮੇਰੇ ਪਾਸ ਆਏ ਤੇ ਕੁਝ ਇਸ ਤਰ੍ਹਾਂ ਬੋਲੇ, “ਕੋਈ ਸਿਆਣੀ ਗੱਲ ਵੀ ਕਰ ਲਿਆ ਕਰੋ! ਕੀ ਸ਼੍ਰੋਮਣੀ ਕਮੇਟੀ ਵਾਲੇ ਤੁਹਾਨੂੰ ਏਹੀ ਕੁਝ ਸਿਖਾਉਂਦੇ ਨੇ!” ਦੱਸੋ, ਮੈ ਕੀ ਉਤਰ ਦਿੰਦਾ? “ਇਕ ਚੁੱਪ ਤੇ ਸੌ ਸੁਖ।” ਸੋਚ ਕੇ ਚੁੱਪ ਰਿਹਾ।

ਇਸ ਗੱਲ ਦੀ ਮੈਨੂੰ ਅਜੇ ਤੱਕ ਸਮਝ ਨਹੀ ਆਈ ਕਿ ਜੇ ਅੱਜ ਗੁਰੂ ਕੇ ਸਰਧਾਲੂ ਸਿੱਖ ਸ਼ਬਦ-ਗੁਰੂ ਵਾਸਤੇ ਏਨੇ ਕੀਮਤੀ ਤੇ ਬਹੁਤਾਤ ਵਿਚ ਰੁਮਾਲੇ ਭੇਟ ਕਰਦੇ ਹਨ ਤਾਂ ਗੁਰੂ ਸਾਹਿਬ ਜੀ ਦੇ ਸਰੀਰਕ ਜਾਮੇ ਸਮੇ ਕਿੰਨੇ ਸੋਹਣੇ, ਕੀਮਤੀ ਤੇ ਬਹੁਲਤਾ ਵਿਚ ਬਸਤਰ ਭੇਟ ਕਰਦੇ ਹੋਣਗੇ! ਇਹਨਾਂ ਭੇਟ ਹੋਏ ਬਸਤਰਾਂ ਨੂੰ ਕੀ ਮਹਾਂਰਾਜ ਅੱਗ ਵਿਚ ਪਾ ਕੇ ਸਾੜਦੇ ਹੋਣਗੇ ਜਾਂ ਫਿਰ ਗੁਰਸਿੱਖਾਂ ਨੂੰ, ਉਹਨਾਂ ਦੇ ਪਹਿਨਣ ਵਾਸਤੇ ਬਖ਼ਸ਼ਦੇ ਹੋਣਗੇ! ਇਤਿਹਾਸ ਵਿਚ ਕਿਤੇ ਇਸ ਗੱਲ ਦਾ ਜ਼ਿਕਰ ਮੈ ਅਜੇ ਤੱਕ ਨਹੀ ਵੇਖਿਆ ਕਿਸੇ ਗੁਰੂ ਸਾਹਿਬ ਜੀ ਨੇ ਸੰਗਤਾਂ ਵੱਲੋਂ ਸ਼ਰਧਾ ਸਹਿਤ ਭੇਟ ਹੋਏ ਬਸਤਰ ਅੱਗ ਵਿਚ ਸਾੜੇ ਹੋਣ। ਸਗੋਂ ਇਸ ਤੋਂ ਉਲਟ, ਸ੍ਰੀ ਗੁਰੂ ਅਮਰਦਾਸ ਜੀ ਦੇ ਰੋਜ਼ਮੱਰਾ ਦੇ ਜੀਵਨ ਬਾਰੇ ਜ਼ਿਕਰ ਕਰਦੇ ਹੋਏ, ਪ੍ਰੋ. ਸਤਿਬੀਰ ਸਿੰਘ ਜੀ, ਆਪਣੀ ਪੁਸਤਕ ‘ਪਰਬਤੁ ਮੇਰਾਣੁ’ ਦੇ ਪੰਨਾ ੫੫ ਉਪਰ, ਇਸ ਤਰ੍ਹਾਂ ਲਿਖਦੇ ਹਨ:

ਇਸ਼ਨਾਨ ਕਰਨ ਉਪ੍ਰੰਤ ਬਸਤਰ ਸਫ਼ੈਦ ਪਾਉਂਦੇ। ਜੋ ਇਕ ਵਾਰੀ ਬਸਤਰ ਪਾ ਲੈਂਦੇ ਉਸ ਨੂੰ ਫਿਰ ਅੰਗੀਕਾਰ ਨਾ ਕਰਦੇ। ਪਹਿਲਾ ਬਸਤਰ ਗ਼ਰੀਬ ਲੋੜਵੰਦ ਨੂੰ ਦਿੰਦੇ। ਇਸ ਤੇ ਹੈਰਾਨੀ ਇਹ ਕਿ ਦੂਜਾ ਜੋੜਾ ਘਰ ਵਿਚ ਨਹੀ ਸੀ ਰੱਖਦੇ:

ਧਾਰੇ ਸੋ ਬਸਤਰ ਸੁਏਤ॥ ਦੂਜੇ ਨ ਰੱਖੈ ਨਕੇਤ ॥
ਪਹਰੈ ਸੋ ਫੇਰ ਨਵੀਨ॥ ਯਹ ਬਖ਼ਸ਼ ਸਿੱਖਨ ਕੀਨ ॥20॥
[ ਮਹਿਮਾ ਪ੍ਰਕਾਸ਼ ਸਾਖੀ ਦੋ, ਪਾਤਿਸ਼ਾਹੀ ਤੀਜੀ]

ਇਸ ਸਮੱਸਿਆ ਦੇ ਕੁਝ ਮੇਰੀ ਸਾਧਾਰਣ ਸਮਝ ਵਿਚ ਆਉਣ ਵਾਲੇ ਸਰਲ ਸਮਾਧਾਨ:

1. ਸੰਗਤਾਂ ਨੂੰ ਸਮੇ ਸਮੇ ਪ੍ਰਬੰਧਕਾਂ ਵੱਲੋਂ ਤੇ ਗ੍ਰੰਥੀ ਸਿੰਘਾਂ ਵੱਲੋਂ ਪ੍ਰੇਰਿਆ ਜਾਂਦਾ ਰਹੇ ਕਿ ਰੁਮਾਲੇ ਵਾਲੀ ਰਕਮ ਕਿਸੇ ਹੋਰ ਲੋੜੀਂਦੇ ਥਾਂ ਲਾਵੋ। ਭਾਵੇਂ ਇਹ ਗੱਲ ਛੇਤੀ ਕਿਸੇ ਵਿਰਲੇ ਦੀ ਹੀ ਸਮਝ ਵਿਚ ਆਵੇਗੀ ਪਰ ਅਸੀਂ, ਜਿਨ੍ਹਾਂ ਦੀ ਡਿਊਟੀ ਹੀ ਸੱਚੇ ਪ੍ਰਚਾਰ ਦੀ ਹੈ, ਇਸ ਤੋਂ ਕਿਉਂ ਮੂੰਹ ਮੋੜੀਏ!

2. ਪਹਿਲੀ ਵਾਰ ਬੱਚੇ/ਬੱਚੀ ਨੂੰ ਗੁਰੂ ਘਰ ਵਿਚ ਲਿਆਉਣ ਸਮੇ, ਗੁਰੂ ਘਰ ਤੋਂ ਗ੍ਰੰਥੀ ਸਿੰਘ ਜੀ ਵੱਲੋਂ, ਉਸ ਨੂੰ ਰੁਮਾਲੇ ਦਾ ਸਿਰੋਪਾ ਬਖ਼ਸ਼ਿਆ ਜਾਵੇ। ਉਹ ਚੋਲਾ ਬਣਾ ਕੇ ਬੱਚੇ ਦੇ ਗਲ ਵਿਚ ਪਾਉਣ ਜਾਂ ਨਾ ਪਾਉਣ।

3. ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਜਿਵੇਂ ਇਕ ਸੇਹਰਾ ਭੇਟਾ ਕਰਨ ਵਾਲੇ ਹਰੇਕ ਸ਼ਰਧਾਲੂ ਨੂੰ ਇਕ ਸੇਹਰਾ ਮਹਾਂਰਾਜ ਦੀ ਬੀੜ ਤੋਂ ਲੈ ਕੇ ਬਖ਼ਸ਼ਿਆ ਜਾਂਦਾ ਸੀ; ਏਸੇ ਹੀ ਮਰਯਾਦਾ ਅਨੁਸਾਰ ਹਰੇਕ ਨਵਾ ਰੁਮਾਲਾ ਲਿਆਉਣ ਵਾਲੇ ਨੂੰ ਵੀ, ਗੁਰੂ ਘਰ ਵੱਲੋਂ ਪੁਰਾਣੇ ਰੁਮਾਲਿਆਂ ਵਿਚੋਂ ਗ੍ਰੰਥੀ ਸਿੰਘ ਇਕ ਰੁਮਾਲੇ ਦੀ ਬਖ਼ਸ਼ਸ਼ ਕਰੇ। ਅੱਗੋਂ ਉਸ ਲਿਆਉਣ ਵਾਲੇ ਦੀ ਮਰਜੀ ਤੇ ਛੱਡ ਦਿਤਾ ਜਾਵੇ ਕਿ ਉਸ ਨੇ ਇਸ ਦੀ ਕਿਵੇਂ  ਯੋਗ ਵਰਤੋਂ ਕਰਨੀ ਹੈ।

4. ਨਵੀ ਸੋਚ ਵਾਲੇ ਵਿਦਵਾਨ ਸਿੱਖਾਂ ਵੱਲੋਂ, ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਵੀ ਇਹ ਸਮਝਾਉਣ ਦੀ ਲੋੜ ਹੈ ਕਿ ਜੇਕਰ ਗੁਰੂ ਸਾਹਿਬਾਨ ਆਪਣੇ ਪੰਜ ਭੂਤਕ ਸਰੀਰਕ ਜਾਮੇ ਸਮੇ, ਆਪਣੇ ਪੁਰਾਣੇ ਬਸਤਰ ਜਾਂ ਜੋ ਵਸਤੂਆਂ ਆਦਿ ਪ੍ਰੇਮੀ ਸਿੱਖਾਂ ਨੂੰ ਬਖ਼ਸ਼ਿਆ ਕਰਦੇ ਸਨ ਤੇ ਪ੍ਰੇਮੀ ਸਿੱਖ ਬੜੀ ਸ਼ਰਧਾ ਨਾਲ ਉਹਨਾਂ ਨੂੰ ਪਹਿਨਿਆਂ ਕਰਦੇ ਸਨ; ਤੇ ਇਹ ਕੁਝ ਕਰਦਿਆਂ ਉਹਨਾਂ ਵਸਤੂਆਂ ਦਾ ਤ੍ਰਿਸਕਾਰ ਨਹੀ ਬਲਕਿ ਸਤਿਕਾਰ ਹੋਇਆ ਸਮਝਦੇ ਸਨ। ਉਹ ਆਪ ਵੀ ਇਸ ਗੱਲ ਨੂੰ ਸਮਝਣ ਤੇ ਸੰਗਤਾਂ ਨੂੰ ਵੀ ਸਮਝਾਉਣ ਕਿ ਜੇਕਰ ਗੁਰੂ ਘਰ ਵੱਲੋਂ ਬਖ਼ਸ਼ਿਸ਼ ਰੁਮਾਲਾ ਗੁਰੂ ਕੇ ਸਿੱਖ ਵਰਤਣ ਤਾਂ ਇਹ ਇਸ ਦੇ ਸਤਿਕਾਰ ਤੋਂ ਬਿਨਾ ਹੋਰ ਕੁਝ ਨਹੀ। ਸਗੋਂ ਗੁਰੂ ਵਲੋਂ ਬਖ਼ਸ਼ੀ ਵਸਤੂ ਨੂੰ, ਉਸ ਮਕਸਦ ਲਈ ਨਾ ਵਰਤਣਾ, ਜਿਸ ਲਈ ਉਸ ਦੀ ਵਰਤੋਂ ਹੋ ਸਕਦੀ ਹੈ, ਤ੍ਰਿਸਕਾਰ ਹੈ। ਰੁਮਾਲਿਆਂ ਦਾ ਸਾੜਨਾ, ਜਿਸ ਨੂੰ ਭੁਲੇਖੇ ਵੱਸ ਸਸਕਾਰ ਕਰਨਾ ਕਿਹਾ ਜਾਂਦਾ ਹੈ, ਅਤੀ ਤ੍ਰਿਸਕਾਰ ਹੈ ਤੇ ਨਾ ਬਖ਼ਸ਼ਿਆ ਜਾਣ ਵਾਲਾ ਅਪਰਾਧ ਹੈ; ਹਰ ਪੱਖੋਂ ਹੀ। ਹਾਂ, ਇਹ ਵੱਖਰੀ ਗੱਲ ਹੈ ਕਿ ਜੇਕਰ ਇਹ ਰੁਮਾਲਾ ਕਿਸੇ ਵਿਅਕਤੀ ਦੇ ਵਰਤੇ ਜਾਣ ਤੋਂ ਬਾਅਦ ਮਹਾਂਰਾਜ ਲਈ ਵਰਤਿਆ ਜਾਵੇ ਤਾਂ ਇਹ ਸਤਿਕਾਰ ਨਹੀ; ਅਜਿਹਾ ਕਦਾਚਿਤ ਨਹੀ ਕਰਨਾ ਚਾਹੀਦਾ।

5. ਜਿਸ ਲੋੜਵੰਦ ਪਰਵਾਰ ਨੂੰ, ਗੁਰੂ ਘਰ ਦੇ ਪ੍ਰਬੰਧਕ ਅਧਿਕਾਰੀ ਸਮਝਣ, ਉਸ ਨੂੰ ਪਰਵਾਰਕ ਮੈਬਰਾਂ ਦੀ ਵਰਤੋਂ ਵਾਸਤੇ, ਲੋੜ ਅਨੁਸਾਰ ਪੁਰਾਣੇ ਰੁਮਾਲੇ ਬਖ਼ਸ਼ ਦਿਤੇ ਜਾਇਆ ਕਰਨ।

6. ਗੁਰਦੁਆਰਾ ਸਾਹਿਬਾਨ ਵਿਖੇ ਆਣ ਵਾਲ਼ੇ ਬਿਨ ਪਗੜੀਏ ਸ਼ਰਧਾਲੂਆਂ ਵਾਸਤੇ, ਇਹਨਾਂ ਦੇ ਛੋਟੇ ਛੋਟੇ ਟੋਟੇ ਕਰਕੇ ਵੀ, ਗੁਰਦੁਆਰਾ ਸਾਹਿਬਾਨ ਦੇ ਦਰਵਾਜਿਆਂ ਦੇ ਬਾਹਰ ਰੱਖੇ ਜਾ ਸਕਦੇ ਹਨ।

ਕਿਉਂ ਨਹੀ ਸ਼੍ਰੋਮਣੀ ਕਮੇਟੀ ਦੇ ਵਿਦਵਾਨ, ਸੁਚੇਤ, ਸਿਆਣੇ, ਸੁਲਝੇ ਹੋਏ ਅਧਿਕਾਰੀ, ਇਸ ਪਾਸੇ ਧਿਆਨ ਦੇ ਕੇ ਸੰਗਤਾਂ ਦੀ ਯੋਗ ਅਗਵਾਈ ਕਰਨ ਦਾ ਉਦਮ ਕਰਦੇ! ਅੱਜ ਕਲ੍ਹ ਤਾਂ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵੀ ਧਾਰਮਿਕ ਵਿਦਿਆ ਦੇ ਨਾਲ ਨਾਲ, ਦੁਨਿਆਵੀ ਵਿਦਿਆ ਪ੍ਰਾਪਤ ਡਿਗਰੀਧਾਰੀ ਵੀ ਹਨ। ਇਸ ਤੋਂ ਇਲਾਵਾ ਏਹਨੀਂ ਦਿਨੀਂ ਵੇਖਣ ਵਿਚ ਆ ਰਿਹਾ ਹੈ ਕਿ ਕਈ ‘ਫਰੀਲਾਂਸ ਕਥਾਵਾਚਕ’ ਵੀ, ਜੋ ਕਿ ਯੂਨੀਵਰਸਿਟੀਆਂ ਤੋਂ ਇਕ ਤੋਂ ਵਧ ‘ਮਾਸਟਰ ਡਿਗਰੀਆਂ’ ਪ੍ਰਾਪਤ ਕਰਤਾ ਹਨ, ਅਤੇ ਸਾਰੀ ਦੁਨੀਆਂ ਤੇ ਸਥਾਪਤ ਸਿੱਖ ਸੰਗਤਾਂ ਵਿਚ ਧਰਮ ਪ੍ਰਚਾਰ ਲਈ ਵਿਚਰ ਰਹੇ ਹਨ; ਸੰਗਤਾਂ ਤੇ ਪ੍ਰਬੰਧਕਾਂ ਨੂੰ ਇਸ ਅਤਿ ਜ਼ਰੂਰੀ ਸਮੱਸਿਆ ਬਾਰੇ ਸਹੀ ਅਗਵਾਈ ਨਹੀ ਬਖ਼ਸ਼ ਰਹੇ। ਇਸ ਪਾਸੇ ਸੰਗਤਾਂ ਨੂੰ ਸੁਚੇਤ ਕਰਨ ਦੀ, ਮੇਰੇ ਖਿਆਲ ਵਿਚ, ਉਪ੍ਰੋਕਤ ਸਾਰੇ ਧਾਰਮਿਕ ਪੁਰਸ਼ਾਂ ਦੀ ਜੁੰਮੇਵਾਰੀ ਹੈ।

ਨਵੰਬਰ 2006 ਵਿਚ, ਇਸ ਕਿਤਾਬ ਦੀ ਛਪਾਈ ਦੌਰਾਨ, ਜਦੋਂ ਮੈ ਆਪਣੇ ਚਿਰਾਂ ਦੇ ਮਿੱਤਰ, ਗੰਭੀਰ ਵਿਦਵਾਨ, ਨਿਰਮਾਣ ਗੁਰਸਿੱਖ, ਸਤਿਕਾਰਯੋਗ ਗਿ. ਜੋਗਿੰਦਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨਾਂ ਦੌਰਾਨ, ਉਹਨਾਂ ਨਾਲ਼ ਇਸ ਸਮੱਸਿਆ ਬਾਰੇ ਵਿਚਾਰ ਵਟਾਂਦਰੇ ਦੌਰਾਨ, ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਦੇ ਨਾਮ ਇਕ ਸੰਦੇਸ਼ ਜਾਰੀ ਕਰਨ ਕਿ ਰੁਮਾਲਿਆਂ ਨੂੰ ਸਾੜਨ ਦੀ ਬਜਾਇ ਇਹਨਾਂ ਦਾ ਸੁੱਚਜਾ ਉਪਯੋਗ ਕਰ/ਕਰਾ ਲਿਆ ਕਰਨ। ਕਿਸੇ ਵਹਿਮ ਅਧੀਨ ਇਹਨਾਂ ਨੂੰ ਸਾੜਨਾ ਯੋਗ ਨਹੀ ਹੈ। ਮੇਰੇ ਵਿਚਾਰਾਂ ਨਾਲ਼ ਸਹਿਮਤੀ ਪਰਗਟ ਕਰਦਿਆਂ ਹੋਇਆਂ ਉਹਨਾਂ ਨੇ ਇਕ ਫੌਰੀ ਸੁਝਾ ਇਹ ਵੀ ਦਿਤਾ ਕਿ ਸਾਰੇ ਫਾਲਤੂ ਰੁਮਾਲਿਆਂ ਨੂੰ, ਡਾਕ ਰਾਹੀ ਪਾਰਸਲ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜ ਦਿਤੇ ਜਾਇਆ ਕਰਨ। ਏਥੇ ਉਹਨਾਂ ਦੀ ਯੋਗ ਵਰਤੋਂ ਕਰ ਲਈ ਜਾਇਆ ਕਰੇਗੀ।
ਉਹਨਾਂ ਵੱਲੋਂ ਕੋਈ ਅਜਿਹਾ ਗੁਰਦੁਆਰਾ ਪ੍ਰਬੰਧਕਾਂ ਦੇ ਨਾਮ ਕੋਈ ਸੰਦੇਸ਼ ਦਿਤਾ ਗਿਆ ਹੋਵੇ, ਇਸ ਦੀ ਅਜੇ ਤੱਕ ਮੇਰੇ ਕੋਲ਼ ਕੋਈ ਸੂਚਨਾ ਨਹੀ ਹੈ।
ਸੰਤੋਖ ਸਿੰਘ

0 Comments

Add a Comment

Your email address will not be published. Required fields are marked *