ਜਦੋਂ ਵੀ ਸਾਡੀ ਬੋਲੀ ਜਾਂ ਧਰਤੀ ਪੁਆਧ ਦੀ ਗੱਲ ਚਲਦੀ ਹੈ ਤਾਂ ਲੋਕਾਂ ਕੋਲ ਬੱਸ ਇੱਕੋ ਗੱਲ ਹੁੰਦੀ ਐ ਕਿ ਉਹੀ ਲਾਕਾ ਬਈ ਜਿੱਥੇ ਮ੍ਹਾਰਾ,ਥਾਰਾ ਬੋਲਦੇ ਹਨ ਤੇ ਲੋਕ ਇਹ ਕਹਿ ਕੇ ਹੱਸਦੇ ਹਨ। ਕਾਰਪੋਰੇਟਾਂ ਦੇ ਵਿਕਾਊ ਮੀਡੀਆ ਤਾਂ ਸਾਡੀ ਹਸਤੀ ਨੂੰ ਹੀ ਰੱਦ ਕਰ ਦਿੰਦਾ ਜਦੋਂ ਟੀ ਵੀ ਤੇ ਖਬਰਾਂ ਪੜ੍ਹੀਆਂ ਜਾਂਦੀਆਂ,,,,,,,,,,,,,,ਹੁਣ ਸੁਣੋ ਮਾਝੇ, ਮਾਲਵੇ, ਦੁਆਬੇ ਦੀਆਂ ਖਬਰਾਂ।
ਮੈਂ ਬਹੁਤ ਵਾਰ ਸੋਚਦਾ ਸੀ ਕਿ ਸਾਡਾ ਡਿੱਗਿਆ ਹੋਇਆ ਝੰਡਾ ਵੀ ਕਦੇ ਖੜਾ ਹੋ ਸਕੇਗਾ। ਸਾਨੂੰ ਆਪਣੀ ਪਛਾਣ ਤੇ ਮਾਣ ਕਰਨ ਦਾ ਦਿਨ ਵੀ ਕਦੇ ਆਵੇਗਾ। ਹੋਰਾਂ ਦੀ ਤਾਂ ਗੱਲ ਹੀ ਛੱਡ ਦਿਉ ਸਾਡੇ ਲੋਕ ਇੰਨੇ ਘਟੀਆਪਣ ਦਾ ਸਿਕਾਰ ਹਨ ਕਿ ਉਹ ਆਪ ਹੀ ਆਪਣੀ ਬੋਲੀ ਨੂੰ ਰੱਦ ਕਰ ਦਿੰਦੇ ਹਨ। ਆਖਰ ਸਾਡੀ ਵੀ ਸੁਣੀ ਗਈ ਤੇ ਆਪਣੀ ਪਛਾਣ ਦੇ ਮਸਲੇ ਤੇ ਇਕ ਤਰ੍ਹਾਂ ਨਾਲ ਦਲਿਤਾਂ ਤੋਂ ਵੀ ਮਾੜੀ ਹਾਲਤ ਚੋਂ ਲੰਘ ਰਹੇ ਪੁਆਧੀਏ ਉਦੋਂ ਜਿਊਂਦਿਆਂ ਚ ਹੋ ਗਏ ਜਦੋਂ ਹਰਮਨ ਰੇਡੀਉ ਤੇ ਮ੍ਹਾਰਾ ਥਾਰਾ ਗੂੰਜਣ ਲੱਗ ਪਿਆ। ਸਚਮੁੱਚ ਇਹ ਕਿਸੇ ਕਰਾਮਾਤ ਦੇ ਵਾਪਰਨ ਵਰਗਾ ਸੀ ਕਿ ਜਿਹੜੀ ਬੋਲੀ ਨੂੰ ਕੋਈ ਗਲੀ ਚ ਖੜ ਕੇ ਵੀ ਬੋਲਣ ਤੋਂ ਡਰਦਾ ਸੀ ਉਹ ਸਮੁੰਦਰਾਂ ਪਾਰ ਚਲੀ ਗਈ।
ਸਭ ਤੋਂ ਵੱਡਾ ਕਮਾਲ ਇਹ ਹੈ ਕਿ ਸਾਡੀ ਬੋਲੀ ਦਾ ਝੰਡਾ ਚੁੱਕਣ ਦਾ ਮਾਣ ਵੀ ਮਝੈਲ ਬਾਈ ਹਰਪ੍ਰੀਤ ਸਿੰਘ ਕਾਹਲੋਂ ਨੂੰ ਹਾਸਲ ਹੋਇਆ। ਬਾਈ ਨਾਲ ਮੁਲਾਕਾਤ ਤਾਂ ਕਿਸੇ ਹੋਰ ਸਬੱਬ ਕਰਕੇ ਹੋਈ ਸੀ ਪਰ ਕੀ ਪਤਾ ਸੀ ਕਿ ਇਹ ਮੁਲਾਕਾਤ ਸੁਪਨਿਆਂ ਦੀ ਧਰਤੀ ਤੱਕ ਪੁੱਜਣ ਦਾ ਸਬੱਬ ਬਣੇਗੀ। ਬਾਈ ਨੇ ਫਿਰ ਹਰਮਨ ਰੇਡੀਓ ਤੇ ਬਾਤਾਂ ਪੁਆਧ ਕੀਆਂ ਪ੍ਰੋਗਰਾਮ ਸ਼ੁਰੂ ਕਰਵਾਇਆ ਤੇ ਲਗਭਗ ਪੌਣਾ ਸਾਲ ਹਰਮਨ ਰੇਡੀਓ ਤੇ ਹਰ ਐਤਵਾਰ ਦੋ ਘੰਟੇ ਪੁਆਧ ਕੀ ਧਰਤੀ ਦੇ ਲੇਖੇ ਲਗਦੇ ਰਹੇ।
ਹੁਣ ਬਾਤਾਂ ਪੁਆਧ ਕੀਆਂ ਤੋਂ ਬਾਅਦ ਗੱਲਾਂ ਦੇਸ਼ ਪੰਜਾਬ ਦੀਆਂ ਫਿਰ ਲੈ ਕੇ ਤੁਹਾਡੀ ਕਚੈਹਰੀ ਵਿਚ ਹਾਜ਼ਰ ਹਾਂ। ਇਸ ਵਿਚ ਉਸ ਪੰਜਾਬ ਦੀਆਂ ਗੱਲਾਂ ਹੋਣਗੀਆਂ ਜਿਸ ਨੂੰ ਕੋਈ ਵੀ ਬਾਰਡਰ ਵੱਖਰਾ ਨੀ ਕਰ ਸਕਿਆ।
ਹਰਮਨ ਰੇਡੀਓ ਦੇ ਡਾਇਰੈਕਟਰ ਅਮਨਦੀਪ ਸਿੱਧੂ ਤੇ ਹੋਰ ਸਾਰੇ ਸੱਜਣਾਂ ਲਈ, ਇਸ ਸਭ ਕਾਸੇ ਦੇ ਸਬੰਧ ਵਿਚ ਧਨਵਾਦ ਲਫਜ਼ ਬਹੁਤ ਛੋਟਾ ਲਗਦਾ। ਦੋਸਤੀਆਂ ਇਸ ਤਰ੍ਹਾਂ ਹੀ ਸਦਾ ਮਾਣ ਦਾ ਸਬੱਬ ਬਣਦੀਆਂ ਰਹਿਣ।
Manjit Singh Rajpura
0 Comments