“ ਜਦੋਂ ਤੈਨੂੰ ਖੁਦ ‘ਤੇ ਵਿਸ਼ਵਾਸ਼ ਨਹੀਂ ਰਹਿੰਦਾ ਤਾਂ ਯਾਦ ਕਰੀ ਮੈਂ ਹਾਂ ਜੋ ਤੇਰੇ ‘ਤੇ ਭਰੌਸਾ ਕਰਦਾ ਹਾਂ….ਆਪਣੇ ਵਿਸ਼ਾਵਾਸ਼ ਲਈ ਨਾ ਸਹੀ ਮੇਰੇ ਵਿਸ਼ਵਾਸ਼ ਲਈ ਤੂੰ ਕਰ ਸਕਦੀ ਏਂ….ਤੇਰੇ ‘ਤੇ ਮੇਰੇ ਵਿਚਲਾ ਰਿਸ਼ਤਾ ਏਸੇ ਗੱਲ ਦਾ ਗਵਾਹ ਏ…ਸਿਰਫ ਮੇਰਾ ਹੀ ਨਹੀਂ ਸੰਸਾਰ ਦਾ ਹਰ ਉਹ ਰਿਸ਼ਤਾ ਜੋ ਲਿੰਗ ਸਮਾਨਤਾ ਦੀ ਭਾਵਨਾ ਚੋਂ ਇੱਕ ਦੂਜੇ ਦੀ ਪ੍ਰੇਰਣਾ ਬਣਦਾ ਏ…ਉਸ ਜ਼ਿੰਦਗੀ ਦੀ ਬੁਣਕਾਰੀ ਦਾ ਰਿਸ਼ਤਾ ਏ ਜਿਹਨੂੰ ਕਿਸੇ ਸਮਾਜਵਾਦ ਜਾਂ ਕਿਸੇ ਨਾਰੀਵਾਦ ਦੀ ਮੌਹਰ ਦੀ ਲੋੜ ਨਹੀਂ….ਆਦਮ ਤੇ ਹਵਾ ਦਾ ਰਿਸ਼ਤਾ ਸ਼ੁਰੂ ਤੋਂ ਬਰਾਬਰ ਗੁਨਾਹਾਂ ਦੀ ਸਜ਼ਾ ਭੁਗਤਨ ਲਈ ਇੱਕਠੇ ਰੂਪ ‘ਚ ਆਇਆ ਸੀ ਅਤੇ ਆਪਣੇ ਸਾਹਵਾਂ ਦੀ ਬਰਕਤ ਨੂੰ ਇੱਕਠੇ ਮਾਨਣ ਲਈ ਬਣਿਆ ਸੀ…ਪਤਾ ਨਹੀਂ ਕਦੋਂ ਤੋਂ ਮਰਦ ਮਾਲਕ ਬਣ ਗਿਆ ਅਤੇ ਜਨਾਨੀ ਦਾਸੀ ਬਣ ਗਈ….ਮੈਂ ਆਪਣੇ ਉਸ ਮਰਦਾਵੇਂਪਣ ਨੂੰ ਜਲਾਕੇ ਫ਼ਿਰ ਮਨੁੱਖ ਦੇ ਰੂਪ ‘ਚ ਆਇਆ ਹਾਂ ਅਤੇ ਤੈਨੂੰ ਆਪਣੇ ਜ਼ਿੰਦਗੀ ਦੇ ਸਾਂਝੇ ਅਕਾਉਂਟ ‘ਚ ਮਨੁੱਖ ਦੇ ਰੂਪ ‘ਚ ਆਪਣਾ ਸਾਥੀ ਮੰਨਦਾ ਹਾਂ….ਮੈਂ ਇੱਕ ‘ਤੇ ਤੂੰ ਦੋ ਨਹੀਂ….ਤੂੰ ਵੀ ਦੋ ਤੇ ਮੈਂ ਵੀ ਦੋ ਹੀ ਹਾਂ….ਇਹ ਇੱਕ ਹੋਣਾ ਬੜੀ ਪੁਆੜੇ ਦੀ ਜੱੜ੍ਹ ਏ ਸੱਜਣਾ.. “
ਬਹੁਤ ਪਹਿਲਾਂ ਮੈਂ ਇਹ ਜਜ਼ਬਾ ਸਾਂਝਾ ਕੀਤਾ ਸੀ। ਮੌਜੂਦਾ ਦੌਰ ਅੰਦਰ ਆਪਾਂ ਬਹੁਤ ਸਾਰੀਆਂ ਖ਼ਬਰਾਂ ਪੜ੍ਹਦੇ ਹਾਂ-ਲਗਾਤਾਰ ਹੁੰਦੇ ਤਲਾਕ ਦੀਆਂ, ਜੇ ਕੋਈ ਰਿਸ਼ਤੇ ‘ਚ ਹੈ ਵੀ ਤਾਂ ਘਰੇਲੂ ਹਿੰਸਾ, ਪਾਵਰ, ਮਰਦ ਪ੍ਰਧਾਨੀ ਵਰਤਾਰਾ, ਜਾਂ ਜਨਾਨੀ ਦੀ ਚੌਧਰ, ਬੇ ਵਿਸ਼ਵਾਸੀ, ਹਰ ਕੋਈ ਕਹਿ ਰਿਹਾ ਹੈ ਕਿ ਇਮਾਨਦਾਰੀ, ਵਿਸ਼ਵਾਸ, ਸਮਰਪਣ, ਪਿਆਰ, ਭਰੌਸਾ ਕਿਤੇ ਗਵਾਚਦਾ ਜਾ ਰਿਹਾ ਹੈ…ਇੱਕ ਦੂਜੇ ਤੋਂ ਪਦਾਰਥਵਾਦੀ ਜ਼ਰੂਰਤਾਂ ਜ਼ਿਆਦਾ ਵੱਧ ਗਈਆਂ ਹਨ…ਅਜਿਹੇ ‘ਚ ਕਿਉਂ ਨਾ ਉਹਨਾਂ ਦੀ ਕਹਾਣੀ ਸੁਣੀਏ ਜਿਹਨਾਂ ਨੇ ਇੱਕ ਦੂਜੇ ਲਈ ਆਪਣੇ ਆਪ ਨੂੰ ਮਿਟਾਕੇ ਜਜ਼ਬ ਕਰ ਲਿਆ ਅਤੇ ਪਾਵਰ, ਸੱਤਾ, ਮਨਮੁਟਾਵ ਨੂੰ ਤਿਲਾਂਜਲੀ ਦੇ ਦਿੱਤੀ…ਉਹਨਾਂ ਦੀ ਕਹਾਣੀ ਆਖਰ ਲੁਕੀ ਕਿਉਂ ਰਹੇ ?
0 Comments