ਸੰਤਾਲੀ ਦੇ ਸੰਤਾਪ ‘ਤੇ ਲਿਖਿਆ ਸੋਹਣ ਸਿੰਘ ਸੀਤਲ ਦਾ ਨਾਵਲ ‘ ਤੂਤਾਂ ਵਾਲਾ ਖੂਹ’ ਜਿਨਾਂ ਨੇ ਪੜਿਆ ਉਨਾਂ ਨੂੰ ਗਹਿਣੇ ਲੁਹਾਰ (ਉਹ ਪਿੰਡ ਪੀਰੂਵਾਲੇ ਦਾ ਸਾਂਝਾ ਬੰਦਾ ਸੀ ਜਿਸ ਨੇ ਦੋਵੇਂ ਧਿਰਾਂ ਨੂੰ ਹਥਿਆਰ ਬਣਾ ਕੇ ਦੇਣ ਤੋਂ ਮਨਾਂ ਕਰ ਦਿੱਤਾ ਸੀ) ਦੇ ਉਹ ਬੋਲ ਜ਼ਰੂਰ ਯਾਦ ਹੋਣਗੇ ਜਦੋਂ ਉਹ ਇਕ ਤਰਾਂ ਨਾਲ ਰੱਬ ਨੂੰ ਉਲਾਂਭਾ ਦੇਣ ਵਾਂਗ ਨਾਵਲ ਦੇ ਹੀਰੋ ਬਾਬਾ ਅਕਾਲੀ ਨੂੰ ਕਹਿੰਦੈ , ”ਹਿੰਦੂਆਂ, ਸਿੱਖਾਂ ਲਈ ਹਿੰਦੋਸਤਨ ਬਣ ਗਿਆ ਤੇ ਮੁਸਲਮਾਨਾਂ ਲਈ ਪਾਕਿਸਤਾਨ, ਮੈਨੂੰ ਕਾਫਰ ਨੂੰ ਵੀ ਦੱਸ ਜਾ ਕਿ ਮੈਂ ਕਿੱਥੇ ਜਾਵਾਂ। ਸਮੇਂ ਦੀ ਉਹ ਕਿਹੋ ਜਿਹੀ ਕਾਲੀ ਹਨੇਰੀ ਸੀ ਜਦੋਂ ਇਨਸਾਨੀਅਤ ਦੇ ਫਰਿਸ਼ਤਿਆਂ ਨੂੰ ‘ਕਾਫ਼ਰਾਂ’ ਦੀ ਕਤਾਰ ਵਿਚ ਖੜਾ ਕੀਤਾ ਗਿਆ ਤੇ ਮੱਸੇ ਰੰਗੜਾਂ ਨੂੰ ਧਰਮ ਦੇ ਰਾਖੇ ਕਹਿ ਕੇ ਵਡਿਆਇਆ ਗਿਆ।
ਅਫ਼ਜ਼ਲ ਸਾਹਿਰ ਦੀ ਵੰਡ ‘ਤੇ ਲਿਖੀ ਪਾਕਿਸਤਾਨ ਦੀ ਵਾਰ ਨਜ਼ਮ ‘ਚ ਲਿਖੇ ਇਹ ਬੋਲ ਸਾਡੇ ‘ਤੇ ਕਿੰਨੇ ਢੁਕਦੇ ਹਨ
ਸੱਜਾ ਹੱਥ ਵਿਖਾ ਕੇ ਸਾਨੂੰ ਮਾਰੀ ਸੂ ਖੱਬੀ
ਅਸੀਂ ਜੰਨਤ ਵਲ ਨੂੰ ਨੱਠ ਪਏ ਤੇ ਦੋਜ਼ਕ ਲੱਭੀ
ਅਸੀ ਖੜੇ ਖਲੋਤੇ ਕੰਬ ਗਏ ਪ੍ਰਛਾਵੇਂ ਬਦਲੇ
ਸਾਡੇ ਅਪਣਿਆਂ ਪਟਵਾਰੀਆਂ ਸਾਡੇ ਨਾਵੇਂ ਬਦਲੇ
ਜਦੋਂ ਅਪਣਿਆਂ ਨੇ ਹੀ ਅਪਣਿਆਂ ਦੇ ਆਹੂ ਲਾਹ ਕੇ ਭੰਗੜੇ ਪਾਏ। ਉਨਾਂ ਕਾਲੇ ਦਿਨਾਂ ਦੀਆਂ ਯਾਦਾਂ ਨੂੰ ਕਾਗਜ਼ ‘ਤੇ ਉਕਰਨ ਵਾਲੀਆਂ ਕਲਮਾਂ ਨੂੰ ਬਾਈ ਹਰਪ੍ਰੀਤ ਕਾਹਲੋਂ ਨੇ ਅਪਣੀ ਅਵਾਜ਼ ਦਿੱਤੀ ਹੈ ਇਸ ਪ੍ਰੋਗਰਾਮ ਵਿਚ। ਜ਼ਰੂਰ ਸੁਣਿਓ ਤਾਂ ਜੋ ਗਹਿਣੇ ਲੁਹਾਰ ਵਰਗਿਆਂ ਨੂੰ ‘ਕਾਫ਼ਰ’ ਕਹਿਣ ਵਾਲੇ ‘ਧਰਮੀ ਬੰਦਿਆਂ’ ਤੋਂ ਅਸੀ ਆਉਣ ਵਾਲੇ ਸਮੇਂ ‘ਚ ਖਬਰਦਾਰ ਰਹੀਏ।
0 Comments