ਲਿਪੀ ਅਤੇ ਭਾਸ਼ਾ ਤੇ ਬਣਾਏ ਹੋਏ ਆਪਣੇ ਪੁਰਾਣੇ ਨੋਟ ਦੇਖ ਰਿਹਾ ਸੀ ਤਾਂ ਮੈਨੂੰ ਤਕਰੀਬਨ 1986-87 ਦੀ ਗੱਲ ਚੇਤੇ ਆ ਗਈ। ਸਾਨੂੰ ਅੰਗਰੇਜ਼ੀ ਸਕੂਲ ਵਿੱਚ ਪੰਜਾਬੀ ਛੇਵੀਂ ਜਾਮਤ ਵਿੱਚ ਪੜਾਉਣੀ ਸ਼ੁਰੂ ਕੀਤੀ ਜਾਂਦੀ ਸੀ ਅਤੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਛੇਵੀਂ ਵਿੱਚ। ਉਦੋਂ ਸਕੂਲੋਂ ਭੱਜਕੇ ਫਿਲਮ ਦੇਖਣ ਦਾ ਵੀ ਬਹੁਤ ਰੁਝਾਨ ਹੋਣ ਲੱਗ ਪਿਆ ਸੀ ਅਤੇ ਪਿੰਡ ਵਿੱਚ ਵਿਰਲਾ-ਵਿਰਲਾ ਟੀਵੀ ਵੀ ਲੱਗ ਗਿਆ ਸੀ। ਬੁੱਧਵਾਰ ਨੂੰ ਫਿਲਮ ਆਉਦੀਂ ਸੀ ਅਤੇ ਸਾਰਿਆਂ ਨੂੰ ਬੜਾ ਚਾਅ ਰਹਿੰਦਾ ਸੀ। ਇੱਕ ਦਿਨ ਗਰਮੀਆਂ ਦੀਆਂ ਛੁੱਟੀਆਂ ਵਿੱਚ ਦੁਪਿਹਰ ਨੂੰ ਤੂਤਾਂ ਹੇਠਾਂ ਖੇਡਦੇ ਪਿਛਲੀ ਰਾਤ ਆਈ ਫਿਲਮ ਦੀ ਗੱਲ ਚੱਲ ਰਹੀ ਸੀ। ਸਾਰੇ ਆਪਣੇ ਆਪਣੇ ਪਸੰਦੀਦਾ ਸੀਨ ਸੁਣਾ ਰਹੇ ਸੀ। ਇੱਕ ਨੇ ਦੂਸਰੇ ਮਾੜਕੂ ਜਿਹੇ ਨੂੰ ਕਿਹਾ “ਉਏ ਤੈਨੂੰ ਸਮਝ ਆਉਦੀਂ ਫਿਲਮਾ ਦੀ?”। ਉਸਨੇ ਭੋਲ਼ਾ ਜਿਹਾ ਬਣਕੇ ਕਿਹਾ “ਯਾਰ ਮੈਨੂੰ ਕੁਟਾਪਾ ਹੁੰਦਾ ਬਹੁਤ ਚੰਗਾ ਲਗਦਾ ਪਰ ਇਕ ਗਲ ਨੀ ਸਮਝ ਆਈ ਜਦੋਂ ਹਰ ਫਿਲਮ ਵਿੱਚ ਧਰਮਿੰਦਰ ਡਾਕੂ ਨੂੰ ਕੁੱਟ ਕੇ ਮਾਰ ਦਿੰਦਾ ਹੈ ਤੇ ਫਿਰ ਉਹਦਾ ਹੇਮਾ ਮਾਲਿਨੀ ਨਾਲ ਵਿਆਹ ਹੋ ਜਾਦਾਂ ਤੇ ਅਖੀਰ ਵਿੱਚ ਧੀਂਡ ਕਿਉਂ ਲਿੱਖਦੇ ਆ..” ਹੱਸਦੇ ਹੱਸਦੇ ਸਾਡੀਆਂ ਬੱਖੀਆਂ ਚੜ੍ਹ ਗਈਆਂ ਅਤੇ ਅੱਜ ਵੀ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ।
ਧੀਂਡ (Theend)
0 Comments