Email: [email protected]
Telegram: @harmanradio
Phone: +61285992811

ਅੰਗਰੇਜ਼ੀ ਆਲਾ ਭੂਤ ਇਵੇਂ ਆਊ ਸੂਤ

ਪੰਜਾਬ ਇਸ ਸਮੇਂ ਇਸ ਤਰਾਂ ਲਗਦਾ ਜਿਵੇਂ ਗੁਲਾਮਾਂ ਦੀ ਸਭ ਤੋਂ ਵੱਡੀ ਬਸਤੀ ਬਣ ਗਿਆ ਹੋਵੇ। ਵਿਆਹ ਦੇ ਸੱਦੇ ਅੰਗਰੇਜ਼ੀ ‘ਚ, ਦਸਤਖ਼ਤ ਅੰਗਰੇਜ਼ੀ ‘ਚ, ਘਰ ਜਾਂ ਦੁਕਾਨ ਦੇ ਬਾਹਰ ਨਾਂ ਅੰਗਰੇਜ਼ੀ ਵਿਚ। ਇਹ ਸਾਰੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਹਨ। ਜਦੋਂ ਕੋਈ ਕੌਮ ਆਪ ਹੀ ਅਪਣੇ ਖਿਲਾਫ ਖੜੀ ਹੋ ਜਾਵੇ ਤਾਂ ਉਸ ਨੂੰ ਕੋਈ ਨੀ ਬਚਾ ਸਕਦਾ।

ਕਿਸੇ ਬੋਲੀ ਨੂੰ ਸਿੱਖਣਾ ਹੋਰ ਗੱਲ ਹੈ ਤੇ ਉਸ ਦੀ ਗੁਲਾਮੀ ਕਰਨਾ ਮਰੀ ਹੋਈ ਅਣਖ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ। ਇਸ ਸਮੇਂ ਪੰਜਾਬ ਮੁਰਦਾ ਅਣਖ ਵਾਲੇ ਲੋਕਾਂ ਦਾ ਸਭ ਤੋਂ ਵੱਡਾ ਗੜ ਬਣ ਗਿਆ ਹੈ।

ਬੜੀ ਚੰਗੀ ਗੱਲ ਹੈ ਜੇ ਕੋਈ ਅੰਗਰੇਜ਼ੀ ਸਿੱਖਣਾ ਚਾਹੁੰਦਾ। ਬੋਲੀ ਕੋਈ ਵੀ ਹੋਵੇ ਇਕ ਜ਼ੁਬਾਨ ਦੇ ਤੌਰ ਤੇ ਸਿੱਖਣੀ ਬਹੁਤ ਵਧੀਆ ਹੁੰਦੀ। ਲਉ ਜੀ ਮੈਂ ਤੁਹਾਨੂੰ ਅਪਣਾ ਤਜਰਬਾ ਦੱਸਦਾਂ। ਮੈਨੂੰ ਇਕ ਵਾਰ ਅੰਗਰੇਜ਼ੀ ਸਿੱਖਣ ਦਾ ਬਹੁਤ ਬੁਖਾਰ ਚੜ ਗਿਆ। ਮੇਰਾ ਇਕ ਦੋਸਤ ਬਹੁਤ ਵਧੀਆ ਅੰਗਰੇਜ਼ੀ ਬੋਲਦਾ ਹੁੰਦਾ ਸੀ। ਮੈਂ ਜਦੋਂ ਉਸ ਨੂੰ ਕਹਿਣਾ ਕਿ ਤੂੰ ਯਾਰ ਬਹੁਤ ਵਧੀਆ ਅੰਗਰੇਜ਼ੀ ਕਿਵੇਂ ਬੋਲ ਲੈਂਦਾਂ ਤਾਂ ਉਸ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨੀ। ਇਹ ਤਾਂ ਸਾਈਕਲ ਸਿੱਖਣ ਵਾਂਗ ਹੈ। ਜਿਹਨਾਂ ਨੂੰ ਸਾਈਕਲ ਚਲਾਉਣਾ ਨੀ ਆਂਦਾ ਉਹਨਾਂ ਨੂੰ ਲਗਦਾ ਕਿ ਜਿਹੜੇ ਸਾਈਕਲ ਚਲਾਉਂਦੇ ਨੇ, ਉਹ ਕਿੰਨੇ ਕਮਾਲ ਦੇ ਬੰਦੇ ਨੇ।

ਲਉ ਜੀ ਫੇਰ ਮੈਂ ਅਪਣੇ ਆਪ ਨੂੰ ਅੰਗਰੇਜ਼ੀ ਦਾ ਬੁਖਾਰ ਬਹੁਤ ਬੁਰੀ ਤਰਾਂ ਚੜਾ ਲਿਆ। ਅੰਗਰੇਜ਼ੀ ਸਿੱਖਣ ਵਿਚ ਸਭ ਤੋਂ ਵੱਡਾ ਮਸਲਾ ਕਿ ਹੋਰ ਕੋਈ ਅੰਗਰੇਜ਼ੀ ਬੋਲਣ ਵਾਲਾ ਨੀ ਟੱਕਰਦਾ ਜਿਸ ਨਾਲ ਪ੍ਰੈਕਟਿਸ ਕੀਤੀ ਜਾ ਸਕੇ। ਪਰ ਆਪਾਂ ਨੇ ਉਠਦਿਆਂ ਬੈਠਦਿਆਂ ਅੰਗਰੇਜ਼ੀ ਦਾ ਸਿਮਰਨ ਕਰਨਾ ਸ਼ੁਰੂ ਕਰਰ ਦਿੱਤਾ। ਮੈਂ ਕੱਲੇ ਨੇ ਬੈਠੇ ਨੇ ਹੀ ਅੰਗਰੇਜ਼ੀ ਬੋਲੀ ਜਾਣੀ। ਮੈਂ ਘੁੰਮਦਾ ਫਿਰਦਾ ਬਹੁਤ ਹਾਂ ਜਦੋਂ ਵੀ ਪੰਜਾਬ ਤੋਂ ਬਾਹਰ ਜਾਣਾ ਤਾਂ ਜਿੱਥੇ ਵੀ ਅੰਗਰੇਜ਼ ਵੇਖਣਾ ਉਥੇ ਹੀ ਸਿੰਗ ਫਸਾ ਕੇ ਬੈਠ ਜਾਣਾ। ਅੰਗਰੇਜ਼ਾਂ ਨਾਲ ਬੋਲ ਬੋਲ ਕੇ ਮੈਨੂੰ ਅੰਗਰੇਜ਼ੀ ਵਿਚ ਬਹੁਤ ਮੁਹਾਰਤ ਹੋਈ।

ਬੋਲਣ ਵਾਲੀ ਅੰਗਰੇਜ਼ੀ ਵਿਚ ਇਕ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਵਿਚ ਕੋਈ ਟੈਨਸ ਨੀ ਹੁੰਦਾ ਨਾ ਹੀ ਕੋਈ ਗਰਾਮਰ ਹੁੰਦੀ ਆ। ਪਰ ਅੰਗਰੇਜ਼ੀ ਸਿੱਖਣ ਵਾਲੇ ਕੀ ਕਰਦੇ ਨੇ ਉਹ ਗਰਾਮਰ ਤੇ ਟੈਨਸਾਂ ਦੇ ਗਧੀਗੇੜ ਵਿਚ ਅਜਿਹੇ ਫਸਦੇ ਨੇ ਕਿ ਅੰਗਰੇਜ਼ੀ ਤੋਂ ਹੀ ਤੌਬਾ ਕਰ ਜਾਂਦੇ ਨੇ। ਬੋਲਣ ਵਾਲੀ ਕਿਸੇ ਵੀ ਜ਼ੁਬਾਨ ਵਿਚ ਕੋਈ ਗਰਾਮਰ ਨੀ ਵਰਤੀ ਜਾਂਦੀ। ਲਉ ਜੀ ਫੇਰ ਮੈਂ ਛੇਤੀ ਹੀ ਅੰਗਰੇਜ਼ੀ ਵਾਲੇ ਘੋੜੇ ਤੇ ਕਾਠੀ ਪਾਉਣ ਵਿਚ ਕਾਮਯਾਬ ਹੋ ਗਿਆ।

ਹੁਣ ਮੈਂ ਚਰੀ ਵੱਢ ਅੰਗਰੇਜ਼ੀ ਬੋਲਦਾ ਹਾਂ ਤੇ ਬੋਲਣ ਵਾਲੀ ਅੰਗਰੇਜ਼ੀ ਵਿਚ ਕਿਸੇ ਕਾਨਵੈਂਟ ਦੇ ਪੜੇ ਕਾਲੇ ਅੰਗਰੇਜ਼ ਦੀ ਤਾਂ ਗੱਲ ਹੀ ਛੱਡ ਦਿਉ, ਮੈਂ ਚਿੱਟੀ ਚਮੜੀ ਵਾਲੇ ਅੰਗਰੇਜ਼ਾਂ ਦੀਆਂ ਵੀ ਘੀਸੀਆਂ ਕਰਾ ਦਿੰਦਾ ਹਾਂ। ਅੰਗਰੇਜ਼ੀ ਇੰਗਲੈਂਡ ਦੇ ਅੰਗਰੇਜ਼ਾਂ ਦੀ ਮਾਂ ਬੋਲੀ ਹੈ ਤੇ ਉਹ ਸਲੈਂਗ (ਡੱਡੂ ਛੜੱਪਾ) ਅੰਗਰੇਜ਼ੀ ਬੋਲਦੇ ਹਨ ਜਿਵੇਂ ਅਸੀਂ ਪੰਜਾਬੀ ਬੋਲਦੇ ਹਾਂ। ਉਨ੍ਹਾ ਦੀ ਅੰਗਰੇਜ਼ੀ ਸਮਝਣੀ ਬਹੁਤ ਮੁਸ਼ਕਲ ਹੁੰਦੀ ਹੈ। ਬਾਕੀ ਡੱਚ, ਫਰੈਂਚ ਤਾਂ ਅਪਣੇ ਵਰਗੀ ਅੰਗਰੇਜ਼ੀ ਹੀ ਬੋਲਦੇ ਹਨ ਕਿਉਂਕਿ ਇਹ ਉਨ੍ਹਾ ਦੀ ਜ਼ੁਬਾਨ ਨਹੀਂ।

ਮੇਰਾ ਇਕ ਵਾਰੀ ਇੰਗਲੈਂਡ ਦੀ ਅੰਬੈਸੀ ਵਿਚ ਮੇਮ ਨਾਲ ਟਾਕਰਾ ਹੋ ਗਿਆ। ਅਸਲ ਵਿਚ ਗੱਲ ਇਸ ਤਰਾਂ ਹੋਈ ਕਿ 9, 10 ਜੂਨ 2009 ‘ਚ ਲੰਡਨ ਵਿਚ ਇਕ ਕਾਨਫਰੰਸ ਸੀ ਜਿਸ ਦਾ ਮੈਨੂੰ ਸੱਦਾ ਆਇਆ। ਮੈਂ ਚੰਡੀਗੜ ਕੌਂਸਲਖਾਨੇ ਵਿਚ ਅਪਣੀ ਫਾਈਲ ਦੇ ਆਇਆ। ਜਦੋਂ ਮੈਂ ਅਪਣੀ ਫਾਈਲ ਲੈਣ ਗਿਆ ਤਾਂ ਕਾਨਫਰੰਸ ਦਾ ਸਮਾਂ ਲੰਘ ਚੁੱਕਿਆ ਸੀ ਪਰ ਜਦੋਂ ਮੈਂ ਅਪਣੀ ਫਾਈਲ ਖੋਲ ਕੇ ਵੇਖੀ ਤਾਂ ਉਸ ‘ਤੇ 11 ਜੂਨ ਤੋਂ ਛੇ ਮਹੀਨੇ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਸੀ। 12, 13 ਜੂਨ ਦੀ ਛੁੱਟੀ ਸੀ। ਫਾਈਲ ਮੈਨੂੰ 14 ਜੂਨ ਨੂੰ ਮਿਲੀ।

ਕਾਨਫਰੰਸ ਦੀ ਤਰੀਕ ਤਾਂ ਲੰਘ ਗਈ ਸੀ ਇਸ ਲਈ ਮੈਂ ਸੋਚਿਆ ਕਿ ਹੁਣ ਮਹੀਨਾ ਠਹਿਰ ਕੇ ਜਾਵਾਂਗੇ ਪਰ ਜਦੋਂ ਮੈਂ 27 ਜੁਲਾਈ ਨੂੰ ਜਹਾਜ਼ ਚੜਨ ਗਿਆ ਤਾਂ ਮੈਨੂੰ ਰੋਕ ਲਿਆ ਗਿਆ ਤੇ ਕਿਹਾ ਗਿਆ ਕਿ ਮੇਰਾ ਕਾਨਫਰੰਸ ‘ਤੇ ਜਾਣ ਦਾ ਸਮਾਂ ਲੰਘ ਗਿਆ ਹੈ। ਉਹ ਕਹਿੰਦੇ ਕਿ ਤੂੰ ਅੰਬੈਸੀ ਆ । ਲਉ ਜੀ ਜਦੋਂ ਮੈਂ ਅੰਬੈਸੀ ਪੁੱਜਾ ਤਾਂ ਉਥੇ ਮੈਨੂੰ ਇਕ ਬੀਬੀ ਨੇ ਪੰਜਾਬੀ ਵਿਚ ਪੁੱਛਿਆ ਕਿ ਅੰਗਰੇਜ਼ੀ ਆਉਂਦੀ ਆ। ਮੈਂ ਅਪਣੇ ਮਨ ਵਿਚ ਕਿਹਾ ਕਿ ਅਸੀਂ ਤਾਂ ਅੰਗਰੇਜ਼ਾਂ ਦੇ ਵੀ ਮਾਸੜ ਹਾਂ। ਉਸ ਨੇ ਮੈਨੂੰ 9 ਨੰਬਰ ਕਾਊਂਟਰ ‘ਤੇ ਇਕ ਮੇਮ ਕੋਲ ਭੇਜ ਦਿੱਤਾ। ਮੇਮ ਨੇ ਮੇਰੀ ਫਾਈਲ ਕੱਢ ਲਈ ਤੇ ਮੈਨੂੰ ਸਵਾਲ ਜਵਾਬ ਕਰਨ ਲੱਗ ਪਈ। ਉਹ ਬਹੁਤ ਹੀ ਸਲੈਂਗ ਬੋਲੀ ਵਿਚ ਗੱਲ ਕਰ ਰਹੀ ਸੀ। ਜਦ ਉਸ ਦੇ ਸਵਾਲ ਖਤਮ ਹੋ ਗਏ ਤਾਂ ਮੈਂ ਉਸ ਨੂੰ ਉਸ ਤੋਂ ਵੀ ਸਲੈਂਗ ‘ਚ ਕਿਹਾ ਕਿ ਤੇਰੇ ਸਵਾਲ ਖਤਮ ਹੋ ਗਏ ਹਨ ਤੇ ਹੁਣ ਸਵਾਲ ਕਰਨ ਦੀ ਵਾਰੀ ਮੇਰੀ ਹੈ। ਮੇਰੀ ਇਹ ਗੱਲ ਸੁਣ ਕੇ ਉਹ ਬਹੁਤ ਹੈਰਾਨ ਹੋਈ ਕਿ ਇਹ ਦੇਸੀ ਜਿਹਾ ਬੰਦਾ ਮੈਨੂੰ ਕੀ ਸਵਾਲ ਕਰੇਗਾ।

ਮੈਂ ਉਸ ਨੂੰ ਕਿਹਾ ਕਿ ਕਾਨਫਰੰਸ 9 ਤੇ 10 ਜੂਨ ਨੂੰ ਸੀ ਤੇ ਤੁਸੀਂ ਵੀਜ਼ਾ 11 ਜੂਨ ਤੋਂ ਲਾਇਆ। ਮੈਨੂੰ ਪਾਸਪਰੋਟ 14 ਜੂਨ ਨੂੰ ਮਿਲਿਆ। ਤੂੰ ਮੈਨੂੰ ਦੱਸ ਕਿ ਇਸ ਵੀਜ਼ੇ ‘ਤੇ ਮੈਂ ਕਾਨਫਰੰਸ ‘ਤੇ ਕਿਵੇਂ ਜਾ ਸਕਦਾ ਸੀ? Îਮੇਮ ਲੱਗੀ ਯਾ ਯਾ ਕਰਨ। ਫੇਰ ਮੈਂ ਕਿਹਾ ਕਿ ਇਹ ਮਲਟੀਪਲ ਵੀਜ਼ਾ ਹੈ। ਮਤਲਬ ਮੈਂ ਛੇ ਮਹੀਨੇ ਵਿਚ ਇੰਗਲੈਂਡ ਜਿੰਨੀ ਮਰਜ਼ੀ ਵਾਰੀ ਜਾ ਸਕਦਾ ਹਾਂ ਪਰ ਤੁਸੀਂ ਮੈਨੂੰ ਪਹਿਲੀ ਵਾਰ ਹੀ ਜਾਣ ਨੀ ਦੇ ਰਹੇ। ਇਸ ਲਈ ਇਹ ਵੀਜ਼ਾ ਤੁਹਾਡੇ ਵੱਲੋਂ ਮੇਰੇ ਨਾਲ ਕੀਤਾ ਫਰਾਡ ਹੈ।

ਤੁਸੀਂ ਮੇਰੇ ਨਾਲ ਇਸ ਤਰਾਂ ਵਰਤਾਅ ਕਰ ਰਹੇ ਹੋ ਜਿਵੇਂ ਮੈਂ ਬਹੁਤ ਵੱਡਾ ਦੋਸ਼ੀ ਹੁੰਦਾਂ। ਤੁਸੀਂ ਇਕ ਬੰਦੇ ਦੇ ਸਵੈਮਾਣ ਨੂੰ ਸੱਟ ਮਾਰੀ ਹੈ। ਤੁਹਾਡੇ ਤੋਂ ਘਟੀਆ ਵਰਤਾਅ ਕਰਨ ਵਾਲਾ ਬੰਦਾ ਮੈਂ ਅੱਜ ਤੱਕ ਨੀ ਵੇਖਿਆ। ਇਹ ਸਾਰੀਆਂ ਗੱਲਾਂ ਮੈਂ ਤੇਜ਼ ਰਫਤਾਰ ਡੱਡੂ ਛੜੱਪਾ ਅੰਗਰੇਜ਼ੀ ਵਿਚ ਕਹੀਆਂ। ਜਿਨਾਂ ਨੂੰ ਸੁਣ ਕੇ ਮੇਮ ਬਹੁੜੀਆਂ ਪਾਉਣ ਲੱਗ ਪਈ। ਉਸ ਨੂੰ ਕੋਈ ਜਵਾਬ ਨਾ ਅਹੁੜੇ ਕਿ ਮੈਂ ਕੀ ਕਹਾਂ।

ਦੱਸਣ ਦਾ ਮਤਲਬ ਅੰਗਰਜ਼ੀ ਕੋਈ ਮਸਲਾ ਵੱਡਾ ਮਸਲਾ ਨੀ। ਸਭ ਤੋ ਵੱਡੀ ਗੱਲ ਖਾਸ ਕਰਕੇ ਬੋਲਣ ਵਾਲੀ ਅੰਗਰੇਜ਼ੀ ਦੇ ਮਾਮਲੇ ਵਿਚ ਇਹ ਹੈ ਕਿ ਦੁਨੀਆ ਦਾ ਕੋਈ ਵੀ ਬੰਦਾ ਇਹ ਦਾਅਵਾ ਨੀ ਕਰ ਸਕਦਾ ਕਿ ਉਸ ਦੀ ਅੰਗਰੇਜ਼ੀ ਹੀ ਸਭ ਤੋਂ ਠੀਕ ਹੈ। ਜਿਹੜੀ ਅੰਗਰੇਜ਼ੀ ਅਮਰੀਕਾ ਵਿਚ ਬੋਲੀ ਜਾਂਦੀ ਹੈ ਉਹ ਅਫਰੀਕਾ ਵਿਚ ਨੀ ਬੋਲੀ ਜਾਂਦੀ ਜਿਹੜੀ ਇੰਗਲੈਂਡ ਵਿਚ ਬੋਲੀ ਜਾਂਦੀ ਉਹ ਭਾਰਤ ਵਿਚ ਨੀ ਬੋਲੀ ਜਾਂਦੀ। ਹਰੇਕ ਥਾਂ ਲਫ਼ਜ਼ਾਂ, ਵਾਕਾਂ ਤੇ ਉਚਾਰਨ ਦਾ ਬਹੁਤ ਫਰਕ ਹੈ।

ਇਹ ਬਿਲਕੁਲ ਇਸ ਤਰਾਂ  ਜਿਵੇਂ ਪੁਆਧ ਤੇ ਮਾਝੇ ਦੀ ਪੰਜਾਬੀ ਦਾ ਕੋਈ ਮੇਲ ਈ ਨਹੀਂ। ਜੇ ਕੋਈ ਮਝੈਲ ਪੁਆਧ ਦੇ ਕਿਸੇ ਪਿੰਡ ਵਿਚ ਆ ਜਾਵੇ ਤਾਂ ਉਹ ਸਮਝ ਈ ਨਾ ਸਕੇ ਕਿ ਇਹ ਬੰਦੇ ਕੀ ਕਹਿ ਰਹੇ ਹਨ। ਇਵੇਂ ਹੀ ਪੁਆਧ ਵਾਲੇ ਨਾਲ ਹੋਵੋ। ਪਰ ਦੋਵੇਂ ਪੰਜਾਬੀਆਂ ਅਪਣੀ ਥਾਂ ‘ਤੇ ਸਹੀ ਹਨ ਕਿਉਂਕਿ ਇਲਾਕੇ ਦੇ ਹਿਸਾਬ ਨਾਲ ਵੱਖਰੇ ਵੱਖਰੇ ਲਹਿਜੇ ‘ਚ ਬੋਲੀਆਂ ਜਾਂਦੀਆਂ ਹਨ।

ਕਈ ਤਾਂ ਅੰਗਰੇਜ਼ੀ ਦੀ ਐਮ ਏ ਕਰਨ ਵਾਲੇ ਬੰਦੇ ਇਕ ਵੀ ਅੱਖਰ ਅੰਗਰੇਜ਼ੀ ਦਾ ਨੀ ਬੋਲ ਸਕਦੇ। ਕੇਰਲਾ ਰਹਿੰਦੇ ਮੇਰੇ ਦੋਸਤ ਆਈਸੈਕ ਪਾਲ ਨਾਲ ਮੇਰੀ ਅੰਗਰੇਜ਼ੀ ਵਿਚ ਇੰਨੀ ਸੁਰ ਰਲਦੀ ਹੈ ਕਿ ਅਸੀਂ ਜਦੋਂ ਵੀ ਮਿਲਦੇ ਹਾਂ ਤਾਂ ਅਸੀਂ ਬਹੁਤ ਹੀ ਸਲੈਂਗ ਅੰਗਰੇਜ਼ੀ ਵਿਚ ਗੱਲ ਕਰਦੇ ਹਾਂ ਜਿਸ ਨੂੰ ਛੇਤੀ ਕਿਤੇ ਕੋਈ ਨੀ ਸਮਝ ਸਕਦਾ।

ਪਰ ਸਾਡੇ ਅੰਗਰੇਜ਼ੀ ਸਿੱਖਣ ਦੀ ਥਾਂ ਬਸ ਭੇਡਾਂ ਸਾਰਾ ਦਿਨ ਹੈਂਕੀ, ਮੈਡਮ, ਸਰ, ਕਜ਼ਨ, ਬ੍ਰਦਰ, ਸਿਸਟਰ, ਵਾਈਫ ਵਰਗੇ ਲਫ਼ਜ਼ਾਂ ਦਾ ਰਾਗ ਅਲਾਪਦੀਆਂ ਰਹਿੰਦੀਆਂ ਹਨ। ਕਾਨਵੈਂਟ ਸਕੂਲਾਂ ਵਿਚ ਤਾਂ ਜਰਨਲ ਡੈਰ ਦੇ ਡੱਡੂਆਂ ਦੀ ਫੌਜ ਲੱਖਾਂ ਦੀ ਗਿਣਤੀ ਵਿਚ ਤਿਆਰ ਹੋ ਰਹੀ ਹੈ ਪਰ ਸਰਕਾਰੀ ਸਕੂਲਾਂ ਵਿਚ ਸਰਕਾਰੀ ਮਾਸਟਰ ਰੱਜ ਕੇ ਗੰਦ ਪਾ ਰਹੇ ਹਨ।

ਸਰਕਾਰੀ ਸਕੂਲ ‘ਚ ਵੜੋ ਤਾਂ ਨਿਆਣੇ ਕਹਿੰਦੇ ਮਿਲਣਗੇ ਗੁੱਡ ਮਾਰਨਿੰਗ ਸਰ, ਮੇ ਆਈ ਕਮ ਇਨ ਸਰ। ਮੈਂ ਕਈ ਮਾਸਟਰਾਂ ਨੂੰ ਕਿਹਾ ਕਿ ਓਏ ਤੁਸੀਂ ਨਿਆਣਿਆਂ ਤੋਂ ਕਿਉਂ ਗੁੱਡ ਮਾਰਨਿੰਗ, ਗੁੱਡ ਆਫਟਰਨੂਨ ਬੁਲਾਉਂਦੇ ਹੋ। ਨਿਆਣਿਆਂ ਤੋਂ ਕਿਉਂ ਕਹਾਉਂਦੇ ਹੋ ‘ਮੈਂ ਆਈ ਕਮ ਇਨ ਸਰ’ ਇਸ ਨਾਲ ਇਹ ਅੰਗਰੇਜ਼ੀ ਨਹੀਂ ਸਿੱਖ ਰਹੇ ਸੱਗੋਂ ਇਹ ਸਿੱਖ ਰਹੇ ਹਨ ਕਿ ਅੰਗਰੇਜ਼ੀ, ਪੰਜਾਬੀ ਤੋਂ ਵਧੀਆ ਜ਼ੁਬਾਨ ਹੈ। ਪੰਜਾਬੀ ਵਿਚ ਇਹ ਕਹਿਣਾ ਕਿ ਕੀ ਮੈਂ ਅੰਦਰ ਆ ਸਕਦਾ ਹਾਂ ਕੀ ਘਟੀਆ ਗੱਲ ਹੈ? ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਮਾਸਟਰ ਅੰਗਰੇਜ਼ੀ ਪੜਾਵੇ ਰਹੇ ਹਨ, ਉਹ ਆਪ ਵੀ ਇਕ ਅੱਖਰ ਵੀ ਅੰਗਰੇਜ਼ੀ ਦਾ ਨੀ ਬੋਲ ਸਕਦੇ। ਬਸ ਨਿਆਣਿਆਂ ਦੀ ਮਾਂ ਬੋਲੀ ਦੀਆਂ ਜੜ ਪੱਟ ਰਹੇ ਹਨ।

ਜੇ ਨਿਆਣਿਆਂ ਨੂੰ ਅੰਗਰੇਜ਼ੀ ਸਿਖਾਣੀ ਹੈ ਤਾਂ ਕੋਈ ਵਧੀਆ ਅੰਗਰੇਜ਼ੀ ਬੋਲਣ ਵਾਲਾ ਮਾਸਟਰ ਪੜਾਵੇ ਤੇ ਕਿਹਾ ਜਾਵੇ ਕਿ ਅੰਗਰੇਜ਼ੀ ਦੀ ਘੰਟੀ ਵਿਚ ਨਿਆਣੇ ਸਿਰਫ ਅੰਗਰੇਜ਼ੀ ਹੀ ਬੋਲਣਗੇ ਭਾਵੇਂ ਉਹ ਕਿੰਨੀ ਵੀ ਗਲਤ ਕਿਉਂ ਨਾ ਹੋਵੇ ਹੌਲੀ ਹੌਲੀ ਜ਼ੁਬਾਨ ਲਫ਼ਜ਼ਾਂ ਨੂੰ ਆਪੇ ਥਾਂ ਸਿਰ ਕਰ ਲਵੇਗੀ। ਬਾਕੀ ਸਾਰਾ ਸਮਾਂ ਮਾਂ ਬੋਲੀ ਦਾ ਦਰਿਆ ਵਗਦਾ ਰਹੇ। ਗੁੱਡ ਮਾਰਨਿੰਗ ਮੈਡਮ, ਸਰ ਆਲੀ ਬਕਵਾਸ ਸਕੂਲਾਂ ਵਿਚੋਂ ਤੁਰਤ ਬੰਦ ਕਰਵਾਈ ਜਾਵੇ।

ਪਰ ਫੇਰ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਦੁਨੀਆਂ ਦੀ ਸਭ ਤੋਂ ਮਿੱਠੀ ਜ਼ੁਬਾਨ ਕਿਸੇ ਵੀ ਬੰਦੇ ਦੀ ਮਾਂ ਬੋਲੀ ਹੁੰਦੀ ਹੈ। ਉਸ ਨੂੰ ਸਭ ਤੋਂ ਪਹਿਲਾਂ ਆਪਣੀ ਮਾਂ ਬੋਲੀ ਨਾਲ ਪਿਆਰ ਕਰਨਾ ਚਾਹੀਦਾ ਹੈ, ਹੋਰ ਬੋਲੀਆਂ ਜਿੰਨੀਆਂ ਮਰਜ਼ੀ ਸਿੱਖਦਾ ਰਵੇ।

Manjit Singh Rajpura

0 Comments

Add a Comment

Your email address will not be published. Required fields are marked *