Email: request@harmanradio.com
Telegram: @harmanradio
Phone: +61285992811

ਮਿੱਟੀ ਨੂੰ ਫਰੋਲਣ ਦਾ ਨਹੀਂ, ਮਹਿਸੂਸ ਕਰਨ ਦਾ ਜਜ਼ਬਾ

ਇਹ ਅਹਿਸਾਸ ਹਾਰੀ-ਸਾਰੀ ਨੂੰ ਸਮਝ ਨਹੀਂ ਆਉਣਾ ਕਿ ਰਾਵੀ ਦੇ ਵੱਗਦੇ ਪਾਣੀ ਨੂੰ ਬੁੱਲਾਂ ਨਾਲ ਛਹਾਉਣ ‘ਤੇ ਰਾਵੀ ਪਾਰ ਦੀ ਧਰਤੀ ਨੂੰ ਕੋਈ ਆਪਣਾ ਚੁੰਮਣ ਕਿਉਂ ਭੇਜਦਾ ਹੈ। ਉਸ ਧਰਤੀ ਜਾਣ ਲਈ ਕੋਈ ਏਨਾ ਵੀ ਦੀਵਾਨਾ ਹੋ ਸਕਦਾ ਹੈ ਕਿ ਉਹ ਸਰਹੱਦਾਂ ਤੋਂ ਬਲੈਕ ਕਰਨ ਲੱਗ ਪਵੇ ਜਿਵੇਂ ਕਿ ਬਾਰਡਰਨਾਮਾ ਵਾਲਾ ਨਿਰਮਲ ਨਿੰਮਾ ਲੰਗਾਹ…ਆਪਣੀ ਧਰਤੀ ਤੋਂ ਜੁਦਾ ਹੋਣਾ ਕੀ ਹੁੰਦਾ ਹੈ ਇਸ ਦੀ ਟੀਸ ਤਾਂ ਉਹੋ ਦੱਸ ਸਕਦਾ ਹੈ ਜੋ ਲਾਹੌਰ ਬਹਿਕੇ ਦਿੱਲੀ ਦੇ ਚਾਵੜੀ ਬਜ਼ਾਰ,ਚਾਂਦਨੀ ਚੌਂਕ ਦੀਆਂ ਗਲੀਆਂ ਨੂੰ ਯਾਦ ਕਰਦਾ ਹੈ। ਇਹ ਹਿਜਰਤ ਤਾਂ ਉਹਨੂੰ ਹੀ ਮਹਿਸੂਸ ਹੋਵੇਗੀ ਜੋ ਅੰਬਰਸਰ ਬਹਿ ਚੱਕ ਨੰਬਰ 70 ਅਤੇ ਰੱਤੇ ਰੱਤੀ ਦੇ ਥੇਹ ਅਤੇ ਉਸ ਦਰਗਾਹ ‘ਤੇ ਲੱਗਣ ਵਾਲੇ ਮੇਲੇ ਦੀਆਂ ਗੱਲਾਂ ਨੂੰ ਆਪਣੀਆਂ ਸਮ੍ਰਿਤੀਆਂ ‘ਚੋਂ ਬਾਰ ਬਾਰ ਲਘਾਉਂਦਾ ਹੈ ਬਾਵਜੂਦ ਇਸ ਦੇ ਕਿ ਇਹ ਮਿੱਟੀ ਫਰੋਲਣ ਨਾਲ ਹੋਣਾ ਕੁਝ ਵੀ ਨਹੀਂ। ਆਖਰ ਤ੍ਰਾਸਦੀਆਂ ਸਾਥੋਂ ਬਹੁਤ ਕੁਝ ਖੋਹ ਲੈਂਦੀਆਂ ਹਨ।

ਕਿਆ ਦਿੱਲੀ ਕਿਆ ਲਾਹੌਰ ਦਾ ਉਹ ਦ੍ਰਿਸ਼ ਯਾਦ ਕਰੋ ਜਦੋਂ ਭਾਰਤ-ਪਾਕਿਸਤਾਨ ਦੇ ਫੌਜੀ ਆਪਸ ‘ਚ ਆਪੋ ਆਪਣੇ ਅਤੀਤ ਨੂੰ ਖੰਘਾਲਦੇ ਹਨ ਅਤੇ ਚੰਨ ਨੂੰ ਮੰਜੀ ‘ਤੇ ਬੈਠਾਉਣ ਦੀਆਂ ਗੱਲਾਂ ਦੀ ਤੜਪ ਉਜਾਗਰ ਕਰਦੇ ਹਨ। ਅਵਤਾਰ ਸਿੰਘ ਦੀ ਫ਼ਿਲਮ ਨੂੰ ਵੇਖਣ ਲਈ 1947 ‘ਤੇ ਅਧਾਰਿਤ ਫ਼ਿਲਮਾਂ ਦੀ ਗੱਲ ਕਰਕੇ ਉਹਨਾਂ ਦੇ ਪ੍ਰਭਾਵ ਦੀ ਤਕਨੀਕੀ ਗੱਲਾਂ ‘ਚ ਨਾ ਗਵਾਚਿਆ ਜਾਵੇ।ਇਸ ਫ਼ਿਲਮ ਦਾ ਹੋਣਾ ਉਸ ਤੋਂ ਉੱਪਰ ਦਾ ਹੈ। ਇਹਨੂੰ ਉਸ ਦੌਰ ਦੀ ਤਕਸੀਮ ਮਾਰਫਤ ਹੀ ਵੇਖਿਆ ਜਾਵੇ। ਇਹਨੂੰ ਵੇਖਣ ਲੱਗਿਆਂ ਭਗੌਲਿਕ ਲਕੀਰਾਂ ਤੋਂ ਪਾਰ ਸਾਂਝੀ ਚੇਤਨਾ ਦੇ ਪੰਜਾਬ ਨੂੰ ਸਮਰਣ ਕਰਨਾ ਪਵੇਗਾ। ਇਹ ਭਾਰਤ ਬਨਾਮ ਪਾਕਿਸਤਾਨ ਦੀ ਗੱਲ ਨਹੀਂ। ਇਹ ਪੰਜਾਬ ਜਮ੍ਹਾਂ ਪੰਜਾਬ ਦੇ ਵਜੂਦ ਨੂੰ ਭਾਰਤ-ਪਾਕਿਸਤਾਨ ਹੋਣ ਦੀ ਸਜ਼ਾ ‘ਚ ਜੂਝਣ ਦੀ ਵਿੱਥਿਆ ਹੈ। ਮੈਂ ਇਹਨੂੰ ਇੰਝ ਮਹਿਸੂਸ ਕਰਦਾ ਹਾਂ।

ਕਹਾਣੀ 1990 ਤੋਂ ਸ਼ੁਰੂ ਹੁੰਦੀ ਹੈ। ਇਹ ਪੰਜਾਬ ਅੰਦਰ ਉਦੋਂ ਵਾਪਰ ਰਹੀ ਹੈ ਜਦੋਂ ਭਾਰਤ ਦੇ ਅੰਦਰ ਵਿਸ਼ਵੀਕਰਨ ਦੀ ਦਸਤਕ ਹੈ ਅਤੇ ਵਪਾਰਕ ਤੌਰ ਦੀ ਖੁਲ੍ਹੀ ਮੰਡੀ ਦੇ ਸਵਾਗਤੀ ਗੀਤ ਹਨ। ਜਿਸ ‘ਚ ਜਜ਼ਬਾਤ ਨੂੰ ਕੋਈ ਜਗ੍ਹਾ ਨਹੀਂ ਹੈ। ਦੋਵੇਂ ਪਾਸੇ ਇੱਕ ਨਵੀਂ ਜਾਤ ਹੈ-ਜਿਹਨੂੰ ਮੁਹਾਜ਼ਿਰ ਕਹੋ, ਪਨਾਹਗੀਰ ਕਹੋ ਜਾਂ ਰਫਿਊਜ਼ੀ…ਇਹ ਵੰਡ ਸਿਰਫ ਭੁਗੌਲਿਕ ਨਹੀਂ,ਇਹ ਵੰਡ ਉਸ ਤੋਂ ਵੀ ਖਤਰਨਾਕ ਹੈ, ਪਿੰਡ, ਪੱਤੀਆਂ, ਕੋੜਮੇ, ਰਿਸ਼ਤੇ, ਸਾਂਝੀ ਸੱਥਾਂ, ਆਪਸੀ ਸਹਿਚਾਰ, ਬੰਦੇ ਬਨਾਮ ਬੰਦਾ ਵੰਡ, ਨਿਜ ਦੀ ਵੰਡ…ਇਹ ਬੰਦੇ ਦੇ ਆਪਣੇ ਅੰਦਰ ਨਾਲ ਹੀ ਹੋ ਰਹੀ ਵੰਡ ਹੈ…ਜਿਵੇਂ ਕਿ ਪਿੱਛੇ ਜਹੇ ਅਨੂਪ ਸਿੰਘ ਦੀ ਆਈ ਫ਼ਿਲਮ ‘ਕਿੱਸਾ’ ਦਾ ਬਿਆਨ ਹੈ। 1947 ‘ਚ ਵੰਡ ਵੀ ਕਈ ਤਰ੍ਹਾਂ ਦੀ ਚੱਲਦੀ ਹੈ।ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਮੈਨੂੰ ਜਾਨਣਾ’ ਨਾਲ ਸਾਂਝ ਪਾਕੇ ਵੇਖੋ…ਜਿਸ ਕਹਾਣੀ ਦਾ ਪਾਤਰ ਵੰਡ ਤੋਂ ਏਨਾਂ ਅਲੱਗ-ਥਲੱਗ ਪੈ ਗਿਆ ਹੈ ਕਿ ਉਹਨੂੰ ਆਪਣਾ ਹੋਣਾ ਹੀ ਮਹਿਸੂਸ ਨਹੀਂ ਹੁੰਦਾ। ਜਦੋਂ ਕੋਈ ਉਹਨੂੰ ਆਪਣੇ ਵਿਛੜੇ ਇਲਾਕੇ ਦਾ ਬੰਦਾ ਉਹਦੀ ਬੋਲੀ, ਇਸ਼ਾਰਿਆਂ, ਹਾਵ-ਭਾਵ ਨਾਲ ਮਿਲਦਾ ਹੈ ਤਾਂ ਉਹਦੇ ਅੰਦਰ ਜੀਊਣ ਦੀ ਇੱਛਾ ਕਿੰਝ ਜਾਗਦੀ ਹੈ।

ਇਹਨੂੰ ਸਮਝਨਾ ਪਵੇਗਾ ਕਿ ਭਾਰਤ ਦੇ ਲੋਕਾਂ ਦੀ ਪਾਕਿਸਤਾਨ ਦੇ ਲੋਕਾਂ ਲਈ ਅਤੇ ਪਾਕਿਸਤਾਨ ਦੇ ਲੋਕਾਂ ਦੀ ਭਾਰਤ ਦੇ ਲੋਕਾਂ ਲਈ ਨਫਰਤ ਪੈਦਾ ਕੌਣ ਕਰ ਰਿਹਾ ਹੈ ਅਤੇ ਇਸ ਪ੍ਰਾਪੇਗੰਡਾ ਤੋਂ ਪ੍ਰਭਾਵਿਤ ਹੋਕੇ ਅਸੀ ਕਿਸ ਪੱਧਰ ਦੀ ਦੇਸ਼ ਭਗਤੀ ਉਜਾਗਰ ਕਰ ਰਹੇ ਹਾਂ ਇਹ ਸੂਖਮ ਮਨ ਲਈ ਅੱਜ ਦੇ ਦੌਰ ‘ਚ ਸਭ ਤੋਂ ਵੱਧ ਸੁਚੇਤ ਹੋਕੇ ਸਮਝਨ ਦੀ ਲੋੜ ਹੈ।ਇਸ ਬੇ-ਸਮਝੀ ‘ਚ ਅਤੀਤ ‘ਚ ਬਹੁਤ ਸਾਰੀਆਂ ਦੋ ਦੇਸ਼ਾਂ ਦਰਮਿਆਨ ਦੋਸਤਾਨਾ ਰਿਸ਼ਤੇ ਦੀ ਗੱਲ ਕਰਦੀਆਂ ਫ਼ਿਲਮਾਂ ਪੁੱਠੇ ਮੂੰਹ ਵੀ ਡਿੱਗੀਆ ਹਨ। ( ਹਾਲਾਂਕਿ ਇਹ ਵਪਾਰਕ ਤੌਰ ਦੀ ਗੱਲ ਹੈ ਪਰ ਇਹ ਇੱਕ ਮਹਿਜ਼ ਪ੍ਰਤੀਕ ਹੈ ਕਿ ਅਸੀ ਕਿਸ ਤਰ੍ਹਾਂ ਦੀ ਸਮਝ ਲੈ ਕੇ ਬੈਠੇ ਹਾਂ ) ਪਰ ਅਵਤਾਰ ਸਿੰਘ ਦੀ ਫ਼ਿਲਮ ਮੌਜੂਦਾ ਦੌਰ ਦੇ ਸਿਆਸੀ ਪੇਚੇਦਗੀ ਭਰੇ ਮਾਹੌਲ ‘ਚ ਆਪਣੀ ਸਾਦਗੀ ਨਾਲ ਉਸ ਤੜਪ ਨੂੰ ਉਜਾਗਰ ਕਰਦੀ ਹੈ। ਭਾਵਾਂਕਿ ਇਹ ਵਿਜੈ ਰਾਜ ਦੀ ਫ਼ਿਲਮ ‘ਕਿਆ ਦਿੱਲੀ ਕਿਆ ਲਾਹੌਰ’ ਵਾਂਗੂ ਉਸ ਸੰਵਾਦ ‘ਚ ਨਹੀਂ ਜਾਂਦੀ।ਇਸ ਸਭ ਦੇ ਬਾਵਜੂਦ ਇਸ ਫ਼ਿਲਮ ਨੂੰ ਉਪਰੋਕਤ ਕੀਤੇ ਜ਼ਿਕਰ ਸੰਗ ਹੀ ਵੇਖਣਾ ਚਾਹੀਦਾ ਹੈ। ਕਿਤੇ ਨਾ ਕਿਤੇ ਇਹ ਸਾਡੇ ਨਿਜ ਦੀ ਤਰਜਮਾਨੀ ਕਰਦੀ ਹੈ।

ਤਕਨੀਕੀ ਅਧਾਰ ‘ਤੇ ਇਹ ਫ਼ਿਲਮ ਆਪਣੇ ਮਾਹੌਲ ਨੂੰ ਬੁਣਨ ‘ਚ ਕਾਫੀ ਥਾਂ ‘ਤੇ ਖੁੰਝਦੀ ਹੈ। ਇਸ ਨੂੰ ਬਹੁਤ ਸੰਖੇਪ ‘ਚ ਕਹਾਂਗਾ ਕਿ ਜਿੱਥੇ ਵਿੱਤੀ ਸਾਧਨਾਂ ਦੀ ਘਾਟ ਸੀ ਉਸ ਨੂੰ ਅਸੀ ਦਰਨਿਕਾਰ ਕਰ ਸਕਦੇ ਹਾਂ ਪਰ ਕੁਝ ਨੁਕਤਿਆਂ ਨੂੰ ਸੋਖਿਆਂ ਸੁਧਾਰਿਆ ਜਾ ਸਕਦਾ ਸੀ।ਸੁੱਚਾ ਸਿੰਘ (ਕਰਤਾਰ ਚੀਮਾ) ਆਪਣੇ ਹੋਣ ਦੀ ਖੂਬਸੂਰਤ ਛਾਪ ਛੱਡਦਾ ਹੈ। ਪਰ ਕਰਤਾਰ ਚੀਮਾ ਨੂੰ ਗ੍ਰੀਕ ਨਾਇਕ ਵਾਂਗੂ ਸੁਡੋਲ ਸ਼ਰੀਰ ਤੋਂ ਤੋੜ ਪੰਜਾਬੀ ਜੁੱਸੇ ਦਾ ਵਿਖਾਇਆ ਜਾ ਸਕਦਾ ਸੀ।ਪੰਜਾਬੀ ਮਨਾਂ ਅੰਦਰ ਪੰਜਾਬੀ ਪਾਤਰ ਆਪਣੀ ਬੋਲੀ, ਹਾਵ-ਭਾਵ ਨਾਲ ਪੇਸ਼ ਹੋਵੇ ਤਾਂ ਜ਼ਿਆਦਾ ਵਧੀਆ ਲੱਗਦਾ ਹੈ।ਇਹੋ ਫ਼ਿਲਮ ਦੀ ਖੂਬਸੂਰਤੀ ਸੀ ਕਿ ਇਸ ਫ਼ਿਲਮ ਨੇ ਬੋਲੀ ਨੂੰ ਲੈ ਕੇ ਇਲਾਕੇ ਦੀ ਪੇਸ਼ਕਾਰੀ ਵਿਖਾਈ ਹੈ। ਫ਼ਿਲਮ ਮਾਲਵੇ ‘ਚ ਆਪਣੇ ਪਾਤਰਾਂ ਦੀ ਮਲਵਈ ਬੋਲੀ ਨਾਲ ਹੈ। ਅੰਮ੍ਰਿਤਸਰ ਜਾਂਦੀ ਹੋਈ ਮਾਝੇ ਦੇ ਪਾਤਰਾਂ ਤੋਂ ਮਾਝੀ ਬੁਲਵਾ ਰਹੀ ਹੈ ਅਤੇ ਲਾਹੌਰ ‘ਚ ਦਾਖਲ ਹੋਣ ਲੱਗਿਆ ਇਹ ਲਾਹੌਰ ਦੀ ਪੰਜਾਬੀ ਬੋਲਦੀ ਹੈ। ਇਸ ਲਈ ਨਿਰਦੇਸ਼ਕ ਦਾ ਕੰਮ ਸਲਾਹੁਣਯੋਗ ਹੈ। ਭਾਂਵਾਕਿ ਕਿਰਦਾਰ ਉਹਨੂੰ ਹੂ ਬੂ ਹੂ ਨਿਰਵਾਹ ਕਰਨ ‘ਚ ਕਾਫੀ ਜਗ੍ਹਾ ਖੁੰਝਦੇ ਹਨ। ਪਰ ਸੁੱਚਾ ਸਿੰਘ ਨੂੰ ਲੈ ਕੇ ਇਹ ਗੱਲ ਕਰਨੀ ਬਣਦੀ ਹੈ ਕਿ ਫ਼ਿਲਮ ਸ਼ੁਰੂਆਤ ਤੋਂ ਹੀ ਸੰਗਰੂਰ ਜ਼ਿਲ੍ਹੇ ਦੇ ਛਾਜਲੀ ਪਿੰਡ ਦੀ ਆਬੋ ਹਵਾ ਨਾਲ ਠੇਠ ਮਾਲਵੇ ਦਾ ਪ੍ਰਗਟਾਵਾ ਕਰ ਰਹੀ ਸੀ। ਮੈਨੂੰ ਇਸ ਦਾ ਭਲੀਭਾਂਤ ਅੰਦਾਜ਼ਾ ਸੀ ਕਿ ਨਿਰਦੇਸ਼ਕ ਨੇ ਆਪਣੀ ਪਹਿਲੀ ਫ਼ਿਲਮ ਤੋਂ ਹੀ ਬਹੁਤ ਬਾਰੀਕੀ ਨਾਲ ਕੰਮ ਕੀਤਾ ਹੈ ਤਾਂ ਉਹ ਇਸ ‘ਤੇ ਵੀ ਸੋਚੇਗਾ ਪਰ ਅਜਿਹਾ ਨਹੀਂ ਹੋਇਆ। ਬਾਕੀ 1990-1993 ਦੇ ਦਰਮਿਆਨ ਗੁਰਦੁਆਰੇ ਅੰਦਰ ਸੁਖਾਸਨ ਘਰ ਐਲੂਮੀਨਿਅਮ ਚਾਦਰਾਂ ਦਾ ਬਣਿਆ ਹੋਇਆ ਹੈ ਜੋ ਉਸ ਕਾਲ-ਖੰਡ ਨੂੰ ਭੰਗ ਕਰਦਾ ਹੈ। ਫ਼ਿਲਮ ਨੂੰ ਡੁੱਬਕੇ ਵੇਖਣ ਵਾਲੇ ਲਈ ਇਹ ਉਸ ਕਾਲ-ਖੰਡ ਤੋਂ ਟੁੱਟਣਾ ਸੀ।ਫ਼ਿਲਮ ਦੀ ਨਾਇਕਾ ਦੀ ਗੱਲ ਕਰੀਏ ਤਾਂ ਇਸ ਨੂੰ ਸਿਰਜਣ ਦੌਰਾਨ ਮਜਬੂਰੀ ਹੋਵੇ ਤਾਂ ਵੱਖਰੀ ਗੱਲ ਪਰ ਜੇ ਨਹੀਂ ਤਾਂ ਇਹ ਫ਼ਿਲਮੀ ਦੁਨੀਆਂ ਦੇ ਚਾਲੂ ਫਾਰਮੂਲੇ ‘ਚ ਫੱਸਕੇ ਰਹਿ ਗਈ ਹੈ। ਇਹ ਸਿਨੇਮਾ ਅੰਦਰ ਬਹੁਤ ਅਜੀਬ ਕੰਡੀਸ਼ਨਿੰਗ ਹੈ। ਇਹ ਜ਼ਰੂਰੀ ਨਹੀਂ ਸੀ ਕਿ ਨੂਰਾਂ ਦਾ ਕਿਰਦਾਰ ਕਰਨ ਵਾਲੀ ਅਤੇ ਪਾਕਿਸਤਾਨ ਰਹਿੰਦੀ ਨੂਰਾਂ ਦੀ ਕੁੜੀ ਦੀ ਭੂਮਿਕਾ ਇੱਕੋ ਕੁੜੀ ਨੂੰ ਨਿਭਾਉਣ ਲਈ ਦਿੱਤੀ ਜਾਵੇ। ਅਮਨ ਗਰੇਵਾਲ ਨੂਰਾਂ ਦੇ ਕਿਰਦਾਰ ‘ਚ ਜੋ ਪ੍ਰਭਾਵ ਛੱਡਦੀ ਹੈ ਉਹ ਦੂਜੇ ਹਿੱਸੇ ‘ਚ ਨਹੀਂ ਮਹਿਸੂਸ ਹੁੰਦਾ।

ਪਰ ਇਸ ਫ਼ਿਲਮ ਨੂੰ ਹੋਰ ਬਹੁਤ ਸਾਰੇ ਨੁਕਤਿਆਂ ਨੂੰ ਲੈ ਕੇ ਯਾਦ ਰੱਖਣਾ ਚਾਹੀਦਾ ਹੈ। ਇਸ ਫ਼ਿਲਮ ਨੇ ਸਾਹਿਤ ਦੀ ਅਦੀਬ ਸ਼ਖਸੀਅਤਾਂ ਨੂੰ ਜੋੜਿਆ। ਸੁਰਜੀਤ ਪਾਤਰ, ਪ੍ਰੋ ਅਜਮੇਰ ਔਲਖ ਹੁਣਾਂ ਦਾ ਨਾਲ ਜੁੜਨਾ ਚੰਗਾ ਲੱਗਾ। ਇੱਕ ਸਮਾਂ ਸੀ ਸ਼ਕੀਲ ਬਦਾਯੂਨੀ, ਸਾਹਿਰ ਲੁਧਿਆਣਵੀ, ਬਲਰਾਜ ਸਾਹਨੀ, ਰਾਜਿੰਦਰ ਸਿੰਘ ਬੇਦੀ ਤੋਂ ਲੈ ਕੇ ਮੰਟੋ ਤੱਕ ਕਿੰਨੀਆਂ ਸ਼ਖਸੀਅਤਾਂ ਫ਼ਿਲਮ ਜਗਤ ਦਾ ਹਿੱਸਾ ਵੀ ਸਨ ਅਤੇ ਸਾਹਿਤਕਾਰ ਵੀ ਸਨ। ਜੋ ਕਿ ਹੌਲੀ ਹੌਲੀ ਇੰਝ ਹੋ ਗਿਆ ਕਿ ਸਾਹਿਤਕਾਰਾਂ ਨੇ ਲੇਖਣੀ ਨੂੰ ਫ਼ਿਲਮ ਦੀ ਲੇਖਣੀ ਤੋਂ ਵੱਖਰਾ ਮੰਨ ਲਿਆ ਅਤੇ ਬਹੁਤ ਸਾਰਿਆਂ ਨੇ ਫ਼ਿਲਮ ਅੰਦਰ ਲਿਖੇ ਗੀਤਾਂ ਨੂੰ ਕਵਿਤਾ ਤੋਂ ਹੇਠਲਾ ਦਰਜਾ ਵੀ ਐਲਾਨ ਕਰ ਦਿੱਤਾ। ਸੋ ਹੁਣ ਗੁਲਜ਼ਾਰ,ਇਰਸ਼ਾਦ ਕਾਮਿਲ ਤੋਂ ਇਲਾਵਾ ਕੋਈ ਵਿਰਲਾ ਹੀ ਹੈ ਜੋ ਦੋਵੇਂ ਰੂਪਾਂ ‘ਚ ਕੰਮ ਕਰ ਰਿਹਾ ਹੋਵੇ । ਕਲਾ ਫ਼ਿਲਮਾਂ ‘ਚ ਤਾਂ ਇਹਦਾ ਰੁਝਾਨ ਫਿਰ ਵੀ ਬਰਕਰਾਰ ਹੈ ਜਿਵੇਂ ਕਿ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਨਾਲ ਗੁਰਦਿਆਲ ਸਿੰਘ ਅਤੇ ਸਿਧਾਰਥ ਜੁੜੇ, ਨਾਬਰ ਨਾਲ ਬਲਵਿੰਦਰ ਗਰੇਵਾਲ, ਕਿੱਸਾ ਨਾਲ ਮਦਨ ਗੋਪਾਲ ਸਿੰਘ ਪਰ ਵਪਾਰਕ ਫ਼ਿਲਮਾਂ ਅੰਦਰ ਅਜਿਹੀਆਂ ਸ਼ਖਸੀਅਤਾਂ ਵੱਲੋਂ ਕੰਮ ਹੋਣਾ ਬਹੁਤ ਚੰਗਾ ਲੱਗਾ। ਇਸ ਫ਼ਿਲਮ ਦੇ ਸੰਵਾਦ ਅਜਮੇਰ ਔਲਖ ਅਤੇ ਬੈਰੀ ਢਿੱਲੋਂ ਵੱਲੋਂ ਲਿਖਣਾ ਵੀ ਇਸ ਫ਼ਿਲਮ ਨੂੰ ਗਜ਼ਬ ਦਾ ਅਧਾਰ ਦਿੰਦਾ ਹੈ।

ਇਹ ਵੇਖਣਾ ਵੀ ਮੈਨੂੰ ਗ਼ਜ਼ਬ ਦਾ ਲੱਗਾ ਕਿ ਪਿਓ ਦੀਆਂ ਆਦਤਾਂ, ਉਹਦੇ ਹਾਵ-ਭਾਵ ਦਾ ਪੁੱਤਰਾਂ ‘ਚ ਹੋਣ ਦਾ ਸੂਖਮ ਨਿਰਮਾਣ ਕਹਾਣੀ ਨਾਲ ਬਹੁਤ ਸੋਹਣੀ ਤੰਦ ਜੋੜਦਾ ਹੈ। ਸੁੱਚਾ ਸਿੰਘ ਦੀ ਸ਼ਖਸੀਅਤ ਦਾ ਅਨੁਸਰਨ ਉਹਦੇ ਮੁੰਡਿਆਂ ‘ਚ ਸਹਿਜੇ ਹੀ ਵਿਖਦਾ ਹੈ। ਖਾਸ ਤੌਰ ‘ਤੇ ਸੁੱਚਾ ਸਿੰਘ ਦਾ ਵੱਡਾ ਮੁੰਡਾ ਆਪਣੇ ਪਿਓ ਵਾਂਗੂ ਹੀ ਹਾਵ-ਭਾਵ ਸਿਰਜਦਾ ਹੈ ਅਤੇ ਸੁੱਚਾ ਸਿੰਘ ਦੇ ਦਲੇਰੀ ਭਰੇ ਸੁਭਾਅ ਦੀ ਤਰਜਮਾਨੀ ਉਹਦਾ ਛੋਟਾ ਮੁੰਡਾ ( ਜਪਤੇਜ ਸਿੰਘ ) ਕਰਦਾ ਜਾਪਦਾ ਹੈ।ਕਹਾਣੀ ਅੰਦਰ ਕਿਰਦਾਰਾਂ ‘ਚ ਏਨੀ ਬਾਰੀਕੀ ਨਾਲ ਕੰਮ ਕਰਨਾ ਨਿਰਦੇਸ਼ਕ ਦੀ ਅਚੇਤ ਜਾਂ ਸੁਚੇਤ ਸੋਚ ਦਾ ਹਿੱਸਾ ਸੀ ਜਾਂ ਨਹੀਂ ਪਰ ਕਹਾਣੀ ਦੀ ਬੁਣਕਾਰੀ ‘ਚ ਇਹ ਬਹੁਤ ਲਾਜਵਾਬ ਹੈ।

ਅਖੀਰ ਤੇ ਇਹ ਫ਼ਿਲਮ ਮੇਰੇ ਲਈ ਇਸ ਤਰ੍ਹਾਂ ਵੀ ਖਾਸ ਹੈ ਕਿ ਇਹ ਫ਼ਿਲਮ ਸਿਆਸਤ ਤੋਂ ਦੂਰ ਮਨੁੱਖਤਾ ਦੀ ਗੱਲ ਕਰ ਰਹੀ ਹੈ…ਅਜਿਹੀ ਮਨੁੱਖਤਾ ਜਿਸ ‘ਚ ਕੋਈ ਜਾਤ, ਧਰਮ, ਦੇਸ਼, ਖੇਤਰ ਦਾ ਲੇਬਲ ਨਾ ਹੋਵੇ। ਜਿਸ ‘ਚ ਇੱਕ ਸਿੱਖ ਆਪਣੀ ਮੁਸਲਮਾਨ ਘਰਵਾਲੀ ਨੂੰ ਆਪ ਨਮਾਜ ਅਦਾ ਕਰਨ ਦਾ ਹੁੰਗਾਰਾ ਦਿੰਦਾ ਹੈ।ਇੱਕ ਦੂਜੇ ਦੀ ਨਿਜੀ ਅਜ਼ਾਦੀ ਲਈ ਅਜਿਹਾ ਸਮਰਪਣ ਰੱਖਦੇ ਕਿਰਦਾਰ ਵਿਖਾਉਣਾ ਇਸ ਫ਼ਿਲਮ ਦਾ ਵੱਡਾ ਕਾਰਜ ਹੈ । ਫ਼ਿਲਮ ਅੰਦਰ ਮਾਂ ਜਦੋਂ ਕਹਿੰਦੀ ਹੈ ਕਿ ਆਹ ਇਹ ਕਿਹੜੀ ਮਿੱਟੀ ਫਰੋਲਣ ‘ਤੇ ਆ ਗਿਆ ਏ ਤਾਂ ਉਸ ਸਮੇਂ ਜੱਗਾ ਮਿੱਟੀ ਫਰੋਲ ਨਹੀਂ ਮਹਿਸੂਸ ਕਰ ਰਿਹਾ ਸੀ। ਇੱਕ ਪਾਸੇ ਇਹ ਰਿਸ਼ਤਿਆਂ ਅੰਦਰਲੀ ਖਿੱਚ, ਦੂਜੇ ਪਾਸੇ ਅਜੋਕੇ ਕਿਰਦਾਰ ਖ਼ਤਮ ਹੁੰਦੇ ਰਿਸ਼ਤੇ ਵੀ ਮਹਿਸੂਸ ਕਰ ਲੈਣ ਤਾਂ ਚੰਗਾ ਏ। ਜਦੋਂ ਉਹ ਦੂਜੇ ਦੇਸ਼ ‘ਚ ਆਪਣੇ ਰਿਸ਼ਤੇ ਲਈ ਭੱਜੀਆਂ ਬਾਹਾਂ ਨਾਲ ਜਾ ਸਕਦਾ ਏ, ਉੱਥੇ ਅਸੀ ਆਪਣੇ ਗੁਆਂਢ ਨਾਲ ਸਾਂਝ ਪਾਉਣ ਵਾਰੀ ਵੀ ਹੱਥ ਘੁੱਟਕੇ ਬਹਿ ਗਏ ਹਾਂ ।

0 Comments

Leave a Reply