ਕੱਛੇ ਚੋਰੀ ਕਰਨ ਵਿਚ ਉਸਤਾਦ ਸੀ ਸਾਡਾ ਬਾਬਾ – ਮਨਜੀਤ ਸਿੰਘ ਰਾਜਪੁਰਾ
ਬਈ ਸਾਡਾ ਬਾਬਾ ਬਹੁਤ ਕੌਤਕੀ ਸੀ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਨਿਆਣਿਆਂ ਦੀਆਂ ਡਾਰਾਂ ਦੀਆਂ ਡਾਰਾਂ ਹੁੰਦੀਆਂ ਸਨ ਜਿਵੇਂ ਕਾਂ ਤੋਤੇ ਫਿਰਦੇ ਹਨ। ਬਈ ਉਦੋਂ ਗਰੀਬੀ ਬਹੁਤ ਹੁੰਦੀ ਸੀ ਸਾਡੇ ਘਰ। ਰੋਟੀ ਬਾਬੇ ਦੀ ਹਿੱਸੇ ਉਹ ਆਂਦੀ ਸੀ ਜਿਸ ਨੂੰ ਕੀੜੀਆਂ ਦੇ ਭੌਣ ਨੇ ਜੱਫੀ ਪਾਈ ਹੁੰਦੀ ਸੀ। ਸਾਡੇ ਬਾਬੇ ਨੇ ਫਿਰ ਰੋਟੀ ਦੇ ਨਾਲ ਕੀੜੀਆਂ ਦਾ ਵੀ ਧੁਰ ਦਾ ਪਟਾ ਕੱਟ ਦੇਣਾ।
ਹੁਣ ਮੈਂ ਪੜ੍ਹਦਾਂ ਬਈ ਚੀਨ ਆਲੇ ਕੀੜੀਆਂ ਦਾ ਸੂਪ ਪੀਂਦੇ ਹਨ। ਫੇਰ ਸਾਡਾ ਬਾਬਾ ਤਾਂ ਚੀਨ ਵਾਲਿਆਂ ਤੋਂ ਵੀ ਅੱਗੇ ਸੀ। ਉਹ ਤਾਂ ਕੀੜੀਆਂ ਉਬਾਲ ਕੇ ਸੂਪ ਬਣਾਉਂਦੇ ਹਨ ਪਰ ਬਾਬਾ ਤਾਂ ਸਿੱਧੇ ਗੱਫੇ ਲਾਂਦਾ ਸੀ, ਸੂਪ ਤਾਂ ਫੇਰ ਢਿੱਡ ਵਿਚ ਜਾ ਕੇ ਆਪੇ ਬਣੀ ਜਾਂਦਾ ਸੀ।
ਬਈ ਗਰੀਬੀ ਤਾਂ ਬਹੁਤ ਸੀ ਪਰ ਬਾਬਾ ਅਪਣੀ ਉਸਤਾਦੀ ਗੈਲ ਬੁੱਲੇ ਲੁੱਟਦਾ ਰਿਹਾ। ਬਾਬਾ ਜਦ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਇਕ ਦਿਨ ਲੰਬੜਦਾਰਾਂ ਦੇ ਬਾਗ ਵਿਚ ਅੰਬ ਚੁੂਪਣ ਲੱਗ ਗਿਆ। ਉਪਰੋਂ ਲੰਬੜਦਾਰ ਆ ਗਿਆ। ਉਸ ਨੇ ਬਾਬੇ ਦੇ ਚਿੱਤੜਾਂ ਤੇ ਛਿੱਤਰਾਂ ਦੇ ਨੰਬਰ ਲਿਖ ਦਿੱਤੇ। ਬਾਬਾ ਨਿਆਣਾ ਤਾ ਜਦ ਤਾਂ ਕੁਸ਼ ਨਾ ਬੋਲਿਆ।
ਇਕ ਦਿਨ ਲੰਬੜਦਾਰਾਂ ਕਾ ਕੱਟਾ ਪਿੜਾਂ ਵਿਚ ਫਿਰ ਰਿਹਾ ਸੀ। ਬਾਬਾ ਉਸ ਨੂੰ ਹਰਾ ਵਿਖਾ ਕੇ ਖੂਹ ਕੋਲ ਲੈ ਗਿਆ ਤੇ ਨੇੜੇ ਲਿਜਾ ਕੇ ਧੱਕਾ ਦੇ ਕੇ ਖੂਹ ਵਿਚ ਸੁੱਟ ਦਿੱਤਾ। ਲੋਕਾਂ ਨੇ ਰੱਸੇ ਪਾ ਕੇ ਕੱਟਾ ਖੂਹ ਚੋਂ ਕੱਢਿਆ।
ਬਾਬੇ ਦੀ ਪਿੰਡ ਦੇ ਗੁਰਦਵਾਰੇ ਦੇ ਭਾਈ ਜੀ ਗੈਲ ਯਾਰੀ ਲਾਈ ਬੀ ਤੀ। ਬਾਬਾ ਭਾਈ ਜੀ ਦੀ ਬੱਕਰੀ ਚਾਰ ਲਿਆਂਦਾ ਸੀ। ਭਾਈ ਜੀ ਪਿੰਡ ਚੋਂ ਕੱਠੀ ਕੀਤੀ ਡਾਲੀ ਚੋਂ ਹਿੱਸਾ ਦੇ ਦਿੰਦਾ ਸੀ। ਬਾਬਾ ਬੱਕਰੀ ਨੂੰ ਲੋਕਾਂ ਦੀ ਬਰਸੀਣ ਵਿਚ ਛੱਡ ਕੇ ਆਪ ਮੌਜ ਨਾਲ ਸੂਏ ਵਿਚ ਨਹਾਂਦਾ ਰਹਿੰਦਾ ਸੀ। ਇਕ ਵਾਰ ਬਾਬੇ ਦਾ ਕੱਛਾ ਪਾਟ ਗਿਆ। ਬਾਬੇ ਦੀ ਬੇਬੇ ਕੋਲ ਕੱਛੇ ਦਾ ਕੱਪੜਾ ਲੈਣ ਵਾਸਤੇ ਪੈਸੇ ਨਹੀਂ ਸਨ। ਬਾਬੇ ਨੇ ਕੀ ਕੀਤਾ, ਭਾਈ ਜੀ ਦੀ ਬੱਕਰੀ ਕਿਸੇ ਨੂੰ ਇਕ ਰੁਪਏ ਵਿਚ ਵੇਚ ਦਿੱਤੀ। ਜਦ ਭਾਈ ਜੀ ਨੇ ਪੁੱਛਿਆ ਤਾਂ ਬਾਬਾ ਕਹਿੰਦਾ ਕਿ ਉਸ ਨੂੰ ਤਾਂ ਸਾਧਾਂ ਦਾ ਇਕ ਟੋਲਾ ਮੰਗ ਕੇ ਲੈ ਗਿਆ ਬਈ ਉਨ੍ਹਾਂ ਨੂੰ ਦੁੱਧ ਦੀ ਤੋਟ ਰਹਿੰਦੀ ਐ। ਭਾਈ ਜੀ ਨੇ ਸੋਚਿਆ ਚਲੋ ਇਹ ਵੀ ਪੁੰਨ ਦਾ ਕੰਮ ਹੈ।
ਬਾਬੇ ਦੀ ਬੇਬੇ ਨੇ ਫੇਰ ਇਕ ਰੁਪਏ ਦਾ ਕੱਪੜਾ ਲਿਆ ਕੇ ਕੱਛੇ ਸੀਤੇ। ਬਾਬਾ ਨਵਾਂ ਕੱਛਾ ਪਾ ਕੇ ਸਰੋਂ ਦਾ ਤੇਲ ਲੱਤਾਂ ਤੇ ਲਾ ਕੇ ਗਲੀ ਵਿਚ ਇੰਜ ਫਿਰਿਆ ਕਰੇ ਜਿਵੇਂ ਆੜਤੀਆਂ ਦਾ ਮੁੰਡਾ ਪਿੰਡ ਵਿਚ ਉਗਰਾਹੀ ਕਰਦਾ ਹੁੰਦਾ। ਬਈ ਫੇਰ ਬਾਬੇ ਨੇ ਕੱਛੇ ਆਲੇ ਮਸਲੇ ਦਾ ਪੱਕਾ ਹੀ ਹੱਲ ਕੱਢ ਲਿਆ। ਜਦੋਂ ਲੋਕਾਂ ਨੇ ਖੂਹ ਤੇ ਪਰਨਾ ਲਾ ਕੇ ਨਹਾਣਾ ਤਾਂ ਬਾਬੇ ਨੇ ਅੱਖ ਬਚਾ ਕੇ ਉਨ੍ਹਾਂ ਦੇ ਕੱਛੇ ਚੱਕ ਕੇ ਤਿੱਤਰ ਹੋ ਜਾਣਾ। ਬਾਬੇ ਦੀ ਮਾਂ ਨੇ ਫੇਰ ਉਨ੍ਹਾਂ ਕੱਛਿਆਂ ਨੂੰ ਵੱਢ ਕੇ ਬਾਬੇ ਦੇ ਮੇਚ ਦੇ ਬਣਾ ਦੇਣਾ। ਅੱਗੇ ਬਾਬਾ ਦੋ ਦੋ ਮਹੀਨੇ ਇਕ ਕੱਛਾ ਪਾ ਕੇ ਰੱਖਦਾ ਸੀ ਫੇਰ ਹਫਤੇ ਚ ਨੂੰ ਦੋ ਦੋ ਪਾਣ ਲੱਗ ਪਿਆ।
ਜਦ ਬਾਬਾ ਜਵਾਨ ਹੋ ਗਿਆ ਤਾਂ ਅੰਨ ਵੀ ਬਹੁਤ ਖਾਣ ਲੱਗ ਪਿਆ। ਜਦੋਂ ਵੀ ਸਾਡੀ ਗਲੀ ਵਿਚ ਕਿਸੇ ਦੇ ਘਰ ਕੁੱਤਾ ਬਿੱਲਾ ਕੋਈ ਦਹੀਂ ਲੱਸੀ ਜੂਠੀ ਕਰ ਜਾਂਦਾ ਸੀ ਤਾਂ ਉਹ ਸਾਡੇ ਘਰ ਦੇ ਜਾਂਦਾ ਸੀ। ਬਾਬਾ ਕੁੱਤੇ ਦੇ ਜੂਠੇ ਦਹੀਂ ਲੱਸੀ ਨੂੰ ਗੇੜਾ ਨੀ ਪੈਣ ਦਿੰਦਾ ਸੀ। ਉਹ ਕਹਿੰਦਾ ਸੀ ਕਿ ਇਸ ਵਿਚ ਕਿਹੜਾ ਕੀੜੇ ਪਏ ਹਨ, ਕੁੱਤਾ ਤਾਂ ਦਰਵੇਸ਼ ਹੁੰਦਾ। ਕਈ ਵਾਰ ਤਾਂ ਬਾਬਾ ਆਪ ਤੋਏ ਤੋਏ ਕਰਕੇ ਕੁੱਤੇ ਨੂੰ ਗੁਆਂਢੀਆਂ ਦੇ ਘਰ ਵਾੜ ਦਿੰਦਾ ਸੀ। ਫੇਰ ਉਡੀਕ ਕਰਦਾ ਸੀ ਕਿ ਕਦੋਂ ਗੁਆਂਢੀਆਂ ਘਰੋਂ ਹਾਕ ਪੈਂਦੀ ਹੈ ਕਿ ਕੁੱਤਾ ਦਹੀਂ ਜੂਠਾ ਕਰ ਗਿਆ ਬਾਬੇ ਹਜ਼ਾਰੇ ਨੂੰ ਦੇ ਆਉ।
ਸਾਡੇ ਬਾਬੇ ਦੇ ਵਿਆਹ ਚੋਂ ਸਾਡੇ ਬਾਪੂ ਹੋਰੀਂ ਦਸ ਪੰਦਰਾਂ ਨਿਆਣੇ ਹੋਏ। ਜਿਹੜੇ ਮਰ ਗਏ ਉਨ੍ਹਾਂ ਦੀ ਗਿਣਤੀ ਹੀ ਕੋਈ ਨੀ। ਜਦ ਕੋਈ ਨਿਆਣਾ ਜੰਮ ਕੇ ਮਰ ਜਾਂਦਾ ਸੀ ਤਾਂ ਸਾਡੀ ਬੇਬੇ ਨੇ ਰੋਣ ਲੱਗ ਜਾਣਾ। ਸਾਡੇ ਬਾਬੇ ਨੇ ਕਹਿਣਾ ,,,,,,,,,,ਇਹਦੇ ਵਿਚ ਰੋਣ ਵਾਲੀ ਕਿਹੜੀ ਗੱਲ ਹੈ। ਬਿੱਲੀ ਵੇਖ ਲੈ ਕਿੰਨੇ ਬਲੂੰਗੜੇ ਜੰਮਦੀ ਐ, ਬਚਦੇ ਤਾਂ ਦੋ ਚਾਰ ਈ ਐਂ ਬਾਕੀਆਂ ਨੂੰ ਕੁੱਤੇ ਰਾੜ੍ਹ ਦਿੰਦੇ ਆ। ਉਹ ਕਦੇ ਮਸੋਸ ਕਰਦੀ ਵੇਖੀ। ਉਸ ਨੂੰ ਪਤਾ ਇਹ ਕਿਹੜਾ ਕੁੰਭ ਦਾ ਮੇਲਾ ਅਗਲੇ ਸਾਲ ਹੋਰ ਜੰਮ ਜਾਣਗੇ।
ਬਾਬੇ ਨੇ ਨਿਆਣੇ ਵੀ ਬਹੁਤ ਸਕੀਮ ਨਾਲ ਪਾਲੇ। ਅੱਧੇ ਨਿਆਣਿਆਂ ਨੂੰ ਤਾਂ ਉਹ ਰਿਸ਼ਤੇਦਾਰੀ ਵਿਚ ਤੋਰੀ ਰੱਖਦਾ ਸੀ। ਕਿਸੇ ਨੂੰ ਮਾਸੀ ਕੋਲ ਤੇ ਕਿਸੇ ਨੂੰ ਮਾਮੀ ਕੋਲ। ਜਿਹੜੇ ਘਰ ਰਹਿ ਜਾਂਦੇ ਸਨ ਉਨ੍ਹਾਂ ਨੂੰ ਕਹਿੰਦਾ ਸੀ ਚਰ੍ਹੀ ਚ ਚਿੱਬੜਾਂ ਦੇ ਢੇਰ ਲਗੇ ਹੁੰਦੇ ਹਨ। ਮੈਂ ਚਿੱਬੜ ਖਾ ਕੇ ਹੀ ਜਵਾਨ ਹੋਇਐਂ। ਜਾਉ ਨਾਲੇ ਚਰ੍ਹੀ ਵੱਢ ਕੇ ਲਿਆਉ ਨਾਲੇ ਰੱਜ ਕੇ ਚਿੱਬੜ ਖਾ ਕੇ ਆਉ ਘਰ ਦਾ ਆਟਾ ਬਚੇਗਾ।
ਜਦ ਬਾਬੇ ਨੇ ਸਾਡੇ ਬਾਪੂ ਦਾ ਵਿਆਹ ਕੀਤਾ ਤਾਂ ਆਪਣੇ ਕੁੜਮਾਂ ਨੂੰ ਕਿਹਾ, ਜੰਨ ਦੀ ਸੇਵਾ ਵਿਚ ਝੁੱਗਾ ਚੌੜ ਨਾ ਕਰਵਾ ਲਿਉ। ਲੋਕਾਂ ਨੇ ਤਾਂ ਖਾ ਕੇ ਪੱਦ ਹੀ ਮਾਰਨੇ ਹੁੰਦੇ ਹਨ। ਬੱਸ ਤੁਸੀਂ ਇਕ ਕੰਮ ਜ਼ਰੂਰ ਕਰਿਉ। ਆਪਣੀ ਕੁੜੀ ਨੂੰ ਚਾਹੇ ਹੋਰ ਕੁਸ਼ ਨਾ ਦਿਉ ਬੱਸ ਦੋ ਬੋਰੀਆਂ ਸ਼ੱਕਰ ਦੀਆਂ ਦੇ ਦਿਉ। ਮੇਰੇ ਨਿਆਣੇ ਸਾਰੀ ਉਮਰ ਚਿੱਬੜ ਹੀ ਖਾਂਦੇ ਰਹੇ ਹਨ ਉਹ ਵੀ ਸ਼ੱਕਰ ਖਾ ਕੇ ਮੂੰਹ ਦਾ ਸੁਆਦ ਬਦਲ ਲੈਣੇਗੇ।
ਇਕ ਵਾਰੀ ਸਾਡੇ ਚਾਚੇ ਦਾ ਸੌਹਰਾ ਆ ਗਿਆ। ਸਾਡੇ ਪਿੰਡ ਉਦੋਂ ਗੁੱਗਾ ਮਾੜੀ ਦਾ ਮੇਲ ਭਰ ਰਿਹਾ ਸੀ। ਬਾਬੇ ਨੇ ਚਾਹ ਤਾਂ ਕਿਸੇ ਤਰ੍ਹਾਂ ਪਿਲਾ ਦਿੱਤੀ ਆਪਣੇ ਕੁੜਮ ਨੂੰ। ਫੇਰ ਕਹਿਣ ਲੱਗਿਆ ਆ ਰਿਸ਼ਤੇਦਾਰ ਮੋਟਰ ਪਰ ਗੋਤਾ ਲੁਆ ਕੇ ਲਿਆਵਾਂ। ਨੇੜੇ ਹੀ ਮਾੜੀ ਸੀ। ਬਾਬਾ ਕਹਿੰਦਾ ਲੈ ਰਿਸ਼ਤੇਦਾਰ ਮਾੜੀ ਤੇ ਵੀ ਮੱਥਾ ਟੇਕ ਚਲਦੇ ਹਾਂ। ਲਉ ਜੀ ਮੱਥਾ ਟੇਕ ਕੇ ਬਾਬਾ ਕਹਿੰਦਾ, ਲੈ ਰਿਸ਼ਤੇਦਾਰ ਲਗਦੇ ਹੱਥ ਚੌਲਾਂ ਤੇ ਵੀ ਹੱਥ ਮਾਰ ਲੈਂਦੇ ਹਾਂ ਲੰਗਰ ਤਾਂ ਚਲ ਹੀ ਰਿਹਾ। ਚਾਚੇ ਦਾ ਸੌਹਰਾ ਦੋ ਦਿਨ ਸਾਡੇ ਘਰ ਰਿਹਾ ਤੇ ਬਾਬੇ ਉਸ ਨੂੰ ਮਾੜੀ ਤੇ ਲਿਜਾ ਕੇ ਚੌਲਾਂ ਨਾਲ ਢਿੱਡ ਭਰਦਾ ਰਿਹਾ। ਉਹ ਕਹਿੰਦਾ ਤੁਸੀਂ ਰੋਟੀਆਂ ਨੀ ਪਕਾਂਦੇ। ਬਾਬਾ ਕਹਿੰਦਾ ਰੋਟੀਆਂ ਤਾਂ ਰੋਜ਼ ਹੀ ਖਾਂਦੇ ਹਾਂ ਗੁੱਗੇ ਦੇ ਚੌਲ ਤਾਂ ਕਿਸੇ ਕਰਮਾਂ ਆਲੇ ਨੂੰ ਮਿਲਦੇ ਹਨ। ਸਾਡੇ ਚਾਚੇ ਦੇ ਸੌਹਰੇ ਦਾ ਜਦ ਚੌਲਾਂ ਨਾਲ ਢਿੱਡ ਪਾਟਣ ਆਲਾ ਹੋ ਗਿਆ ਤਾਂ ਉਸ ਨੇ ਭੱਜਣ ਵਿਚ ਹੀ ਭਲਾਈ ਸਮਝੀ।
ਬਾਬੇ ਦਾ ਜਦ ਵਕਤ ਨੇੜੇ ਆ ਗਿਆ ਤਾਂ ਕਹਿਣ ਲੱਗਾ, ਮੇਰੇ ਮਰਨੇ ਪਰ ਬਹੁਤਾ ਖਰਚ ਨਾ ਕਰਿਓ। ਅਰਥੀ ਬਣਾਉਣ ਦੀ ਲੋੜ ਨੀ ਕਿਸੇ ਟੁੱਟੇ ਮੰਜੇ ਤੇ ਚੁੱਕ ਕੇ ਮੜ੍ਹੀਆਂ ਚ ਸੁੱਟ ਆਇਓ। ਭਾਈ ਜੀ ਤੋਂ ਉਂਜ ਹੀ ਨਾ ਅਰਦਾਸਾਂ ਕਰਵਾਈ ਜਾਇਓ ਅਰਦਾਸਾਂ ਨਾਲ ਕਿਹੜਾ ਮੈਂ ਮੁੜ ਆਵਾਂਗਾ। ਭਾਈ ਜੀ ਜਿੰਨੀਆਂ ਅਰਦਾਸਾਂ ਕਰੇਗਾ ਉਨੀਆਂ ਦੇ ਹਿਸਾਬ ਨਾਲ ਹੀ ਪੈਸੇ ਲਏਗਾ। ਮੇੇਰੇ ਵਰਗੇ ਬੁੜ੍ਹਿਆਂ ਦੀਆਂ ਅਰਦਾਸਾਂ ਦੇ ਸਿਰ ਤੇ ਹੀ ਭਾਈ ਜੀ ਬੰਬੂਕਾਟ ਲਈ ਫਿਰਦੇ ਹਨ।
ਲੱਡੂ ਜਲੇਬੀ ਨਾ ਕਰਨ ਲੱਗ ਜਾਇਓ ਕਿਤੇ ਲੋਕ ਗੁਹਾਰਿਆਂ ਵਰਗੇ ਢਿੱਡ ਲਈ ਫਿਰਦੇ ਐ। ਆਲੂ ਬਥੇਰੇ ਸਸਤੇ ਐ ਜਿੰਨੇ ਮਰਜ਼ੀ ਪਾਣੀ ਚ ਉਬਾਲ ਕੇ ਛਕਾਈ ਜਾਇਓ।
ਬਾਬੇ ਦੇ ਚਲਾਣੇ ਤੋਂ ਬਾਅਦ ਸਾਡੇ ਘਰ ਦਿਆਂ ਨੇ ਭੋਗ ਤੇ ਦੋ ਰੁਪਏ ਕਿੱਲੋ ਆਲੇ ਆਲੂ ਲੋਕਾਂ ਨੂੰ ਛਕਾਏ। ਸਬਜ਼ੀ ਚ ਇੰਨਾ ਪਾਣੀ ਸੀ ਕਿ ਇਕ ਬੰਦਾ ਕਹਿੰਦਾ ਕਿ ਆਲੂ ਤਾਂ ਕੌਲੀ ਚ ਗੋਤਾ ਲਾ ਕੇ ਟੋਲਣਾ ਪੈਂਦਾ। ਇਕ ਹੋਰ ਕਹਿੰਦਾ,,,,,,,,,ਬੁੜ੍ਹਾ ਤਾ ਐਹੋ ਜਿਹਾ ਹੋਣਾ ਚਾਹੀਦਾ ਜਿਹੜਾ ਚਿੱਬੜਾਂ ਦੇ ਸਿਰ ਤੇ ਦਰਜਨ ਨਿਆਣੇ ਪਾਲ ਗਿਆ।
ਬਈ ਇਹ ਗੱਲਾਂ ਕੁੱਝ ਮੈਨੂੰ ਲੋਕਾਂ ਨੇ ਤੇ ਕੁੱਝ ਬਾਬੇ ਨੇ ਆਪ ਸੁਣਾਈਆਂ ਸਨ। ਸਾਡੇ ਬਾਬੇ ਦੀਆਂ ਗੱਲਾਂ ਸੁਣ ਕੇ ਤਾਂ ਤੁਸੀਂ ਵੀ ਮੰਨ ਗਏ ਹੋਣੇ ਕਿ ਸਾਡਾ ਬਾਬਾ ਬਹੁਤ ਕੌਤਕੀ ਸੀ।
One Comment
A very nice story.. bahut hi vadhia lagga parh k 🙂