“ਸ਼ਬਦ” ਗੁਰੁ
ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥
ਇਹ ਸ਼ਬਦ ਗੁਰੁ ਅਮਰਦਾਸ ਜੀ ਨੇ ਸਿਰੀਰਾਗ ਵਿੱਚ ਪੰਨਾ 67 ਉੱਤੇ ਦਰਜ ਕੀਤਾ ਹੈ। ਜਦੋਂ ਵੀ ਗੁਰਬਾਣੀ ਦੀ ਮਹਾਨਤਾ ਨੂੰ ਕੋਈ ਦੱਸਦਾ ਹੈ ਤਾਂ ਇਹ ਤੁਕਾਂ ਵਰਤੀਆਂ ਜਾਦੀਆਂ ਹਨ ਅਤੇ ਸਾਡੇ ਅਚੇਤ ਮਨ ਵਿੱਚ ਵਸੀਆਂ ਹੋਈਆਂ ਹਨ। ਤਕਰੀਬਨ ਸਾਰੇ ਹੀ ਧਰਮਾਂ ਵਿੱਚ ਉਸ ਸੱਚੇ ਨਾਮ ਦੀ ਬੜੀ ਮਹਾਨਤਾ ਹੈ ਜਿਸ ਤੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ। ਸਾਂਇਸ ਵੀ “ਬਿੱਗ ਬੈਂਗ ਥੀਊਰੀ” ਰਾਹੀਂ ਥੋੜਾ-ਥੋੜਾਂ ਮੰਨ ਰਹੀ ਹੈ ਕਿ ਬ੍ਰਹਿਮੰਡ ਧੁਨੀਆਂ ਤੋਂ ਪ੍ਰਗਟ ਹੁੰਦਾ ਹੈ। ਇਸੇ ਹੀ ਸ਼ਬਦ ਵਿੱਚ ਉਸ ਨਾਮ ਦਾ ਸਾਫ ਵਰਨਣ ਹੈ ਜਿਸ ਇੱਕ ਨਾਮ ਨੂੰ ਪੜਨਾ ਹੈ ਅਤੇ ਬੁਝਣਾ ਹੈ;
ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥
ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥੪॥
ਪਰ ਇਹ ਨਾਮ ਹੈ ਕੀ? ਇਹ ਕੋਈ ਕੋਈ ਬੁਝਦਾ ਹੈ ਅਤੇ ਇਸੇ ਹੀ ਸ਼ਬਦ ਦੇ ਅਖੀਰ ਵਿੱਚ ਤੀਜੇ ਗੁਰੁ ਸਮਝਾਉਂਦੇ ਹਨ ਕਿ ਗੁਰ ਕੇ ਸ਼ਬਦ ਰਾਹੀਂ ਨਾਮ ਦੀ ਵਡਿਆਈ ਮਿਲਦੀ ਹੈ।
ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥
ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨
ਇਸੇ ਹੀ ਨਾਮ ਨੂੰ ਵੇਦ ਅਤੇ ਉਪਨਿਸ਼ਠ – ਹਰੀ ਨਾਮ, ਜੋਗੀ – ਅਨਹਦ ਨਾਦ ਜਾਂ ਅਲੱਖ ਨਾਮ, ਬਾਈਬਲ – ਵਰਡ ਜਾਂ ਲੋਗੋਸ, ਕੁਰਾਨ – ਕਲਮਾ ਆਦਿ ਕਹਿੰਦੇ ਹਨ। ਸਭ ਦੇ ਅੰਦਰ ਜਿੰਨੇ ਵੀ ਕਣ ਜਾਂ ਐਟਮ ਹਨ, ਉਸੇ ਤੋਂ ਹੀ ਪੈਦਾ ਹੋਏ ਹਨ ਅਤੇ ਇਹ ਗਿਆਨ ਉਸ ਕਰਤੇ ਦੀ ਸੋਝੀ ਬਖਸ਼ਦਾ ਹੈ ਅਤੇ ਇਸੇ ਹੀ ਕਰਕੇ ਮੇਰੇ ਲਈ ਪੂਜਣ ਯੋਗ ਹੈ। ਇਸੇ ਹੀ ਕਰਕੇ ਸਿੱਖ ਵਾਸਤੇ “ਸ਼ਬਦ” ਗੁਰੁ ਹੈ । ਬੇਅਦਬੀ ਕਰਨ ਵਾਲਿਆਂ ਨੂੰ ਸੁਮੱਤ ਆਵੇ, ਇਹੀ ਅਰਦਾਸ ਹੈ।
“ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਨੇ ਹਰ ਸਿੱਖ ਨੂੰ ਇਹ ਗੱਲ ਕਹੀ ਸੀ ਸ਼ਬਦ ਨਾਲ ਜੁੜੋਗੇ ਤਾਂ ਵਿਛੜੋਗੇ ਨਹੀਂ ਪਰ ਸਰੀਰ ਨਾਲ ਮਿਲੋਗੇ ਤਾਂ ਵਾਰਵਾਰ ਵਿਛੜੋਗੇ। ਦਸਾਂ ਗੁਰੂ ਜਾਮਿਆਂ ਨੇ ਸ਼ਬਦਗੁਰੂ ਦਾ ਹੀ ਪ੍ਰਚਾਰ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੀ ਗੁਰੂ ਗ੍ਰੰਥ ਸਾਹਿਬ ਦਾ ਕਰ ਦਿੱਤਾ ਸੀ। ਸ਼ਬਦ ਨੂੰ ਗੁਰੂ ਤਾਂ ਗੁਰੂ ਨਾਨਕ ਦੇਵ ਨੇ ਹੀ ਕਹਿ ਦਿੱਤਾ ਸੀ। ਦਸਾਂ ਗੁਰੂ ਵਿਅੱਕਤੀਆਂ ਨੇ ਇਹੀ ਗੱਲ ਕਹੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਅੰਤਿਮ ਰਸਮ ਵੀ ਅਦਾ ਕਰ ਦਿੱਤੀ। ਐਸਾ ਨਾ ਸੋਚਣਾ ਕਿ ਪਹਿਲਾਂ ਬਾਣੀ ਦਾ ਆਦਰ ਅਦਬ ਨਹੀਂ ਸੀ, ਨਹੀਂ…. ਖੁਦ ਗੁਰੂ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਦੇ ਸਨ, ਬਾਣੀ ਦਾ ਆਦਰ ਕਰਦੇ ਸਨ” -ਗਿਆਨੀ ਜਸਵੰਤ ਸਿੰਘ ਪ੍ਰਵਾਨਾ
0 Comments