ਉੱਤਰੀ ਭਾਰਤ ਵਿੱਚ ਵੱਧ ਰਹੇ ਜਾਅਲੀ ਬਾਬੇ, ਅਖੌਤੀ ਸੰਤ ਅਤੇ ਧਾਰਮਿਕ ਪਖੰਡੀਆਂ ਨੂੰ ਨੱਥ ਪਾਉਣ ਲਈ ਅੱਜ ਹੀ ਸਕੀਮ ਆਈ। ਮੇਰੇ ਸਾਹਮਣੇ ਮੇਰੀ ਕਾਰ ਦੀ ਰਜ਼ਿਸਟਰੇਸ਼ਨ ਆਈ ਪਈ ਸੀ। ਕਾਗਜ਼ ਸਾਹਮਣੇ ਪਏ ਸੀ, ਇੱਕ ਤਾਂ $738 ਡਾਲਰ ਫੀਸ ਸਰਕਾਰ ਦੀ ਸੀ, ਪਰ ਨਾਲ ਹੀ ਪਿੰਕ ਸਲਿੱਪ(ਮਕੈਨਿਕ ਦਾ ਸਰਟੀਫਿਕੇਟ) ਅਤੇ ਗੀਰਨ ਸਲਿੱਪ(ਦੂਜਿਆਂ ਦਾ ਬੀਮਾ) ਵੀ ਪਏ ਸਨ। ਮੈਂ ਸੋਚ ਰਿਹਾ ਸੀ ਦੇਖੋ ਸਰਕਾਰ ਜਨਤਾ ਦਾ ਕਿੰਨਾ ਖਿਆਲ ਰੱਖਦੀ ਹੈ, ਹਰ ਸਾਲ ਪਹਿਲਾਂ ਮਕੈਨਿਕ ਗੱਡੀ ਚੈਕ ਕਰੇਗਾ ਕਿ ਟਾਇਰ ਸਹੀ ਹਨ, ਇੰਜਨ ਧੂੰਆਂ ਤਾਂ ਨਹੀਂ ਮਾਰਦਾ, ਬਰੇਕਾਂ ਠੀਕ ਨੇ, ਲਾਈਟਾਂ ਪੂਰੀਆਂ ਜਲਦੀਆਂ ਨੇ? ਚਲੋਂ ਇਹ ਵੀ ਪੂਰਾ ਹੋ ਜਾਵੇਗਾ, ਇੱਥੇ ਹੀ ਬੱਸ ਨਹੀਂ। ਫਿਰ ਇੱਕ ਬੀਮਾ ਵੀ ਕਰਵਾਉਣਾ ਪੈਣਾ ਹੈ ਕਿ ਜੇ ਗੱਡੀ ਦੀ ਟਕੱਰ ਹੋ ਜਾਵੇ ਤਾਂ ਜਿਹੜੀ ਸਵਾਰੀ ਜਾਂ ਰਾਹੀ ਜ਼ਖਮੀ ਹੁੰਦੇ ਹਨ ਉਹਨਾਂ ਨੂੰ ਵੀ ਮੁਆਵਜ਼ਾ ਮਿਲੇ। ਇਹ ਕਾਨੂੰਨ ਉਦੋਂ ਲਿਆਉਣਾ ਦੀ ਲੋੜ ਪਈ ਹੋਵੇਗੀ ਜਦੋਂ ਕਾਰਾਂ-ਗਡੀਆਂ ਦਾ ਰੁਝਾਨ ਵਧਿਆ ਤੇ ਫਿਰ ਦੇਖੋ ਦੇਖੀ ਬਹੁਤ ਹੋ ਗਈਆਂ ਅਤੇ ਫਿਰ ਸੜਕ ਤੇ ਕਈਆਂ ਨੇ ਕੱਚਾ ਧੂਆਂ ਮਾਰਿਆ, ਪ੍ਰਦੁਸ਼ਨ ਵਧੀ, ਹਾਦਸੇ ਵੱਧੇ, ਲੋਕ ਜ਼ਖਮੀ ਹੋਏ ਮਾਰੇ ਗਏ ਅਤੇ ਵੇਪਰਵਾਹੀ ਵੱਧੀ।
ਭਾਰਤ ਵਿੱਚ, ਖਾਸ ਕਰਕੇ ਪੰਜਾਬ ਵਿੱਚ, ਵੀ ਹੁਣ ਅਖੌਤੀ ਸੰਤ, ਬਾਬੇ(ਜਿਹੜੇ ਅਜੇ ਪਿਉ ਵੀ ਨਹੀਂ ਬਣੇ) ਵੀ ਸਮਾਜ ਅਤੇ ਧਰਮ ਵਿੱਚ ਕੱਚਾ ਧੂੰਆਂ ਮਾਰ ਰਹੇ ਹਨ। ਦਿਨੋ-ਦਿਨ ਇਹ ਹਾਦਸਾ ਗ੍ਰਸਤ ਹੋ ਰਹੇ ਹਨ ਅਤੇ ਲੱਖਾਂ ਉਪਭੋਗਤਾ(ਕਾਨਸਿਊਂਮਰ) ਪੀੜਿਤ ਹਨ। ਇਹਨਾਂ ਨੇ ਟੈਕਸ-ਫਰੀ ਆਮਦਾਨ ਦੇ ਕਾਨੂੰਨਾ ਦੀਆਂ ਧੱਜੀਆਂ ਉਡਾਈਆਂ ਪਈਆਂ ਹਨ। ਅਸਲ ਵਿੱਚ ਇਹ ਬਿਜ਼ਨਸ ਹੋਰ ਕਰਦੇ ਹਨ ਪਰ ਆਮਦਨ ਚੰਦੇ ਵਿੱਚ ਦਿਖਾਕੇ ਟੈਕਸ ਚੋਰੀ ਕਰਦੇ ਹਨ। ਇਹ ਸਮਾਜ ਵਿੱਚ ਵਪਾਰਕ ਖੇਤਰ ਵਿੱਚ ਵੀ ਲੁੱਟ ਹੀ ਹੈ ਅਤੇ ਆਮ ਦੁਕਾਨਦਾਰ ਅਤੇ ਵਪਾਰੀ ਪੀੜਿਤ ਹੈ। ਇਸ ਵਰਤਾਰੇ ਨੂੰ ਦੇਖ ਕੇ ਮੇਰੇ ਮਨ ਵਿੱਚ ਕਈ ਚਿਰਾਂ ਤੋਂ ਇਕ ਸਕੀਮ ਆਈ ਸੀ ਪਰ ਹੁਣ ਉਹ ਭੱਜ ਚੁੱਕੀ ਹੈ।
ਮੋਟਰ ਗੱਡੀਆਂ ਵਾਂਗ ਇਹਨਾਂ ਦੀ ਵੀ ਰਜ਼ਿਸਟਰੇਸ਼ਨ ਹੋਣੀ ਜਰੂਰੀ ਹੋ ਗਈ ਹੈ। ਸਾਲਾਨਾ ਫੀਸ ਤਕਰੀਬਨ 4 ਲੱਖ ਦੇ ਕਰੀਬ ਹੋਣੀ ਚਾਹੀਦੀ ਹੈ, ਮੈਡੀਕਲ ਸਰਟੀਫਿਕੇਟ ਵੀ ਜ਼ਰੂਰੀ ਹੈ, ਲੋਕਾਂ ਦੇ ਨੁਕਸਾਨ ਕਰਨ ਦੇ ਕੇਸ ਵਿੱਚ ਬੀਮਾ ਕਰਵਾਉਣਾ ਵੀ ਅਤੇ ਪੁਲਿਸ ਕਲੀਰੈਂਸ ਵੀ। ਇਸਦੇ ਕਈ ਫਾਇਦੇ ਹਨ ਅਤੇ ਨੁਕਸਾਨ ਵੀ, ਚਲੋ ਪਹਿਲਾਂ ਫਾਇਦੇ ਦੇਖਦੇ ਹਾਂ। ਪਹਿਲਾ, ਸਰਕਾਰ ਨੂੰ ਆਮਦਨ ਹੋਵੇਗੀ। ਇਸ ਪੈਸੇ ਨਾਲ ਉਹ ਸਕੂਲ, ਹਸਤਪਤਾਲ, ਆਦਿ ਚਲ ਸਕਦੇ ਹਨ, ਨੌਕਰੀਆਂ ਮਿਲਣਗੀਆਂ। ਦੂਸਰਾ ਜੋ ਰੱਬੀ ਹੁਕਮ ਤੋਂ ਬਾਹਰੇ ਹੋ ਕੇ ਝੜਾਵਾ ਲੈ ਕੇ ਦਾਤਾਂ ਦਾ ਆਸ਼ੀਰਵਾਦ ਦਿੰਦੇ ਹਨ ਉਸ ਤੋਂ ਜੋ ਨੁਕਸਾਨ ਹੁੰਦਾ ਹੈ ਤਾਂ ਸ਼ਰਥਾਲੂ ਨੂੰ ਮੁਆਵਜ਼ਾ ਮਿਲ ਸਕੇ। ਫਿਰ ਦੇਖਿਉ ਕਿਸ ਤਰਾਂ ਇਹ ਸ਼ਰਧਾਲੂ ਇਹਨਾਂ ਨੂੰ ਫਸਾਉਣ ਲਈ ਪਾਪੜ ਵੇਲਦੇ ਹਨ ਅਤੇ ਕਿਸ ਤਰਾਂ ਬਾਬੇ ਸ਼ਰਧਾਲੂਆਂ ਤੋਂ ਭੱਜਦੇ ਹਨ। ਤੀਸਰਾ, ਕੱਚਾ ਧੂਆਂ ਮਾਰਨ ਦੇ ਹਾਲਾਤ ਵਿੱਚ ਫਿਰ ਸਰਕਾਰ ਵੀ ਜਵਾਬ ਦੇਅ ਹੋਊ ਕਿਉਂਕਿ ਆਖਰਕਾਰ ਇਹ “ਸਰਕਾਰੀ ਸੰਤ” ਜੋ ਹੋਣੇ ਨੇ।
ਮੈਂ ਇਹ ਸਕੀਮ ਚਰਨਾਮਤ ਸਿੰਘ ਹੁਣਾ ਨਾਲ ਸਾਂਝੀ ਕਰ ਬੈਠਾ। ਉਹ ਵੀ ਮੇਰੇ ਵਾਂਗ ਅੰਦਰੋਂ ਲੂਹ ਹੋਏ ਪਏ ਨੇ ਸਕੀਮਾਂ ਨਾਲ। ਕਹਿੰਦੇ “ਅਮਨ ਇਦਾਂ ਕਿਦਾਂ ਇੱਕ ਬਰਾਬਰ ਰਜ਼ਿਸਟਰੇਸ਼ਨ ਹੋ ਜੂ, ਟਰੱਕ ਦਾ ਹੋਰ ਰੇਟ ਹੁੰਦਾ, ਕਾਰ ਦਾ ਹੋਰ ਤੇ ਵਿਚਾਰੀ ਲੂਨਾ ਦਾ ਹੋਰ!” ਮੈ ਕਿਹਾ “ਭਾਜੀ ਮੰਨ ਗਏ ਤੁਹਾਡੀ ਸਕੀਮ ਨੂੰ ਵੀ, ਕਰਤੀ ਫਿਰ ਚਾਨਕਿਆ ਨੀਤੀ ਲਾਗੂ ਰਜ਼ਿਸਟਰੇਸ਼ਨ ‘ਚ। ਫਿਰ ਤਾਂ ਲੂਨਾ ਵੀ ਟਰੱਕ ਦੀ ਪਰਚੀ ਲਿਆ ਕਰੂ”। “a ਅਮਨ ਤਾਂ ਹੀ ਤਾਂ ਮੈਂ ਕਹਿਨਾ, ਫਿਰ ਇਹ ਸਟੇਜਾਂ ਤੋਂ ਬੈਠਕੇ ਕਿਹਾ ਕਰਨਗੇ ਕਿ ਉਹ ਫਲਾਨੇ ਕੋਲ ਨ ਕਿਤੇ ਫਸ ਜਾਇਉ, ਉਹ ਤਾਂ ਦੋ ਟੈਰੀ ਈ ਆ ਬੱਸ ਪਰਚੀ ਹੀ ਟਰੱਕ ਦੀ ਆ”।
ਚਲੋ ਇਹ ਤਾਂ ਮਜ਼ਾਕ ਸੀ। ਹੁਣ ਮੁੱਦੇ ਤੇ, ਪਹਿਲਾਂ ਵੀ ਮੇਰੀ ਇਹੀ ਰਾਇ ਸੀ ਕਿ ਸੰਤ ਅਤੇ ਬਾਬੇ ਦੀ ਪਵਿਤਰ ਪਦਵੀ ਮਹਾਂਪੁਰਖ ਦੇ ਜੀਵਨ ਨੂੰ ਪੜਚੋਲ ਕੇ ਉਸ ਦੇ ਸਰੀਰ ਛੱਡਣ ਤੋਂ ਬਾਅਦ ਮਿਲਣੀ ਚਾਹੀਦੀ ਹੈ। ਮੌਜੂਦਾ ਬਾਬਿਆਂ ਅਤੇ ਸੰਤਾਂ ਨੂੰ ਸਲਾਹ ਹੈ ਕਿ ਆਪ ਹੀ ਇਹ ਪਦਵੀ ਤਿਆਗ ਦੇਣ ਅਤੇ ਅਕਾਲ ਪੁਰਖ ਦੀ ਸੇਵਾ ਅਤੇ ਪਰਚਾਰ ਵਿੱਚ ਲੱਗ ਜਾਣ। ਮੈਂ ਗੁਰੁ ਅਮਰਦਾਸ ਜੀ ਦੀ ਉਦ੍ਹਾਰਣ ਦੇਣਾ ਚਾਹਾਂਗਾ ਕਿ ਬਾਰਾਂ ਸਾਲ ਉਹਨਾਂ ਨੇ ਪਾਣੀ ਢੋਹ ਕੇ ਗੁਰੁ ਅੰਗਦ ਜੀ ਨੂੰ ਇਸ਼ਨਾਨ ਕਰਵਾਉਣ ਦੀ ਸੇਵਾ ਕੀਤੀ ਅਤੇ ਫਿਰ ਗੁਰੁ ਪਦਵੀ ਵੀ ਮਿਲੀ ਪਰ ਜੇ ਉਹਨਾਂ ਦੀ ਬਾਣੀ ਪੜ੍ਹੀਏ ਤਾਂ ਕਿਤੇ ਵੀ ਉਹਨਾਂ ਦੀ ਸੇਵਾ ਦਾ ਜ਼ਿਕਰ ਨਹੀਂ ਕੀਤਾ, ਸਿਰਫ ਨਾਮ ਅਤੇ ਅਕਾਲ ਪੁਰਖ ਦੀ ਹੀ ਉਸਤਤ ਹੈ। ਇਸਨੂੰ ਕਹਿੰਦੇ ਨੇ “ਨਿਮਾਣੇ ਨੂੰ ਮਾਣ”।
ਹੁਣ ਇਸ ਸਕੀਮ ਦੇ ਨੁਕਸਾਨ। ਪਿਛਲੀਆਂ ਸਕੀਮਾ ਦੇ ਅੰਕੜਿਆਂ ਨੂੰ ਦੇਖਦੇ ਹੋਏ ਇਹੀ ਸਿੱਟਾ ਨਿੱਕਲਦਾ ਹੈ ਕਿ ਇਸਦਾ ਕੋਈ ਵੀ ਨੁਕਸਾਨ ਨਹੀਂ। ਕਿਉਂ? ਕਿਉਂਕਿ ਨੁਕਸਾਨ ਤਾਂ ਹੀ ਹੋਵੇਗਾ ਜੇ ਸਾਡੀ ਸਕੀਮ ਪਹਿਲਾਂ ਕਿਸੇ ਨੇ ਮੰਨੀ ਹੋਵੇ, ਤਾਂ ਹੀ ਤਾਂ ਪਈ ਪਈ ਭੁੱਜ ਗਈ।
0 Comments