Email: [email protected]
Telegram: @harmanradio
Phone: +61285992811

Baba Farid :: ਆਜੁ ਮਿਲਾਵਾ ਸੇਖ ਫਰੀਦ

ਆਜੁ ਮਿਲਾਵਾ ਸੇਖ ਫਰੀਦ: ਇੰਜ. ਜਸਵੰਤ ਸਿੰਘ ਜ਼ਫ਼ਰ

Baba ji

This article was published in the first edition of Kookaburra Magazine in 2014 

Fariduddin Ganjshakar

ਬਾਲਕ ਫ਼ਰੀਦ ਦਾ ਜਨਮ ਬਾਹਰਵੀਂ ਸਦੀ ਦੇ ਸੱਤਵੇਂ-ਅੱਠਵੇਂ ਦਹਾਕੇ ਦੇ ਕਿਸੇ ਸਾਲ ਭਾਵ ਗੁਰੂ ਨਾਨਕ ਤੋਂ ਤਕਰੀਬਨ ਤਿਂਨ ਸਦੀਆਂ ਪਹਿਲਾਂ ਮੁਲਤਾਨ ਦੇ ਇਲਾਕੇ ‘ਚ ਇਕ ਨਿੱਕੇ ਜਿਹੇ ਪਿੰਡ ‘ਚ ਗਰੀਬ ਮੌਲਵੀ ਦੇ ਘਰ ਹੋਇਆ।

baba farid ji

ਬਾਬਾ ਫ਼ਰੀਦ ਜੀ ਨੂੰ ਜਦ ਅਸੀਂ ਪੰਜਾਬੀ ਜ਼ੁਬਾਨ ਦਾ ਪਹਿਲਾ ਕਵੀ ਆਖਦੇ ਹਾਂ ਤਾਂ ਇਹਦਾ ਇਹ ਭਾਵ ਬਿਲਕੁਲ ਨਹੀਂ ਕਿ ਉਹਨਾਂ ਤੋਂ ਪਹਿਲਾਂ ਪੰਜਾਬੀ ਜ਼ੁਬਾਨ ਬੋਲੀ ਨਹੀਂ ਸੀ ਜਾਂਦੀ। ਅਸਲ ਵਿਚ ਉਸ ਵੇਲੇ ਸਰਕਾਰੀ ਜ਼ੁਬਾਨ ਫਾਰਸੀ ਸੀ, ਅਰਬੀ ਮੁੱਖ ਤੌਰ ਤੇ ਮੁਸਲਿਮ ਆਲਮਾਂ ਅਤੇ ਇਲਮ ਦੀ ਬੋਲੀ ਸੀ, ਸੰਸਕ੍ਰਿਤ ਸਨਾਤਨੀ ਵਿਦਵਾਂਨਾ ਦੀ ਭਾਸ਼ਾ ਸੀ ਅਤੇ ਪੰਜਾਬੀ ਇਸ ਖਿੱਤੇ ਦੇ ਆਮ ਲੋਕਾਂ ਦੀ ਬੋਲ ਚਾਲ ਦੀ ਜ਼ੁਬਾਨ ਸੀ ਜਿਸ ਦੀ ਸਾਹਿਤ ਜਾਂ ਚਿੰਤਨ ਦੇ ਖੇਤਰ ਵਿਚ ਨਾ ਕੋਈ ਮਾਨਤਾ ਸੀ ਅਤੇ ਨਾ ਕੋਈ ਦਖ਼ਲ ਸੀ। ਇਸ ਤਰ੍ਹਾਂ ਬਾਬੇ ਫ਼ਰੀਦ ਤੋਂ ਪਹਿਲਾਂ ਸਥਾਨਕ ਲੋਕਾਂ ਦੀ ਇਸ ਜ਼ੁਬਾਨ ਵਿਚ ਸ਼ਾਇਰੀ ਦੀ ਕੋਈ ਰਵਾਇਤ ਨਹੀਂ ਸੀ। ਬਾਬੇ ਫ਼ਰੀਦ ਨੇ ਲੋਕਾਂ ਦੀ ਇਸ ਜ਼ੁਬਾਨ ਵਿਚ ਕਾਵਿ ਸਿਰਜ ਕੇ ਤਿੰਨ ਮੁੱਖ ਭਾਸ਼ਾਵਾਂ ਦੀ ਇਜਾਰੇਦਾਰੀ ਅਤੇ ਗਲਬੇ ਨੂੰ ਤੋੜਨ ਦਾ ਯਤਨ ਕੀਤਾ। ਲੋਕਾਂ ਦੀ ਭਾਸ਼ਾ ਦਾ ਰੁਤਬਾ ਉੱਚਾ ਕੀਤਾ। ਉਹਨਾਂ ਵਲੋਂ ਸਭਿਆਚਾਰਕ ਸਥਾਪਤੀ ਵਿਰੁੱਧ ਕੀਤੀ ਗਈ ਇਸ ਬਾਗੀਆਨਾ ਕਾਰਵਾਈ ਦਾ ਬਾਬੇ ਨਾਨਕ ਨੂੰ ਪਸੰਦ ਆਉਣਾ ਬੜਾ ਸੁਭਾਵਕ ਸੀ। ਕਿਉਂਕਿ ਜਿਸ ਵਰਗ ਵਿਚ ਬਾਬਾ ਨਾਨਕ ਪੈਦਾ ਹੋਏ ਉਥੇ ਬ੍ਰਾਹਮਣ ਸੰਸਕ੍ਰਿਤ ਨੂੰ ਦੇਵ ਭਾਸ਼ਾ ਆਖਦਾ ਸੀ, ਬ੍ਰਾਹਮਣ ਮੁਤਾਬਕ ਰੱਬਤਾ ਅਤੇ ਗਿਆਨ ਦੀ ਗੱਲ ਸਿਰਫ ਸੰਸਕ੍ਰਿਤ ਵਿਚ ਹੀ ਲਿਖੀ, ਪੜ੍ਹੀ, ਸੁਣੀ, ਵਿਚਾਰੀ ਜਾ ਸਕਦੀ ਸੀ। ਇਸ ਤਰ੍ਹਾਂ ਉਹ ਆਮ ਲੋਕਾਂ ਨੂੰ ਹਨੇਰੇ ਵਿਚ ਰੱਖ ਕੇ ਆਪਣੀ ਸਮਾਜਕ ਚੌਧਰ ਅਤੇ ਬੌਧਕ ਧੌਂਸ ਕਾਇਮ ਰੱਖ ਸਕਦਾ ਸੀ। ਇਸ ਤੋਂ ਉਲਟ ਗੁਰੂ ਨਾਨਕ ਆਮ ਬੰਦੇ ਨੂੰ ਗਿਆਨ ਦੇ ਭਾਗੀ ਅਤੇ ਭਾਗੀਦਾਰ ਬਣਾਉਣਾ ਚਾਹੁੰਦੇ ਸਨ ਅਤੇ ਬ੍ਰਾਹਮਣ ਦੇ ਇਕ ਵਿਸ਼ੇਸ਼ ਜਾਤੀ ਦੇ ਤੌਰ ਤੇ ਗਲਬੇ ਨੂੰ ਤੋੜਨਾ ਚਾਹੁੰਦੇ ਸਨ। ਇਸ ਲਈ ਉਹਨਾਂ ਇਸ ਵੱਡੇ ਸ਼ਾਇਰ ਦੀ ਲੋਕਾਂ ਦੀ ਜ਼ੁਬਾਨ ‘ਚ ਹੋਈ ਸ਼ਾਇਰੀ ਦੀ ਬੁਲੰਦੀ, ਸਮਰੱਥਾ ਅਤੇ ਜਲੌਅ ਨੂੰ ਲੋਕਾਈ ਸਾਹਮਣੇ ਵੱਡੇ ਆਦਰ ਮਾਣ ਨਾਲ ਪੇਸ਼ ਕਰਨ ਨੂੰ ਆਪਣੇ ਏਜੰਡੇ ਵਿਚ ਸ਼ਾਮਲ ਕੀਤਾ। ਗੁਰੂ ਅਰਜਨ ਸਾਹਿਬ ਵਲੋਂ ਸ਼੍ਰੀ ਆਦਿ ਗਰੰਥ ਦੀ ਸੰਪਾਦਨਾ ਨਾਲ ਇਸ ਏਜੰਡੇ ਨੂੰ ਸੰਪੂਰਨਤਾ ਮਿਲੀ ਅਤੇ ਸ਼੍ਰੀ ਆਦਿ ਗਰੰਥ ਵਿਚ ਬਾਬਾ ਜੀ ਦੀ ਬਾਣੀ ਸ਼ੇਖ ਫਰੀਦ ਦੇ ਨਾਂ ਨਾਲ ਦਰਜ ਹੋਈ। ਗੁਰੂ ਸਾਹਿਬਾਨ ਨੇ ਸ਼੍ਰੀ ਆਦਿ ਗਰੰਥ ਨੂੰ ਹੋਰ ਗੁਣਾ ਦੇ ਨਾਲ ਨਾਲ ਕਾਵਿ ਤੇ ਸੰਗੀਤ ਕਲਾ ਦੇ ਉਚਤਮ ਮਿਆਰਾਂ ਨੂੰ ਸਥਾਪਤ ਕਰਨ ਅਤੇ ਲੋਕਾਂ ਦੀ ਜ਼ੁਬਾਨ ਦੀ ਅਮੀਰੀ ਪ੍ਰਗਟ ਕਰਨ ਵਾਲੇ ਅਜੂਬੇ ਦੇ ਤੌਰ ਤੇ ਵੀ ਸਥਾਪਤ ਕਰਨਾ ਸੀ। ਇਸ ਲਈ ਉਹਨਾਂ ਬਾਬਾ ਫਰੀਦ ਦੇ ਕਾਵਿ ਦੇ ਉਹ ਸਾਰੇ ਅੰਸ਼ ਵੀ ਸ਼ਾਮਲ ਕੀਤੇ ਜਿਹਨਾਂ ਨਾਲ ਉਹਨਾਂ ਦਾ ਸਿਧਾਂਤਕ ਵਖਰੇਵਾਂ ਸੀ ਜਾਂ ਅਸਹਿਮਤੀ ਸੀ। ਇਹਨਾਂ ਅਸਹਿਮਤੀਆਂ ਨੂੰ ਗੁਰੂ ਸਾਹਿਬਾਨਾਂ ਨੇ ਕਈ ਥਾਈਂ ਜ਼ਾਹਰਾ ਤੌਰ ਤੇ ਆਪਣੀਆਂ ਟਿੱਪਣੀਆਂ ਦੇ ਰੂਪ ਵਿਚ ਦਰਜ ਕੀਤਾ।ਕਈ ਵਖਰੇਵਿਆਂ ਨੂੰ ਸਮੁੱਚੀ ਬਾਣੀ ਦੇ ਤੁਲਨਾਤਮਕ ਵਿਸ਼ਲੇਸ਼ਣ ਰਾਹੀਂ ਵੀ ਨਿਤਾਰਿਆ ਜਾ ਸਕਦਾ ਹੈ।

ਬਾਬਾ ਫ਼ਰੀਦ ਜੀ ਦਾ ਜੋ ਪੰਜਾਬੀ ਕਲਾਮ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ, ਉਸ ਦਾ ਹੋਰ ਕੋਈ ਪੁਰਾਤਨ ਸਰੋਤ ਨਹੀਂ ਹੈ। ਹਾਲਾਂ ਕਿ ਦੂਸਰੀਆਂ ਜ਼ੁਬਾਨਾਂ ਵਿਚਲਾ ਉਹਨਾਂ ਦਾ ਕਲਾਮ ਹੋਰ ਥਾਈਂ ਮਿਲਦਾ ਹੈ। ਇਹ ਬਾਣੀ ਬਾਬਾ ਫ਼ਰੀਦ ਜੀ ਤੋਂ ਢਾਈ ਸਦੀਆਂ ਬਾਅਦ ਉਹਨਾਂ ਦੀ ਦਰਗਾਹ ਅਜੋਧਨ (ਹੁਣ ਪਾਕ ਪਤਨ) ਵਿਖੇ ਬਾਬਾ ਨਾਨਕ ਜੀ ਨੇ ਆਪਣੀ ਤੀਸਰੀ ਉਦਾਸੀ ਦੌਰਾਨ ਹਾਸਲ ਕੀਤੀ। ਇਸ ਸਮੇਂ ਤੱਕ ਬਾਬਾ ਨਾਨਕ ਜੀ ਮਹਾਨ ਰਚਨਾਕਾਰਾਂ ਦੀ ਬਾਣੀ ਲੱਭਣ, ਖੋਜਣ, ਇਕੱਠੀ ਕਰਨ ਅਤੇ ਸੰਭਾਲਣ ਵਾਲੀ ਮਹਾਨ ਸੰਸਥਾ ਦੇ ਤੌਰ ਤੇ ਸਥਾਪਤ ਹੋ ਚੁੱਕੇ ਸਨ। ਬਾਬਾ ਫ਼ਰੀਦ ਦੇ ਗੱਦੀ ਨਸ਼ੀਨ ਜਾਂ ਵੰਸ਼ਜਾਂ ਨੇ ਇਹ ਬਾਣੀ ਮੂਲ ਰੂਪ ਵਿਚ ਹੀ ਪੂਰੇ ਭਰੋਸੇ ਨਾਲ ਬਾਬਾ ਨਾਨਕ ਜੀ ਦੇ ਸਪੁਰਦ ਕਰ ਦਿੱਤੀ ਹੋਵੇਗੀ ਅਤੇ ਇਸ ਦੇ ਮਹਿਫੂਜ਼ ਹੋਣ ਪ੍ਰਤੀ ਬੇਫਿਕਰ ਅਤੇ ਸੁਰਖ਼ਰੂ ਮਹਿਸੂਸ ਕੀਤਾ ਹੋਵੇਗਾ। ਜਿਸ ਕਰਕੇ ਉਹਨਾਂ ਇਸ ਦਾ ਕੋਈ ਉਤਾਰਾ ਸੰਭਾਲਣ ਜਾਂ ਹੋਰ ਕਿਧਰੇ ਦਰਜ ਕਰਨ ਦੀ ਸ਼ਾਇਦ ਲੋੜ ਨਹੀਂ ਸਮਝੀ।

ਬਾਲਕ ਫ਼ਰੀਦ ਦਾ ਜਨਮ ਬਾਹਰਵੀਂ ਸਦੀ ਦੇ ਸੱਤਵੇਂ-ਅੱਠਵੇਂ ਦਹਾਕੇ ਦੇ ਕਿਸੇ ਸਾਲ ਭਾਵ ਗੁਰੂ ਨਾਨਕ ਤੋਂ ਤਕਰੀਬਨ ਤਿਂਨ ਸਦੀਆਂ ਪਹਿਲਾਂ ਮੁਲਤਾਨ ਦੇ ਇਲਾਕੇ ‘ਚ ਇਕ ਨਿੱਕੇ ਜਿਹੇ ਪਿੰਡ ‘ਚ ਗਰੀਬ ਮੌਲਵੀ ਦੇ ਘਰ ਹੋਇਆ। ਛੋਟੀ ਉਮਰ ਵਿਚ ਹੀ ਅਰਬੀ ਅਤੇ ਫਾਰਸੀ ਜ਼ੁਬਾਨਾ ਚੰਗੀ ਤਰ੍ਹਾਂ ਸਿੱਖ ਲਈਆਂ ਅਤੇ ਇਹਨਾਂ ਦਾ ਕਾਫੀ ਸਾਹਿਤ ਪੜ੍ਹਿਆ। ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰ ਲਿਆ। ਫਰੀਦ ਦੀ ਤੀਖਣ ਬੁੱਧੀ ਅਤੇ ਇਲਮ ਵਿਚ ਦਿਲਚਸਪੀ ਨੂੰ ਦੇਖਦਿਆਂ ਗਰੀਬੀ ਦੇ ਬਾਵਜੂਦ ਉਸ ਨੂੰ ਮੁਲਤਾਨ ਉਚੇਰੀ ਸਿੱਖਿਆ ਲਈ ਭੇਜਿਆ ਗਿਆ ਜੋ ਉਸ ਸਮੇਂ ਇਲਮ ਦਾ ਵੱਡਾ ਕੇਂਦਰ ਸੀ। ਉਹਨਾਂ ਦਿਨਾਂ ‘ਚ ਹੁਸ਼ਿਆਰ ਵਿਦਿਆਰਥੀ ਵਧੇਰੇ ਰੋਹਬ ਦਾਬ ਅਤੇ ਪੱਕੀ ਤਨਖਾਹ ਵਾਲੇ ਰੁਤਬੇ ਜਿਵੇਂ ਕਾਜੀ, ਮੁਫਤੀ ਜਾਂ ਹੋਰ ਸਰਕਾਰੀ ਅਹਿਲਕਾਰ ਹੋਣਾ ਪਸੰਦ ਕਰਦੇ ਸਨ। ਫ਼ਰੀਦ ਏਨਾ ਹੋਣਹਾਰ ਅਤੇ ਕਾਬਲ ਨੌਜਵਾਨ ਸੀ ਕਿ ਉਹ ਕੁਝ ਵੀ ਹੋ ਸਕਦਾ ਸੀ। ਪਰ ਉਸ ਨੇ ਸੁੱਖ ਸਹੂਲਤਾਂ ਅਤੇ ਰੁਤਬੇ ਵਾਲੀ ਜ਼ਿੰਦਗੀ ਦੀ ਬਜਾਏ ਲਗਾਤਾਰ ਤੁਰਦੇ ਰਹਿਣ ਵਾਲਾ ਸ਼ਾਇਰੀ, ਇਲਮ ਅਤੇ ਰੱਬਤਾ ਵਾਲਾ ਕਠਨਾਈਆਂ ਅਤੇ ਮੁਸ਼ਕਲਾਂ ਭਰਿਆ ਰਸਤਾ ਚੁਣਿਆਂ। ਪਰ ਉਹ ਆਪਣੇ ਆਪ ਨੂੰ ਅਜਿਹੇ ਰਸਤੇ ਤੇ ਤੁਰਨ ਲਈ ਹੀ ਬਣਿਆਂ ਮਹਿਸੂਸ ਕਰਦੇ ਸਨ। ਉਹਨਾਂ ਨੂੰ ਇਸ ਰਸਤੇ ਤੇ ਚੱਲਣ ਨਾਲ ਜੋ ਆਨੰਦ ਤੇ ਖੁਮਾਰੀ ਵਾਲਾ ਰਸ ਹਾਸਲ ਹੋਣਾ ਸੀ ਉਹ ਸੰਸਾਰੀ ਜਾਂ ਪਦਾਰਥੀ ਪ੍ਰਾਪਤੀਆਂ ‘ਚੋਂ ਨਹੀਂ ਸੀ ਹੋਣਾ:

ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ॥

ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥

ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ॥

ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ॥ (1379, ਫਰੀਦ ਜੀ)

ਆਪ ਨੇ ਦਿੱਲੀ ਵਿਖੇ ਸੂਫੀਆਂ ਦੇ ਚਿਸ਼ਤੀਆ ਫਿਰਕੇ ਦੇ ਮੁਖੀ ਖਵਾਜਾ ਕੁਤਬੂਦੀਨ ਬਖ਼ਤਿਆਰ ਕਾਕੀ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ।ਚਿਸ਼ਤੀ ਸੂਫ਼ੀ ਇਸਲਾਮ ਤੋਂ ਇਲਾਵਾ ਦੂਸਰੇ ਮਜ਼ਹਬਾਂ ਦੀਆਂ ਗੱਲਾਂ ਪੜ੍ਹਨ, ਜਾਣਨ, ਸਿੱਖਣ ਦੇ ਆਹਰ ਵਿਚ ਵੀ ਰਹਿੰਦੇ ਸਨ। ਇਸ ਕਰਕੇ ਬਾਬੇ ਫਰੀਦ ਦੀ ਬਾਣੀ ਵਿਚ ਸਨਾਤਨੀ ਸ਼ਬਦਾਵਲੀ ਦਾ ਰੰਗ ਵੀ ਦੇਖਿਆ ਜਾ ਸਕਦਾ ਹੈ:

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ (488, ਫਰੀਦ ਜੀ)

ਪਿਰਹਿ ਬਿਹੂਨ ਕਤਹਿ ਸੁਖੁ ਪਾਏ॥ ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ॥

ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥ (794, ਫਰੀਦ ਜੀ)

ਚਿਸ਼ਤੀਆ ਸੂਫ਼ੀ ਬੰਦਗੀ ਲਈ ਜੋਗੀਆਂ ਵਾਲੀਆਂ ਕਈ ਕਰੜੀਆਂ ਵਿਧੀਆਂ ਵੀ ਅਪਣਾਉਂਦੇ ਸਨ। ਇਹਨਾਂ ਕਰੜਾਈਆਂ ਨੂੰ ਸੁੱਖਾਂ ਦਾ ਅਤੇ ਬਹੁਤਾ ਖਾਣ ਪੀਣ ਨੂੰ ਆਪਣੇ ਦੁੱਖਾਂ ਦਾ ਆਧਾਰ ਮੰਨਦੇ ਸਨ। ਦਿੱਲੀ ਰਹਿੰਦਿਆਂ ਫਰੀਦ ਜੀ ਨੇ ਆਪਣੇ ਮੁਰਸ਼ਦ ਦੀ ਨਿਗਰਾਨੀ ਹੇਠ ਕਰੜੀ ਬੰਦਗੀ ਕੀਤੀ। ਭੁੱਖਿਆਂ ਤਿਰਹਾਇਆਂ ਲੰਮੇ ਚਿਲੇ ਕੱਟੇ:

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥

ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ॥ (1379, ਫਰੀਦ ਜੀ)

ਫਰੀਦ ਜੀ ਦਾ ਮੱਤ ਬਣ ਗਿਆ ਸੀ ਕਿ ਹੋਰ ਸਾਰੇ ਰਸਾਂ ਰੰਗਾਂ ਨੂੰ ਜਵਾਨੀ ਵਿਚ ਹੀ ਤਿਆਗ ਕੇ ਰੱਬ ਦੀ ਬੰਦਗੀ ਦੇ ਰੰਗ ਨੂੰ ਧਾਰਨ ਕਰਨਾ ਚਾਹੀਦਾ ਹੈ।ਜਵਾਨੀ ‘ਚ ਚੜ੍ਹਿਆ ਭਗਤੀ ਰੰਗ ਹੀ ਬੁਢਾਪੇ ‘ਚ ਕਾਇਮ ਰਹਿ ਸਕਦਾ ਹੈ:

ਫਰੀਦਾ ਕਾਲਂੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥

ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥ (1378, ਫਰੀਦ ਜੀ)

ਫ਼ਰੀਦ ਜੀ ਦਾ ਉਪਰੋਕਤ ਸਲੋਕ ਗੁਰੂ ਨਾਨਕ, ਗੁਰੂ ਅੰਗਦ ਦੀ ਮਾਰਫ਼ਤ ਜਦ ਗੁਰੂ ਅਮਰਦਾਸ ਕੋਲ ਪਹੁੰਚਦਾ ਹੈ ਤਾਂ ਉਹਨਾਂ ਨੂੰ ਇਹ ਅਟਪਟਾ ਜਿਹਾ ਲੱਗਦਾ ਹੈ। ਬਾਬਾ ਅਮਰਦਾਸ ਜੀ ਨੂੰ ਗੁਰਸ਼ਬਦ ਦੀ ਛੋਹ ਬੁਢਾਪੇ ਵਿਚ ਹਾਸਲ ਹੋਈ ਅਤੇ ਭਗਤੀ ਦਾ ਰੰਗ ਵਡੇਰੀ ਉਮਰ ਵਿਚ ਚੜ੍ਹਿਆ ਇਸ ਲਈ ਉਮਰ ਦੇ ਲਿਹਾਜ਼ ਨਾਲ ਉੇਹਨਾਂ ਦਾ ਅਨੁਭਵ ਫ਼ਰੀਦ ਜੀ ਤੋਂ ਵੱਖਰਾ ਹੈ। ਇਸ ਲਈ ਉਹਨਾਂ ਫ਼ਰੀਦ ਜੀ ਦੇ ਇਸ ਸਲੋਕ ਨਾਲ ਆਪਣੇ ਵਲੋਂ ਅਸਹਿਮਤੀ ਦਰਜ ਕੀਤੀ ਕਿ ਪਿਆਰੇ ਨਾਲ ਪ੍ਰੀਤ ਉਮਰ ਤੇ ਨਿਰਭਰ ਨਹੀਂ ਕਰਦੀ, ਨਾ ਇਹ ਆਪਣੇ ਚਾਹੁਣ ਜਾਂ ਲਾਉਣ ਨਾਲ ਲੱਗਦੀ ਹੈ, ਇਹ ਸਭ ਤਾਂ ਪ੍ਰਮਾਤਮਾ ਦੀ ਮਰਜ਼ੀ ਅਤੇ ਮਿਹਰ ਤੇ ਨਿਰਭਰ ਕਰਦਾ ਹੈ:

ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ॥

ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ॥

ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥ (1378, ; 3)

ਫ਼ਰੀਦ ਜੀ ਨੇ ਆਪਣੇ ਮੁਰਸ਼ਦ ਦੇ ਆਦੇਸ਼ ਨਾਲ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਯਾਤਰਾ ਕੀਤੀ। ਪੈਦਲ ਯਾਤਰਾਵਾਂ ਕਰਨ ਨਾਲ ਉਹਨਾਂ ਨੂੰ ਧਰਤੀ ਨਾਲ ਗਹਿਰੀ ਤਰ੍ਹਾਂ ਜੁੜਨ ਦਾ ਅਵਸਰ ਮਿਲਿਆ। ਇਸ ਕਰਕੇ ਬਹੁਤ ਸਾਰੇ ਭੂ-ਦ੍ਰਿਸ਼ਾਂ ਦਾ ਉਹਨਾਂ ਦੇ ਕਲਾਮ ਵਿਚ ਆਗਮਨ ਹੋਇਆ, ਜਿਵੇਂ ਮੈਦਾਨ, ਕੱਲਰੀ ਧਰਤੀ, ਢਾਹਾ, ਟੋਏ, ਟਿੱਬੇ, ਛੱਪੜ, ਸਰਵਰ, ਜੰਗਲ, ਦਰਿਆ, ਪੱਤਣ, ਪਹਾੜ, ਬਾਗ, ਮਾਰੂਥਲ, ਖੇਤ, ਰਸਤੇ ਆਦਿ। ਰੁੱਤਾਂ, ਰੁੱਖਾਂ, ਫ਼ਸਲਾਂ ਦੇ ਨਾਲ ਨਾਲ ਕਈ ਪ੍ਰਕਾਰ ਦੇ ਪੰਛੀਆਂ ਦਾ ਆਉਣਾ ਹੋਇਆ, ਜਿਵੇਂ ਕੋਇਲ, ਕੂੰਜ, ਹੰਸ, ਬਗਲਾ, ਕਾਂ, ਬਾਜ ਆਦਿ। ਉਹਨਾਂ ਆਪਣੀਆਂ ਯਾਤਰਾਵਾਂ ਦੌਰਾਨ ਬਗਦਾਦ, ਕੰਧਾਰ, ਗਜ਼ਨੀ, ਖੁਰਾਸਾਨ, ਬੁਖਾਰਾ ਆਦਿ ਥਾਵਾਂ ਤੇ ਸਥਿਤ ਇਲਮ ਦੇ ਕੇਂਦਰਾਂ ਤੇ ਜਾ ਕੇ ਆਪਣੇ ਮਸਤਕ ਨੂੰ ਰੌਸ਼ਨ ਕੀਤਾ। ਦੁਨੀਆਂ ਨੂੰ ਖੂਬ ਦੇਖਿਆ, ਜਾਣਿਆਂ ਅਤੇ ਸਮਝਿਆ। ਇਸਲਾਮ ਦੇ ਸਾਰੇ ਰੰਗਾਂ ਢੰਗਾਂ ਨੂੰ ਜਾਨਣ ਸਮਝਣ ਦੇ ਨਾਲ ਨਾਲ ਹੋਰ ਮਜ਼ਹਬਾਂ ਦੇ ਵਿਚਾਰਾਂ ਨਾਲ ਵੀ ਸਾਂਝ ਪਾਈ। ਹੋਰ ਧਰਤੀਆਂ ਤੇ ਵਿਚਰਦਿਆਂ, ਹੋਰ ਲੋਕਾਂ ਨੂੰ ਮਿਲਦਿਆਂ, ਹੋਰ ਸੱਭਿਆਚਾਰਾਂ ਨੂੰ ਦੇਖਦਿਆਂ ਉਹਨਾਂ ਦੇ ਅੰਦਰ ਆਪਣੀ ਧਰਤੀ ਅਤੇ ਆਪਣੇ ਸੱਭਿਆਚਾਰ ਨਾਲ ਸੰਵਾਦ ਵੀ ਚਲਦਾ ਰਿਹਾ। ਉਹ ਆਪਣੀ ਧਰਤੀ ਦੇ ਲੋਕਾਂ ਲਈ ਬੜੇ ਨਿਵੇਕਲੇ ਅਤੇ ਅੱਲੋਕਾਰੇ ਸੁਨੇਹੇ ਵੀ ਲਿਖਦੇ ਰਹੇ:

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ॥

ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥ (1378, ਫ਼ਰੀਦ ਜੀ)

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (1382, ਫ਼ਰੀਦ ਜੀ)

ਫਰੀਦ ਜੀ ਜਿਸ ਸੱਭਿਆਚਾਰ ਨਾਲ ਸਬੰਧਤ ਸਨ ਜਾਂ ਜਿਸ ਖਿੱਤੇ ਵਿਚ ਉਹ ਜੰਮੇ, ਪਲ਼ੇ ਅਤੇ ਰਹੇ ਸਨ ਉਥੇ “ਬੁਰੇ ਦਾ ਭਲਾ” ਵਾਲੀ ਸਿਆਣਪ ਸ਼ਾਇਦ ਲੋਕ-ਮਨ ਦਾ ਹਿੱਸਾ ਨਹੀਂ ਸੀ।ਕਮਜ਼ੋਰ ਨਾਲ ਅਨਿਆਂ ਅਤੇ ਮਾਸੂਮ ਤੇ ਜ਼ੁਲਮ, ਜਾਂ ਕਹਿ ਲਓ “ਭਲੇ ਨਾਲ ਬੁਰਾ” ਤਾਂ ਬਹੁਤ ਸੀ, “ਭਲੇ ਦਾ ਭਲਾ” ਗਰਜ਼ ਮੁਤਾਬਕ ਹੋ ਸਕਦਾ ਹੈ ਪਰ “ਬੁਰੇ ਦਾ ਭਲਾ” ਸੋਚਿਆ ਨਹੀਂ ਸੀ ਜਾਂਦਾ।ਵੈਸੇ ਇਹ ਤੱਥ ਅਜੇ ਤੱਕ ਇਸ ਖਿੱਤੇ ਦੇ ਸੱਭਿਆਚਾਰ ਦੀ ਤਾਸੀਰ ਵਿਚ ਗੁੰਨ੍ਹਿਆਂ ਹੋਇਆ ਹੈ। ਫ਼ਰੀਦ ਜੀ ਦੇ ਇਸ ਉਪਦੇਸ਼ ਨੂੰ ਬਾਬਾ ਨਾਨਕ ਜੀ ਹੋਰ ਗੂੜ੍ਹਾ ਅਤੇ ਗਹਿਰਾ ਕਰਨਾ ਚਾਹੁੰਦੇ ਹਨ। ਉਹਨਾਂ ਮੁਤਾਬਕ ਸਾਨੂੰ ਬੁਰੇ ਦਾ ਭਲਾ ਕਰਨ ਵਿਚ ਓਨਾ ਚਿਰ ਦਿੱਕਤ ਆਉਂਦੀ ਰਹੇਗੀ ਜਦ ਤੱਕ ਬੁਰੇ ਨੂੰ ਬੁਰਾ ਸਮਝਦੇ ਰਹਾਂਗੇ ਜਾਂ ਕਹਿ ਅਓ ਕਿ ਜਦ ਤੱਕ ਬੁਰੇ ਅਤੇ ਭਲੇ ਨੂੰ ਅਲਹਿਦਾ ਅਲਹਿਦਾ ਤਸਲੀਮ ਕਰਾਂਗੇ ਤਦ ਤੱਕ ਸਾਡਾ ਮਨ ਬੁਰੇ ਦਾ ਭਲਾ ਕਰਨ ਵੱਲ ਰੁਚਿਤ ਨਹੀਂ ਹੋਵੇਗਾ। ਇਸ ਲਈ ਬਾਬਾ ਨਾਨਕ ਜੀ ਬੁਰੇ ਨੂੰ ਬੁਰਾ ਸਮਝਣ ਤੇ ਹੀ ਰੋਕ ਲਾਉਂਦੇ ਹਨ:

ਬੁਰਾ ਭਲਾ ਕਹੁ ਕਿਸ ਨੋ ਕਹੀਐ॥ ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ॥ (353, ; 1)

ਗੁਰੂ ਨਾਨਕ ਹੋਰਾਂ ਨੂੰ ਬੁਰੇ ਅਤੇ ਭਲੇ ਵਿਚ ਨਿਖੇੜਨ ਤੇ ਰੋਕ ਲਾਉਣ ਲਈ ਕਬੀਰ ਜੀ ਦੀ ਦੱਸੀ ਜੁਗਤ ਦੀ ਪੁਸ਼ਟੀ ਕਰਦੇ ਹਨ ਕਿ ਸਾਰੇ ਲੋਕ ਤਾਂ ਹੀ ਭਲੇ ਲੱਗ ਸਕਦੇ ਹਨ ਜੇ ਅਸੀਂ ਆਪਣੇ ਆਪ ਨੂੰ ਬੁਰੇ ਅਤੇ ਹੋਰਨਾਂ ਨੂੰ ਆਪਣੇ ਤੋਂ ਚੰਗੇ ਸਮਝੀਏ:

ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥ (1364, ਕਬੀਰ ਜੀ)

ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ (728, ; 1)

ਗੁਰੂ ਨਾਨਕ ਦੂਸਰੇ ਸ਼ਬਦਾਂ ਵਿਚ ਸਪਸ਼ਟ ਕਰਦੇ ਹਨ ਕਿ ਫ਼ਰੀਦ ਜੀ ਦੇ ‘ਬੁਰੇ ਦਾ ਭਲਾ ਕਰਨ’ ਦੇ ਉਪਦੇਸ਼ ਨੂੰ ਤਾਂ ਹੀ ਜੀਵਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੀ ਹਾਊਮੈ ਤਿਆਗ ਸਕਦੇ ਹੋਈਏ:

ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ॥

ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ॥ (1015, ; 1)

ਇਹ ਗੱਲ ਜਿੰਨੀ ਕਹਿਣੀ ਸੌਖੀ ਹੈ ਸੁਣਨੀ ਓਸ ਤੋਂ ਔਖੀ, ਮੰਨਣੀ ਓਸ ਤੋਂ ਵੀ ਔਖੀ ਅਤੇ ਅਪਨਾਉਣੀ ਲਗਪਗ ਅਸੰਭਵ ਹੈ।ਜਿਸ ਧਰਤੀ ਦੇ ਸੱਭਿਆਚਾਰ ਵਿਚ ‘ਦੁਸ਼ਮਣੀ’ ਅਤੇ ‘ਬਦਲਾ’ ਏਨਾ ਰਚਿਆ ਹੋਵੇ ਉਥੋਂ ਦੇ ਲੋਕ-ਮਨ ਵਿਚ ਉਪਰੋਕਤ ਵਿਚਾਰ ਨੂੰ ਟਿਕਾਉਣਾ ਬਹੁਤ ਕਠਿੱਨ ਹੈ। ਇਸ ਲਈ ਗੁਰੂ ਅਰਜਨ ਜੀ ਮਹਿਸੂਸ ਕਰਦੇ ਹਨ ਕਿ ਇਸ ਵਿਚਾਰ ਨੂੰ ਵਾਰ ਵਾਰ ਦੁਹਰਾਉਣ ਦੀ ਲੋੜ ਹੈ ਕਿ ਸਿੱਖ ਨੇ ਕਿਸੇ ਨੂੰ ਆਪਣਾ ਦੁਸ਼ਮਣ ਕਰਕੇ ਨਹੀਂ ਜਾਨਣਾ, ਕਿਸੇ ਨਾਲ ਵੈਰ ਨਹੀਂ ਕਮਾਉਣਾ, ਕਿਸੇ ਪ੍ਰਤੀ ਬਦਲੇ ਦੀ ਭਾਵਨਾ ਨਹੀਂ ਰੱਖਣੀ:

ਜਬ ਧਾਰੈ ਕੋਊ ਬੈਰੀ ਮੀਤੁ॥ ਤਬ ਲਗੁ ਨਿਹਚਲੁ ਨਾਹੀ ਚੀਤੁ ॥ (278, ; 5)

ਬੁਰਾ ਭਲਾ ਕੋਈ ਨ ਕਹੀਜੈ॥ ਛੋਡਿ ਮਾਨੁ ਹਰਿ ਚਰਨ ਗਹੀਜੈ ॥ (186, ; 5)

ਮਨ ਅਪੁਨੇ ਤੇ ਬੁਰਾ ਮਿਟਾਨਾ॥ ਪੇਖੈ ਸਗਲ ਸ੍ਰਿਸਟਿ ਸਾਜਨਾ ॥ (266, ; 5)

ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮਾਰੇ ॥ (383, ; 5)

ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥ (386, ; 5)

ਬੈਰੀ ਸਭਿ ਹੋਵਹਿ ਮੀਤ॥ ਨਿਰਮਲੁ ਤੇਰਾ ਹੋਵੈ ਚੀਤ ॥ (895, ; 5)

ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥ (1077, ; 5)

ਬੈਰੀ ਮੀਤ ਹੋਏ ਸੰਮਾਨ॥ ਸਰਬ ਮਹਿ ਪੂਰਨ ਭਗਵਾਨ ॥ (1147, ; 5)

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥ (1299, ; 5)

ਇਹ ਗਿਣਤੀ ਦੀਆਂ ਉਦਾਹਰਨਾ ਹਨ, ਪਰ ਗੁਰੂ ਸਾਹਿਬ ਨੇ ਇਸ ਸੰਦੇਸ਼ ਨੂੰ ਅਣਗਿਣਤ ਵਾਰ ਦੁਹਰਾਇਆ ਹੈ। ਇਸ ਦੇ ਬਾਵਜੂਦ ਗੁਰਮਤਿ ਵਿਚਾਰਧਾਰਾ ਦਾ ਇਹ ਬੁਨਿਆਦੀ ਤੱਤ ਸਥਾਨਕ ਸੱਭਿਆਚਾਰ ਦੇ ‘ਦੁਸ਼ਮਣੀ’ ਅਤੇ ‘ਬਦਲਾ’ ਦੇ ਤੱਤ ਨੂੰ ਅਜੇ ਤੱਕ ਮਾਤ ਨਹੀਂ ਦੇ ਸਕਿਆ। ਮੈਂ ਆਪਣੇ ਬਚਪਨ ਤੋਂ ਹੁਣ ਤੱਕ ਸਿੱਖ ਸਟੇਜਾਂ ਤੋਂ ਸਿੱਖ ਪ੍ਰਚਾਰਕਾਂ, ਢਾਡੀਆਂ, ਕਵੀਸ਼ਰਾਂ, ਲੀਡਰਾਂ ਅਤੇ ਸਿੱਖ ਮੀਡੀਏ ਤੋਂ ਇਹੀ ਸੁਣਿਆਂ ਹੈ ਅਤੇ ਸਿੱਖ ‘ਹਤੈਸ਼ੀ’ ਅਖ਼ਬਾਰਾਂ, ਰਸਾਲਿਆਂ ‘ਚ ਇਹੀ ਪੜ੍ਹਿਆ ਹੈ ਕਿ ਸਿੱਖਾਂ ਦੇ ਮੁਗਲ ਦੁਸ਼ਮਨ, ਅਫਗਾਨ ਦੁਸ਼ਮਨ, ਡੋਗਰੇ ਦੁਸ਼ਮਨ, ਮਰਹੱਟੇ ਦੁਸ਼ਮਨ, ਅੰਗਰੇਜ਼ ਦੁਸ਼ਮਨ, ਮਹੰਤ ਦੁਸ਼ਮਨ, ਮੁਸਲਮਾਨ ਦੁਸ਼ਮਨ, ਕਾਂਗਰਸ ਦੁਸ਼ਮਨ, ਕੇਂਦਰ ਦੁਸ਼ਮਨ, ਹਿੰਦੂ ਦੁਸ਼ਮਨ, ਆਰ.ਐਸ.ਐਸ. ਦੁਸ਼ਮਨ, ਕਮਿਊਨਿਸਟ ਦੁਸ਼ਮਨ, ਮੀਡੀਆ ਦੁਸ਼ਮਨ। ਕਈ ਵਾਰ ਤਾਂ ਗੱਲ ਇਸ ਤੋਂ ਵੀ ਅਗਾਂਹ ਚਲੀ ਜਾਂਦੀ ਹੈ ਕਿ ਮਾਸਟਰ ਤਾਰਾ ਸਿੰਘ ਦੁਸ਼ਮਨ, ਲੌਂਗੋਵਾਲ ਦੁਸ਼ਮਨ ਵਗੈਰਾ ਵਗੈਰਾ। ਕਿਸੇ ਵਲੋਂ ਸਾਡੇ ਨਾਲ ਦੁਸ਼ਮਨੀ ਕਰਨਾ ਹੋਰ ਗੱਲ ਹੈ ਪਰ ਸਾਡਾ ਉਸ ਨੂੰ ਆਪਣਾ ਦੁਸ਼ਮਨ ਤਸਲੀਮ ਕਰਨਾ ਹੋਰ ਗੱਲ ਹੈ। ਗੁਰੂ ਸਾਹਿਬ ਤਾਂ ਕਹਿ ਰਹੇ ਹਨ ਕਿ ਸਿੱਖ ਹੋ ਕੇ ਉਹ ਅਵੱਸਥਾ ਧਾਰਨ ਕਰਨੀ ਹੈ ਜਿਥੇ ਕੋਈ ਦੁਸ਼ਮਨ ਮਹਿਸੂਸ ਹੀ ਨਾ ਹੋਵੇ, ਦੁਸ਼ਮਨੀ ਦਾ ਭਾਵ ਹਿਰਦੇ ਤੋਂ ਦੂਰ ਰਹੇ। ਪਰ ਸਾਨੂੰ ਸਾਰੇ ਹੀ ਦੁਸ਼ਮਨ ਲਗਦੇ ਹਨ, ਕੋਈ ਮੀਤ ਨਜ਼ਰ ਹੀ ਨਹੀਂ ਆਉਂਦਾ। ਗੁਰੂ ਦੇ ਸਨਮੁਖ ਸਾਡੀ ਸਥਿਤੀ ਕਿੰਨੀ ਹਾਸੋਹੀਣੀ ਹੈ, ਗੁਰੂ ਕਿਵੇਂ ਬਹੁੜੀ ਕਰੇਗਾ? ਸਾਡੇ ਮਨ ਨੂੰ ਜੋ ਹੁਲਾਰਾ ‘ਦੁਸ਼ਮਨੀ’ ਜਾਂ ‘ਬਦਲੇ’ ਦੇ ਜੈਕਾਰੇ ਜਾਂ ਲਲਕਾਰੇ ਨਾਲ ਮਿਲਦਾ ਹੈ ਉਹ ਗੁਰੂ ਦੇ ‘ਸਰਬੱਤ ਦੇ ਭਲੇ’ ਦੇ ਸੰਦੇਸ਼ ਨਾਲ ਨਹੀਂ ਮਿਲਦਾ। 1984 ਤੋਂ 1992 ਦੌਰਾਨ ਜਦ ਡਾਹਢੇ ਸਿੱਖਾਂ ਨੇ ਪੰਜਾਬੀ ਗਵੱਈਆਂ ਨੂੰ ਇਸ਼ਕੀਆ ਕਿਸਮ ਦੇ ਗੀਤ ਗਾਉਣ ਤੋਂ ਵਰਜ ਦਿੱਤਾ ਸੀ ਤਾਂ ਉਹਨਾਂ ਨੇ ਸਿਰਾਂ ਤੇ ਗੋਲ ਕੇਸਰੀ ਪਰਨੇ ਸਜਾ ਕੇ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਵਰਗੇ ਗੀਤ ਰਿਕਾਰਡ ਕਰਾਉਣੇ ਸ਼ੁਰੂ ਕਰ ਦਿਤੇ ਸਨ, ਜੋ ਲੱਚਰ ਗੀਤਾਂ ਨਾਲੋਂ ਵੀ ਜ਼ਿਆਦਾ ਮਕਬੂਲ ਹੋਏ। ਭਾਵ ਹਰੇਕ ਨੂੰ ਆਪਣਾ ਵੈਰੀ ਤਸਲੀਮ ਕਰਨਾ ਸਾਨੂੰ ਬੜਾ ਸੁਖਦ ਲੱਗਦਾ ਹੈ, ਆਪਣੀ ਵਡਿਆਈ ਲਗਦੀ ਹੈ।ਬਾਬਾ ਫ਼ਰੀਦ, ਕਬੀਰ ਜੀ, ਬਾਬਾ ਨਾਨਕ ਅਤੇ ਗੁਰੂ ਅਰਜਨ ਦੇ ਉਪਰੋਕਤ ਵਿਚਾਰਾਂ ਸਮੇਤ ਆਦਿ ਸ੍ਰੀ ਗਰੰਥ ਸਾਹਿਬ ਨੂੰ ਗੁਰੂ ਦਰਜਾ ਮਿਲਣ ਤੋਂ ਬਾਅਦ ਦੇ ਬਹੁ ਗਿਣਤੀ ਸਿੱਖ ਯੋਧਿਆਂ ਭਾਵ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸ. ਬਲਵੰਤ ਸਿੰਘ ਰਾਜੋਆਣਾ ਤੱਕ ਦੀ ਮਹਿਮਾ (ਸਮੇਤ ਸ. ਭਗਤ ਸਿੰਘ, ਸ. ਊਧਮ ਸਿੰਘ ਦੇ) ਅਸੀਂ ਉਹਨਾਂ ਵਲੋਂ ‘ਦੁਸ਼ਮਣਾਂ ਤੋਂ ਲਏ ਬਦਲੇ’ ਕਾਰਨ ਗਾਉਂਦੇ, ਸੁਣਦੇ ਅਤੇ ਜਾਣਦੇ ਹਾਂ। ਨਾ ਬਾਬਾ ਬੰਦਾ ਸਿੰਘ ਨੂੰ ਵੱਡੀਆਂ ਅਤੇ ਸਿਫਤੀ ਪ੍ਰਸ਼ਾਸਨਕ ਤਬਦੀਲੀਆਂ ਲਿਆਉਣ ਵਾਲੇ ਸ਼ਾਸਕ ਵਜੋਂ ਅਤੇ ਨਾ ਭਗਤ ਸਿੰਘ ਨੂੰ ਸਮਾਜਵਾਦੀ ਚਿੰਤਕ ਅਤੇ ਕਾਰਕੁੰਨ ਵਜੋਂ ਗਾਇਆ ਜਾਂਦਾ ਹੈ। ਸਰਬੱਤ ਦਾ ਭਲਾ ਚਾਹੁਣ ਵਾਲੇ ਅਤੇ ਮਨੁੱਖਤਾ ਦਾ ਦੁੱਖ ਘਟਾਉਣ ਵਾਲੇ ਭਗਤ ਪੂਰਨ ਸਿੰਘ ਦੀ ਬਜਾਏ ‘ਦੁਸ਼ਮਣਾ ਤੋਂ ਬਦਲਾ ਲੈਣ’ ਵਾਲੇ ਜਿਊਣੇ ਮੌੜ ਅਤੇ ਸੁੱਚੇ ਸੂਰਮੇ ਦੀਆਂ ਵਾਰਾਂ ਗਾਈਆਂ, ਸੁਣੀਆਂ ਜਾਂਦੀਆਂ ਹਨ। ਭਾਈ ਤਾਰੂ ਸਿੰਘ ਜੈਸੇ ਨਾਇਕ ਦੇ ਸਿੱਖੀ ਪਿਆਰ ਅਤੇ ਸਿੱਖੀ ਸਿਦਕ ਬਾਰੇ ਜਿੰਨੀ ਭਾਵਪੂਰਤ ਕਵਿਤਾ ਬੰਗਾਲ ‘ਚ ਬੈਠੇ ਰਾਵਿੰਦਰ ਨਾਥ ਟੈਗੋਰ ਨੇ ਲਿਖੀ ਓਨੀ ਵੱਡੇ ਤੋਂ ਵੱਡੇ ਪੰਜਾਬੀ ਜਾਂ ਕਿਸੇ ਸਿੱਖ ਕਵੀ ਦੇ ਲਿਖਣੀਂ ਭਾਗੀਂ ਨਹੀਂ ਹੋਈ। ਅਸੀਂੇ ਉਸ ਆਗੂ ਨੂੰ ਬਹੁਤ ਤੇਜ਼ੀ ਨਾਲ ਅਤੇ ਵੱਡੇ ਪੱਧਰ ਤੇ ਮਾਨਤਾ ਦਿੱਤੀ ਜਿਸ ਨੇ ‘ਦੁਸ਼ਟਾਂ ਨੂੰ ਸੋਧਣ’ ਜਾਂ ‘ਜ਼ਾਲਮਾ ਨੂੰ ਗੱਡੀ ਚਾੜ੍ਹਨ’ ਭਾਵ ਦੁਸ਼ਮਣਾਂ ਤੋਂ ਬਦਲਾ ਲੈਣ ਦੇ ‘ਹਿੱਟ ਲਿਸਟੀ’ ਖਿਆਲ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਿਆ। ‘ਦੁਸ਼ਮਣ ਤੋਂ ਬਦਲਾ ਲੈਣ’ ਦੀ ਇਕਲੌਤੀ ਯੋਗਤਾ ਦੇ ਆਧਾਰ ਤੇ ਇੱਕ ਸਿੰਘ ਨੂੰ ਸਰਬ ਉੱਚ ਧਾਰਮਕ ਪਦਵੀ ਤੇ ਵੀ ਬਿਰਾਜਮਾਨ ਕੀਤਾ ਗਿਆ।

Baba jiਪੰਜਾਬ ਦੇ ਮੁਸਲਮਾਨ ‘ਬੁਰੇ ਦਾ ਭਲਾ ਕਰਿ’ ਕਹਿਣ ਵਾਲੇ ਬਾਬਾ ਫਰੀਦ ਨੂੰ ਆਪਣਾ ਪੀਰ ਮੰਨਦੇ ਹਨ ਅਤੇ ਸਿੱਖ ‘ਬੁਰਾ ਨ ਦਿਸੈ ਕੋਇ’ ਕਹਿਣ ਵਾਲੇ ਬਾਬੇ ਨਾਨਕ ਨੂੰ ਆਪਣਾ ਪੈਗੰਬਰ ਜਾਣਦੇ ਹਨ। ਪਰ 1947 ਦੀ ਪੰਜਾਬ ਵੰਡ ਵੇਲੇ ਪੱਛਮੀ ਪਾਸੇ ਦੇ ਮੁਸਲਮਾਨਾਂ ਨੇ ਬੇਕਸੂਰ ਹਿੰਦੂ ਸਿੱਖਾਂ ਦਾ ਅਤੇ ਪੂਰਬੀ ਪਾਸੇ ਦੇ ਹਿੰਦੂ ਸਿੱਖਾਂ ਨੇ ਬੇਕਸੂਰ ਮੁਸਲਮਾਨਾ ਦਾ ਰੱਜ ਕੇ ਲਹੂ ਵਹਾਇਆ, ਮਾਸੂਮ ਬੱਚਿਆਂ ਨੂੰ ਨਹੀਂ ਬਖ਼ਸ਼ਿਆ, ਦਿਲ ਖੋਲ੍ਹ ਕੇ ਲੁੱਟਾਂ ਖੋਹਾਂ ਕੀਤੀਆਂ, ਔਰਤਾਂ ਦੀ ਰੱਜ ਕੇ ਬੇਪਤੀ ਕੀਤੀ। ਗੁਰਾਂ ਦੇ ਨਾਂ ਤੇ ਵਸਦੇ ਪੰਜਾਬ ਦੀ ਧਰਤੀ ਤੇ ਵਾਪਰਿਆ ਇਹ ਦੁਖਾਂਤ ਮਨੁੱਖੀ ਸਭਿਅਤਾ ਦੇ ਇਤਿਹਾਸ ਵਿਚ ਵਾਪਰੀਆਂ ਸਭ ਤੋਂ ਘਿਨਾਉਣੀਆਂ ਘਟਨਾਵਾਂ ਵਿਚ ਗਿਣਿਆਂ ਜਾਂਦਾ ਹੈ। ਅਸਲ ਵਿਚ “ਬੁਰੇ ਦਾ ਭਲਾ ਕਰਿ” ਕਹਿਣ ਵਾਲੇ ਬਾਬਾ ਫ਼ਰੀਦ ਤੋਂ ਲੈ ਕੇ “ਬੈਰੀ ਮੀਤ ਸਮਾਨਿ” ਕਹਿਣ ਵਾਲੇ ਗੁਰੂ ਤੇਗ ਬਹਾਦਰ ਤੱਕ ਸਾਰੇ ਰਹਿਬਰ ਗੁਰੂ ਗ੍ਰੰਥ ਸਾਹਿਬ ਦੇ ਰੂਪ ‘ਚ ਇਕਜੁੱਟ ਹੋ ਕੇ ‘ਦੁਸ਼ਮਣੀ’ ਅਤੇ ‘ਬਦਲਾ’ ਦੇ ਤੱਤ ਨੂੰ ਸਾਡੇ ਸੱਭਿਆਚਾਰ ‘ਚੋਂ ਮੇਟਣਾ ਚਾਹੁੰਦੇ ਹਨ। ਇਸ ਲਈ ਉਹ ਸਾਰੇ ‘ਹਊਮੈ’ ਨੂੰ ਮਿਟਾਉਣ ਦੀ ਗੁਹਾਰ ਲਗਾ ਰਹੇ ਹਨ। ਪਰ ਅਸੀਂ ਉਹਨਾਂ ਨੂੰ ਹਰਗਿਜ਼ ਕਾਮਯਾਬ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਸਾਡੇ ਪੰਜਾਬੀ ਸੱਭਿਆਚਾਰ ਦੀ ਤਾਂ ਬੱਲੇ ਬੱਲੇ ਹੀ ਇਸ ‘ਦੁਸ਼ਮਣੀ’ ਅਤੇ ‘ਬਦਲਾ’ ਦੇ ਤੱਤ ਕਾਰਨ ਹੈ। ਇਹ ਗੱਲ ਵੱਖਰੀ ਹੈ ਕਿ ਗੁਰੂ ਨੂੰ ਘਚਾਨੀ ਦੇਣ ਲਈ ਸਾਨੂੰ ਆਪਣੀ ਵਿਅਕਤੀਗਤ ਅਤੇ ਜਮਾਤੀ ਹਊਮੈ ਦਾ ਨਾਂ ਬਦਲ ਕੇ ‘ਅਣਖ’ ਰੱਖਣਾ ਪੈਂਦਾ ਹੈ।ਸਾਡੀਆਂ ਹੋਰ ਵੀ ਕਈ ਚੀਜ਼ਾਂ ਹਨ ਜੋ ਗੁਰੂ ਨੂੰ ਬਿਲਕੁਲ ਪਸੰਦ ਨਹੀਂ, ਅਸੀਂ ਉਹਨਾਂ ਨੂੰ ਤਿਆਗਣ ਦੀ ਬਜਾਏ ਉਹਨਾਂ ਦਾ ਨਾਂ ਬਦਲੀ ਕਰ ਲੈਂਦੇ ਹਾਂ।

ਪੁਰਾਣੇ ਜ਼ਮਾਨੇ ਵਿਚ ਰਾਜ ਭਾਗ ਤੇ ਕਬਜ਼ੇ ਦਾ ਫੈਸਲਾ ਜੰਗਾਂ-ਯੁੱਧਾਂ ਵਿਚ ਹੋਣ ਵਾਲੀ ਹਾਰ ਜਿੱਤ ਨਾਲ ਹੁੰਦਾ ਸੀ।ਜੰਗਾਂ ਯੁੱਧਾਂ ਦੀ ਹਿੰਸਾ ਤੋਂ ਨਜਾਤ ਪਾਉਣ ਲਈ ਸੱਭਿਅਕ ਲੋਕਾਂ ਨੇ ਚੋਣਾਂ ਜਾਂ ਵੋਟਾਂ ਦੀ ਕਾਢ ਕੱਢੀ।ਪਰ ਸਾਡਾ ਆਪਣੇ ਪੁਰਾਣੇ ਸੱਭਿਆਚਾਰ ਨਾਲ ਪਿਆਰ ਦੇਖੋ। ਅਸੀਂ ਅਜੇ ਵੀ ਚੋਣਾਂ ਵਿਚ ਭਾਗ ਲੈਣ ਨੂੰ ਚੋਣ ਲੜਨਾ, ਚੁਣੇ ਜਾਣ ਨੂੰ ਚੋਣ ਜਿੱਤਣਾ ਅਤੇ ਨਾ ਚੁਣੇ ਜਾਣ ਨੂੰ ਚੋਣ ਹਾਰਨਾ ਆਖਦੇ ਹਾਂ। ਗੱਲ ਕੀ, ਸਾਡਾ ਲੜਾਈ, ਟਾਕਰੇ, ਹਿੰਸਾ ਤੋਂ ਬਿਨਾ ਜਿਵੇਂ ਗੁਜ਼ਾਰਾ ਨਹੀਂ ਹੈ। ਹਿੰਸਾ, ਲੜਾਈ, ਬਦਲੇ, ਹੈਂਕੜ, ਧੌਂਸ ਅਦਿ ਦੇ ਮਸਾਲੇ ਨਾਲ ਨੱਕੋ ਨੱਕ ਭਰੇ ਪੰਜਾਬੀ ਗੀਤ ਗਾਉਣ ਵਾਲੇ ਗਵੱਈਏ ਜਦ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਵਾਲੇ ਰਖਵਾਲੇ ਦੱਸਦੇ ਹਨ ਤਾਂ ਜਾਪਦਾ ਹੈ ਕਿ ਉਹ ਠੀਕ ਹੀ ਕਹਿ ਰਹੇ ਹਨ ਕਿਉਂਕਿ ਅਜਿਹਾ ਕਰਕੇ ਉਹ ਪੰਜਾਬੀ ਸੱਭਿਆਚਾਰ ਨੂੰ ਗੁਰੂ ਗਰੰਥ ਸਾਹਿਬ ਦੇ ਫਲਸਫੇ ਦੇ ਪ੍ਰਭਾਵ ਤੋਂ ਬਚਾ ਰਹੇ ਹਨ। ਸਿੱਖ ਇਤਿਹਾਸ ਦੀ ਮਹਿਮਾ ਗਾਉਣ ਦੇ ਨਾਂ ਹੇਠ ਸਾਡੇ ਢਾਡੀ, ਕਵੀਸ਼ਰ ਵੀ ਮੁੱਖ ਤੌਰ ਤੇ ਏਹੀ ਸੇਵਾ ਨਿਭਾ ਰਹੇ ਹਨ।

ਦੁਸ਼ਮਨ ਵਲੋਂ ਇਕ ਗੱਲ੍ਹ ਤੇ ਚਪੇੜ ਮਾਰੇ ਜਾਣ ਤੇ ਦੂਜੀ ਗੱਲ੍ਹ ਅੱਗੇ ਕਰਨ ਵਾਲੀ ਮਹਾਤਮਾ ਗਾਂਧੀ ਦੀ ਗੱਲ ਦਾ ਪੰਜਾਬੀਆਂ ਵਲੋਂ ਬੜਾ ਮਜ਼ਾਕ ਉਡਾਇਆ ਜਾਂਦਾ ਹੈ ਹਾਲਾਂ ਕਿ ਮਹਾਤਮਾ ਗਾਂਧੀ ਦੀ ਇਸ ਗੱਲ ਦੀ ਭਾਵਨਾ ਪੰਜਾਬੀ ਦੇ ਮੋਢੀ ਸ਼ਾਇਰ ਬਾਬਾ ਫਰੀਦ ਦੇ ਗੁਰੂ ਗਰੰਥ ਸਾਹਿਬ ਵਿਚ ਦਰਜ “ਤਿਨਾ ਨ ਮਾਰੇ ਘੁੰਮਿ” ਅਤੇ “ਬੁਰੇ ਦਾ ਭਲਾ ਕਰਿ” ਵਾਲੇ ਦੋਹਾਂ ਸਲੋਕਾਂ ਦੇ ਬੜੀ ਨੇੜੇ ਤੇੜੇ ਹੈ। ਜਦ ਮੈਂ ਫ਼ਰੀਦ ਜੀ ਦੇ ਇਹਨਾਂ ਸਲੋਕਾਂ ਦਾ ਧਿਆਨ ਧਰਦਾ ਹਾਂ ਤਾਂ ਮੈਨੂੰ 1999 ਵਿਚ ਉੜੀਸਾ ‘ਚ ਇਕ ਪਰਿਵਾਰ ਨਾਲ ਵਾਪਰੀ ਭਿਆਨਕ ਘਟਨਾ ਯਾਦ ਆ ਜਾਂਦੀ ਹੈ। ਆਸਟ੍ਰੇਲੀਆ ਦੇ ਇਸਾਈ ਮਿਸ਼ਨਰੀ ਡਾ. ਗਰ੍ਹੱਮ ਸਟੇਨਜ਼ 1965 ਤੋਂ ਉਡੀਸਾ ਦੇ ਕਬਾਇਲੀ ਇਲਾਕਿਆਂ ਦੇ ਗਰੀਬਾਂ ਖਾਸਕਰ ਕੋਹੜ ਦੇ ਮਰੀਜ਼ਾਂ ਲਈ ਕੰਮ ਕਰਦੇ ਸਨ। ਕਬਾਇਲੀ ਲੋਕ ਉਹਨਾਂ ਨੂੰ ਮਸੀਹੇ ਵਾਂਗ ਸਮਝਦੇ ਸਨ। ਉਹਨਾਂ ਦੀ ਨੇਕੀ ਕਰਕੇ ਕਈ ਲੋਕ ਇਸਾਈਅਤ ਵੱਲ ਵੀ ਆਕਰਸ਼ਤ ਹੋਏ ਹੋਣਗੇ। ਇਸ ਗੱਲ ਤੋਂ ਖਫ਼ਾ ਹੋ ਕੇ ਇਕ ਮਜ਼ਹਬੀ ਸੰਗਠਨ ਦੇ ਕਾਰਕੁੰਨਾ ਨੇ ਇਕ ਰਾਤ ਉਹਨਾਂ ਨੂੰ ਉਹਨਾਂ ਦੇ 9 ਸਾਲ ਅਤੇ 6 ਸਾਲ ਦੇ ਪੁੱਤਰਾਂ ਸਮੇਤ ਉਸ ਸਮੇਂ ਜਿੰਦਾ ਜਲ਼ਾ ਦਿੱਤਾ ਜਦ ਉਹ ਤਿੰਨੋਂ ਆਪਣੀ ਗੱਡੀ ਵਿਚ ਸੁੱਤੇ ਪਏ ਸਨ। ਆਪਣੇ ਪਤੀ ਅਤੇ ਮਾਸੂਮ ਬੱਚਿਆ ਦੇ ਇਸ ਬੇਰਹਿਮ ਕਤਲ ਮਗਰੋਂ ਸ਼੍ਰੀਮਤੀ ਗਲੈਡੀ ਸਟੇਨਜ਼ ਨੇ ਆਪਣੇ ਅਦਾਲਤੀ ਬਿਆਨ ‘ਚ ਕਿਹਾ:

“ਡਾ. ਗਰ੍ਹੱਮ ਦੁਆਰਾ ਆਰੰਭੇ ਕਾਰਜ ਨੂੰ ਅੱਗੇ ਤੋਰਨ ਲਈ ਅਤੇ ਮੈਨੂੰ ਨੇਕੀ ਦਾ ਰਸਤਾ ਦਿਖਾਉਣ ਲਈ ਪ੍ਰਮਾਤਮਾ ਹਮੇਸ਼ਾ ਮੇਰੇ ਅੰਗ ਸੰਗ ਹੈ। ਮੈਨੂੰ ਆਪਣੇ ਪਤੀ ਅਤੇ ਬੱਚਿਆਂ ਦੇ ਏਨੀ ਬੇਰਹਿਮੀ ਨਾਲ ਮਾਰੇ ਜਾਣ ਤੇ ਕਈ ਵਾਰ ਹੈਰਾਨੀ ਤਾਂ ਹੁੰਦੀ ਹੈ ਪਰ ਮੇਰੇ ਦਿਲ’ਚ ਇਹ ਬਿਲਕੁਲ ਨਹੀਂ ਆਉਂਦਾ ਕਿ ਜਿੰਮੇਵਾਰ ਵਿਅਕਤੀਆਂ ਨੂੰ ਕੋਈ ਸਜ਼ਾ ਦਿੱਤੀ ਜਾਵੇ। ਮੈਨੂੰ ਆਸ ਹੈ ਕਿ ਉਹਨਾਂ ਦੇ ਮਨਾਂ ‘ਚ ਜ਼ਰੂਰ ਆਪਣੇ ਕੀਤੇ ਲਈ ਪਛਤਾਵਾ ਹੋਵੇਗਾ ਅਤੇ ਉਹ ਆਪਣੇ ਆਪ ਨੂੰ ਸੁਧਾਰ ਲੈਣਗੇ।”

ਸ਼੍ਰੀਮਤੀ ਗਲੈਡੀ ਨੇ ਆਪਣੇ ਪਤੀ ਡਾ. ਗਰ੍ਹੱਮ ਸਟੇਨਜ਼ ਤੋਂ ਮਗਰੋਂ ਉਸ ਦੇ ਮਿਸ਼ਨਰੀ ਕਾਰਜਾਂ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ, ਕੋਈ ਢਿੱਲ ਨਹੀਂ ਆਉਣ ਦਿੱਤੀ। ਕਬਾਇਲੀ ਖੇਤਰ ਵਿਚ ਕੋਹੜ ਦੇ ਰੋਗੀਆਂ ਦੀ ਭਲਾਈ ਲਈ ਕੀਤੇ ਕਾਰਜਾਂ ਲਈ ਉਸ ਨੂੰ 2005 ਵਿਚ ਪਦਮ ਸ਼੍ਰੀ ਐਵਾਰਡ ਦਿੱਤਾ ਗਿਆ। ਇਸ ਉਦਾਹਰਨ ਦਾ ਇਹ ਮਤਲਬ ਨਹੀਂ ਕਿ ਇਸਾਈਆਂ ਨੇ ਕਦੀ ਮਨੁੱਖਤਾ ਵਿਰੋਧੀ ਕੰਮ ਨਹੀਂ ਕੀਤੇ ਜਾਂ ਇਸਾਈਅਤ ਕਰਕੇ ਮਨੁੱਖਤਾ ਦਾ ਖੂਨ ਨਹੀਂ ਡੁਲ੍ਹਿਆ ਜਾਂ ਸਾਰੇ ਇਸਾਈ ਡਾ. ਗਰ੍ਹੱਮ ਜਾਂ ਗਲੈਡੀ ਸਟੇਨਜ਼ ਵਰਗੇ ਨੇਕ ਹਨ। ਅਸੀਂ ਜਾਣਦੇ ਹਾਂ ਕਿ ਸਿੱਖਾਂ ਤੇ ਸਟੇਨਜ਼ ਪਰਿਵਾਰ ਨਾਲੋਂ ਵੀ ਵੱਡੇ ਅਤੇ ਅਣਗਿਣਤ ਕਹਿਰ ਵਾਪਰੇ ਹਨ, ਅਸਹਿ ਅਤੇ ਅਕਹਿ ਕਸ਼ਟ ਸਹਾਰੇ ਹਨ ਪਰ ਗੁਰੂ ਸਾਹਿਬਾਨਾਂ ਤੋਂ ਮਗਰਲੇ ਸਿੱਖ ਇਤਿਹਾਸ ਵਿਚ ਕਿਸੇ ਵੀ ਦੁਖਦਾਈ ਘਟਨਾ ਮਗਰੋਂ ਕਦੀ ਇਹੋ ਜਿਹਾ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਜਿਸ ਤਰ੍ਹਾਂ ਦਾ ਅਸੀਂ ਸ਼੍ਰੀਮਤੀ ਗਲੈਡੀ ਦੇ ਲਫ਼ਜ਼ਾਂ ਵਿਚ ਉਪਰ ਪੜ੍ਹਿਆ ਹੈ। ਇਸ ਗੱਲ ਨੂੰ ਇਥੇ ਸਮੇਟਦਿਆਂ ਫ਼ਰੀਦ ਜੀ ਦਾ ਇਕ ਸਲੋਕ ਸਾਂਝਾ ਕਰਕੇ ਅੱਗੇ ਤੁਰਦੇ ਹਾਂ:

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ॥

ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ॥ (1382, ਫਰੀਦ ਜੀ)

ਅਸੀਂ ਬਾਬਾ ਫ਼ਰੀਦ ਦੇ ਦੂਰ ਦਰਾਜ਼ ਦੇ ਭਰਮਣ ਦੀ ਗੱਲ ਕਰ ਰਹੇ ਸੀ। ਵੱਖ ਵੱਖ ਥਾਵਾਂ ਦੀ ਲੰਮੀ ਯਾਤਰਾ ਤੋਂ ਪਰਤ ਕੇ ਜਦ ਦਿੱਲੀ ਮੁਰਸ਼ਦ ਸਨਮੁਖ ਹਾਜ਼ਰ ਹੋਏ ਤਾਂ ਖੁਆਜਾ ਬਖ਼ਤਿਆਰ ਕਾਕੀ ਨੇ ਉਹਨਾਂ ਨੂੰ ਹਾਂਸੀ ਨਗਰ ਵਿਖੇ ਡੇਰਾ ਕਰਨ ਦੀ ਹਦਾਇਤ ਕੀਤੀ। ਇਥੇ 20-22 ਸਾਲ ਰਹਿੰਦਿਆਂ ਉਹਨਾਂ ਲੋਕਾਈ ਨਾਲ ਆਪਣੇ ਵਿਚਾਰਾਂ ਅਤੇ ਅਨੁਭਵਾਂ ਦੀ ਸਾਂਝ ਕੀਤੀ। ਬਹੁਤੀ ਬਾਣੀ ਦੀ ਰਚਨਾ ਵੀ ਹਾਂਸੀ ਰਹਿੰਦਿਆਂ ਕੀਤੀ। ਇਥੇ ਹੀ ਉਹਨਾਂ ਦੀ ਪਹਿਲੀ ਸ਼ਾਦੀ ਹੋਈ। ਉਹਨਾਂ ਦਾ ਗ੍ਰਹਿਸਤ ਜੀਵਨ ਬਹੁਤ ਰਸੀਲਾ, ਇਕਸੁਰਤਾ ਅਤੇ ਸਕੂਨ ਭਰਿਆ ਸੀ। ਉਹਨਾਂ ਔਰਤ ਦੇ ਤਨ ਅਤੇ ਮਨ ਦੀਆਂ ਲੋੜਾਂ, ਉਮੰਗਾਂ, ਖਹਿਸ਼ਾਂ, ਪ੍ਰਗਟਾਵੇ ਅਤੇ ਉਹਨਾਂ ਦੇ ਪ੍ਰਸਪਰ ਸਬੰਧਾਂ ਦੇ ਹਵਾਲੇ ਨਾਲ ਬਹੁਤ ਹੀ ਦਿਲ ਟੁੰਬਵੇਂ ਕਲਾਮ ਦੀ ਸਿਰਜਨਾ ਕੀਤੀ। ਉਹ ਜਾਣਦੇ ਸਨ ਕਿ ਪੜ੍ਹਨਹਾਰ ਦੇ ਦਿਲ ਨੂੰ ਟੁੰਬਣ ਦੀ ਕਲਾ ਬਗੈਰ ਆਪਣੇ ਵਿਚਾਰ ਜਾਂ ਸੰਦੇਸ਼ ਨੂੰ ਟਿਕਾਣੇ ਸਿਰ ਨਹੀਂ ਪਹੁੰਚਾਇਆ ਜਾ ਸਕਦਾ:

ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ॥

ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥

ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ॥

ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ॥(488, ਫਰੀਦ ਜੀ)

ਕਾਲੀ ਕੋਇਲ ਤੂ ਕਿਤ ਗੁਨ ਕਾਲੀ॥

ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ॥ (794, ਫਰੀਦ ਜੀ)

ਇਕ ਆਪੀਨੈ ਪਤਲੀ ਸਹ ਕੇਰੇ ਬੋਲਾ॥ ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ॥

ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥ (794, ਫਰੀਦ ਜੀ)

ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ॥ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ॥(1377, ਫਰੀਦ ਜੀ)

ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥

ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ॥ (1379, ਫਰੀਦ ਜੀ)

ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ॥

ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ॥ (1381, ਫਰੀਦ ਜੀ)

ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ॥ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨ ਹੋਰ॥ (1384, ਫਰੀਦ ਜੀ)

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥

ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ (1384, ਫਰੀਦ ਜੀ)

ਅਸੀਂ ਦੇਖਦੇ ਹਾਂ ਕਿ ਗੁਰਬਾਣੀ ਵਿਚ ਆਤਮਾ ਦੇ ਪ੍ਰਮਾਤਮਾ ਪ੍ਰਤੀ ਲਗਾਓ ਨੂੰ ਪ੍ਰੇਮੀ ਪ੍ਰੇਮਿਕਾ ਦੇ ਪਿਆਰ ਅਤੇ ਆਤਮਾ ਪ੍ਰਮਾਤਮਾ ਦੇ ਮਿਲਾਪ ਨੂੰ ਪਤੀ ਪਤਨੀ ਦੇ ਮਿਲਾਪ ਦੇ ਹਵਾਲੇ ਨਾਲ ਚਿਤਰਨ ਦੀ ਰਵਾਇਤ ਫ਼ਰੀਦ ਸਾਹਿਬ ਤੋਂ ਚਲੀ ਆਉਂਦੀ ਹੈ। ਫ਼ਰਕ ਇਹ ਹੈ ਕਿ ਫ਼ਰੀਦ ਸਾਹਿਬ ਪ੍ਰਮਾਤਮਾ ਜਾਂ ਪ੍ਰੇਮੀ ਪਤੀ ਦੇ ਮਿਲਾਪ ਲਈ ਆਤਮਾ ਅਤੇ ਔਰਤ ਨੂੰ ਵਾਰ ਵਾਰ ਉਚੇਚੇ ਯਤਨ ਕਰਨ ਦੀ ਤਾਕੀਦ ਕਰਦੇ ਹਨ, ਢੁੱਕਵੀਂ ਯੋਗਤਾ ਅਤੇ ਗੁਣ ਪੈਦਾ ਕਰਨ ਲਈ ਮਿਹਨਤ ਦੀ ਮੰਗ ਕਰਦੇ ਹਨ:

ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ॥ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ॥(1379, ਫਰੀਦ ਜੀ)

ਪਰ ਗੁਰੂ ਨਾਨਕ ਤੱਤਪਰਤਾ ਅਤੇ ਉਚੇਚ ਦੀ ਬਜਾਏ ਸਹਿਜ ਮਿਲਾਪ ਦੀ ਗੱਲ ਕਰਦੇ ਹਨ ਕਿਂਉਕਿ ਜਿਥੇ ਫ਼ਰੀਦ ਜੀ ਰੱਬ ਦੀ ਹਸਤੀ ਨੂੰ ਜੀਵਾਂ ਤੋਂ ਅਲਹਿਦਾ ਤਸਲੀਮ ਕਰਦੇ ਹਨ ਉਥੇ ਗੁਰੂ ਨਾਨਕ ਰੱਬ ਨੂੰ ਸਾਰੇ ਜੀਵਾਂ ਵਿਚ ਰਸਿਆ ਵਸਿਆ ਮੰਨਦੇ ਹਨ:

ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ॥ ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ॥ (1379, ਮ; 1)

ਦੋ ਹੋਰ ਉਦਾਹਨਾਂ ਹਨ ਜਿਹਨਾਂ ਵਿਚ ਫ਼ਰੀਦ ਜੀ ਰਾਤ ਨੂੰ ਪਤੀ ਪਤਨੀ ਦੇ ਸਰੀਰਕ ਮਿਲਾਪ ਦੇ ਸੂਖ਼ਮ ਹਵਾਲੇ ਨਾਲ ਸਮਝਾਉਂਦੇ ਹਨ ਕਿ ਮਿਲਾਪ ਦੀਆਂ ਘੜੀਆਂ ਵੇਲੇ ਸੁਚੇਤ ਜਾਂ ਜਾਗਦੇ ਹੋਣ ਨਾਲ ਹੀ ਪ੍ਰੇਮ ਮਿਲਾਪ ਦੀ ਦਾਤ ਹਾਸਲ ਹੋ ਸਕਦੀ ਹੈ।

ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ॥

ਜਿੰਨਾ ਨੈਣ ਨਂੀਦ੍ਰਾਵਲੇ ਤਿੰਨਾ ਮਿਲਣੁ ਕੁਆਉ ॥ (1382, ਫਰੀਦ ਜੀ)

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ॥

ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ॥ (1384, ਫਰੀਦ ਜੀ)

ਪਰ ਗੁਰੂ ਨਾਨਕ ਜੀ ਆਖਦੇ ਹਨ ਕਿ ਜੇ ਆਪਸ ਵਿਚ ਸਬੰਧ ਠੀਕ ਨਹੀਂ ਤਾਂ ਜਾਗਦਿਆਂ ਵੀ ਮਿਲਾਪ ਨਸੀਬ ਨਹੀਂ ਹੁੰਦਾ ਪਰ ਜੇ ਰਿਸ਼ਤਾ ਪਿਆਰ ਭਰਿਆ ਹੈ ਤਾਂ ਸੁੱਤਿਆਂ ਨੂੰ ਵੀ ਜਗਾ ਲਿਆ ਜਾਂਦਾ ਹੈ:

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥

ਇਕਿ ਜਾਗੰਦੇ ਨਾ ਲਹਨਿ ਇਕਨਾ ਸੁਤਿਆ ਦੇਇ ਉਠਾਲਿ ॥ (1384, ; 1)

ਇਹ ਸੰਵਾਦ ਅੱਗੇ ਚਲਦਾ ਹੈ।ਫ਼ਰੀਦ ਜੀ ਆਖਦੇ ਹਨ ਕਿ ਰੱਬ ਤੱਕ ਪਹੰਚਣ ਅਤੇ ਮਿਲਣ ਦਾ ਰਸਤਾ ਬਹੁਤ ਲੰਮੇਰਾ ਅਤੇ ਕਠਿੱਨ ਹੈ। ਇਸ ਤੇ ਤੁਰਦਿਆਂ ਸਰੀਰ ਤੰਦੂਰ ਵਾਂਗ ਤਪਣ ਲਗਦਾ ਹੈ, ਜਿਸ ਅੰਦਰ ਹੱਡੀਆਂ ਬਾਲਣ ਵਾਂਗ ਬਲਣ ਲੱਗਦੀਆਂ ਹਨ, ਪੈਰ ਏਨੇ ਥੱਕ ਜਾਂਦੇ ਹਨ ਕਿ ਸਿਰ ਭਾਰ ਤੁਰਨ ਦੀ ਨੌਬਤ ਆ ਜਾਂਦੀ ਹੈ:

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ॥

ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ॥ (1384, ਫਰੀਦ ਜੀ)

ਪਰ ਗੁਰੂ ਨਾਨਕ ਦੀ ਟਿੱਪਣੀ ਹੈ ਕਿ ਸਰੀਰ ਨੂੰ ਏਨਾ ਕਸ਼ਟ ਦੇਣ ਦੀ ਲੋੜ ਹੀ ਨਹੀਂ, ਜਦ ਰੱਬ ਬੰਦੇ ਦੇ ਅੰਦਰ ਹੈ, ਬੰਦੇ ਦੇ ਹਰ ਸਮੇਂ ਨਾਲ ਹੈ, ਫਿਰ ਤੁਰ ਤੁਰ ਕੇ ਪੈਰਾਂ ਤੇ ਸਿਰ ਦਾ ਕਿਉਂ ਨਾਸ ਮਾਰਨਾ ਹੈ:

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ॥

ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥

ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ॥

ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ॥ (1384, ; 1)

ਜਦੋਂ ਨੈਤਿਕਤਾ ਦਾ ਜਾਂ ਮਨੁੱਖ ਹੋਣ ਦੇ ਨਾਤੇ ਆਪਣੇ ਫ਼ਰਜ਼ਾਂ ਦੀ ਪੂਰਤੀ ਦਾ ਉਪਦੇਸ਼ ਦਿੱਤਾ ਗਿਆ ਤਾਂ ਫ਼ਰੀਦ ਜੀ ਇਹ ਗੱਲ ਰੱਬ ਦਾ ਭੈਅ ਦੇ ਕੇ ਕਰਦੇ ਹਨ:

ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ॥

ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥ (1379, ਫਰੀਦ ਜੀ)

ਪਰ ਗੁਰੂ ਨਾਨਕ ਆਪਣੀ ਹਸਤੀ ਦੇ ਮਹੱਤਵ ਨੂੰ ਸਫਲ ਕਰਨ ਲਈ ਆਪਣੇ ਅੰਦਰੋਂ ਪ੍ਰੇਰਨਾ ਪੈਦਾ ਕਰਨ ਲਈ ਆਖਦੇ ਹਨ, ਆਪਾ ਚੀਨਣ ਦੀ ਗੱਲ ਕਰਦੇ ਹਨ:

ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥

ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ (156, ; 1)

ਗੁਰੂ ਅਮਰਦਾਸ ਵੀ ਫ਼ਰੀਦ ਜੀ ਨਾਲ ਸੰਵਾਦ ਬਣਾਉਂਦੇ ਹਨ, ਜਦ ਫ਼ਰੀਦ ਜੀ ਆਖਦੇ ਹਨ ਕਿ ਮੈਂ ਆਪਣੇ ਕਪੜੇ ਪਾੜ ਕੇ ਲੀਰਾਂ ਕਰ ਲਏ ਹਨ ਅਤੇ ਸਿਰਫ ਇਕ ਕੰਬਲੀ ਉੱਤੇ ਲਈ ਹੈ। ਅਜਿਹਾ ਫਕੀਰੀ ਪਹਿਰਾਵਾ ਕਰਨ ਨਾਲ ਹੀ ਰੱਬ ਨਾਲ ਮਿਲਾਪ ਹੁੰਦਾ ਹੈ:

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥

ਜਿਨੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥ (1383, ਫਰੀਦ ਜੀ)

ਗੁਰੂ ਅਮਰਦਾਸ ਜੀ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ। ਉਹਨਾਂ ਦਾ ਵਿਚਾਰ ਹੈ ਕਿ ਰੱਬ ਦੇ ਮਿਲਾਪ ਲਈ ਫਕੀਰੀ ਵੇਸ ਧਾਰਨ ਕਰਕੇ ਬਾਹਰ ਭਟਕਣ ਦੀ ਲੋੜ ਨਹੀਂ, ਘਰ ਬੈਠਿਆਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ:

ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥

ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ॥ (1383, ; 3)

ਗੱਲ ਅੱਗੇ ਤੋਰੀਏ।ਖੁਆਜਾ ਬਖ਼ਤਿਆਰ ਕਾਕੀ ਦਾ ਅੰਤਮ ਸਮਾਂ ਨੇੜੇ ਆਉਣ ਤੇ ਦਿੱਲੀ ਵਿਖੇ ਉਹਨਾਂ ਦੇ ਕਈ ਪੈਰੋਕਾਰ ਚਿਸਤੀਆ ਫਿਰਕੇ ਦੇ ਮੁਖੀ ਹੋਣਾ ਲੋਚਦੇ ਸਨ। ਬਾਬਾ ਫ਼ਰੀਦ ਨੂੰ ਮਜ਼ਹਬੀ ਪੇਸ਼ਵਾ ਹੋਣ ਦੀ ਕੋਈ ਲਾਲਸਾ ਨਹੀਂ ਸੀ।ਪਰ ਖੁਆਜਾ ਸਾਹਿਬ ਨੇ ਉਹਨਾਂ ਨੂੰ ਹਾਂਸੀ ਤੋਂ ਦਿੱਲੀ ਬੁਲਾ ਕੇ ਆਪਣਾ ਉਤਰਾ ਅਧਿਕਾਰੀ ਥਾਪ ਦਿੱਤਾ। ਫ਼ਰੀਦ ਜੀ ਨੇ ਇਸ ਨੂੰ ਰੁਤਬੇ ਵਾਂਗ ਧਾਰਨ ਨਹੀਂ ਕੀਤਾ, ਸਿਰਫ ਆਪਣੇ ਮੁਰਸ਼ਦ ਦਾ ਹੁਕਮ ਜਾਣ ਕੇ ਇਸ ਦਾ ਪਾਲਣ ਕੀਤਾ:

ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥ ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥ (488, ਫਰੀਦ ਜੀ)

ਪਰ ਨਿੱਕੇ ਪਿੰਡ ‘ਚ ਜੰਮੇ ਪਲ਼ੇ, ਦੂਰ ਦੂਰ ਤੱਕ ਸੁਤੰਤਰ ਵਿਚਰਨ ਵਾਲੇ ਅਲਬੇਲੇ ਸੁਭਾਅ ਵਾਲੇ ਸ਼ਾਇਰ ਬਾਬਾ ਫਰੀਦ ਨੂੰ ਦਿੱਲੀ ਰਾਸ ਨਹੀਂ ਆਈ। ਉਹਨਾਂ ਦਾ ਲੋਕਾਂ ਨੂੰ ਖੁੱਲ੍ਹੇ ਡੁੱਲ੍ਹੇ ਮਾਹੌਲ ਵਿਚ ਮਿਲਣਾ ਗਿਲਣਾ ਬੰਦ ਹੋ ਗਿਆ। ਇਸ ਤਰ੍ਹਾਂ ਦੀ ਜਿੰਮੇਵਾਰੀ ਨਾਲ ਜੁੜੀਆਂ ਦੁਸ਼ਵਾਰੀਆਂ ਤੋਂ ਉਹ ਹੁਣ ਤਕ ਅਣਭਿੱਜ ਸਨ। ਉਹਨਾਂ ਆਪਣੇ ਆਪ ਨੂੰ ਕਈ ਸਾਜ਼ਿਸ਼ਾਂ ਅਤੇ ਅਣਸੁਖਾਵੀਆਂ ਹਾਲਤਾਂ ਵਿਚ ਘਿਰਿਆ ਮਹਿਸੂਸ ਕੀਤਾ। ਆਪਣੇ ਕਈ ਸੁਨੇਹੀਆਂ ਦੇ ਪਿਆਰ ਨੂੰ ਈਰਖਾ ‘ਚ ਵਟਦੇ ਦੇਖਿਆ। ਆਸ ਪਾਸ ਦੇ ਸਾਰੇ ਵਰਤਾਰੇ ਨੂੰ ਦੇਖ ਕੇ ਉਹ ਬੜੇ ਉਦਾਸ ਅਤੇ ਦੁਖੀ ਹੋਏ:

ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ॥

ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ॥ (1378, ਫਰੀਦ ਜੀ )

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ॥

ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥ (1379, ਫਰੀਦ ਜੀ )

ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥

ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥ (1384, ਫਰੀਦ ਜੀ )

ਫ਼ਰੀਦ ਜੀ ਜਿਥੇ ਹੋਣਾ ਚਾਹੁੰਦੇ ਸਨ ਉਥੇ ਨਹੀਂ ਸਨ, ਜਿਹੋ ਜਿਹੇ ਹੋਣਾ ਚਾਹੁੰਦੇ ਸਨ ਹੁਣ ਉਹੋ ਜਿਹੇ ਹੋ ਨਹੀਂ ਪਾ ਰਹੇ ਸਨ। ਪਰ ਉਹਨਾਂ ਦਿੱਲੀ ‘ਚ ਵਸਦਿਆਂ ਵੀ ਦਿੱਲੀ ਨੂੰ ਆਪਣੇ ਅੰਦਰ ਵਸਣ ਨਾ ਦਿੱਤਾ।ਜਦ ਜਾਨ ਪੂਰੀ ਤਰ੍ਹਾਂ ਬਿਰਓਂ ਦੇ ਮੂੰਹ ਆ ਗਈ ਤਾਂ ਉਹਨਾਂ ਦਿੱਲੀ ਛੱਡ ਦਿੱਤੀ ਅਤੇ ਸਤਲੁਜ ਕੰਢੇ ਅਜੋਧਨ ਨਗਰ ਆ ਗਏ। ਬਾਅਦ ਵਿਚ ਅਕਬਰ ਨੇ ਆਪਣੇ ਰਾਜ ਸਮੇਂ ਫ਼ਰੀਦ ਜੀ ਦੇ ਆਦਰ ਵਿਚ ਇਸ ਦਾ ਨਾਂ ਪਾਕ ਪਤਨ ਰੱਖਿਆ। ਫ਼ਰੀਦ ਜੀ ਦੀ ਆਮਦ ਨਾਲ ਅਜੋਧਨ ਗਿਆਨ, ਚਿੰਤਨ ਅਤੇ ਸ਼ਾਇਰੀ ਦਾ ਵੱਡਾ ਕੇਂਦਰ ਬਣ ਗਿਆ। ਫ਼ਰੀਦ ਜੀ ਦੁਆਲੇ ਉਹਨਾਂ ਦੇ ਪ੍ਰਸੰਸਕਾਂ, ਸ਼ਰਧਾਲੂਆਂ, ਦਾਨਿਸ਼ਵਰਾਂ ਅਤੇ ਦਰਵੇਸ਼ਾਂ ਦੀਆਂ ਭੀੜਾਂ ਜੁੜਨ ਲੱਗੀਆਂ। ਇਸ ਗੱਲ ਦੀ ਸ਼ਹਿਰ ਦੇ ਕਾਜੀ ਅਤੇ ਸੂਬੇਦਾਰ ਨੂੰ ਬੜੀ ਤਕਲੀਫ ਰਹਿਣ ਲੱਗੀ, ਉਹਨਾਂ ਪ੍ਰਤੀ ਦੁਸ਼ਮਣੀ ਦਾ ਭਾਵ ਰੱਖਣ ਲੱਗੇ। ਫ਼ਰੀਦ ਜੀ ਦੇ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਤੰਗੀਆਂ ਦੇਣ ਲੱਗੇ। ਬਾਦਸ਼ਾਹ ਕੋਲ ਉਹਨਾਂ ਦੀਆਂ ਸ਼ਕਾਇਤਾਂ ਅਤੇ ਚੁਗਲੀਆਂ ਵੀ ਕੀਤੀਆਂ। ਪਰ ਬਾਬਾ ਜੀ ਨੇ ਉਹਨਾਂ ਦੀ ਈਨ ਨਹੀਂ ਮੰਨੀ।

ਫ਼ਰੀਦ ਜੀ ਨੇ ਅਮੀਰੀ ਗਰੀਬੀ ਦੇ ਫਰਕ ਨੂੰ ਮੇਟਣ ਲਈ ਭਾਵੇਂ ਕੋਈ ਮੁਹਿੰਮ ਨਹੀਂ ਚਲਾਈ ਪਰ ਇਹ ਫਰਕ ਆਪ ਨੂੰ ਬਹੁਤ ਬੇਚੈਨ ਕਰਦਾ ਰਿਹਾ। ਉਹਨਾਂ ਦੀ ਇਹ ਬੇਚੈਨੀ ਰੱਜ ਨਾਲੋਂ ਵੱਧ ਹਾਸਲ ਕਰਨ ਵਾਲਿਆਂ ਨੂੰ ਰੱਬ ਦਾ ਭੈਅ ਦਿੰਦੀ:

ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ॥

ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ॥ (1380, ਫਰੀਦ ਜੀ)

ਫ਼ਰੀਦ ਜੀ ਦੀ ਇਕ ਪੀਰ ਵਜੋਂ ਅਤੇ ਇਕ ਫਿਰਕੇ ਦੇ ਮੁਖੀ ਵਜੋਂ ਏਨੀ ਮਹਿਮਾ ਅਤੇ ਮਾਨਤਾ ਸੀ ਕਿ ਉਹ ਚਾਹੁੰਦੇ ਤਾਂ ਬਹੁਤ ਸੁੱਖਾਂ ਸਹੂਲਤਾਂ ਵਾਲਾ ਜੀਵਨ ਬਸਰ ਕਰ ਸਕਦੇ ਸਨ, ਆਪਣੇ ਪਰਿਵਾਰ ਨੂੰ ਮੌਜਾਂ ਕਰਾ ਸਕਦੇ ਸਨ ਪਰ ਉਹਨਾਂ ਗਰੀਬ ਤੋਂ ਗਰੀਬ ਬੰਦੇ ਵਰਗਾ ਜੀਵਨ ਜੀਵਿਆ, ਅਮੀਰਾਂ ਦੀ ਅਮੀਰੀ ਅਤੇ ਨਖ਼ਰੇ ਵਾਲੇ ਜੀਵਨ ਪ੍ਰਤੀ ਆਪਣੀ ਨਾਪਸੰਦੀ ਜ਼ਾਹਿਰ ਕੀਤੀ:

ਫਰੀਦਾ ਜਿਨ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ॥

ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ॥ (1378, ਫਰੀਦ ਜੀ)

ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ॥

ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥ (1380, ਫਰੀਦ ਜੀ)

ਪਰ ਉਹਨਾਂ ਦਾ ਪਰਿਵਾਰ ਉਹਨਾਂ ਦੇ ਰਵੱਈਏ ਤੋਂ ਖੁਸ਼ ਨਹੀਂ ਸੀ। ਉਹਨਾਂ ਦੀ ਏਨੀ ਮਾਨਤਾ ਦੇ ਬਾਵਜੂਦ ਪਰਿਵਾਰ ਨੂੰ ਕੋਈ ਸੁੱਖ ਸਹੂਲਤ ਨਹੀਂ ਸੀ। ਪਰਿਵਾਰ ਦੇ ਸਾਰੇ ਜੀਆਂ ਨੂੰ ਆਪਣੀ ਰੋਟੀ ਦਾ ਤੋਰਾ ਆਪ ਤੋਰਨਾ ਪੈਂਦਾ ਸੀ।ਫ਼ਰੀਦ ਜੀ ਕਿਸੇ ਤੋਂ ਕੋਈ ਭੇਟਾ, ਤੋਹਫਾ ਜਾਂ ਰਿਆਇਤ ਸਵੀਕਾਰ ਨਹੀਂ ਸਨ ਕਰਦੇ। ਇਕ ਵਾਰ ਬਾਦਸ਼ਾਹ ਮੁਹੰਮਦ ਤੁਗਲਕ ਨੇ ਇਕ ਫੌਜੀ ਟੁਕੜੀ ਫ਼ਰੀਦ ਜੀ ਵਾਸਤੇ ਕੁਝ ਨਕਦੀ ਅਤੇ ਅਜੋਧਨ ਦੇ ਆਸ ਪਾਸ ਦੇ 8-10 ਪਿੰਡਾਂ ਦੀ ਜਾਗੀਰ ਦਾ ਨਜ਼ਰਾਨਾ ਦੇ ਕੇ ਭੇਜੀ। ਇਹਨਾਂ ਪਿੰਡਾਂ ਦੇ ਮਾਲੀਏ ਨਾਲ ਉਹਨਾਂ ਦੀ ਦਰਗਾਹ/ਡੇਰੇ ਦੀਆਂ ਲੋੜਾਂ ਸੁਖਾਲ਼ੀਆਂ ਪੂਰੀਆਂ ਹੋ ਸਕਦੀਆਂ ਸਨ। ਫ਼ਰੀਦ ਜੀ ਨੂੰ ਨਜ਼ਰਾਨਾ ਲੈ ਕੇ ਆਏ ਫੌਜੀਆਂ ਦੀ ਆਮਦ ਬਾਬਤ ਦੱਸਿਆ ਗਿਆ ਤਾਂ ਉਹਨਾਂ ਅੰਦਰੋਂ ਹੀ ਕਹਿ ਦਿੱਤਾ ਕਿ ਜੋ ਨਕਦੀ ਹੈ ਬਾਹਰ ਦਰਵੇਸ਼ਾਂ ਨੂੰ ਲੋੜ ਅਨੁਸਾਰ ਵੰਡ ਦਿੱਤੀ ਜਾਵੇ, ਜਾਗੀਰ ਤਾਂ ਉੱਕਾ ਕੋਈ ਨਹੀਂ ਲੈਣੀ। ਨਿਰਾਸ਼ ਹੋਏ ਫੌਜੀਆਂ ਨੇ ਕਿਹਾ, ਚਲੋ ਸਾਨੂੰ ਬਾਬਾ ਜੀ ਦੇ ਦੀਦਾਰ ਹੀ ਕਰਾ ਦਿਓ, ਪਰ ਫ਼ਰੀਦ ਜੀ ਨੇ ਦਰਸ਼ਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਫੌਜੀਆਂ ਦੇ ਬਹੁਤਾ ਵੈਰਾਗ ਕਰਨ ਤੇ ਫ਼ਰੀਦ ਜੀ ਦੇ ਇਕ ਪੁਰਾਣੇ ਕੁੜਤੇ ਦੀ ਬਾਂਹ ਬਾਹਰ ਕੰਧ ਨਾਲ ਲਟਕਾ ਦਿੱਤੀ ਗਈ, ਜਿਸ ਨੂੰ ਸ਼ਰਧਾਲੂ ਦੇਖ ਜਾਂ ਛੂਹ ਸਕਦੇ ਸਨ। ਸ਼ਾਮ ਤੱਕ ਲੋਕਾਂ ਨੇ ਇਸ ਨਾਲ ਹੱਥ ਘਸਾ ਕੇ ਇਸ ਦਾ ਧਾਗਾ ਧਾਗਾ ਕਰ ਦਿੱਤਾ। ਇਕ ਫੌਜੀ ਕਿਸੇ ਤਰੀਕੇ ਅੰਦਰ ਫ਼ਰੀਦ ਜੀ ਤੱਕ ਪਹੰਚਣ ‘ਚ ਕਾਮਯਾਬ ਜੋ ਗਿਆ। ਸਲਾਮ ਅਰਜ਼ ਤੋਂ ਬਾਅਦ ਉਸ ਬੜੀ ਆਧੀਨਗੀ ਨਾਲ ਕਿਹਾ, “ਬਾਬਾ ਜੀ, ਇਹ ਗੱਲਾਂ ਠੀਕ ਨਹੀਂ।” ਫ਼ਰੀਦ ਜੀ ਨੇ ਉਸ ਨੂੰ ਘੁੱਟ ਕੇ ਜੱਫੀ ਪਾਈ ਅਤੇ ਹੱਸ ਕੇ ਕਹਿਣ ਲੱਗੇ, “ਇਹ ਪਾਬੰਦੀ ਤੇਰੇ ਲਈ ਨਹੀਂ ਸੀ। ਤੂੰ ਮਿਲਣਾ ਸੀ, ਇਸ ਲਈ ਜਿਵੇਂ ਕਿਵੇਂ ਵੀ ਪਹੁੰਚ ਗਿਆ।” ਇਕ ਤਾਂ ਫ਼ਰੀਦ ਜੀ ਨੇ ਚਿਸ਼ਤੀਆ ਅਸੂਲ ਅਨੁਸਾਰ ਸਰਕਾਰੀ ਬੰਦਿਆਂ ਨਾਲ ਮੇਲ ਮਿਲਾਪ ਨੂੰ ਟਾਲਣਾ ਸੀ, ਦੂਸਰਾ ਉਹਨਾਂ ਸੋਚਿਆ ਕਿ ਜਿਹਨਾਂ ਦਾ ਲੀੜੇ ਨੂੰ ਹੱਥ ਲਾ ਕੇ ਸਰੀ ਜਾਂਦਾ ਉਹਨਾਂ ਨਾਲ ਕਾਹਨੂੰ ਵਕਤ ਖਰਾਬ ਕਰਨਾ। ਹੱਥ ਘਸਾਉਣ ਵਾਲੇ ਸਚਮੁਚ ਅਜੇ ਤੱਕ ਉਵੇਂ ਹੀ ਸਾਰੀ ਜਾ ਰਹੇ ਹਨ। ਫ਼ਰੀਦਕੋਟ ਵਿਖੇ ਫ਼ਰੀਦ ਜੀ ਨਾਲ ਸਬੰਧਤ ਜੰਡ ਸ਼ਰਧਾਲੂਆਂ ਨੇ ਹੱਥ ਫੇਰ ਫੇਰ ਕੇ ਲਿਸ਼ਕਾਇਆ ਪਿਆ ਹੈ। ਹੋਰ ਇਤਿਹਾਸਕ ਗੁਰਧਾਮਾਂ ਤੇ ਵੀ ਦੇਖਿਆ ਗਿਆ ਹੈ ਕਿ ਸੰਗਤ ਅੰਦਰ ਗੁਰ ਕੇ ਸ਼ਬਦ ਦੀ ਵਿਚਾਰ ਨਾਲ ਓਨੀ ਰੁਚੀ ਨਾਲ ਨਹੀਂ ਜੁੜਦੀ ਜਿੰਨੀ ਬਕਾਇਦਗੀ ਨਾਲ ਬਾਹਰ ਇਤਿਹਾਸਕ ਰੁੱਖ ਨੂੰ ਮੱਥੇ ਟੇਕਦੀ ਜਾਂ ਉਸ ਤੇ ਹੱਥ ਫੇਰਦੀ ਹੈ। ਬੇਹਿਸਾਬੇ ਹੱਥ ਫਿਰਨ ਕਰਕੇ ਤਣੇ ਦੀ ਛਿੱਲ ਘਸ ਕੇ ਖਤਮ ਹੋ ਸਕਦੀ ਹੈ ਅਤੇ ਰੁੱਖ ਸੁੱਕ ਸਕਦਾ ਹੈ। ਇਸ ਲਈ ਸ਼ਰਧਾ ਦੀ ਮਾਰ ਤੋਂ ਬਚਾਉਣ ਲਈ ਕਈ ਵਾਰ ਪ੍ਰਬੰਧਕਾਂ ਨੂੰ ਇਤਿਹਾਸਕ ਰੁੱਖਾਂ ਦੇ ਤਣੇ ਉਦਾਲੇ ਕਪੜਾ ਲਪੇਟਣਾ ਪੈਂਦਾ ਹੈ।

baba farid ganj shakarਬਾਬਾ ਫ਼ਰੀਦ ਜੀ ਨੂੰ ਗੰਜੇਸ਼ਕਰ ਜਾਂ ਸ਼ਕਰਗੰਜ (ਮਿਠਾਸ ਦਾ ਖਜ਼ਾਨਾ) ਵੀ ਕਿਹਾ ਜਾਂਦਾ ਹੈ। ਅਜਿਹਾ ਕਹੇ ਜਾਣ ਦਾ ਕਾਰਨ ਪੂਰੀ ਤਰ੍ਹਾਂ ਗਿਆਤ ਨਹੀਂ ਪਰ ਉਹਨਾਂ ਦੇ ਜੀਵਨ ਨਾਲ ਸਬੰਧਤ ਹੋਰ ਵਚਿਤਰ ਸਾਖੀਆਂ ਵਾਂਗ ਇਸ ਸਬੰਧੀ ਵੀ ਕਈ ਸਾਖੀਆਂ ਹਨ। ਇਕ ਸਾਖੀ ਤਾਂ ਇਹ ਹੈ ਕਿ ਕੁਛ ਵਪਾਰੀ ਲੂਣ ਦੀਆਂ ਬੋਰੀਆਂ ਲੱਦੀ ਜਾਂਦੇ ਸਨ, ਉਹਨਾਂ ਬਾਬਾ ਫ਼ਰੀਦ ਪ੍ਰਤੀ ਬਹੁਤ ਆਦਰ ਪ੍ਰਗਟ ਕੀਤਾ ਤਾਂ ਬਾਬਾ ਜੀ ਨੇ ਅਸੀਸ ਦਿੱਤੀ ਕਿ ਤੁਹਾਨੂੰ ਇਸ ਖੰਡ ਦੀ ਵਿਕਰੀ ‘ਚੋਂ ਬਹੁਤ ਮੁਨਾਫ਼ਾ ਹਾਸਲ ਹੋਵੇ। ਅਜਿਹਾ ਕਹਿਣ ਤੇ ਉਹਨਾਂ ਦੀਆਂ ਬੋਰੀਆਂ ਵਿਚਲਾ ਸਾਰਾ ਲੂਣ ਖੰਡ ਬਣ ਗਿਆ ਅਤੇ ਉਹਨਾਂ ਨੂੰ ਸਚੁਮੱਚ ਬਹੁਤ ਮੁਨਾਫਾ ਹੋਇਆ। ਇਹ ਸਾਖੀ ਉਹਨਾਂ ਦੇ ਜੀਵਨ ਤੋਂ ਬਹੁਤ ਮਗਰੋਂ ਘੜੀ ਗਈ ਲਗਦੀ ਹੈ ਕਿਉਂਕਿ ਉਹਨਾਂ ਦੇ ਜ਼ਮਾਨੇ ਵਿਚ ਤਾਂ ਲੂਣ ਖੰਡ ਨਾਲੋਂ ਮਹਿੰਗਾ ਹੁੰਦਾ ਸੀ। ਦੂਸਰੀ ਕਹਾਣੀ ਹੈ ਕਿ ਇਕ ਵਾਰੀ ਫ਼ਰੀਦ ਜੀ ਆਪਣੇ ਮੁਰਸ਼ਦ ਦੇ ਘਰ ਵੱਲ ਅਹੁਲ਼ੇ ਜਾਂਦੇ ਸਨ, ਰਸਤੇ ਵਿਚ ਡਿੱਗ ਪਏ। ਉਹਨਾਂ ਦੇ ਕਪੜੇ ਮਿੱਟੀ ਘੱਟੇ ਜਾਂ ਚਿੱਕੜ ਨਾਲ ਲੱਥ-ਪੱਥ ਹੋ ਗਏ। ਪਰ ਰੱਬ ਦੀ ਕਰਨੀ, ਇਹ ਸਾਰੀ ਮਿੱਟੀ ਖੰਡ ਬਣ ਗਈ।ਜੋ ਕਹਾਣੀ ਪੜ੍ਹੇ ਲਿਖੇ ਲੋਕਾਂ ਨੇ ਘੜੀ ਹੈ ਉਹ ਵੀ ਪੂਰੀ ਤਰ੍ਹਾਂ ਮਨ ਨਹੀਂ ਲੱਗਦੀ। ਅਜਿਹੇ ਸਿਆਣੇ ਲੋਕਾਂ ਦਾ ਕਹਿਣਾ ਹੈ ਕਿ ਬਾਬਾ ਫਰੀਦ ਜੀ ਨੂੰ ਗੰਜੇਸ਼ਕਰ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਬਾਣੀ ਵਿਚ ਮਿਠਾਸ ਬਹੁਤ ਹੈ। ਪਰ ਬਾਬਾ ਫਰੀਦ ਜੀ ਤਾਂ ਕੂਲ਼ੇ ਉਪਦੇਸ਼ ਦੇਣ ਵਾਲੇ ਜਮਾਲੀ ਪੀਰ ਨਹੀਂ ਸਨ, ਉਹ ਤਾਂ ਰੱਬ ਦਾ ਕਰੜੇ ਲਫਜ਼ਾਂ ਵਿਚ ਕਰੜਾ ਭੈਅ ਪੈਦਾ ਕਰਨ ਵਾਲੇ ਜਲਾਲੀ ਪੀਰ ਸਨ। ਮਿਸਾਲ ਦੇ ਤੌਰ ਤੇ ਨਿਵਾਜ ਨਾ ਅਦਾ ਕਰਨ ਵਾਲੇ ਨੂੰ ਉਹ ਕੁੱਤਾ ਕਹਿ ਕੇ ਦੁਰਕਾਰਦੇ ਹਨ, ਰੱਬ ਦੇ ਅਦਬ ਵਿਚ ਨਾ ਝੁਕਣ ਵਾਲੇ ਸਿਰ ਨੂੰ ਵੱਢਣਯੋਗ ਮੰਨਦੇ ਹੋਏ ਆਖਦੇ ਹਨ ਕਿ ਅਜਿਹੇ ਸਿਰ ਨੂੰ ਕੀ ਕਰਨਾ ਹੈ? ਇਹ ਤੌੜੀ ਹੇਠ ਚੁਲ੍ਹੇੇ ਵਿਚ ਬਾਲਣ ਦੀ ਜਗ੍ਹਾ ਡਾਹਿਆ ਜਾਣਾ ਚਾਹੀਦਾ ਹੈ:

ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ॥

ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ॥

ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ॥

ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥

ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ॥

ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ॥ (1381, ਫਰੀਦ ਜੀ)

ਫਰੀਦ ਜੀ ਬਹੁਤ ਖੁੱਦਾਰ ਤਬੀਅਤ ਸਖ਼ਸ਼ੀਅਤ ਸਨ। ਬੇਗਰਜ਼ ਹੋਣ ਕਰਕੇ ਖੁੱਦਾਰ ਬੰਦਿਆਂ ਦੇ ਸੁਭਾਅ ‘ਚ ਨਿਮਰਤਾ ਦੇ ਪਾਖੰਡ ਦੀ ਚਾਸ਼ਨੀ ਨਹੀਂ ਹੁੰਦੀ। ਇਹ ਸੁਭਾਅ ਦੇ ਕੜਕ, ਵਤੀਰੇ ਦੇ ਸਖਤ ਅਤੇ ਵਿਹਾਰ ਦੇ ਬੇਲਿਹਾਜ਼ ਹੁੰਦੇ ਹਨ। ਫਰੀਦ ਜੀ ਨੇ ਹਮੇਸ਼ਾ ਕਿਸੇ ਤੇ ਨਿਰਭਰ ਨਾ ਹੋਣ ਦੀ ਕਾਮਨਾ ਕੀਤੀ। ਉਹ ਰੱਬ ਅੱਗੇ ਪ੍ਰਾਰਥਨਾ ਇਹੀ ਕਰਦੇ ਹਨ ਕਿ ਮੈਨੂੰ ਕਿਸੇ ਬੇਗਾਨੀ ਸਹਾਇਤਾ ਜਾਂ ਆਸ ਤੇ ਨਾ ਰਹਿਣਾ ਪਵੇ:

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥

ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥ (1380, ਫ਼ਰੀਦ ਜੀ)

ਉਹਨਾਂ ਅਨੁਸਾਰ ਕਿਸੇ ਦਾ ਮੁਥਾਜ਼ ਹੋਣ ਨਾਲੋਂ ਤਾ ਬਿਹਤਰ ਹੈ ਕਿ ਰੱਬ ਬੰਦੇ ਦੇ ਸਰੀਰ ‘ਚੋਂ ਜਾਨ ਕੱਢ ਲਵੇ। ਫ਼ਰੀਦ ਜੀ ਤੇ ਜਦ ਬੁਢਾਪੇ ਦਾ ਦੌਰ ਅਜੇ ਸ਼ੁਰੂ ਹੀ ਹੋਇਆ ਸੀ ਤਾਂ ਉਹਨਾਂ ਨੂੰ ਸੁਖਾਲਾ ਤੁਰਨ ਲਈ ਖੂੰਡੀ ਫੜਨੀ ਪਈ। ਪਰ ਥੋੜ੍ਹੀ ਦੇਰ ਬਾਅਦ ਹੀ ਉਹਨਾਂ ਨੂੰ ਖਿਆਲ ਆਇਆ ਕਿ ਮੈਂ ਤਾਂ ਹਮੇਸ਼ਾ ਆਤਮ-ਨਿਰਭਰਤਾ ਮੰਗੀ ਹੈ, ਬੇਮੁਥਾਜੀ ਦਾ ਗੀਤ ਗਾਇਆ ਹੈ, ਇਹ ਖੂੰਡੀ ਵਿਚ ਕਿਥੋਂ ਆ ਗਈ? ਕਹਿੰਦੇ ਨੇ ਫਰੀਦ ਜੀ ਨੇ ਖੂੰਡੀ ਵਗਾਹ ਕੇ ਪਰ੍ਹਾਂ ਮਾਰੀ। ਪਰ ਇਹ ਤਾਂ ਅਜੇ ਬੁਢਾਪੇ ਦੀ ਸ਼ੁਰੂਆਤ ਸੀ। ਬਾਬਾ ਫਰੀਦ ਜੀ ਦੀ ਉਮਰ 95 ਸਾਲ ਤੋਂ ਜ਼ਿਆਦਾ ਹੋਈ ਹੈ ਅਤੇ ਉਹਨਾਂ ਦੇ ਬੁਢਾਪੇ ਦਾ ਕਾਲ ਬਹੁਤ ਲੰਮਾ ਰਿਹਾ ਹੈ। ਜਦ ਬੁਢਾਪਾ ਨਾਂ ਹੀ ਦੂਸਰਿਆਂ ਤੇ ਨਿਰਭਰਤਾ ਜਾਂ ਹੋਰਾਂ ਦੀ ਮੁਥਾਜੀ ਦਾ ਹੈ ਤਾਂ ਇਹ ਅਨੁਮਾਨ ਲਗਾਉਣਾ ਔਖਾ ਨਹੀਂ ਹੈ ਕਿ ਇਸ ਬੁਢਾਪੇ ਨੇ ਫ਼ਰੀਦ ਜੀ ਦੇ ਸਰੀਰ ਨਾਲੋਂ ਮਨ ਨੂੰ ਕਿੰਨੇ ਗੁਣਾ ਜ਼ਿਆਦਾ ਕਸ਼ਟ ਦਿੱਤਾ ਹੋਵੇਗਾ। ਕਿਉਂਕਿ ਜਵਾਨੀ ਵਿਚ ਤਾਂ ਬੰਦਾ ਸਰੀਰ ਦੇ ਜ਼ੋਰ ਅਤੇ ਮਨ ਦੇ ਜੋਸ਼ ਨਾਲ ਦੂਰ ਦੂਰ ਤੱਕ ਮਾਰੂਥਲ ਤੇ ਪਹਾੜ ਵੀ ਗਾਹ ਲੈਂਦਾ ਹੈ ਪਰ ਬੁਢਾਪੇ ਵਿਚ ਕੋਲ ਪਿਆ ਪਾਣੀ ਵਾਲਾ ਕੁੱਜਾ ਚੁੱਕਣਾ ਵੀ ਏਨਾ ਮੁਸ਼ਕਿਲ ਹੁੰਦਾ ਹੈ ਜਿਵੇਂ ਸੈਂਕੜੇ ਕੋਹਾਂ ਦੂਰ ਪਿਆ ਹੋਵੇ:

ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿ॥

ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥ (1378, ਫ਼ਰੀਦ ਜੀ)

ਐਸੀ ਅਵਸਥਾ ‘ਚ ਫ਼ਰੀਦ ਜੀ ਕਾਮਨਾ ਕਰਦੇ ਹਨ ਕਿ ਜਦ ਸੌ ਸਾਲਾਂ ਦੇ ਹੋ ਕੇ ਵੀ ਅੰਤ ਖ਼ਾਕ ਨਾਲ ਹੀ ਮਿਲਣਾ ਹੈ ਤਾਂ ਇਹ ਬੁਢਾਪੇ ਦੀ ਕਮਜ਼ੋਰੀ ਅਤੇ ਮਜਬੂਰੀ ਨਾ ਸਤਾਵੇ ਤਾਂ ਚੰਗਾ ਹੈ, ਮੌਤ ਵੇਲੇ ਸਿਰ ਹੀ ਆ ਜਾਵੇ:

ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ॥

ਜੇ ਸਉ ਵਰਿਆ ਜੀਵਣਾ ਭੀ ਤਨੁ ਹੋਸੀ ਖੇਹ॥ (1380, ਫ਼ਰੀਦ ਜੀ)

ਕਿਉਂਕਿ ਬੁਢਾਪੇ ਕਾਰਨ ਸਰੀਰ ਦੁਖਦਾ ਹੈ, ਮਨ ਬੇਚੈਨ ਹੁੰਦਾ ਹੈ, ਖਾਧਾ ਪੀਤਾ ਠੀਕ ਤਰ੍ਹਾਂ ਪਚਦਾ ਵੀ ਨਹੀਂ। ਦੁੱਖ ਅਤੇ ਬੇਚੈਨੀ ਦੇਣ ਵਾਲੀਆਂ ਲੰਮੀਆਂ ਰਾਤਾਂ ਬੜੀ ਮੁਸ਼ਕਲ ਨਾਲ ਮੁੱਕਦੀਆ ਹਨ। ਦੂਸਰਿਆਂ ਦੇ ਆਸਰੇ ਸਮਾਂ ਗੁਜ਼ਾਰਨਾ ਪੈਂਦਾ ਹੈ, ਜਿਸ ਨੂੰ ਫਰੀਦ ਜੀ ਹਮੇਸ਼ਾ ਲਾਹਣਤ ਸਮਝਦੇ ਰਹੇ ਹਨ:

ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ॥

ਧਿਗੁ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ ॥ (1379, ਫ਼ਰੀਦ ਜੀ)

ਬੰਦੇ ਦਾ ਆਪਣੇ ਮਾਂ ਪਿਓ ਤੇ ਨਿਰਭਰ ਹੋਣਾ ਤਾਂ ਸੁਭਾਵਕ ਹੁੰਦਾ ਹੈ ਕਿਉਂਕਿ ਮਾਂ ਪਿਓ ਤੋਂ ਬੱਚਾ ਪੈਦਾ ਹੋਇਆ ਹੁੰਦਾ ਹੈ, ਮਾਂ ਪਿਓ ਨੇ ਹੀ ਬੱਚੇ ਨੂੰ ਪਾਲਿਆ ਅਤੇ ਵੱਡਾ ਕੀਤਾ ਹੁੰਦਾ ਹੈ। ਪਰ ਬੁਢਾਪੇ ਵਿਚ ਜਦ ਮੁਥਾਜੀ ਦਾ ਆਲਮ ਬੰਦੇ ਨੂੰ ਘੇਰਦਾ ਹੈ ਤਦ ਤੱਕ ਮਾਂ ਪਿਓ ਸੰਸਾਰ ਤੋਂ ਜਾ ਚੁੱਕੇ ਹੁੰਦੇ ਹਨ। ਅਜਿਹੀ ਹਾਲਤ ਵਿਚ ਬੇਮੁਹਤਾਜੀ ਜਾਂ ਸਵੈ-ਨਿਰਭਰਤਾ ਚਾਹੁਣ ਵਾਲੇ ਬੰਦੇ ਕੋਲ ਮੌਤ ਦੀ ਇੱਛਾ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਬਚਦਾ:

ਕਿਥੈ ਤੈਡੇ ਮਾਪਿਆ ਜਿਨੀ ਤੂ ਜਣਿਓਹਿ ॥

ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥ (1381, ਫ਼ਰੀਦ ਜੀ)

ਅਜਿਹੀ ਅਵੱਸਥਾ ਵਿਚ ਉਹਨਾਂ ਨੂੰ ਸਦੀਵੀ ਚੈਨ ਅਤੇ ਆਰਾਮ ਦੇਣ ਵਾਲੀ ਕਬਰ ਆਵਾਜ਼ਾਂ ਮਾਰਦੀ ਲੱਗਦੀ ਹੈ ਅਤੇ ਖੁਦ ਫ਼ਰੀਦ ਜੀ ਮੌਤ ਬਖਸ਼ਣ ਵਾਲੇ ਰੱਬ ਨੂੰ ਆਵਾਜ਼ਾਂ ਮਾਰਦੇ ਹਨ:

ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ॥

ਸਰਪਰ ਮੈਥੈ ਆਵਣਾ ਮਰਣਹੁ ਨ ਡਰਿਆਹੁ॥ (1382, ਫ਼ਰੀਦ ਜੀ)

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ॥

ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ॥ (1382, ਫ਼ਰੀਦ ਜੀ)

ਜਦੋਂ ਅਖੀਰੀ ਰੱਬ ਬਹੁੜਿਆ ਤਾਂ ਫ਼ਰੀਦ ਜੀ ਦੇ ਅੱਕੇ ਹੋਏ ਘਰਦਿਆਂ ਨੇ ਉਹਨਾਂ ਨੂੰ ਘਰ ਜਾਂ ਘਰ ਦੇ ਕੋਲ ਦਫਨਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਮੁਰੀਦਾਂ ਨੂੰ ਕਿਹਾ ਕਿ ਤੁਸੀਂ ਜਿਥੇ ਮਰਜ਼ੀ ਸ਼ਹਿਰ ਤੋਂ ਬਾਹਰ ਲਿਜਾ ਕੇ ਦਫ਼ਨਾ ਦਿਓ। ਵਿਚੋਂ ਕਿਸੇ ‘ਸਿਆਣੇ’ ਨੇ ਸਮਝਾਇਆ ਕਿ ਫ਼ਰੀਦ ਜੀ ਜਿਉਂਦੇ ਜੀਅ ਭਾਵੇਂ ਕੋਈ ਭੇਟਾ ਸਵੀਕਾਰ ਨਹੀਂ ਸਨ ਕਰਦੇ ਪਰ ਹੁਣ ਚਲਾਣਾ ਕਰਨ ਤੋਂ ਬਾਅਦ ਉਹਨਾਂ ਕਬਰ ‘ਚ ਪਿਆਂ ਨੇ ਤਾਂ ਚੜ੍ਹਾਵਾ ਚੜ੍ਹਨ ਤੋਂ ਰੋਕ ਨਹੀਂ ਸਕਣਾ, ਜੇ ਕਬਰ ਸ਼ਹਿਰੋਂ ਬਾਹਰ ਹੋਵੇਗੀ ਤਾਂ ਤੁਹਾਨੂੰ (ਘਰਦਿਆਂ ਨੂੰ) ਚੜ੍ਹਵਾ ਕਿਵੇਂ ਮਿਲੇਗਾ? ਇਹ ਗੱਲ ਘਰਦਿਆਂ ਦੇ ਸਮਝ ਆ ਗਈ। ਫ਼ਰੀਦ ਜੀ ਨੂੰ ਉਹਨਾਂ ਦੇ ਘਰ ਦਫਨਾਇਆ ਗਿਆ। ਪਰ ਗਰੀਬੀ ਏਨੀ ਕਿ ਕਬਰ ਤੇ ਇੱਟਾਂ ਲਾਉਣ ਨੂੰ ਪੈਸੇ ਨਹੀਂ ਸਨ। ਘਰ ਦੀ ਡਿਉੜੀ ਦੀਆਂ ਇੱਟਾਂ ਪੁੱਟ ਕੇ ਕਬਰ ਤੇ ਲਾਈਆਂ ਗਈਆਂ।

ਗੁਰੂ ਗਰੰਥ ਸਾਹਿਬ ਵਿਚ ਫ਼ਰੀਦ ਜੀ ਦੇ ਚਾਰ ਸ਼ਬਦ ਹਨ, ਦੋ ਆਸਾ ਰਾਗ ਵਿਚ ਅਤੇ ਦੋ ਸੂਹੀ ਰਾਗ ਵਿਚ। ਕੁਲ 130 ਸਲੋਕਾਂ ਦੇ ਵਿਚ ਵਿਚ ਕੁਝ ਸਲੋਕ ਗੁਰੂ ਸਾਹਿਬਾਨ ਦੇ ਹਨ। ਇਹਨਾਂ ਵਿਚ ਜਿਥੇ ਜਿਥੇ ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੇ ਸਲੋਕ ਹਨ ਉਹਨਾਂ ਦੇ ਉਪਰ ਮਹਲਾ 3 ਜਾਂ ਮਹਲਾ 5 ਲਿਖਿਆ ਹੋਇਆ ਹੈ। ਜਿਨ੍ਹਾਂ ਸਲੋਕਾਂ ਦੇ ਉਪਰ ਅਜਿਹਾ ਕੁਝ ਨਹੀਂ ਲਿਖਿਆ ਪਰ ਸਲੋਕ ਦੇ ਅੰਦਰ ‘ਨਾਨਕ’ ਆਉਂਦਾ ਹੈ ਉਹਨਾਂ ਨੂੰ ਗੁਰੂ ਨਾਨਕ ਦੀ ਰਚਨਾ ਮੰਨਿਆਂ ਜਾਣਾ ਚਾਹੀਦਾ ਹੈ। ਇਹਨਾਂ ਸਲੋਕਾਂ ਨੂੰ ਥੋੜ੍ਹੇ ਬਦਲਵੇਂ ਰੂਪ ‘ਚ ਗੁਰੂ ਨਾਨਕ ਦੀ ਹੋਰ ਬਾਣੀ ‘ਚ ਸ਼ਾਮਲ ਦੇਖਿਆ ਜਾ ਸਕਦਾ ਹੈ। ਮਿਸਾਲ ਦੇ ਤੌਰ ਤੇ ਪੰਨਾ 1384 ਉਤੇ ‘ਨਾਨਕ’ ਛਾਪ ਵਾਲਾ ਸਲੋਕ 124 ਦੇਖੀਏ ਜਿਸ ਤੇ ਕਰਤੇ ਦਾ ਨਾਂ ਦਰਜ ਨਹੀਂ:

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ॥ ਸਦਡਸ ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ॥(1384)

ਇਹ ਸਲੋਕ ਅੱਖਰਾਂ ਦੇ ਮਾਮੂਲੀ ਅੰਤਰ ਪਰ ਭਾਵ ਦੀ ਸਮਾਨਤਾ ਨਾਲ ਪੰਨਾ 91 ਤੇ ਸਿਰੀ ਰਾਗ ਵਿਚ ਗੁਰੂ ਨਾਨਕ ਦੀ ਰਚਨਾ ਦੇ ਤੌਰ ਤੇ ਦਰਜ ਹੈ:

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥ (91, ;1)

ਕੁੱਲ 130 ਸਲੋਕਾਂ ਵਿਚੋਂ ਫਰੀਦ ਜੀ ਦੇ ਆਪਣੇ ਸਲੋਕਾਂ ਦੀ ਗਿਣਤੀ ਵੱਧ ਘੱਟ ਦੱਸੀ ਜਾਂਦੀ ਹੈ। ਕਿਉਂਕਿ ਉਹਨਾਂ ਦੇ ਸਲੋਕਾਂ ਵਿਚ ਕੁਝ ਅਜਿਹੇ ਸਲੋਕ ਵੀ ਹਨ ਜਿਹਨਾਂ ਵਿਚ ‘ਫਰੀਦ’ ਜਾਂ ‘ਨਾਨਕ’ ਨਹੀਂ ਲਿਖਿਆ ਅਤੇ ਉਪਰ ਰਚਨਾਕਾਰ ਦਾ ਵੇਰਵਾ ਵੀ ਨਹੀਂ ਹੈ। ਇਹਨਾਂ ਬਾਰੇ ਨਿਸਚਿਤ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸ ਦੀ ਰਚਨਾ ਹਨ। ਮਿਸਾਲ ਤੇ ਤੌਰ ਤੇ ਪੰਨਾ 1384 ਤੇ ਇਹ ਦੋ ਸਲੋਕ ਇਕੱਠੇ ਹਨ:

ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ॥

ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ॥ ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ॥ (1384}

ਕਹਿ ਨਹੀਂ ਸਕਦੇ ਕਿ ਇਹ ਫਰੀਦ ਜੀ ਦੀ ਰਚਨਾ ਹੈ ਜਾਂ ਗੁਰੂ ਅਮਰਦਾਸ ਦੀ, ਕਿਉਂਕਿ ਇਹ ਸਲੋਕ ਮਾਮੂਲੀ ਫਰਕ ਨਾਲ ਪੰਨਾ 585 ਤੇ ਵਡਹੰਸ ਰਾਗ ਵਿਚ ਮਹਲਾ 3 ਕਰਕੇ ਵੀ ਦਰਜ ਹਨ:

ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ॥

ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥

ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ॥ ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ॥(585, ; 3)

ਫ਼ਰੀਦ ਜੀ ਦੀ ਬਾਣੀ ਓਪਰੀ ਨਜ਼ਰੇ ਜਿੰਨੀ ਸਾਦੀ ਅਤੇ ਸਧਾਰਨ ਜਾਪਦੀ ਹੈ ਇਹ ਓਨੀ ਹੀ ਗਹਿਰੀ ਅਤੇ ਰਮਜ਼ਾਂ ਭਰੀ ਹੈ। ਇਹ ਇਕਹਿਰੇ ਅਰਥਾਂ ਵਾਲੀ ਨਹੀਂ।ਹੋ ਸਕਦਾ ਹੈ ਕਿ ਅੱਠ ਸਦੀਆਂ ਬੀਤਣ ਤੇ ਵੀ ਅਸੀਂ ਕਈ ਰਮਜ਼ਾਂ ਨੂੰ ਅਜੇ ਤੱਕ ਸਮਝੇ ਨਾ ਹੋਈਏ। ਮਿਸਾਲ ਦੇ ਤੌਰ ਤੇ ਹੇਠ ਲਿਖੇ ਦੋ ਸਲੋਕਾਂ ਵਿਚ ਸਾਨੂੰ ਮਰੇ ਹੋਏ ਪਸ਼ੂਆਂ ਦੀ ਹੱਡਾਰੋੜੀ ਵਰਗਾ ਦ੍ਰਿਸ਼ ਨਜ਼ਰ ਆਉਂਦਾ ਹੈ:

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ॥

ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥

ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ॥

ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥ (1382, ਫ਼ਰੀਦ ਜੀ)

tillaਅਸੀਂ ਇਸ ਦਾ ਏਹੀ ਭਾਵ ਲੈਂਦੇ ਹਾਂ ਕਿ ਫ਼ਰੀਦ ਜੀ ਇਕ ਲਾਵਾਰਿਸ ਲਾਸ਼ ਵਾਂਗ ਪੱਧਰੇ ਪਏ ਸਨ ਅਤੇ ਉੇਹਨਾਂ ਦੇ ਸਰੀਰ ਦੇ ਮਾਸ ਨੂੰ ਕਾਂ ਨੋਚ ਰਹੇ ਸਨ ਅਤੇ ਉਸੇ ਸਮੇਂ ਫ਼ਰੀਦ ਜੀ ਇਹ ਸਲੋਕ ਲਿਖੀ ਜਾਂਦੇ ਸਨ। ਚਿਤਰਕਾਰਾਂ ਨੇ ਵੀ ਇਸ ਦਾ ਦ੍ਰਿਸ਼ ਚਿਤਰਨ ਇਸੇ ਤਰ੍ਹਾਂ ਕੀਤਾ ਹੈ। ਪਰ ਇਹ ਗੱਲ ਤਾਂ ਫ਼ਰੀਦ ਜੀ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਨੂੰ ਅਸੀਂ ‘ਕਾਂ’ ਕਹਿੰਦੇ ਹਾਂ ਉਹ ਕਿਸੇ ਜਿਉਂਦੇ ਬੰਦੇ (ਭਾਵੇਂ ਉਹ ਕਿੰਨਾ ਹੀ ਬਿਰਧ ਜਾਂ ਕਮਜ਼ੋਰ ਹੋਵੇ) ਦੇ ਮਾਸ ਨੂੰ ਨੋਚਣ ਨਹੀਂ ਪੈਂਦਾ। ਦੂਸਰਾ, ਫ਼ਰੀਦ ਜੀ ਬਹੁਤ ਮਾਨਤਾ ਵਾਲੇ ਪੀਰ ਸਨ, ਇਹ ਹੋ ਨਹੀਂ ਸਕਦਾ ਕਿ ਉਹਨਾਂ ਦੇ ਆਸ ਪਾਸ ਕਦੀ ਇਕ ਵੀ ਮੁਰੀਦ ਨਾ ਹੋਵੇ ਤੇ ਉਹਨਾਂ ਦੀ ਉਹ ਦੁਰਦਸ਼ਾ ਹੋਵੇ ਜੋ ਸਾਨੂੰ ਇਹਨਾਂ ਸਲੋਕਾਂ ਵਿਚ ਨਜ਼ਰ ਆਉਂਦੀ ਹੈ। ਅਸਲ ਵਿਚ ਇਸ ਸਲੋਕ ਵਿਚਲੇ ‘ਕਾਂ’ ਉਹ ਕਾਂ ਨਹੀਂ ਹਨ ਜੋ ਸਾਨੂੰ ਨਜ਼ਰ ਆਉਂਦੇ ਹਨ। ਇਹ ਕੋਈ ਹੋਰ ‘ਕਾਂ’ ਹਨ ਜਿਹਨਾਂ ਨੂੰ ਦੇਖਣ ਲਈ ‘ਹੋਰ’ ਅੱਖਾਂ ਚਾਹੀਦੀਆਂ ਨੇ। ਇਹਨਾਂ ‘ਚੋਂ ਪਹਿਲੇ ਸਲੋਕ ਦੀ ਇਕ ਪੜ੍ਹਤ ਇਹ ਹੋ ਸਕਦੀ ਹੈ ਕਿ ਕਲਯੁਗ (ਵਰਤਮਾਨ ਸਮੇਂ) ਵਿਚ ਮਨੁੱਖੀ ਭਾਈਚਾਰੇ ਦੀ ਦਸ਼ਾ ਹੱਡਾਰੋੜੀ ਵਰਗੀ ਹੈ, ਜਿਥੇ ਖੋਹਾ ਖਿੱਚੀ ਦਾ ਮਹੌਲ ਹੈ। ਤ੍ਰਿਸ਼ਨਾ, ਲਾਲਸਾ ਅਤੇ ਲਾਲਚ ਦੇ ਕਾਂ ਬੰਦਿਆਂ ਦੇ ਉਸ ਮਾਸ ਨੂੰ ਚੂੰਢ ਰਹੇ ਹਨ ਜਿਸ ਨਾਲ ਉਸ ਦੀਆਂ ਸੰਵੇਦਨਾ ਇੰਦਰੀਆਂ ਭਾਵ ਕੰਨ, ਨੱਕ, ਜੀਭ, ਚਮੜੀ ਬਣੀਆਂ ਹਨ। ਭਾਵ ਅਜਿਹੇ ਮਾਹੌਲ ਵਿਚ ਬੰਦੇ ਦੀ ਸੰਵੇਦਨਸ਼ੀਲਤਾ ਘਟਦੀ ਜਾ ਰਹੀ ਹੈ। ਪਰ ਫ਼ਰੀਦ ਜੀ ਚਾਹੁੰਦੇ ਹਨ ਕਿ ਏਨੇ ਨਿਰਾਸ਼ਾਜਨਕ ਮਹੌਲ ਦੇ ਬਾਵਜੂਦ ਬੰਦਾ ਬਿਲਕੁਲ ਅੰਨ੍ਹਾਂ ਹੀ ਨਾ ਹੋ ਜਾਵੇ। ਉਸ ਦੀ ਸੰਵੇਦਨਾ ਕੁਛ ਨਾ ਕੁਛ (ਅੱਖਾਂ) ਤੇ ਬਚੀ ਰਹਿਣੀ ਚਾਹੀਦੀ ਹੈ ਜਿਸ ਨਾਲ ਉਹ ਚੰਗੇਰੀ ਸੰਭਾਵਨਾਵਾਂ ਨੂੰ ਮਾਣ ਸਕੇ, ਕੁਛ ਚੰਗਾ ਵਾਪਰਦਾ ਦੇਖ ਸਕੇ, ਮਹਿਸੂਸ ਕਰ ਸਕੇ।

ਉਹਨਾਂ ਦੇ ਹਰੇਕ ਸਲੋਕ ਦੀਆਂ ਅਜਿਹੀਆਂ ਅਨੇਕਾਂ ਪੜ੍ਹਤਾਂ ਹੋ ਸਕਦੀਆਂ ਹਨ। ਗੁਰੂ ਅਮਰਦਾਸ ਜੀ ਉਦਾਹਰਨ ਮਾਤਰ ਇਕ ਸਲੋਕ ਦੀ ਰਮਜ਼ ਖੋਲ੍ਹ ਕੇ ਦੱਸਦੇ ਹਨ ਕਿ ਫ਼ਰੀਦ ਜੀ ਨੂੰ ਕਿਵੇਂ ਪੜ੍ਹਨਾ ਹੈ। ਹੋਰ ਕਿਸੇ ਵੀ ਚੰਗੇ ਕਲਾਮ ਵਾਂਗ ਉਹਨਾਂ ਦੇ ਕਲਾਮ ਨੂੰ ਵੀ ਇਕਹਿਰੇ ਅਰਥਾਂ ‘ਚ ਨਹੀਂ ਪੜ੍ਹਿਆ ਵਿਚਾਰਿਆ ਜਾਣਾ ਚਾਹੀਦਾ, ਗੱਲ ਦੀ ਗਹਿਰਾਈ ਤੱਕ ਪਹੁੰਚਣ ਦਾ ਯਤਨ ਹੋਣਾ ਚਾਹੀਦਾ ਹੈ। ਜੇ ਫਰੀਦ ਜੀ ਇਹ ਕਹਿੰਦੇ ਹਨ ਕਿ ਰੱਬ ਦੇ ਰੰਗ ‘ਚ ਰੱਤਿਆ ਦੇ ਤਨ ‘ਚ ਰੱਤ ਨਹੀਂ ਹੁੰਦੀ ਤਾਂ ਇਹਦਾ ਇਹ ਭਾਵ ਨਹੀਂ ਕਿ ਉਹਨਾਂ ਦੇ ਸਰੀਰ ‘ਚ ਖੂਨ ਨਹੀਂ ਹੁੰਦਾ। ਸਮਝਣ ਵਾਲੀ ਗੱਲ ਤਾਂ ਰਮਜ਼ ਰੂਪ ਵਿਚ ਪਈ ਹੈ:

ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥

ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥ (1380, ਫਰੀਦ ਜੀ)

 

ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥

ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥

ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥

ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥ (1380, ; 3)

ਗੁਰੂ ਅਮਰਦਾਸ ਜੀ ਨੇ ਤਾਂ ਰਮਜ਼ ਦਾ ਭੇਦ ਜਾਨਣ ਲਈ ਇਸ਼ਾਰੇ ਮਾਤਰ ਲੋਭ ਦੀ ਉਦਾਹਣ ਦਿੱਤੀ ਹੈ।ਉਂਜ ਗੁਰਬਾਣੀ ਅਨੁਸਾਰ ਰੱਬ-ਰੱਤਿਆਂ ਵਿਚੋਂ ਕੇਵਲ ਲੋਭ ਹੀ ਨਹੀਂ ਸਗੋਂ ਕਾਮ, ਕਰੋਧ, ਮੋਹ ਅਤੇ ਹੰਕਾਰ ਦੀ ਰੱਤ ਵੀ ਸੁੱਕ ਜਾਂਦੀ ਹੈ। ਇਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਨੇ ਆਖਰੀ ਤੋਂ ਪਹਿਲੀ ਸਤਰ ਵਿਚ ਇਕੱਠਿਆਂ ‘ਦੁਰਮਤਿ ਮੈਲੁ’ ਕਹਿ ਕੇ ਫ਼ਰੀਦ ਜੀ ਦੇ ਸਲੋਕ ਅੰਦਰਲੀਆਂ ਪੰਜ ਰਮਜ਼ਾਂ ਨੂੰ ਪ੍ਰਗਟ ਕਰਕੇ ਅਰਥਾਂ ਨੂੰ ਵਿਸ਼ਾਲਤਾ ਦਿੱਤੀ ਹੈ। ਸੂਹੀ ਰਾਗ ਵਿਚ ਅੰਕਤ ਫ਼ਰੀਦ ਜੀ ਅਤੇ ਗੁਰੂ ਨਾਨਕ ਜੀ ਦੇ ਸ਼ਬਦਾਂ ਦੀਆਂ ਪਹਿਲੀਆਂ ਸਤਰਾਂ ਨੂੰ ਰਲਾ ਕੇ ਪੜ੍ਹਦੇ ਹਾਂ:

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥

ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥ (794, ਫ਼ਰੀਦ ਜੀ)

 

ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥

ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥ (729, ; 1)

ਗੁਰੂ ਨਾਨਕ ਸਾਹਿਬ ਨੇ ਫ਼ਰੀਦ ਜੀ ਦੇ ‘ਬੇੜੇ’ ਦੀ ਰਮਜ਼ ਨੂੰ ਖੋਲ੍ਹਿਆ ਹੈ। ਨਾਲ ਹੀ ਫ਼ਰੀਦ ਜੀ ਵਲੋਂ ਨਾਂਹ-ਵਾਚਕੀ ਢੰਗ ਨਾਲ ਦੱਸੀ ਕਠਿੱਨ ਸਥਿਤੀ ਦਾ ਹਾਂ-ਵਾਚਕੀ ਅਤੇ ਸਹਿਜ ਹੱਲ ਦੱਸਿਆ ਹੈ। ਫਰੀਦ ਜੀ ਦੀ ਹੋਰ ਬਾਣੀ ਦੀਆਂ ਰਮਜ਼ਾਂ ਸਮਝਣ ਲਈ ਸਾਨੂੰ ਆਪ ਮਿਹਨਤ ਕਰਨੀ ਪਏਗੀ, ਹੁਣ ਤੱਕ ਛਪੇ ਬਹੁਤੇ ਟੀਕਿਆਂ ਵਿਚ ਤਾਂ ਫ਼ਰੀਦ ਬਾਣੀ ਦੇ ਸਿਧਰੇ ਜਿਹੇ ਅਰਥ ਹੀ ਮਿਲਦੇ ਹਨ। ਕੁਝ ਸਹਾਇਤਾ ਜਨਾਬ ਨਜਮ ਹੁਸੈਨ ਸਈਅਦ ਤੋਂ ਲਈ ਜਾ ਸਕਦੀ ਹੈ।

ਫ਼ਰੀਦ ਜੀ ਦੇ ਸਲੋਕਾਂ ਦੇ ਵਿਚ ਵਿਚ ਜੋ ਸਲੋਕ ‘ਮਹਲਾ 5’ ਲਿਖ ਕੇ ਦਰਜ ਕੀਤੇ ਗਏ ਹਨ ਉਹਨਾਂ ਬਾਰੇ ਕੁਝ ਗੱਲ ਕਰਨ ਨੂੰ ਜੀਅ ਕਰਦਾ ਹੈ।ਜ਼ਾਹਿਰ ਹੈ ਕਿ ਇਹ ਗੁਰੂ ਅਰਜਨ ਦੇਵ ਜੀ ਦੀ ਰਚਨਾ ਹਨ। ਜਿਥੇ ਜਿਥੇ ਵੀ ਇਹ ਸਲੋਕ ਪਏ ਹਨ ਇਹਨਾਂ ਦਾ ਗੁਰੂ ਨਾਨਕ ਅਤੇ ਗੁਰੂ ਅਮਰਦਾਸ ਜੀ ਦੇ ਸਲੋਕਾਂ ਵਰਗਾ ਫ਼ਰੀਦ ਜੀ ਦੇ ਸਲੋਕਾਂ ਨਾਲ ਕੋਈ ਸਿੱਧਾ ਸੰਵਾਦ ਨਹੀਂ ਹੈ। ਭਾਵ ਜਿਥੇ ਗੁਰੂ ਅਰਜਨ ਦਾ ਸਲੋਕ ਹੈ ਉਸਦਾ ਫ਼ਰੀਦ ਜੀ ਦੇ ਉਤਲੇ ਜਾਂ ਹੇਠਲੇ ਸਲੋਕ ਵਾਲਾ ਵਿਸ਼ਾ ਨਹੀਂ ਹੈ ਸਗੋਂ ਇਹ ਸੁਤੰਤਰ ਇਕਾਈ ਵਾਂਗ ਹਨ। ਪਰ ਇਹਨਾਂ ਸਾਰੇ ਸਲੋਕਾਂ ਦੀ ਬੋਲੀ, ਸ਼ੈਲੀ, ਸੰਗੀਤ, ਚਾਲ ਅਤੇ ਪ੍ਰਭਾਵ ਹੂ-ਬ-ਹੂ ਫ਼ਰੀਦ ਜੀ ਦੇ ਸਲੋਕਾਂ ਵਾਲਾ ਹੈ।ਜੇ ਇਹਨਾਂ ਤੇ ‘ਮਹਲਾ 5’ ਨਾ ਲਿਖਿਆ ਹੋਵੇ ਤਾਂ ਇਹਨਾਂ ਨੂੰ ਫ਼ਰੀਦ ਜੀ ਦੀ ਰਚਨਾ ਤੋਂ ਅੱਡਰਾ ਪਛਾਣਿਆਂ ਨਹੀਂ ਜਾ ਸਕਦਾ। ਇੰਜ ਜਾਪਦਾ ਹੈ ਕਿ ਜਦੋਂ ਪੰਚਮ ਪਾਤਸ਼ਾਹ ਫ਼ਰੀਦ ਜੀ ਦੀ ਬਾਣੀ ਸ਼੍ਰੀ ਆਦਿ ਗਰੰਥ ਵਿਚ ਚੜ੍ਹਵਾ ਰਹੇ ਸਨ ਤਾਂ ਇਸ ਨੂੰ ਗੁਣਗੁਣਾਉਂਦਿਆ ਉਹ ਪੂਰੀ ਤਰ੍ਹਾਂ ਫ਼ਰੀਦ ਜੀ ਦੇ ਰੰਗ ਵਿਚ ਰੰਗੇ ਹੋਏ ਸਨ, ਉਹਨਾਂ ਦੇ ਹਿਰਦੇ ਵਿਚ ਫ਼ਰੀਦ ਜੀ ਵਸੇ ਹੋਏ ਸਨ। ਉਹਨਾਂ ਪਲਾਂ ਵਿਚ ਗੁਰੂ ਅਰਜਨ ਜੀ ਅੰਦਰਲੇ ਕਈ ਵਿਚਾਰਾਂ ਨੇ ਫ਼ਰੀਦ ਜੀ ਦੇ ਰੰਗ ਵਿਚ ਸੁਖ਼ਨੀ ਰੂਪ ਧਾਰਨ ਕੀਤਾ। ਜਿਉਂ ਜਿਉਂ ਇਹ ਵਿਚਾਰ ਫ਼ਰੀਦ ਜੀ ਦੇ ਸਲੋਕਾਂ ਜਿਹਾ ਰੂਪ ਧਾਰਦੇ ਗਏ ਗੁਰੂ ਸਾਹਿਬ ਨਾਲੋ ਨਾਲ ਇਹਨਾਂ ਨੂੰ ਵੀ ਦਰਜ ਕਰਾਉਂਦੇ ਗਏ। ਇਸ ਦੌਰਾਨ ਗੁਰੂ ਸਾਹਿਬ ਨੇ ਇਕ ਬਹੁਤ ਪਿਆਰੀ ਗੱਲ ਕੀਤੀ। ਉਹ ਇਹ ਕਿ ਫ਼ਰੀਦ ਜੋਤ ਦੀ ਰੋਸ਼ਨੀ ‘ਚ ਉਚਾਰੇ ਇਹਨਾਂ ਸਲੋਕਾਂ ਵਿਚ ਗੁਰੂ ਸਾਹਿਬ ਨੇ ਆਪਣੇ ਆਪ ਨੂੰ ‘ਨਾਨਕ’ ਦੀ ਬਜਾਏ ‘ਫ਼ਰੀਦ’ ਹੀ ਕਿਹਾ ਹੈ। ਸਮਾਪਤੀ ਤੋਂ ਪਹਿਲਾਂ ਇਹਨਾਂ ਸਲੋਕਾਂ ਦਾ ਪਾਠ ਕਰਦੇ ਹਾਂ:

ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥

ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥ (1381, ; 5 )

 

ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥

ਜੋ ਜਨ ਪੀਰਿ ਨਿਵਾਜਿਆ ਤਿੰਨਾ ਅੰਚ ਨ ਲਾਗ ॥

ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥

ਵਿਰਲੇ ਕੇਈ ਪਾਈਅਨਿ ਜਿੰਨਾ ਪਿਆਰੇ ਨੇਹ ॥ (1382, ; 5)

 

ਫਰੀਦਾ ਗਰਬੁ ਜਿਨਾ ਵਡਿਆਈਆ ਧਨਿ ਜੋਬਨਿ ਆਗਾਹ ॥

ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥

ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥

ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥

ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥

ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ॥ (1383, ; 5)

ਜਾਂਦੇ ਜਾਂਦੇ ਇਕ ਕਵੀ ਦੀ ਪ੍ਰਾਥਨਾ ਹੈ ਕਿ ਜਿਸ ਤਰ੍ਹਾਂ ਹੋਰ ਭਗਤਾਂ ਬਾਣੀਕਾਰਾਂ ਦੀ ਬਾਣੀ ‘ਚੋਂ ਲੰਘਦਿਆਂ ਸਾਡੇ ਗੁਰੂ ਸਾਹਿਬਾਨ ਉਹਨਾਂ ਦੇ ਰੰਗ ਵਿਚ ਰੰਗੇ ਜਾਂਦੇ ਰਹੇ ਹਨ, ਸਾਨੂੰ ਵੀ ਉਹਨਾਂ ਨੂੰ ਪੜ੍ਹਦਿਆਂ ਉਹਨਾਂ ਦਾ ਕੁਝ ਨਾ ਕੁਝ ਰੰਗ ਨਸੀਬ ਹੋਵੇ:

ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ॥

ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ॥ (1382, ਫਰੀਦ ਜੀ)

0 Comments

Add a Comment

Your email address will not be published. Required fields are marked *