Email: [email protected]
Telegram: @harmanradio
Phone: +61285992811

Every Good Snake is a Dead Snake

Knowledge of Good Fella

Burrow-Header
ਦਸਵੀਂ ਕਰਕੇ ਪਲੱਸ ਵਨ ‘ਚ ਦਾਖਲਾ ਹੋਇਆ ਹੀ ਸੀ ਅਤੇ ਗਰਮੀ ਦੀ ਰੁੱਤ ਵੀ ਜੋਬਨ ਤੇ ਸੀ। ਟਿਕੀ ਦੁਪਹਿਰ ਨੂੰ ਬੈਠੇ ਘਰ ਦੇ ਬਾਹਰੋਂ ਸੱਪ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੱਸ ਇਹ ਉਸ ਦੀ ਆਖ਼ਰੀ ਘੜੀ ਸੀ। ਉਸਨੂੰ ਮਾਰਨ ਤੋਂ ਕੁੱਝ ਕੁ ਦਿਨਾ ਬਾਅਦ ਇੱਕ ਹੋਰ ਸੱਪ ਤਰਕਾਲ਼ਾਂ ਸਮੇਂ  ਰੋਜ ਜਦੋਂ ਘਰੇ ਆਉਂਦਾ ਅਤੇ ਮੇਰੀ ਭੈਣ ਅਤੇ ਚਾਚੀ ਡਰ ਜਾਂਦੀਆਂ। ਹੌਲੀ-ਹੌਲੀ ‘ਨਾਗਿਨ’ ਫ਼ਿਲਮ ਦੀ ਕਹਾਣੀ ਵਾਂਗੂ ਇਹ ਗੱਲ ਬਣੀ ਕਿ “ਜੁਆਨਾਂ ਤੂੰ ਜੋੜੇ ਵਿਚੋਂ ਇੱਕ ਸੱਪ ਮਾਰ’ਤਾ ਅਤੇ ਹੁਣ ਦੂਜਾ ਬਦਲਾ ਲਊ।” ਲਓ ਜੀ ਆਂਢ-ਗੁਆਂਢ ਦੇ ਮਹਿਲਾ ਮੰਡਲ ਨੇ ਇਹ ਫ਼ੈਸਲਾ ਕੀਤਾ ਕਿ ਰਾਹੋਂ(ਸ਼ਹਿਰ) ਤੋਂ ਜਾ ਕੇ ਜੋਗੀ ਲਿਆਂਦਾ ਜਾਵੇ, ਜੋ ਬੀਨ ਬਜਾ ਕੇ ਦੂਜੇ ਸੱਪ ਨੂੰ ਫੜ ਕੇ ਲੈ ਜਾਵੇ। ਮੈਂ ਅਤੇ ਮੇਰੇ ਤਾਏ ਦਾ ਮੁੰਡਾ ਸਾਈਕਲ ਤੇ ਰਾਹੋਂ ਪਹੁੰਚ ਗਏ। ਸ਼ਹਿਰ ਦੇ ਬਾਹਰ ਨੂੰ ਝੌਂਪੜ-ਪੱਟੀ ‘ਚ ਸਾਈਕਲ ਸਟੈਂਡ ਤੇ ਲਾਇਆ ਤੇ ਝਾੜੂ ਦਿੰਦੀ ਇੱਕ ਜੋਗਣ ਔਰਤ ਨੂੰ ਪੁੱਛਿਆ;

“ਮਾਤਾ! ਕਿਸੇ ਜੋਗੀ ਨੂੰ ਮਿਲਣਾ ਸੀ”
“ਕਿਉਂ?”
“ਸਾਨੂੰ ਸੱਪ ਤੰਗ ਕਰ ਰਿਹਾ”
“ਜੋਗੀ ਤਾਂ ਨੀ ਕੋਈ ਮਿਲਣਾ ਤੁਹਾਨੂੰ, ਇੱਕ ਮਹੀਨਾ”
“ਕਿਉਂ ਜੀ?”
“ਸਾਡੀ ਕੁੜੀ ਦਾ ਅਗਲੇ ਮਹੀਨੇ ਵਿਆਹ ਏ ਤੇ ਸਾਰੇ ਜੋਗੀ ਪਹਾੜਾਂ ਨੂੰ ਗਏ ਹੋਏ ਨੇ।”
“ਪਹਾੜਾਂ ‘ਚ ਕੀ ਕਰਨ ਗਏ ਆ?”
“ਦਾਜ ਲਈ ਸੱਪ ਫੜਨ।”

ਅਸੀਂ ਹੱਕੇ-ਬੱਕੇ ਰਹਿ ਗਏ। ਜ਼ਿੰਦਗੀ ‘ਚ ਪਹਿਲੀ ਵਾਰੀ ਇਹ ਗੱਲ ਸੁਣੀ ਸੀ।

“ਅੱਛਾ ਬੀਬੀ, ਤੁਸੀਂ ਦਾਜ ‘ਚ ਸੱਪ ਦਿੰਦੇ ਹੋ?
“ਹਾਂ, ਜਿੰਨੇ ਜ਼ਹਿਰੀ ਸੱਪ, ਉੱਨੀ ਹੀ ਸਾਡੀ ਕੁੜੀ ਦੀ ਕਦਰ ਹੁੰਦੀ ਹੈ ਸਹੁਰਿਆਂ ‘ਚ।”

ਖੈਰ ਕੁੱਝ ਕੁ ਦਿਨਾ ਮਗਰੋਂ ਦੂਜਾ ਵੀ ਅੜਿੱਕੇ ਆ ਗਿਆ। ਤਾਂ ਜਾ ਕੇ ਸਾਡੀ ਪੱਤੀ ‘ਚ ਸ਼ਾਂਤੀ ਜਿਹੀ ਵਰਤੀ।

ਸ਼ਾਇਦ ਹੀ ਕੋਈ ਪੰਜਾਬੀ ਕਿਸਾਨ ਹੋਵੇਗਾ ਜਿਸ ਦਾ ਸੱਪਾਂ ਨਾਲ ਵਾਸਤਾ ਨਾ ਪਿਆ ਹੋਵੇ ਜਾਂ ਇਸ ਤਰਾਂ ਕਹਿ ਲਵੋ ਕਿ ਨਿਊਜ਼ੀਲੈਂਡ ਦੇ ਕਿਸਾਨਾਂ ਨੂੰ ਛੱਡ ਕੇ ਸਾਰੀ ਦੁਨੀਆ ਦੇ ਹੀ ਕਿਸਾਨ ਸੱਪਾਂ ਦੀਆਂ ਸਿਰੀਆਂ ‘ਤੋਂ ਨੋਟ ਚੁੱਕਦੇ ਹਨ। ਇਸ ਕਰਕੇ ਹੀ ਇਹ ਧਰਤੀ ਸੱਪਾਂ ਦੀ ਹੈ। ਪੁਰਾਤਨ ਅਖਾਣਾਂ ਵਿਚ ਸੱਪ ਨੂੰ ਧਰਤੀ ਦਾ ਰਾਜਾ ਕਿਹਾ ਜਾਂਦਾ ਹੈ। ਧਰਤੀ ‘ਤੇ ਕਬਜ਼ੇ ਲਈ ਮਨੁੱਖ ਅਤੇ ਸੱਪ ਵਿਚਕਾਰ ਕਸ਼ਮਕਸ਼ ਯੁੱਗਾਂ ਪੁਰਾਣੀ ਹੈ।

ਮਹਾਂਭਾਰਤ ਦੇ ਅਰਜੁਨ ਦਾ ਪੁੱਤਰ ਸੀ ‘ਅਭਿਮਨਯੁ’, ਉਸ ਦਾ ਪੁੱਤਰ ਹੋਇਆ ਰਾਜਾ ਪ੍ਰੀਕਸ਼ਤ ਜੋ ਕਿ ‘ਦੁਆਪਰ ਯੁੱਗ’ ਦਾ ਆਖ਼ਰੀ ਰਾਜਾ ਹੋਇਆ। ਇਕ ਪੁਰਾਤਨ ਕਥਾ ਇਸ ਤਰਾਂ ਹੈ ਕਿ ਸ਼੍ਰੀ ਕਿਸ਼ਨ ਦੇ ਸਰੀਰ ਛੱਡਣ ਤੋਂ ਬਾਅਦ ‘ਕਲਯੁਗ’ ਨੇ ਰਾਜੇ ਨੂੰ ਜੰਗਲ ਵਿਚ ਸ਼ਿਕਾਰ ਖੇਡਦੇ ਸਮੇਂ ਉਸ ਦੇ ਰਾਜ ਵਿਚ ਆਉਣ ਦੀ ਆਗਿਆ ਮੰਗੀ ਪਰ ਰਾਜੇ ਨੇ ਮਨਜ਼ੂਰ ਨਹੀਂ ਕੀਤੀ। ਮਿੰਨਤ ਕਰਨ ਤੇ ਪ੍ਰੀਕਸ਼ਤ ਨੇ ਪੰਜ ਥਾਵਾਂ ਤੇ ਉਸਨੂੰ ਆਗਿਆ ਦੇ ਦਿੱਤੀ। ਉਹ ਸਨ; ਜਿੱਥੇ ਜੂਹਾ ਖੇਡਿਆ ਜਾਂਦਾ, ਨਸ਼ਾ ਕੀਤਾ ਜਾਂਦਾ, ਜਾਨਵਰਾਂ ਨੂੰ ਵੱਢਿਆ ਜਾਂਦਾ, ਦੇਹ ਦਾ ਵਪਾਰ ਅਤੇ ਜਿੱਥੇ ਸੋਨਾ ਹੁੰਦਾ ਹੈ। ਇਸ ਤਰਾਂ ਕਲਯੁਗੀ ਸੋਚ ਉਸ ਦੇ ਰਾਜ ਵਿਚ ਦਾਖਲ ਹੋ ਗਈ ਅਤੇ ਚਲਾਕੀ ਨਾਲ ਰਾਜੇ ਦੇ ਪਵਿੱਤਰ ਮਨ ਨੂੰ ਭੇਦ ਲਿਆ। ਸ਼ਿਕਾਰ ਖੇਡਣ ਤੋਂ ਬਾਅਦ ਪਾਣੀ ਦੀ ਭਾਲ ਵਿਚ ਪ੍ਰੀਕਸ਼ਤ ਇੱਕ ਰਿਸ਼ੀ ਦੀ ਕੁਟੀਆ ਵਿਚ ਦਾਖਲ ਹੁੰਦਾ ਹੈ, ਜਿੱਥੇ ਰਿਸ਼ੀ ਬਹੁਤ ਹੀ ਡੂੰਘੀ ਸਮਾਧੀ ਵਿਚ ਲੀਨ ਹੁੰਦਾ ਹੈ। ਰਾਜਾ ਬਾਰ-ਬਾਰ ਪਾਣੀ ਦੀ ਮੰਗ ਕਰਦਾ ਹੈ ਅਤੇ ਜਵਾਬ ਨਾ ਮਿਲਣ ਤੇ ਗ਼ੁੱਸੇ(ਕਲਯੁਗ) ਵਿਚ ਆਕੇ ਇੱਕ ਮਰਿਆ ਸੱਪ ਉਸ ਦੇ ਗਲੇ ਵਿਚ ਪਾ ਦਿੰਦਾ ਹੈ। ਇਸ ਗੱਲ ਦਾ ਪਤਾ ਜਦੋਂ ਰਿਸ਼ੀ ਦੇ ਪੁੱਤਰ ਨੂੰ ਲਗਦਾ ਹੈ ਤਾਂ ਉਹ ਸਰਾਪ ਦਿੰਦਾ ਹੈ ਕਿ ਸੱਤ ਦਿਨਾ ਬਾਅਦ ਸੱਪ ਦੇ ਡੱਸਣ ਨਾਲ ਰਾਜੇ ਦੀ ਮੌਤ ਹੋਵੇਗੀ। ਇਹ ਸੁਣਕੇ ਪ੍ਰੀਕਸ਼ਤ ਪਸ਼ਚਾਤਾਪ ਕਰਦਾ ਹੈ, ਪਾਠ ਸੁਣਦਾ ਹੈ ਅਤੇ ਰਾਜ ਆਪਣੇ ਪੁੱਤਰ ਜਨਮੇਜੇ ਨੂੰ ਸਾਂਭ ਦਿੰਦਾ ਹੈ। ਕੁੱਝ ਦਿਨਾ ਬਾਅਦ ਤਕਸ਼ੀਲਾ ਦੇ ਨਾਗ ਕਬੀਲੇ ਦਾ ਰਾਜਾ “ਤਕਸ਼ਖ” ਰਾਜੇ ਨੂੰ ਬਿਸਤਰ ‘ਤੇ ਪਏ ਨੂੰ ਡੱਸਦਾ ਹੈ ਅਤੇ ਰਾਜਾ ਸਰੀਰ ਛੱਡ ਜਾਂਦਾ ਹੈ। ਇਸ ਦਾ ਬਦਲਾ ਲੈਣ ਲਈ ਜਨਮੇਜਾ, ਜੋ ਕਿ ਕਲਯੁਗ ਦਾ ਪਹਿਲਾ ਰਾਜਾ ਹੈ, ਸੱਤ ਦਿਨਾ ਦੇ ਅੰਦਰ ਤਕਸ਼ਖ ਅਤੇ ਨਾਗ ਕੁੱਲ ਨੂੰ ਧਰਤੀ ਤੋਂ ਖ਼ਤਮ ਕਰਨ ਲਈ ਸਰਪਯੱਗ(ਸਰਪ-ਮੇਧ) ਕਰਦਾ ਹੈ। ਇਸ ਯੱਗ ਕਾਰਨ ਸਾਰੇ ਸੱਪ ਆਪਣੇ ਆਪ ਅੱਗ ਦੇ ਕੁੰਡ ਵੱਲ ਨੂੰ ਖਿੱਚੇ ਚਲੇ ਆਉਂਦੇ ਹਨ ਅਤੇ ਭਸਮ ਹੋਈ ਜਾਂਦੇ ਹਨ ਪਰ ਤਕਸ਼ਖ ਨੂੰ ਨਾ ਦੇਖ ਕੇ ਰਾਜਾ ਪਰੋਹਤਾਂ ਨੂੰ ਪੁੱਛਦਾ ਹੈ ਕਿ ਤਕਸ਼ਖ ਕਿੱਥੇ ਹੈ? ਪਰੋਹਤ ਦੱਸਦਾ ਹੈ ਕਿ ਉਸ ਨੇ ਰਾਜੇ ਇੰਦਰ ਦੀ ਸ਼ਰਨ ਲੈ ਲਈ ਹੈ ਅਤੇ ਉਸ ਦੇ ਸਿੰਘਾਸਣ ਨੂੰ ਜਫ਼ਾ ਮਾਰ ਲਿਆ ਹੈ। ਪਰੋਹਤਾਂ ਨੇ ਇੰਦਰ ਨੂੰ ਵੀ ਖਿੱਚਣ ਦੇ ਮੰਤਰ ਤੀਬਰਤਾ ਨਾਲ ਪੜ੍ਹਨੇ ਸ਼ੁਰੂ ਕਰ ਦਿੱਤੇ ਅਤੇ ਸਿੰਘਾਸਣ ਡੋਲਦਾ ਦੇਖ ਇੰਦਰ ਨੇ ਤਕਸ਼ਖ ਦਾ ਸਾਥ ਛੱਡ ਦਿੱਤਾ। ਫਿਰ ਤਕਸ਼ਖ ਯੱਗ ਵਿਚ ਬੈਠੇ ਬ੍ਰਾਹਮਣ “ਆਸਤੀਕ” ਦੀ ਮਿੰਨਤ ਕਰਦਾ ਹੈ ਕਿ ਅਗਰ ਮੇਰੀ ਕੁਲ ਤਬਾਹ ਹੋ ਗਈ ਤਾਂ ਸੂਰਜ ਦਾ ਸਿੰਘਾਸਣ ਵੀ ਤਬਾਹ ਹੋ ਜਾਵੇਗਾ ਅਤੇ ਧਰਤੀ ਤੇ ਜੀਵ ਲੰਮਾ ਚਿਰ ਜੀ ਨਹੀਂ ਸਕਣਗੇ। ਇਸ ਨੁਕਤੇ ਨੂੰ ਸਮਝਦੇ ਹੋਏ ਵਰ ਦੇ ਰੂਪ ਵਜੋਂ ਆਸਤੀਕ ਰਾਜੇ ਜਨਮੇਜੇ ਤੋਂ ਨਾਗਾਂ ਨੂੰ ਛੁਡਵਾ ਲੈਂਦਾ ਹੈ। ਸਮਝੌਤੇ ਵਜੋਂ ਤਕਸ਼ਖ ਇਹ ਵਾਅਦਾ ਕਰਦਾ ਹੈ ਕਿ ਮੇਰੀ ਕੁਲ ਦਾ ਸੱਪ ਕਿਸੇ ਵੀ ਮਨੁੱਖ ਨੂੰ ਸਿਰਫ਼ ਧਰਤੀ ਤੇ ਹੀ ਡੱਸ ਸਕੇਗਾ ਧਰਤੀ ਤੋਂ ਉੱਪਰ ਨਹੀਂ।

ਇਸ ਕਥਾ ਵਿਚੋਂ ਅਧਿਆਤਮਿਕ ਬਿੰਬਾਂ ਤੋਂ ਇਲਾਵਾ ਰੋਜ਼ਾਨਾ ਜ਼ਿੰਦਗੀ ਦਾ ਬਹੁਤ ਗਿਆਨ ਮਿਲਦਾ ਹੈ;

1.    ਜ਼ਹਿਰੀਲਾ ਸੱਪ ਕਦੇ ਵੀ ਧਰਤੀ ਨਹੀਂ ਛੱਡਦਾ
2.   “ਮਰਿਆ ਸੱਪ ਗਲ਼ੇ ਪੈਣਾ” ਮੁਹਾਵਰਾ ਇਸੇ ਹੀ ਕਥਾ ਦੀ ਦੇਣ ਹੈ।
3.   “ਆਸਤੀਨ(ਆਸਤੀਕ) ਕਾ ਸਾਂਪ” ਮੁਹਾਵਰਾ ਵੀ ਇਸੇ ਕਥਾ ਦੀ ਉਪਜ ਹੈ ਜਿਸ ਦਾ ਮਤਲਬ ਬਹੁਤ ਹੀ ਭੇਤੀ, ਖ਼ਤਰਨਾਕ, ਨੀਤੀਵਾਨ ਅਤੇ ਜ਼ਹਿਰੀ ਵਿਅਕਤੀ।
4.    ਧਰਾਤਲ ਦੇ ਰੀਂਗਣ ਵਾਲੇ ਜ਼ਹਿਰੀ ਜੀਵਾਂ ਤੋਂ ਬਚਣ ਲਈ ਮਨੁੱਖ ਨੇ ਚਾਰ ਪਾਵੇ(ਚਕੋਣੇ) ਦੇ ਮੰਜੇ ਦੀ ਕਾਢ ਕੱਢੀ।
5.    ਮਨੁੱਖ ਅਤੇ ਸੱਪ ਨੇ ਇਕ ਦੂਜੇ ਦੀ ਅਹਿਮੀਅਤ ਅਤੇ ਸ਼ਕਤੀ ਨੂੰ ਸਮਝਿਆ ਅਤੇ ਸਮਕਾਲੀ ਜੀਵਨ ਵਿਚ ਵਿਸ਼ਵਾਸ ਦ੍ਰਿੜਾਇਆ।

ਅਸੀਂ ਆਸਟ੍ਰੇਲੀਆ ਵਿਚ ਕੇਲੇ ਦੀ ਖੇਤੀ ਤਕਰੀਬਨ ਬਾਰਾਂ ਸਾਲ ਕੀਤੀ। ਸੱਪ ਦਾ ਕੇਲੇ ਨਾਲ ਬਹੁਤ ਮੇਲ-ਜੋਲ ਹੈ। ਮਨ ਵਿਚ ਡਰ ਰਹਿੰਦਾ ਸੀ ਕਿ ਕਿਤੇ ਉਹੀ ਗੱਲ ਨਾ ਹੋ ਜਾਵੇ। ਖੈਰ, ਕੰਮ ਸਿੱਖਦੇ ਹੋਏ ਕੁਲਬੀਰ ਅੰਕਲ ਤੋਂ ਪੁੱਛਿਆ, ਤਾਂ ਉਨ੍ਹਾਂ ਦੱਸਿਆ ਕਿ “ਯੰਗ ਫੈਲਾ(ਜੁਆਨਾਂ)! ਸੱਪ ਤਾਂ ਬਹੁਤ ਫ਼ਾਇਦਾ ਕਰਦੇ ਆ, ਚੂਹਾ ਵਗ਼ੈਰਾ ਨੀ ਪੈਂਦਾ ਕੇਲੇ ਨੂੰ, ਇਸ ਕਰਕੇ ਇਹਨਾਂ ਨੂੰ ਮਾਰੀਦਾ ਨਹੀਂ। ਇਹਨਾਂ ਦਾ ਵੀ ਹੱਕ ਬਣਦਾ ਧਰਤੀ ‘ਤੇ, ਵੈਸੇ ਆਪਣੇ ਬੰਦੇ ਸਮਝਦੇ ਨੀ, ਬੱਸ ਮਾਰ ਦਿੰਦੇ ਆ। ਬਲੱਡੀ(bloody), ਐਵਰੀ ਗੁੱਡ ਸਨੇਕ ਇਜ਼ ਡੈਡ ਸਨੇਕ”।

ਅਸਲ ਵਿਚ ਸੱਪਾਂ ਪ੍ਰਤੀ ਮੇਰਾ ਨਜ਼ਰੀਆ ਕੁਲਬੀਰ ਅੰਕਲ ਦੇ ਪ੍ਰਵਚਨਾਂ ਤੋਂ ਬਾਅਦ ਹੀ ਬਦਲਿਆ।

Snake Diagram

photo: internet

Manka

Manka or snake stone

ਅਸੀਂ 1998 ਦੇ ਅਖੀਰ ਪੰਜਾਬ ਰਿਸ਼ਤੇਦਾਰੀ ਵਿਚ ਵਿਆਹ ਗਏ। ਪਿੰਡ ਜੋਗੀ ਆ ਗਏ। ਉਨ੍ਹਾਂ ਬੀਨ ਬਜਾਈ, ਪਟਾਰੀ ‘ਚੋਂ ਸੱਪ ਕੱਢੇ ਅਤੇ ਸੱਪ ਕੱਢਦੇ ਹੋਏ ਜੋਗੀ ਦੇ ਹੱਥ ‘ਤੇ ਡੰਗ ਵੱਜਿਆ। ਜੋਗੀ ਨੇ ਸੰਧੂਰ ਦੀ ਡੱਬੀ ‘ਚੋ ਮਣਕਾ ਕੱਢਿਆ ਅਤੇ ਜ਼ਖਮ ਤੇ ਲਾਇਆ। ਮਣਕਾ ਇਕ ਦਮ ਚੁੰਬੜ ਗਿਆ। ਤਕਰੀਬਨ ਅੱਧੇ ਕੁ ਮਿੰਟ ਬਾਅਦ ਮਣਕਾ ਆਪ ਹੀ ਲੱਥ ਗਿਆ ਅਤੇ ਉਸਨੂੰ ਕੱਚੀ ਲੱਸੀ ਵਿਚ ਪਾ ਦਿੱਤਾ ਗਿਆ। ਇੱਕ ਛੋਟਾ ਜਿਹਾ ਬੁਲਬੁਲਾ ਮਣਕੇ ਵਿਚੋਂ ਨਿਕਲਿਆ। ਫਿਰ ਧੋ ਕੇ ਦੁਬਾਰਾ ਡੱਬੀ ‘ਚ ਪਾ ਲਿਆ। ਬੀਬੀਆਂ ਨੇ ਅੰਨ, ਦਾਣਾ, ਪੈਸਾ ਆਦਿ ਦਿੱਤਾ। ਮੇਰੇ ਅੰਦਰ ਜਾਣਨ ਦੀ ਉਤਸੁਕਤਾ ਵਧੀ। ਮੈਂ ਜੋਗੀ ਕੌਲ ਗਿਆ ਜੋ ਕਿ ਮੇਰੀ ਹੀ ਉਮਰ ਦਾ ਸੀ। ਮੈਂ ਉਸ ਨੂੰ ਕਿਹਾ ਕਿ ਮਣਕੇ ਬਾਰੇ ਮੈਨੂੰ ਦਸੋ। ਪਹਿਲਾਂ ਥੋੜਾ ਜਿਹਾ ਢਿੱਲਾ ਬੋਲਿਆ ਪਰ ਜਦੋਂ ਮੈਂ ਉਸਨੂੰ ਦੱਸਿਆ ਕਿ ਮੈਂ ਬਾਹਰੋਂ ਆਇਆਂ, ਮੈਂ ਕੋਈ ਜੋਗੀ ਨੀ ਬਣਨਾ ਅਤੇ ਥੋੜੇ ਪੈਸੇ ਦੀ ਹੋਰ ਸੇਵਾ ਕਰ ਦੇਂਉ ਤਾਂ ਉਹ ਫਿਰ ਚਾਹ ਪੀਂਦਾ ਹੋਇਆ ਆਪਣੇ ਇਲਮ ਦਾ ਗਿਆਨ ਮੇਰੇ ਨਾਲ ਸਾਂਝਾ ਕਰਨ ਲੱਗਾ।

ਸੱਪ ਦੀ ਮਣੀ ਅਤੇ ਮਣਕੇ ਵਿਚ ਫ਼ਰਕ ਹੁੰਦਾ। ਮਣਕਾ ਸੱਪ ਦੀ ਜ਼ਹਿਰ ਦੀ ਥੈਲੀ, ਜੋ ਕਿ ਉਸ ਦੇ ਦੰਦ ਨਾਲ ਜੁੜੀ ਹੁੰਦੀ ਹੈ, ਉਸ ਦੀ ਪਥਰੀ ਹੁੰਦੀ ਹੈ ਜਿਵੇਂ ਬੰਦੇ ਅੰਦਰ ਕਿਸੇ ਅੰਗ ਵਿਚ ਪਥਰੀ। ਡਸਣਾ ਸੱਪ ਦੀ ਮਜਬੂਰੀ ਹੈ ਤਾਂ ਕਿ ਜ਼ਹਿਰ ਦੀ ਥੈਲੀ ਨੂੰ ਖਾਲੀ ਕੀਤਾ ਜਾ ਸਕੇ। ਜੋਗੀ ਕੋਸ਼ਿਸ਼ ਕਰਦਾ ਹੈ ਕਿ ਸਭ ਤੋਂ ਜ਼ਹਿਰੀਲਾ ਸੱਪ ਫੜੇ। ਫਿਰ ਉਸਨੂੰ ਉਹ ਇੱਕ ਅਜਿਹੀ ਜਗਾ ਰੱਖਦਾ ਹੈ, ਜਿੱਥੇ ਉਹ ਡੰਗ ਨਾ ਮਾਰ ਸਕੇ ਅਤੇ ਜ਼ਹਿਰ ਖਾਲੀ ਨਾ ਕਰੇ। ਹੌਲੀ-ਹੌਲੀ ਉਹ ਜ਼ਹਿਰ ਸੰਘਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਪਥਰੀ ਦਾ ਰੂਪ ਧਾਰ ਲੈਂਦਾ ਹੈ। ਇਹ ਪਥਰੀ ਵਾਧੂ ਜ਼ਹਿਰ ਸੋਕ ਕਰਦੀ ਰਹਿੰਦੀ ਅਤੇ ਆਕਾਰ ਵਿਚ ਵੱਡੀ ਹੋ ਜਾਂਦੀ ਹੈ। ਇਕ ਸਮਾਂ ਪਾ ਕੇ ਇਸ ਦਾ ਉਭਾਰ ਸੱਪ ਦੀ ਸਿਰੀ ਦੇ ਉੱਪਰ ਦਿਖਾਈ ਦੇਣ ਲਗ ਪੈਂਦਾ ਹੈ। ਢੁਕਵੇਂ ਸਮੇਂ, ਜੋਗੀ ਤਿੱਖੇ ਚਾਕੂ ਨਾਲ ਚੀਰਾ ਦੇ ਕੇ ਇਸ ਪਥਰੀ ਨੂੰ ਕੱਢ ਲੈਂਦਾ ਹੈ। ਇਸ ਮਣਕੇ ਦੇ ਗੁਣ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜ਼ਹਿਰੀਲੇ ਜਾਨਵਰਾਂ ਦੇ ਡੱਸਣ ਨਾਲ ਖੂਨ ਵਿਚ ਫੈਲੇ ਜ਼ਹਿਰ ਨੂੰ ਸੋਕ ਲੈਂਦਾ ਹੈ ਅਤੇ ਜਾਨ ਬਚ ਜਾਂਦੀ ਹੈ।

ਇਸ ਵਾਰਤਾ ਵਿਚੋਂ ਇੱਕ ਹੋਰ ਨੁਕਤਾ ਸਾਹਮਣੇ ਆਉਂਦਾ ਹੈ ਕਿ ਸੱਪ ਦੀ ਜ਼ਹਿਰ ਨੂੰ ਪਥਰੀ ਤੋਂ ਦੁੱਧ ਅਲੱਗ ਕਰਦਾ ਹੈ। ਸ਼ਾਇਦ ਇਸੇ ਹੀ ਕਰਕੇ ਬਚਪਨ ‘ਚ ਸੁਣਦੇ ਸੀ ਕਿ ਕਈ ਸੱਪ ਲਵੇਰਿਆਂ ਦੇ ਥਣਾਂ ਨੂੰ ਪੈਂਦੇ ਸੀ ਅਤੇ ਦੁੱਧ ਚੁੰਘਦੇ ਸੀ ਪਰ ਪਸ਼ੂ ਦੀ ਮੌਤ ਹੋ ਜਾਦੀ ਸੀ। ਸਾਇੰਸ ਇਹ ਨਹੀਂ ਮੰਨਦੀ ਕਿ ਸੱਪ ਦੁੱਧ ਪੀਂਦੇ ਹਨ, ਉਹ ਇਹ ਕਹਿ ਕੇ ਨਕਾਰਦੇ ਹਨ ਕਿ ਉਸ ਦੀ ਖ਼ੁਰਾਕ ਡੱਡੂ, ਚੂਹਾ ਆਦਿ ਹੀ ਹੈ। ਸਾਇੰਸ ਮਣਕੇ ਦੇ ਗੁਣਾ ਨੂੰ ਵੀ ਨਹੀਂ ਮੰਨਦੀ। ਪੱਛਮੀ ਲੋਕਾਂ ਦਾ ਸੱਪ ਨਾਲ ਵਾਹ ਸੋਲਵੀ-ਸਤਾਰਵੀਂ ਸਦੀ ਵਿਚ ਹੀ ਪਿਆ ਹੈ। ਪਰ ਉੱਪਰ ਦਿੱਤੀ ਜੋਗੀ ਨਾਲ ਵਾਰਤਾ ‘ਚ ਦੁੱਧ ਦੇ ਗੁਣ ਜ਼ਾਹਿਰ ਹਨ। ਕਿਤੇ ਨਾ ਕਿਤੇ ਸੱਪ ਵੀ ਆਪਣੀ ਜ਼ਹਿਰ ਤੋਂ ਛੁਟਕਾਰਾ ਪਾਣ ਲਈ ਲਵੇਰਿਆਂ ਦੇ ਥਣਾਂ ਨੂੰ ਡੱਸਦਾ ਹੈ। ਇਸ ਵਰਤਾਰੇ ਨੂੰ ਦੇਖ ਕੇ ਕਿਸਾਨ ਇਸ ਦਾ ਹੱਲ ਸੋਚਦਾ ਹੈ ਕਿ ਕਿਉਂ ਨਾ ਆਪ ਹੀ ਸੱਪ ਨੂੰ ਦੁੱਧ ਪਿਲਾ ਕੇ ਦੇਖ ਲਈਏ। ਇਸੇ ਹੀ ਕਾਰਨ ਸੱਪ ਦੀ ਬਰ੍ਹਮੀ ਲੱਭੀ ਜਾਂਦੀ ਸੀ। ਸੱਪ ਇੱਕ ਮਿਥੇ ਸਮੇਂ ਤੇ ਬਰ੍ਹਮੀ ‘ਚੋਂ ਨਿਕਲਦਾ ਹੈ ਅਤੇ ਸ਼ਿਕਾਰ ਕਰਦਾ ਹੈ ਪਰ ਸੱਤਵੇਂ ਦਿਨ ਉਸ ਲਈ ਬਰ੍ਹਮੀ ਦੇ ਅੱਗੇ ਦੁੱਧ ਰੱਖਿਆ ਜਾਂਦਾ ਹੈ। ਇਹ ਹੈ ਇੱਕ ਮਿਲਵਰਤਨ ਵਾਲੀ ਭਾਵਨਾ। ਇਨਸਾਨ ਅਤੇ ਸੱਪ ਨੇ ਇਕ ਦੂਜੇ ਦੀ ਹੋਂਦ ਨੂੰ ਸਵੀਕਾਰ ਕਰ ਲਿਆ ਹੈ। ਸੱਪ ਦੀ ਪੂਰਤੀ ਘਰ ਬੈਠਿਆਂ ਹੀ ਅਤੇ ਖ਼ਤਰਾ ਰਹਿਤ ਹੋਣ ਲੱਗ ਪੈਂਦੀ ਹੈ।

Milk

Snake feeding milk (photo: internet)

ਬੰਦਾ, ਸੱਪ ਅਤੇ ਸ਼ੇਰ ਧਰਤੀ ਤੇ ਖੇਤਰੀ ਰਾਜ ਰੱਖਦੇ ਹਨ, ਬਾਜ਼ ਅਸਮਾਨ ਵਿਚ। ਇਸ ਦੇ ਉਲਟ ਜੇ ਇਸ ਇਲਾਕੇ ਦੇ ਸਰਬ-ਉੱਚ ਨਾਗ ਨੂੰ ਮਾਰ ਦਿੱਤਾ ਜਾਂਦਾ ਹੈ ਤਾਂ ਉਸ ਦੀ ਜਗ੍ਹਾ ਹੋਰ ਸੱਪ ਲੈ ਲੈਣਗੇ ਅਤੇ ਇਹ ਸਿਲਸਿਲਾ ਚਲਦਾ ਰਹੇਗਾ। ਇਸ ਕਰਕੇ ਨਾਗ ਨੂੰ ਮਾਰਨਾ ਉਚਿੱਤ ਨਹੀਂ ਹੁੰਦਾ ਸਗੋਂ ਉਸ ਨਾਲ ਸੰਧੀ ਹੀ ਸਹੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ “ਸੱਪ ਨੂੰ ਜਿੰਨਾਂ ਮਰਜ਼ੀ ਦੁੱਧ ਪਲਾਉ ਪਰ ਉਸ ਨੇ ਡੰਗ ਮਾਰਨਾ ਹੀ ਮਾਰਨਾ” ਪਰ ਇੱਥੇ ਇਹ ਨੁਕਤਾ ਸਮਝਣ ਦੀ ਲੋੜ ਹੈ ਕਿ ਸੱਪ ਸਿਰਫ਼ ਉਦੋਂ ਹੀ ਡੰਗ ਮਾਰਦਾ ਹੈ ਜਦੋਂ ਉਸਨੂੰ ਖ਼ਤਰਾ ਹੁੰਦਾ ਹੈ, ਖ਼ਤਰੇ ਵਿਚ ਦੁੱਧ ਪਿਲਾਇਆ ਮਾਅਨੇ ਨਹੀਂ ਰੱਖਦਾ। ਖ਼ਤਰਾ ਖੜਾ ਹੀ ਨਹੀਂ ਕਰਨਾ ਚਾਹੀਦਾ। ਸੋ ਮੇਰੇ ਮੁਤਾਬਿਕ ਬਰ੍ਹਮੀ ਤੇ ਦੁੱਧ ਰੱਖਣਾ(ਬਿਨਾ ਹੋਰ ਕਿਸੇ ਅਡੰਬਰ ਤੋਂ) ਕੋਈ ਵਹਿਮ ਭਰਮ ਨਹੀਂ ਸਗੋਂ ਕੁਦਰਤ ਦੇ ਵਰਤਾਰੇ ਨਾਲ ਇਕਸੁਰਤਾ ਦੀ ਨਿਸ਼ਾਨੀ ਹੈ।

ਉਮੀਦ ਹੈ ਕਿ ਇਹ ਨਿੱਜੀ ਜਾਣਕਾਰੀ ਆਪ ਜੀ ਲਈ ਲਾਹੇਵੰਦ ਹੋਵੇਗੀ ਅਤੇ ਜੇ ਤੁਸੀਂ ਵੀ ਇਸ ਵਿਚ ਵਾਧਾ ਕਰਨਾ ਚਾਹੋ ਤਾਂ ਸਵਾਗਤ ਹੈ। ਵੈਸੇ ਸੱਪ ਨੂੰ ਜੋਗ ਮੱਤ ਅਤੇ ਹੋਰ ਧਰਮਾਂ ਵਿਚ ਵੀ ਕੁੰਡਲੀ ਊਰਜਾ ਦੇ ਬਿੰਬ ਵਜੋਂ ਵਰਤਿਆ ਜਾਂਦਾ ਹੈ ਅਤੇ ਅਵਤਾਰਾਂ, ਪੈਗ਼ੰਬਰਾਂ ਦੇ ਸਿਰ ਉੱਤੇ ਸ਼ੇਸ਼ਨਾਗ ਦੀ ਛਾਇਆ ਹੋਣੀ, ਇਸ ਕੁੰਡਲੀ ਮਾਇਆ ਨੂੰ ਸਾਧਣ ਦਾ ਪ੍ਰਤੀਕ ਹੈ।

Additional Contribution :: ਪਾਠਕਾਂ ਵਲੌਂ ਜਾਣਕਾਰੀ

Manpreet Singh USA
ਸੱਪ ਦੇ ਸਂਬੰਧ ਚ ਇਕ ਹੋਰ ਗਲ ਹੈ ਜੋ ਕਿ ਪੁਰਾਣੇ ਵੈਦ ਮੰਨਦੇ ਹਨ ਕਿ ਜਦੋ ਸੱਪ ਦਾ ਜ਼ਹਰ ਹੱਦ ਤੋ ਵਧ ਜਾਵੇ ਤੇ ਇਹ ਕਿਸੇ ਵੀ ਚੀਜ਼ ਨੂੰ ਡੰਗ ਮਾਰ ਕੇ ਆਪਣੀ ਜ਼ਹਰ ਕਢਦਾ ਹੈ….. ਤੇ ਜੇ ਇਹਨੂ ਕੁਛ ਹੋਰ ਨਾ ਵੀ ਮਿਲੇ ਤੇ ਏ ਪਥਰ ਦੇ ਹੀ ਡੰਗ ਮਾਰ ਕੇ ਆਪਣੀ ਜ਼ਹਰ ਕਢ ਦੇਂਦਾ ਹੈ…… ਜਿਸ ਪਥਰ ਦੇ ਡੰਗ ਮਾਰ ਕੇ ਇਹ ਜ਼ਹਰ ਕਢਦਾ ਹੈ ਓਸੇ ਪਥਰ ਤੋਂ ਸੰਖੀਆ ਬਣਦਾ ਹੈ ਜੋ ਕਿ ਵੈਦ ਬਹੁਤ ਸਾਰੀਆਂ ਦਵਾਈਆਂ ਵਿਚ ਵਰਤਦੇ ਹਨ……

Harpreet Singh Kahlon
ਭਾਜੀ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਕਮਾਲ ਦੀ ਹੈ ਬੱਸ ਇਸ ‘ਚ ਜੋੜ ਰਿਹਾ ਹਾਂ ਕਿ ਨਾਗਾਂ ਨੂੰ ਲੈ ਕੇ ਭਾਰਤ ਦਾ ਇੱਕ ਮੈਟਾਫਰ ਰਾਜਾ ਤਕਿਸ਼ਕ ਕਰਕੇ ਆਰਿਅਨ ਬਨਾਮ ਦ੍ਰਵਿੜਾਂ ‘ਚ ਦ੍ਰਵਿੜ ਨੁਮਾਇੰਦਗੀ ਵੀ ਹੈ।ਇਹੋ ਕਾਰਨ ਹੈ ਕਿ ਸੰਘਰਸ਼ਸ਼ੀਲ ਜਮਾਤ ਅਤੇ ਉਹਨਾਂ ਦੇ ਗੁੱਰੀਲਾ ਢੰਗਾਂ ਕਰਕੇ ਜਦੋਂ ਲਾਲ ਸਿੰਘ ਦਿਲ ਨਕਸਲੀਆਂ ਅਤੇ ਉਹਨਾਂ ਮਜ਼ਦੂਰ ਸੰਘਰਸ਼ਾਂ ਲਈ ਲਿਖਦਾ ਹੈ ਤਾਂ ਉਹਦਾ ਸਿਰਲੇਖ ਉਹ ਨਾਗ ਲੋਕ ਦਿੰਦਾ ਹੈ।
ਨਾਗ ਕੁਦਰਤ ਦਾ ਮੈਟਾਫਰ ਵੀ ਹੋਏ ਹਨ।ਕੁਦਰਤ ‘ਚ ਕੁਦਰਤ ਦੀ ਤਰ੍ਹਾਂ ਜਿਊਣਾ ਸਾਡਾ ਅਸਲ ਹੈ,ਸਾਡਾ ਸੱਚ ਹੈ ਇਹੋ।ਜਦੋਂ ਗਰੀਸ਼ ਕਰਨਾਡ ਇਹਨੂੰ ਨਾਗਮੰਡਲ ‘ਚ ਪੇਸ਼ ਕਰਦਾ ਹੈ ਤਾਂ ਔਰਤ ਦੇ ਦੁੱਖ ‘ਚ ਉਹਦਾ ਸਾਥੀ ਇੱਕ ਨਾਗ ਬਣਦਾ ਹੈ ਅਤੇ ਉਹਦੇ ਘਰਵਾਲੇ ਦਾ ਰੂਪ ਧਾਰ ਉਹਦੇ ਨਾਲ ਰਹਿੰਦਾ ਹੈ।ਉਹ ਔਰਤ ਦੇ ਪਾਕਿ ਹੋਣ ਲਈ ਗਵਾਹੀ ਦੇਣ ਵੀ ਆਉਂਦਾ ਹੈ।ਇਸੇ ‘ਤੇ ਬਾਅਦ ‘ਚ ਸੁਰਜੀਤ ਪਾਤਰ ਜੀ ਨੇ ਪੰਜਾਬੀ ਤਰਜਮੇ ਨਾਲ ਨਾਟਕ ਲਿਖਿਆ ਸੀ ਜਿਹਨੂੰ ਨੀਲਮ ਮਾਨ ਸਿੰਘ ਚੌਧਰੀ ਨੇ ਖੇਡਿਆ ਸੀ ਅਤੇ ਇਸੇ ਕਥਾਨਕ ‘ਤੇ ਦੀਪਾ ਮਹਿਤਾ ਨੇ ਪ੍ਰਿਤੀ ਜ਼ਿੰਟਾ ਨੂੰ ਲੈ ਕੇ ਵਿਦੇਸ਼-ਹੈਵਨ ਆਨ ਅਰਥ ਫ਼ਿਲਮ ਬਣਾਈ ਸੀ….
ਨਾਗ ਸਿੰਗਮੰਡ ਫਰਾਈਡ ਮੁਤਾਬਕ ਇੱਛਾਵਾਂ ਦਾ ਵੀ ਪ੍ਰਤੀਕ ਹੈ ਅਤੇ ਸ਼ਾਇਦ ਸ਼ਿਵ ਜੀ ਦੀ ਪੂਜਾ ਹਰ ਸੋਮਵਾਰ ਕੁੜੀਆਂ ਵੱਲੋਂ ਕਰਨਾ ਚੰਗੇ ਵਰ ਘਰ ਲਈ ਇਸ ਇੱਛਾ ਦਾ ਹੀ ਮੈਟਾਫਰ ਹੈ।ਨਾਗ ਨੂੰ ਕਾਮ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ…ਨਾਗਾਲੈਂਡ ਦੀ ਧਰਤੀ ਨੂੰ ਲੈ ਕੇ ਇਹਦੇ ਬਹੁਤ ਅਧਾਰ ਹਨ।
ਇੱਕ ਦਿਲਚਸਪ ਗੱਲ ਇਹ ਵੀ ਹੈ ਭਾਜੀ ਕਿ ਨਾਗ ਦੀ ਵਿਆਖਿਆ ਭਾਰਤ ਅੰਦਰ ਜਿੱਥੇ ਮਜ਼ਲੂਮ ਜਾਂ ਦ੍ਰਵਿੜਾ ਲਈ ਕੀਤੀ ਜਾਂਦੀ ਹੈ ਉੱਥੇ ਗ੍ਰੀਕ ਜਾਂ ਮਿਸਰ ਕਲਚਰ ‘ਚ ਨਾਗ ਤਾਨਾਸ਼ਾਹੀ,ਜ਼ਾਲਮਤਾ ਦਾ ਪ੍ਰਤੀਕ ਹੈ।ਐਕਸੋਡੋਸ ਦੇ ਮੁਤਾਬਕ ਮੂਸਾ ਦੇ ਖਿਲਾਫ ਜ਼ਾਲਮ ਫਰਔਨ ਸੱਪ ਰੱਖਦਾ ਸੀ…ਯੂਨਾਨ ‘ਚ ਸਿੰਕਦਰ ਬਾਰੇ ਇਹ ਵੀ ਮਸ਼ਹੂਰ ਹੈ ਕਿ ਉਹ ਸੱਪਾਂ ਦਾ ਪੁੱਤ ਸੀ…ਕਿਉਂ ਕਿ ਸਿੰਕਦਰ ਦੀ ਮਾਂ ਸੱਪਾਂ ‘ਚ ਬਹੁਤ ਖੇਡਦੀ ਹੁੰਦੀ ਸੀ…ਬਾਕੀ ਖੋਜ ਜਾਰੀ ਹੈ…,

Naib Singh Gill
ਜੇ ਸਾਉਣ ਮਹੀਨੇ ਸੱਪ ਲੜੇ ,ਤਾਂ ਵਾਰ ਵਾਰ ਲੜਦਾ ਹੈ = ਓਹ ਸ਼ਾਇਦ ਸਪਣੀ ਹੁੰਦੀ ਹੈ ਜੋ ਪਹਿਲੀ ਵਾਰ ਲੜਦੀ ਹੈ ਬਾਅਦ ਵਿਚ ਸੱਪ ਉਸ ਸਪਣੀ ਦੀ ਮੁਸ਼ਕ ਕਰਕੇ ਆਦਮੀ ਕੋਲ ਵਾਰ ਵਾਰ ਆਉਂਦਾ ਹੈ ਜਿਸਦੀ ਮੁਸ਼ਕ ਜਹਿਰ ਨਾਲ ਆਦਮੀ ਦੇ ਸਰੀਰ ਚ ਸਮਾ ਜਾਂਦੀ ਹੈ

0 Comments

Add a Comment

Your email address will not be published. Required fields are marked *