ਆਜ਼ਾਦੀ ਦਾ ਸਿੱਖ ਸੰਕਲਪ ਅਤੇ ਗਦਰ ਲਹਿਰ – ਡਾ. ਸਰਬਜਿੰਦਰ ਸਿੰਘ
ਇਹ ਗੱਲ ਸਦੈਵ-ਸਮਿਆਂ ਲਈ ਆਪਣੀ ਮਾਨਸਿਕਤਾ ਦਾ ਹਿੱਸਾ ਬਣਾ ਲੈਣੀ ਚਾਹੀਦੀ ਹੈ ਕਿ ਇਤਿਹਾਸ ਦੀ ਸਿਰਜਣਾ ਮਹਿਜ਼ ਇਹ ਕਹਿ ਲੈਣ ਨਾਲ ਨਹੀਂ ਹੁੰਦੀ ਕਿ ਕ੍ਰਿਪਾ ਕਰਕੇ ਮੈਨੂੰ ਆਪਣਾ ਇਤਿਹਾਸ ਸਿਰਜਣ ਦਾ ਮੌਕਾ ਦਿਓ। ਇਤਿਹਾਸ ਅਤਿ ਜੋਖਮ ਅਤੇ ਜਟਿਲ ਪ੍ਰਸਥਿਤੀਆਂ ਨਾਲ ਦਸਤਪੰਜਾ ਲੈ ਕੇ ਸਿਰਜਿਆ ਜਾਂਦਾ ਹੈ। ਸਥਾਪਤੀ ਦੇ ਉਲਟ ਚੱਲਣਾ ਬਹੁਤ ਬਿਖਮ ਮਾਰਗ ਹੁੰਦਾ ਹੈ। ਪਰ ਬਿਖਮ ਮਾਰਗ ‘ਤੇ ਚੱਲੇ ਬਿਨਾਂ ਨਾ ਤਾਂ ਗੁਲਾਮ ਮਾਨਸਿਕਤਾ ਨੂੰ ਸੁਤੰਤਰ ਅਤੇ ਸਿਹਤਮੰਦ ਮਾਨਸਿਕਤਾ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਜੁੱਗ ਗਰਦੀ ਤੇ ਚੰਗੇਜ਼ੀ ਰਾਜ ਸੱਤਾ ਨੂੰ ਨੇਸਤੋ-ਨਾਬੂਦ।
ਧਾਰਮਿਕ ਕੌਮੀਅਤਾਂ ਦੀ ਅਜਿਹੀ ਜੁਝਾਰੂ ਬਿਰਤੀ ਦੇ ਇਤਿਹਾਸਕ ਪ੍ਰਸੰਗ ਦਾ ਅਧਿਐਨ ਸੁਖੈਨ ਪ੍ਰਕਾਰਜ ਨਹੀਂ ਹੈ। ਇਹ ਤੱਥ ਵੀ ਵਿਚਾਰਨਯੋਗ ਹੈ ਕਿ ਇਤਿਹਾਸ ਸਿਰਜਕ ਦੇ ਤੌਰ ‘ਤੇ ਨਿਵੇਕਲੀ ਕੌਮੀਅਤੀ ਦਿੱਖ ਵਜੋਂ ਸਥਾਪਤੀ ਅਤੇ ਜੁਝਾਰੂ ਮਾਨਵਤਾ ਦੇ ਤੌਰ ‘ਤੇ ਸਦੀਵੀ ਪਹਿਚਾਣ ਦਾ ਪ੍ਰਸੰਗ ਵੀ ਕੁਝ ਕੌਮੀਅਤਾਂ ਤੱਕ ਹੀ ਸੀਮਿਤ ਕਿਉਂ ਰਹਿੰਦਾ ਹੈ? ਅਜਿਹੀਆਂ ਕੌਮਾਂ ਦਾ ਮਨੁੱਖ ਰੰਗੀਆਂ ਹੋਈਆਂ ਰੂਹਾਂ ਵਿੱਚ ਕਿਵੇਂ ਤਬਦੀਲ ਹੋ ਜਾਂਦਾ ਹੈ ਅਤੇ ਇਨ੍ਹਾਂ ਰੰਗੀਆਂ ਹੋਈਆਂ ਰੂਹਾਂ ਵਿੱਚ ਸੱਚ ਲਈ ਕੁਰਬਾਨ ਹੋਣ ਦੀ ਤੜਪ ਕਿੱਥੋਂ ਅਤੇ ਕਿਵੇਂ ਪੈਦਾ ਹੋ ਜਾਂਦੀ ਹੈ? ਇਹ ਪ੍ਰਸੰਗ ਅਤਿ-ਹੈਰਾਨੀਜਨਕ ਹੈ। ਹਾਲਾਂਕਿ ਇਸ ਆਤਮਿਕ ਕੁਰਬਾਨੀ ਲਈ ਉਨ੍ਹਾਂ ਅੰਦਰ ਨਾ ਤਾਂ ਕੋਈ ਭੋਰਾ ਲਾਲਚ ਹੁੰਦਾ ਹੈ ਅਤੇ ਨਾ ਹੀ ਕੋਈ ਨਿੱਜ ਦੇ ਸੁਆਰਥ। ਸਗੋਂ ਅੰਤਰ ਆਤਮੇ ਵੱਸੇ ਹੋਏ ਚਾਅ ਦਾ ਸੁਤੇ-ਸਿੱਧ ਹੀ ਪ੍ਰਗਟਾਵਾ ਹੁੰਦਾ ਹੈ। ਇਹ ਗੱਲ ਬਹੁਤ ਹੀ ਧਿਆਨ ਦੇਣ ਯੋਗ ਹੈ ਕਿ ਇਹ ਚਾਅ ਮਾਸੂਮ ਤਾਂ ਹੋ ਸਕਦਾ ਹੈ, ਬਚਕਾਨਾ ਨਹੀਂ। ਇਹ ‘ਵਖਤੇ ਉਪਰਿ ਲੜ ਮੁਇ’ ਦਾ ਉਹ ਪ੍ਰਚੰਡ ਵੇਗ ਹੁੰਦਾ ਹੈ, ਜਿਹੜਾ ਸਮਰਪਿਤ ਭਾਵਨਾ ਦੇ ਸੇਕ ਨਾਲ ਹੌਲੀ-ਹੌਲੀ ਪੱਕਦਾ ਰਹਿੰਦਾ ਹੈ। ਲੋੜ ਪੈਣ ਅਤੇ ਅਵਸਰ ਮਿਲਣ ‘ਤੇ ਇਤਿਹਾਸ ਵਿੱਚ ਪ੍ਰਗਟ ਹੋ ਜਾਂਦਾ ਹੈ। ਇਸਦਾ ਕਿਸੇ ਵੀ ਜ਼ਬਰ ਵਿਰੁੱਧ ਕਿਸੇ ਵੀ ਸਮੇਂ ਪ੍ਰਚੰਡ ਹੋ ਜਾਣ ਪਿੱਛੇ ‘ਪਿਓ ਦਾਦੇ ਦਾ ਖਜ਼ਾਨਾ’ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ਯੁੱਧਬੀਰ ਕੌਮਾਂ ਅਜਿਹੇ ਖਜ਼ਾਨੇ ਤੋਂ ਚਾਰਜ ਹੁੰਦੀਆਂ ਹਨ ਅਤੇ ਨਿਸ਼ਚਿਤ ਨਿਸ਼ਾਨੇ ਦੀ ਪੂਰਤੀ ਹਿੱਤ ਆਪਣੇ ਰੋਲ ਮਾਡਲ ਦੇ ਸਨਮੁੱਖ ਰਹਿਣ ਦੀ ਵਚਨਬੱਧਤਾ ਨਾਲ ਜ਼ਿੰਦਗੀ ਅਤੇ ਮੌਤ ਨੂੰ ਇੱਕੋ ਜਿਹਾ ਸਮਝਦੀਆਂ ਹਨ। ਸਪੱਸ਼ਟ ਹੁੰਦਾ ਹੈ ਕਿ ‘ਮਰਕੇ ਫਿਰ ਜਿਉ ਉਠਣ’ ਦੇ ਵਿਸ਼ਵਾਸ ਅਤੇ ਸਦੀਵੀ ਇਤਿਹਾਸਕ ਪ੍ਰਸੰਗ ਲਈ ਉਨ੍ਹਾਂ ਦਾ ਵਿਰਾਸਤੀ ਫਖ਼ਰ ਅਤੇ ਸ਼ਾਨਦਾਰ ਰਵਾਇਤਾਂ ਕੇਂਦਰੀ ਭੂਮਿਕਾ ਨਿਭਾਉਂਦੀਆਂ ਹਨ।
ਭੂਮਿਕਾ ਵਿੱਚ ਉਠਾਏ ਗਏ ਪ੍ਰਸ਼ਨ ਦਾ ਉਤਰ ਦੇਣ ਲਈ ਹੁਣ ਅਸੀਂ ਇਥੇ ਇੱਕ ਅਜਿਹੀ ਧਾਰਮਿਕ ਕੌਮ ਦੀ ਗੱਲ ਕਰਾਂਗੇ, ਜਿਸਨੇ ਆਪਣੇ ਸਥਾਪਨਾ ਵਰ੍ਹੇ ਤੋਂ ਲੈ ਕੇ ਸਮਕਾਲ ਤੱਕ ਆਪਣਾ ਖੂਬਸੂਰਤ ਵਰਤਮਾਨ ਸਥਾਪਤ ਕਰਨ ਲਈ ਸੰਘਰਸ਼ ਨੂੰ ਕੁੱਲ ਜ਼ਿੰਦਗੀ ਅੰਗੀਕਾਰ ਕਰੀ ਰੱਖਿਆ ਹੈ। ਜ਼ੁਲਮ ਨੂੰ ਭਾਣਾ ਸਮਝਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਜ਼ੁਲਮ ਵਿਰੁੱਧ ਡਟਣ ਅਤੇ ਅੱਤਿਆਚਾਰ ਵਿਰੁੱਧ ਜੂਝ ਮਰਨ ਦੀ ਹਿੰਮਤ ਆਪਣੇ ਅੰਦਰ ਪੈਦਾ ਕਰ ਲਈ। ਮਨੁੱਖਤਾ ਦੀ ਬੰਦ ਖਲਾਸੀ ਲਈ *ਚਰਖੜੀਆਂ ‘ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਬੰਦ ਬੰਦ ਕਟਾਏ, ਪਰ ਧਰਮ ਨਹੀਂ ਹਾਰਿਆ*। ਇਸ ਕੌਮੀਅਤ ਨਾਲ ਸਬੰਧਤ ਮਨੁੱਖ ਨੂੰ ‘ਸਿੱਖ’ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਮੂਲ ਰੂਪ ਵਿੱਚ ਪੰਜਾਬ ਦੇ ਇਹ ਬਸ਼ਿੰਦੇ ਕੁੱਲ ਸੰਸਾਰ ਨੂੰ ਆਪਣਾ ਘਰ ਸਮਝਦੇ ਹਨ ਅਤੇ ‘ਉਜੜ ਜਾਓ’ ਦਾ ਸਿਧਾਂਤਕ ਸੰਕਲਪੀ ਪ੍ਰਸੰਗ ਇਨ੍ਹਾਂ ਦੀ ਪਿੱਠ-ਭੂਮੀ ਹੈ। ਇੱਥੇ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਆਪਣੇ ਪੇਪਰ ਦੀਆਂ ਸੀਮਾਵਾਂ ਪ੍ਰਤੀ ਮੈਂ ਪੂਰਨ ਤੌਰ ‘ਤੇ ਸੁਚੇਤ ਹਾਂ। ਮੇਰੇ ਪੇਪਰ ਦਾ ਵਿਸ਼ਾ ‘ਆਜ਼ਾਦੀ ਦਾ ਸਿੱਖ ਸੰਕਲਪ ਅਤੇ ਗਦਰ ਲਹਿਰ’ ਹੈ। ਇਸ ਲਈ ਸਿੱਖ, ਸਿੱਖ ਧਰਮ ਅਤੇ ਸਿੱਖ ਆਜ਼ਾਦੀ ਦੇ ਪ੍ਰਸੰਗ ਨੂੰ ਸਮਝੇ ਬਿਨਾਂ ਗਦਰ ਲਹਿਰ ਅਤੇ ਇਸਦੇ ਮਹਾਂ-ਨਾਇੱਕਾਂ ਦੀ ਗਾਥਾ ਨਾਲ ਇਨਸਾਫ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਭੂਮਿਕਾ ਵਿੱਚ ਕੀਤੀ ਗੱਲ ਦੀ ਪੁਸ਼ਟੀ ਹਿੱਤ ਇਹ ਵੀ ਸਪੱਸ਼ਟ ਕਰਨਾ ਪਵੇਗਾ ਕਿ ਸਿੱਖ ਮਨੋਬਿਰਤੀ ਵਿੱਚ ਸ਼ੋਸ਼ਣਕਾਰੀ ਸਾਮਰਾਜ ਵਿਰੋਧੀ ਕਿਰਦਾਰ ਦੇ ਬੀਜ ਕਿੱਥੇ ਪਏ ਹਨ ਅਤੇ ਕਿਉਂ ਇੱਕ ਘੱਟ ਗਿਣਤੀ ਭਾਈਚਾਰਾ ਖਾਲਸਾਈ ਸਿਧਾਂਤਾਂ ਤੇ ਆਧਾਰਤ ਲੋਕ ਹਿਤੂ ਡੈਮੋਕਰੈਟਿਕ (ਗੁਰਮਤਿ ਗਣਰਾਜ) ਸਟੇਟ ਦੇ ਨਿਰਮਾਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੰਦਾ ਹੈ।
ਧਰਮਾਂ ਦੇ ਪ੍ਰਸੰਗ ਵਿੱਚ ਸਿੱਖ ਧਰਮ ਸੰਸਾਰ ਦੇ ਮਹੱਤਵਪੂਰਨ ਧਰਮਾਂ ਵਿੱਚ ਇੱਕ ਨਵਾਂ ਧਰਮ ਅਤੇ ਸਿੱਖ ਨਿਵੇਕਲੀ ਕੌਮ ਹੈ। ਇਹ ਆਪਣੇ ਵਿਲੱਖਣ, ਆਲੌਕਿਕ, ਲੋਕ ਹਿਤਕਾਰੀ ਅਤੇ ਸਰਬੱਤ ਦੇ ਭਲੇ ਦੇ ਵਿਲੱਖਣ ਸਿਧਾਂਤਾਂ ਕਰਕੇ ਵਿਸ਼ਵ ਧਰਮਾਂ ਅਤੇ ਕੌਮੀਅਤਾਂ ਵਿੱਚ ਆਪਣੀ ਵੱਖਰੀ ਪਹਿਚਾਣ ਸਥਾਪਤ ਕਰ ਚੁੱਕਿਆ ਹੈ। ਇਸ ਧਰਮ ਦਾ ਇਤਿਹਾਸਕ ਪ੍ਰਗਟਾਅ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਸੰਸਾਰੀ ਆਗਮਨ ਨਾਲ ਹੋਇਆ। ਇਨ੍ਹਾਂ ‘ਤੇ ਅਵਤਰਣ ਹੋਏ ‘ਦੈਵੀ ਨਾਦ’ ਦੇ ਪ੍ਰਕਾਸ਼ ਵਿੱਚੋਂ ਸਿੱਖ ਧਰਮ ਦਾ ਜਨਮ ਹੁੰਦਾ ਹੈ ਅਤੇ ਇਸ ਦੈਵੀ ਨਾਦ ਦੀ ਦਿਸ਼ਾ ਨਿਰਦੇਸ਼ ਵਿੱਚ ਚੱਲਣ ਵਾਲੇ ਪਾਂਧੀਆਂ ਦੀ ਪਹਿਚਾਣ ਸਿੱਖ ਦੇ ਤੌਰ ਤੇ ਹੋਈ ਹੈ। ਇਨ੍ਹਾਂ ਦਾ ਵਿਲੱਖਣ ਬਾਹਰੀ ਸਰੂਪ ਤੇ ਚਰਿੱਤਰ, ਅਲਬੇਲਾ ਕਾਰ-ਵਿਹਾਰ, ਸਿੱਖੀ ਸਿਧਾਂਤਾਂ ਦੇ ਅਮਲ ਵਿੱਚ ਉਤਰਨ ਦੇ ਦੀਦਾਰੇ ਕਰਵਾਉਂਦਾ ਹੈ। ਸਿਧਾਂਤ ਦਾ ਅਮਲੀ ਪ੍ਰਕਾਸ਼ਨ ਜਾਂ ਖਾਲਸਾਈ ਸੱਭਿਆਚਾਰ ਦੀ ਅਖੰਡ ਧਾਰਾ ਨਾਲ ਜੁੜੇ ਹੋਏ ਇਸ ਮਨੁੱਖ ਦੇ ਦੀਦਾਰੇ ਪ੍ਰੋ. ਪੂਰਨ ਸਿੰਘ ਦੇ ਮਹਾਂ ਕਾਵਿ ਵਿੱਚ ਇਸ ਤਰ੍ਹਾਂ ਹੁੰਦੇ ਹਨ:
ਪਿਆਰ ਨਾਲ ਇਹ ਕਰਨ ਗੁਲਾਮੀ
ਜਾਨ ਕੋਹ ਆਪਣੀ ਵਾਰ ਦਿੰਦੇ
ਪਰ ਟੈਂ ਨਾ ਮੰਨਣ ਕਿਸੀ ਦੀ
ਖਲੋ ਜਾਣ ਡਾਂਗਾਂ ਮੋਢੇ ‘ਤੇ ਉਲਾਰਕੇ
ਮੰਨਣ ਬਸ ਇੱਕ ਆਪਣੀ ਜਵਾਨੀ ਦੇ ਜ਼ੋਰ ਦੀ
ਅਖੜਖਾਂਦ, ਅਲਬੇਲੇ
ਧੁਰ ਥੀ ਸਤਿਗੁਰਾਂ ਦੇ ਅਜ਼ਾਦ ਕੀਤੇ
ਇਹ ਬੰਦੇ
ਅਜਿਹੀ ਵਿਲੱਖਣ ਮਾਨਸਿਕਤਾ ਵਾਲੀ ਕੌਮੀਅਤ ਦੀ ਸਿਰਜਣ ਪ੍ਰਕਿਰਿਆ ਵਿੱਚ ਪੈਗੰਬਰ ਅਤੇ ਉਨ੍ਹਾਂ ਉਪਰ ਉਤਰੇ ‘ਰੱਬੀ ਬੋਲ’ ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਰੱਬੀ ਬੋਲਾਂ ਦੇ ਲਿਖਤ ਸੰਗ੍ਰਹਿ ਨੂੰ ਧਰਮ ਗ੍ਰੰਥ ਦੀ ਸੰਗਿਆ ਨਾਲ ਨਿਵਾਜਿਆ ਜਾਂਦਾ ਹੈ। ਪਵਿੱਤਰ ਧਰਮ ਗ੍ਰੰਥਾਂ ਵਿੱਚ ਅੰਕਿਤ ਸਿਧਾਂਤਾਂ ਤੇ ਚਲਦਿਆਂ ਮਨੁੱਖ ਮਹਿਜ਼ ਪਰਮਾਤਮ ਰਹੱਸ ਤੋਂ ਹੀ ਜਾਣੂ ਨਹੀਂ ਹੁੰਦਾ, ਸਗੋਂ ਉਹ ਨਿਰਭਉ ਨਿਰਵੈਰੀ ਕੀਮਤਾਂ ਦਾ ਮਾਲਕ ਵੀ ਬਣ ਜਾਂਦਾ ਹੈ (ਪੁਸ਼ਟੀ ਹਿੱਤ ਬਾਬਾ ਵਿਸਾਖਾ ਸਿੰਘ ਅਤੇ ਭਾਈ ਰਣਧੀਰ ਸਿੰਘ ਆਦਿ ਗਦਰੀ ਬਾਬੇ)। ਇਲਾਹੀ ਨਦਰ ਦੀ ਬਖਸ਼ਿਸ਼ ਨਾਲ ਸ਼ਰਸਾਰ ਹੋਈ ਰੂਹ ਹੀ ‘ਨ ਕੋ ਬੈਰੀ ਨਹੀ ਬੇਗਾਨਾ’ ਦੇ ਮਾਡਲ ‘ਤੇ ਅਧਾਰਤ ‘ਬੇਗ਼ਮਪੁਰੇ’ ਵਰਗੇ ਸਮਾਜ ਦੀ ਸਿਰਜਣਾ ਦਾ ਸੰਕਲਪ ਲੈ ਸਕਦੀ ਹੈ। ਇਸੇ ਕਰਕੇ ਦੈਵੀ ਨਾਦ ਨੂੰ ‘ਬਾਰਸ਼ਿ ਰਹਿਮਤ’ ਦੀ ਸੰਗਿਆ ਨਾਲ ਵੀ ਨਿਵਾਜਿਆ ਜਾਂਦਾ ਹੈ। ਇਸ ਨਾਦ ਨੇ (ਗੁਰੂ ਗ੍ਰੰਥ ਸਾਹਿਬ) ਸੰਸਾਰ ਰੂਪੀ ਮਾਰੂਥਲਾਂ ਦੀ ਤਪਸ਼ ਵਿੱਚ ਭੁੱਜ ਰਹੀ ਲੋਕਾਈ ਲਈ ਪਾਣੀ ਦਾ ਠੰਢਾ ਮਿੱਠਾ ਝਰਨਾ ਬਣ ਆਪਣਾ ਕਰਤੱਵ ਹੀ ਨਹੀਂ ਨਿਭਾਇਆ, ਸਗੋਂ ਠੰਢੀ ਮਿੱਠੀ ਛਾਂ ਬਣ ਕੁੱਲ ਲੋਕਾਈ ਦਾ ਦਰਦ ਆਪਣੇ ਸੀਨੇ ਨਾਲ ਲਾ ਕੇ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕੀਤਾ।
ਇਹ ਗੱਲ ਬਹੁਤ ਹੀ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਕਿਸੇ ਵੀ ਇਲਹਾਮ ਦੀ ਵਿਲੱਖਣਤਾ ਇਸ ਗੱਲ ਵਿੱਚ ਵੀ ਹੁੰਦੀ ਹੈ ਕਿ ਉਹ ਕਿਹੋ ਜਿਹੇ ਵਿਅਕਤੀਤਵ ਦੀ ਘਾੜਤ ਘੜਦਾ ਹੈ। ਗੁਰਮਤਿ ਇਲਹਾਮ (ਬਾਣੀ) ਦੀ ਚੇਤਨਾ ਨੇ ਨਿਰਭਓ, ਨਿਰਵੈਰੀ ਕੀਮਤਾਂ ਦਾ ਮਾਲਕ ਬਣ ਸਦੀਆਂ ਤੋਂ ਦੱਬੀ ਕੁਚਲੀ ਲੋਕਾਈ ਨੂੰ ਮਨੁੱਖ ਹੋਣ ਦਾ ਅਹਿਸਾਸ ਹੀ ਨਹੀਂ ਸੀ ਕਰਾਇਆ, ਸਗੋਂ ‘ਪਤ ਸੇਤੀ’ ਜ਼ਿੰਦਗੀ ਜਿਉਣ ਲਈ ‘ਜੂਝ ਮਰੋਂ ਤਉ ਸਾਚ ਪਤੀਜੈ’ ਦਾ ਨਵਾਂ ਸਿਧਾਂਤਕ ਮਾਰਗ ਵੀ ਪ੍ਰਦਾਨ ਕਰਾਇਆ ਸੀ। ਇਹ ਮਾਰਗ ਨਵੀਂ ਤੇ ਸਨਮਾਨਜਨਕ ਜ਼ਿੰਦਗੀ ਦਾ ਸੀ, ਸਿਰ ਉਚਾ ਚੁੱਕ ਕੇ ਮੜ੍ਹਕ ਨਾਲ ਤੁਰਨ ਦਾ ਸੀ, ਮਨੁੱਖੀ ਖੇੜੇ ਦਾ ਸੀ, ਸਰਬਤਰ ਦੀ ਆਜ਼ਾਦੀ ਦਾ ਸੀ, ਕੁੱਲ ਸੰਸਾਰੀ ਰੋਕਾਂ ਤੇ ਮਨਾਹੀਆਂ ਨੂੰ ਢਾਹ ਕੇ ਗੁਰਮਤਿ ਗਣਰਾਜ ਦੀ ਸਥਾਪਨਾ ਦਾ ਸੀ (ਗੁਰਮਤਿ ਗਣਰਾਜ : ਪਰਮਾਤਮਾ ਦੇ ਇੱਕਤਾ ਤੋਂ ਮਨੁੱਖ ਦੀ ਏਕਤਾ ਤੇ ਆਜ਼ਾਦੀ ਦਾ ਸੰਕਲਪ, ਜਿਸ ਦਾ ਸੰਵਿਧਾਨਕ ਅਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ)। ਜਨ ਸਧਾਰਨ ਦੇ ਮਸਤਕ ਵਿੱਚ ਇੱਕ ਨਵੀਂ ਸਵੇਰ ਦਾ ਆਗਾਜ਼ ਹੋਇਆ। ਜਿਸਨੇ ਗੁਲਾਮ ਮਾਨਸਿਕਤਾ ਦੇ ਅੰਦਰ ਸੁਤੰਤਰਤਾ ਦੀ ਚਿਣਗ ਵੀ ਪੈਦਾ ਕਰ ਦਿੱਤੀ ਸੀ ਅਤੇ ਸਹਿਮ ਦੇ ਸਾਏ ਹੇਠ ਜੀਅ ਰਹੀ ਲੋਕਾਈ ਨੂੰ ਸਿਰ ਉਚਾ ਚੁੱਕ ਕੇ ਚੱਲਣ ਦਾ ਵੱਲ ਵੀ। ਨਾਲ ਦੀ ਨਾਲ ਇਸ ਚੇਤਨਾ ਨੂੰ ਵੀ ਲੋਕ ਮਨਾਂ ਦਾ ਹਿੱਸਾ ਬਣਾ ਦਿੱਤਾ ਸੀ ਕਿ ਬੁਰਾਈ ਦੇ ਖਾਤਮੇ ਲਈ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਵਾਜ਼ਬ ਹੈ ਅਤੇ ਹਰ ਬੁਰਾਈ ਨੂੰ ਖਤਮ ਕਰਕੇ ਨਿਰਭੈਅ ਹੋ ਕੇ ਵਿਚਰਨਾ ਸਿੱਖ ਦੀ ਧਾਰਮਿਕ ਪੁਖਤਗੀ ਵਾਸਤੇ ਜ਼ਰੂਰੀ ਹੈ। ਦਸਮ ਪਾਤਸ਼ਾਹ ਦਾ ਸੰਦੇਸ਼ ਹੈ:
ਚੂੰ ਕਾਰ ਅਜ਼ ਹਮ ਹੀਲਤੇ ਦਰ ਗੁਜਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥
ਸਿੱਖ ਧਰਮ ਦੇ ਬਾਨੀ ਇਸ ਗੱਲ ਤੋਂ ਚੇਤੰਨ ਸਨ ਕਿ ਕਿਸੇ ਵੀ ਦੇਸ਼ ਜਾਂ ਕੌਮ ਦੀ ਆਤਮਾ ਆਜ਼ਾਦ ਅਤੇ ਉਸਾਰੂ ਅਧਿਆਤਮਕ ਵਾਯੂ-ਮੰਡਲ ਵਿੱਚ ਹੀ ਪ੍ਰਫੁਲਤ ਹੋ ਸਕਦੀ ਹੈ। ਪਰ ਹਿੰਦੋਸਤਾਨ ਦੇ ਲੋਕਾਂ ਦੀ ਆਤਮਾ ਸਿੱਖ ਧਰਮ ਦੇ ਆਗਮਨ ਵੇਲੇ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਤੋੜਨ ਤੋਂ ਪੂਰੀ ਤਰ੍ਹਾਂ ਅਸਮਰੱਥ ਹੋ ਗਈ ਸੀ। ਹਿੰਦੋਸਤਾਨੀਆਂ ਦੇ ਮਨਾਂ ਵਿੱਚ ਕਮਜ਼ੋਰੀ, ਨਿਰਾਸ਼ਤਾ ਤੇ ਫੁੱਟ ਦੇ ਕਾਲੇ ਬੱਦਲਾਂ ਨੇ ਮਾਨਵ ਨੂੰ ਐਨਾ ਹੀਣਤਾ ਵੱਲ ਧੱਕ ਦਿੱਤਾ ਸੀ ਕਿ ਉਨ੍ਹਾਂ ਨੇ ਗੁਲਾਮੀ ਦੀ ਘੁਟਣ ਨੂੰ ਹੀ ਜੀਵਨ ਤਸੱਵਰ ਕਰ ਲਿਆ ਸੀ। ਕੌਮੀਅਤ ਦਾ ਪ੍ਰਸ਼ਨ ਅਤੇ ਆਜ਼ਾਦੀ ਦੀ ਭਾਵਨਾ ਦਾ ਪ੍ਰਸ਼ਨ ਹੀ ਲੋਕ ਮਾਨਸਿਕਤਾ ਵਿੱਚੋਂ ਗੁੰਮ ਸੀ। ਅਜਿਹੀ ਸਮਾਜਿਕ ਉਥਲ-ਪੁਥਲ ਦੀ ਸਥਿਤੀ ਵਿੱਚ ਹਿੰਦੋਸਤਾਨ ਦੀ ਧਰਤੀ ਉਤੇ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੋਇਆ। ਉਨ੍ਹਾਂ ਦਾ ਆਗਮਨ ਹੀ ਸਿੱਖ ਧਰਮ ਦਾ ਉਦੈ ਸੀ। ਸਿੱਖ ਧਰਮ ਦੀ ਸਿਧਾਂਤਕ ‘ਦੈਵੀ ਲਲਕਾਰ’ ਨੇ ਇਸ ਧਰਤੀ ‘ਤੇ ਸ਼ੋਸ਼ਿਤ ਤੋਂ ਸੁਤੰਤਰਤਾ ਦਾ ਪ੍ਰਸੰਗ ਸਥਾਪਤ ਕੀਤਾ ਅਤੇ ਲੋਕਾਂ ਨੇ ਸਿਰ ਉਚਾ ਚੁੱਕ ਕੇ ਤੁਰਨ ਦਾ ਜੇਰਾ ਕਰ ਲਿਆ।
ਦੋ ਅਰਥਾਂ ਵਿੱਚ ਗੁਰਬਾਣੀ ‘ਧੁਰ ਕੀ ਬਾਣੀ’ ਪ੍ਰਵਾਨ ਹੋ ਚੁੱਕੀ ਹੈ। ਪਹਿਲਾ ਇਹ ਕਿ ਬਾਣੀ ਵਿੱਚ ‘ਪਰਤਖਿ ਗੁਰੂ ਨਿਸਤਾਰੇ’ ਦੀ ਗੁਹਜ ਜੋਤਿ ਨਿਹਿਤ ਹੈ। ਦੂਜਾ ਇਹ ਕਿ ਬਾਣੀ ਵਿੱਚ ‘ਸਗਲੀ ਚਿੰਤ ਮਿਟਾਈ’ ਦੀ ਜੁਗਤਿ ਪ੍ਰਤੱਖ ਹੈ। ਅਸਲ ਵਿੱਚ ਇਹੀ ਸਿੱਖ ਕੌਮ ਦੀਆਂ ਸ਼ਾਨਦਾਰ ਰਵਾਇਤਾਂ ਦਾ ਸਿਧਾਂਤਕ ਅਤੇ ਇਤਿਹਾਸਕ ਪ੍ਰਸੰਗ ਹੈ, ਜਿਸ ਤੋਂ ਕਿਸੇ ਵੀ ਸੰਕਟ ਵੇਲੇ ਕੌਮ ਅਗਵਾਈ ਲੈਂਦੀ ਹੈ। ਜਦੋਂ ਵੀ ਕੌਮ ਦੇ ਸਨਮੁਖ ਜਾਂ ਉਸਦੇ ਇਰਦ-ਗਿਰਦ ਸਮੱਸਿਆਵਾਂ ਦੇ ਜੰਗਲ ਪੈਦਾ ਹੋ ਜਾਂਦੇ ਹਨ ਤਾਂ ਆਪ-ਮੁਹਾਰੇ ਉਸਦੇ ਮਨ ਮਸਤਕ ਵਿੱਚ ਆਪਣੀ ਵਿਰਾਸਤ ਦਾ ਫ਼ਖ਼ਰ ਰੂਪਮਾਨ ਹੋਣ ਲੱਗਦਾ ਹੈ। ਉਸਦੇ ਅੰਦਰ ਉਸ ਵਿਰੁੱਧ ਡਟਣ ਤੇ ਜੂਝ ਮਰਨ ਦੀ ਹਿੰਮਤ ਪੈਦਾ ਹੋ ਜਾਂਦੀ ਹੈ। ਸ਼ਹੀਦੀ ਦਾ ਚਾਓ ਉਮੜਨਾ ਸ਼ੁਰੂ ਹੋ ਜਾਂਦਾ ਹੈ। ਇਹ ਸ਼ਹੀਦੀ ਕੋਈ ਅਣਚਾਹੀ ਮੌਤ ਮਰਨ ਦਾ ਨਾਮ ਨਹੀਂ ਹੈ। ਇਹ ਤਾਂ ਉਸਦੀ ਸਿਦਕ ਸਬੂਰੀ ਦੀ ਪ੍ਰੀਖਿਆ ਹੈ, ਜਿਸ ਦਾ ਧਾਰਨੀ ਹੋ ਕੇ ਉਹ ਤਸ਼ੱਦਦ, ਜ਼ੁਲਮ ਅਤੇ ਸ਼ੋਸ਼ਣ ਵਿਰੁੱਧ ਸੰਗਰਾਮ ਰਚਾਉਣ ਲਈ ਕਿਰਿਆਸ਼ੀਲ ਹੁੰਦਾ ਹੋਇਆ ਆਪਣੀ ਦਿਗ ਵਿਜੈ ਸਥਾਪਤ ਕਰਦਾ ਹੈ। ਸਿੱਖ ਕੌਮ ਦੇ ਇਤਿਹਾਸਕ ਪ੍ਰਸੰਗ ਵਿੱਚੋਂ ਇਸ ਦੇ ਦੀਦਾਰੇ ਕੀਤੇ ਜਾ ਸਕਦੇ ਹਨ। ਬੰਦਾ ਸਿੰਘ ਬਹਾਦਰ ਤੋਂ ਲੈ ਕੇ ਘੱਲੂਘਾਰਿਆਂ ਦਾ ਸਮਾਂ, ਮਿਸਲਾਂ ਦੇ ਸਮੇਂ ਤੋਂ ਲੈ ਕੇ ਪੰਜਾਬ ਦਾ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲੈਣ ਦਾ ਸਮਾਂ। ਕੂਕਾ ਲਹਿਰ ਤੋਂ ਸਿੰਘ ਸਭਾਈ ਪ੍ਰਸੰਗ ਅਤੇ ਗਦਰ ਲਹਿਰ ਤੋਂ ਲੈ ਕੇ ਹਿੰਦੋਸਤਾਨ ਦੀ ਆਜ਼ਾਦੀ ਤੱਕ ਦਾ ਸਮਾਂ, ਅਸਲ ਵਿੱਚ ਵੱਖ ਵੱਖ ਜੁਝਾਰੂ ਲਹਿਰਾਂ ਦਾ ਹੀ ਨਿਵੇਕਲਾ ਸਿੱਖ ਪ੍ਰਸੰਗ ਹੈ। ਇਨ੍ਹਾਂ ਜੁਝਾਰੂ ਲਹਿਰਾਂ ਵਿੱਚੋਂ ਇੱਕ ਲਹਿਰ ‘ਗਦਰ ਲਹਿਰ’ ਹੈ। ਜਿਸਦੀ ਪੁਨਰ ਪੜ੍ਹਤ ਦਾ ਪ੍ਰਸੰਗ ਇੱਕ ਸਦੀ ਬਾਅਦ ਸੈਮੀਨਾਰ ਦੇ ਰੂਪ ਵਿੱਚ ਉਸੇ ਧਰਤੀ ਤੇ ਕੀਤਾ ਜਾ ਰਿਹਾ ਹੈ, ਜਿਸ ਧਰਤੀ ‘ਤੇ ਮਨੁੱਖਤਾ ਦੀ ਬੰਦ ਖਲਾਸੀ ਦਾ ਉਨ੍ਹਾਂ ਨੇ ਸੁਪਨਾ ਲਿਆ ਸੀ। ਗਦਰ ਲਹਿਰ ਦੀ ਪੁਨਰ ਪੜ੍ਹਤ ਦੀ ਗੱਲ ਕਰਨ ਤੋਂ ਪਹਿਲਾਂ ਇੱਥੇ ਸਪੱਸ਼ਟ ਹੋਣ ਦੀ ਲੋੜ ਹੈ ਕਿ:
1 ਗਦਰ ਲਹਿਰ ਸਿੱਖ ਧਰਮ ਦੀ ਵਿਰਾਸਤ ਦਾ ਫ਼ਖ਼ਰ ਹੈ ਅਤੇ ਗਦਰੀ ਬਾਬੇ ਸਿੱਖ ਕੌਮ ਦੇ ਮਹਾਂਨਾਇਕ। ਸਿੱਖੀ ਸਿਧਾਂਤਾਂ ਨਾਲ ਸਿੰਚਤ ਅਜਿਹੀਆਂ ਰੂਹਾਂ ਜੋ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜਨ ਲਈ ਸ਼ਹੀਦ ਹੋਣ ਨੂੰ ਗੁਰੂ ਆਸ਼ਾ ਪ੍ਰਵਾਨ ਕਰਦੀਆਂ ਸਨ।
2 ਉਹ ਮਰਯਾਦਾ-ਬੱਧ ਸਿੱਖ ਸਨ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਉਨ੍ਹਾਂ ਦੀ ਪ੍ਰੇਰਨਾ ਦਾ ਇੱਕੋ ਇੱਕ ਮੁੱਖ ਸ੍ਰੋਤ। ਉਹ ਆਪਣੀ ਪੰਥਕ ਪਹੁੰਚ ਅਤੇ ਸਿੱਖ ਪਹਿਚਾਣ ਬਾਰੇ ਪੂਰੀ ਤਰ੍ਹਾਂ ਚੇਤੰਨ ਸਨ।
3 ਇਸ ਲਹਿਰ ਦੀ ਸ਼ੁਰੂਆਤ ਗੁਰਦਵਾਰਿਆਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਏ ਫੈਸਲਿਆਂ ਨਾਲ ਹੋਈ। ਗਦਰ ਲਹਿਰ ਦੇ ਅਖਬਾਰ ‘ਗਦਰ’ ਦੇ ਮੁੱਖ ਪੰਨੇ ਉਪਰ ਗੁਰਬਾਣੀ ਦੀਆਂ ਸਤਰਾਂ ਨੂੰ ਸ੍ਰੋਤ ਵਜੋਂ ਵਰਤਣਾ ਵੀ ਇਸ ਲਹਿਰ ਦੇ ਸਿੱਖ ਕਿਰਦਾਰ ਵੱਲ ਸੰਕੇਤ ਕਰਦਾ ਹੈ।
4 ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’! ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਇਨ੍ਹਾਂ ਦਾ ਮੁੱਖ ਸਲੋਗਨ ਸੀ। (ਪੁਸ਼ਟੀ ਹਿੱਤ ਸਾਨਿਆਲ ਦੀਆਂ ਰਚਨਾਵਾਂ ਨੂੰ ਵੇਖਿਆ ਜਾ ਸਕਦਾ ਹੈ)
5 ਉਹ ਧਰਮ ਨਿਰਪੇਖ ਨਹੀਂ ਸਨ, ਬਲਕਿ ਧਰਮੀ ਸਨ ਪਰ ਬਹੁਲਤਾਵਾਦ ਜਾਂ ਵਿਭਿੰਨਤਾ (Diversity) ਉਨ੍ਹਾਂ ਦਾ ਨਿਸ਼ਾਨਾ ਸੀ (ਗੁਰੂ ਗ੍ਰੰਥ ਸਾਹਿਬ ਦਾ ਸਟਰਕਚਰ ਪੁਸ਼ਟੀ ਹਿੱਤ ਵੇਖਿਆ ਜਾ ਸਕਦਾ ਹੈ)।
6 ਇੱਕ ਹੋਰ ਬਹੁਤ ਹੀ ਮਹੱਤਵਪੂਰਨ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਉਹ ਸਿੱਖ ਪਹਿਚਾਣ ਤੇ ਮਾਣ ਕਰਦੇ ਸਨ ਪਰ ਕਿਸੇ ਵੀ ਤਰ੍ਹਾਂ ਦੀ ਮੂਲਵਾਦੀ ਬਿਰਤੀ ਦੇ ਧਾਰਨੀ ਬਿਲਕੁੱਲ ਵੀ ਨਹੀਂ ਸਨ, ਕਿਉਂਕਿ ਸਿੱਖ ਨੂੰ ਮੂਲਵਾਦੀ ਹੋਣ ਦੀ ਆਗਿਆ ਗੁਰੂ ਗ੍ਰੰਥ ਸਾਹਿਬ ਦਿੰਦਾ ਹੀ ਨਹੀਂ ਹੈ। (ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੈਦੇਵ (ਬੰਗਾਲ), ਭਗਤ ਨਾਮਦੇਵ (ਮਹਾਂਰਾਸ਼ਟਰ), ਭਗਤ ਕਬੀਰ (ਬਨਾਰਸ), ਭਗਤ ਧੰਨਾ (ਰਾਜਸਥਾਨ) ਅਤੇ ਬਾਬਾ ਫਰੀਦ (ਮੁਲਤਾਨ) ਆਦਿ ਕੜਿੰਗੜੀ ਪਾ ਕੇ ਤੁਰ ਰਹੇ ਹਨ) ਇਸੇ ਲਈ ਉਹ ਕੇਵਲ ਆਪਣੀ ਹੀ ਨਹੀਂ, ਦੂਸਰੀਆਂ ਧਾਰਮਿਕ ਅਤੇ ਖੇਤਰੀ ਪਹਿਚਾਣਾਂ ਪ੍ਰਤੀ ਪੂਰਨ ਤੌਰ ਤੇ ਸੁਚੇਤ ਵੀ ਸਨ ਅਤੇ ਉਨ੍ਹਾਂ ਨੂੰ ਮਾਨਤਾ ਵੀ ਦਿੰਦੇ ਸਨ:
ਕੱਲ੍ਹਾ ਆਪਣੇ ਆਪ ਨੂੰ ਜਾਣਿਓ ਨਾ
ਸਾਡੇ ਨਾਲ ਹੈ ਸ਼ੇਰ ਬੰਗਾਲ ਸਿੰਘੋ
ਕਾਨਪੁਰ ਦੀ ਜਦੋਂ ਮਸੀਤ ਢਾਹੀ
ਦਿੱਤੇ ਗਾਜ਼ੀਆਂ ਹਥ ਦਿਖਾਲ ਸਿੰਘੋ
7 ਉਹ ਹਰ ਉਸ ਫਲਸਫੇ ਦੀ ਕਦਰ ਕਰਦੇ ਸਨ, ਜੋ ਜਨ-ਸਮੂਹ ਦੀ ਭਲਾਈ ਲਈ ਸੰਗਰਾਮ ਛੇੜਨ ਦੀ ਗੱਲ ਕਰਦਾ ਸੀ। ਪਰ ਉਨ੍ਹਾਂ ਦਾ ਅਤੁੱਟ ਵਿਸ਼ਵਾਸ ਆਪਣੇ ਫਲਸਫੇ (ਬਾਣੀ) ਉਤੇ ਸੀ ਅਤੇ ਹਰ ਸੰਕਟ ਸਮੇਂ ਉਸ ਤੋਂ ਅਗਵਾਈ ਲੈਣ ਵਿੱਚ ਹੀ ਵਿਸ਼ਵਾਸ ਰੱਖਦੇ ਸਨ। ਉਹ ਕਮਿਊਨਿਜ਼ਮ ਦਾ ਸਤਿਕਾਰ ਕਰਦੇ ਸਨ, ਪਰ ਕਮਿਊਨਿਸਟ ਨਹੀਂ ਸਨ (ਵੇਖੋ : ਸੰਤ ਵਿਸਾਖਾ ਸਿੰਘ ਪ੍ਰਵਚਨ)
ਕਿਸੇ ਵੀ ਧਰਮ ਜਾਂ ਕੌਮ ਨਾਲ ਜੁੜੀਆਂ ਹੋਈਆਂ ਇਤਿਹਾਸਕ ਘਟਨਾਵਾਂ ਜਾਂ ਸੰਸਾਰ ਵਿੱਚ ਵਾਪਰਦੇ ਘਟਨਾਕ੍ਰਮ ਦੀ ਕੇਵਲ ਤੱਥ ਅਧਾਰਿਤ ਸਮੀਖਿਆ-ਦਰ-ਸਮੀਖਿਆ ਸਾਨੂੰ ਇੱਕ ਖਾਸ ਤਰ੍ਹਾਂ ਦਾ ਥੀਸਿਸ ਉਸਾਰਨ ਵਿੱਚ ਤੇ ਸਹਾਈ ਹੋ ਸਕਦੀ ਹੈ ਪਰ ਇਸ ਸਾਰੇ ਦਾ ਕਾਰਣ ਬਣੀਆਂ ਮੂਲ ਪਰੰਪਰਾਵਾਂ ਦੀ ਸਮਝ ਨਾ ਹੋਣ ਕਰਕੇ, ਅਕਸਰ ਅਸੀਂ ਉਸ ਖਾਸ ਸਿਧਾਂਤਕ ਤੇ ਇਤਿਹਾਸ ਸਿਰਜਤ ਤੱਤ ਨੂੰ ਸਾਹਮਣੇ ਲਿਆਉਣ ਤੋਂ ਵਾਂਝੇ ਰਹਿ ਜਾਂਦੇ ਹਾਂ। ਜਿਹੜਾ ਅਸਲ ਵਿੱਚ ਉਸਦਾ ਮੂਲ ਆਧਾਰ ਹੁੰਦਾ ਹੈ। ਬੇਸ਼ੱਕ ਸੰਸਾਰ ਦੀਆਂ ਅਨੇਕਾਂ ਲਹਿਰਾਂ ਦਾ ਇਹ ਦੁਖਾਂਤ ਰਿਹਾ ਹੈ, ਪਰ ਜੋ ਨਾ-ਇਨਸਾਫੀ ਗਦਰ ਲਹਿਰ ਨਾਲ ਹੋਈ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਗਦਰ ਲਹਿਰ ਨੂੰ ਮਹਿਜ ਤੱਥਾਂ ਤੇ ਅਧਾਰਿਤ ਨਿਰਖਣ ਪਰਖਣ ਅਤੇ ਉਨ੍ਹਾਂ ਦੇ ਸਮਕਾਲ ਵਿੱਚ ਵਾਪਰੀਆਂ ਘਟਨਾਵਾਂ ਦਾ ਲੇਖਾ-ਜੋਖਾ ਕਰਨ ਉਪਰੰਤ ਕਿਸੇ ਨੂੰ ਗਦਰੀ ਬਾਬੇ ਧਰਮ ਨਿਰਪੇਖ ਭਾਰਤ ਦੀ ਆਜ਼ਾਦੀ ਦੇ ਘੁਲਾਟੀਏ ਨਜ਼ਰ ਆਉਂਦੇ ਹਨ, ਕਿਸੇ ਨੂੰ ਪਰੋਲੇਤੋਰੀਅਨ ਕਮਿਊਨਿਸਟ, ਜੋ ਕੇਵਲ ਕਮਿਊਨਿਜ਼ਮ ਦੇ ਸਿਧਾਂਤਕ ਪੱਖ ਨੂੰ ਹੀ ਉਭਾਰ ਰਹੇ ਸਨ, ਕਿਸੇ ਨੂੰ ਰਾਸ਼ਟਰਵਾਦੀ ਅਤੇ ਕਿਸੇ ਨੂੰ ਅਨਪੜ੍ਹ, ਅਨਸੇਧਤ ਬੇਮੁਹਾਰੇ ਬਾਗੀ।
ਗਦਰੀ ਬਾਬਿਆਂ ਬਾਰੇ ਅਜਿਹੇ ਨਤੀਜੇ ਕੱਢਣ ਵਿੱਚ ਵੱਡੀ ਭੂਮਿਕਾ ਉਨ੍ਹਾਂ ਨੇ ਨਿਭਾਈ ਜੋ ਸਿੱਖ ਸਿਧਾਂਤਕ ਪ੍ਰਸੰਗ ਤੋਂ ਬਿਲਕੁੱਲ ਅਣਜਾਣ ਸਨ (ਯੂਰਪੀਨ ਚਿੰਤਕ) ਜਾਂ ਜਾਣ ਬੁੱਝ ਕੇ ਅਜਿਹਾ ਕਰ ਰਹੇ ਸਨ (ਭਾਰਤੀ ਚਿੰਤਕ) ਜਾਂ ਗੁਰਬਾਣੀ ਤੋਂ ਵਿਹੂਣੇ ਸਨ (ਸਿੱਖ ਚਿੰਤਕ)। ਸੋ ਸਪੱਸ਼ਟ ਹੈ ਕਿ ਗਦਰੀ ਉਹ ਨਹੀਂ ਸਨ ਜੋ ਦੱਸੇ ਜਾ ਰਹੇ ਹਨ ਅਤੇ ਜੋ ਸਨ, ਉਹ ਦੱਸਣ ਤੋਂ ਜਾਂ ਸਾਹਮਣੇ ਲਿਆਉਣ ਤੋਂ ਅਚੇਤ ਜਾਂ ਸੁਚੇਤ ਤੌਰ ‘ਤੇ ਯਤਨ ਕੀਤੇ ਗਏ ਸਨ ਅਤੇ ਇਹ ਯਤਨ ਨਿਰੰਤਰਤਾ ਵਿੱਚ ਵੀ ਜਾਰੀ ਹਨ।
ਸਬੰਧਤ ਦੀ ਪੁਸ਼ਟੀ ਹਿੱਤ ਪ੍ਰਸਿੱਧ ਵਿਦਵਾਨ ਵਾਲਟਰ ਬੈਂਜੇਮਨ ਦਾ ਕਥਨ ਹੈ, *ਅਕਸਰ ਸਮੇਂ ਦੀਆਂ ਹਾਕਮ ਜਮਾਤਾਂ ਲੋਕਾਂ ਦਾ ਇਤਿਹਾਸ ਪਲੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖਾਸ ਕਰਕੇ ਉਨ੍ਹਾਂ ਦੀਆਂ ਕਾਮਯਾਬ ਜੱਦੋ-ਜਹਿਦਾਂ ਅਤੇ ਉਨ੍ਹਾਂ ਦੇ ਅਤੀਤ ਦੇ ਹਰਮਨ ਪਿਆਰੇ ਨਾਇਕਾਂ ਦਾ ਇਤਿਹਾਸ। ਅਜਿਹਾ ਕਰਨ ਲਈ ਉਹ ਹਰ ਉਚਿਤ ਜਾਂ ਅਣਉਚਿਤ ਤਰੀਕਾ (ਸਾਮ, ਦਾਮ, ਦੰਡ, ਭੇਦ) ਅਪਣਾਉਂਦੇ ਹਨ। ਆਪਣੇ ਨਿਸ਼ਾਨੇ ਦੀ ਪੂਰਤੀ ਹਿੱਤ ਕਈ ਵਾਰ ਉਨ੍ਹਾਂ ਨੂੰ ਦਮਨ ਵੀ ਕਰਨਾ ਪੈਂਦਾ ਹੈ ਅਤੇ ਗਲਤ ਬਿਆਨਬਾਜ਼ੀ ਵੀ। ਬਹੁਤੀ ਵਾਰ ਸਬੰਧਤ ਕੌਮ ਦੇ ਕੁਝ ਬੰਦਿਆਂ ਦੀ ਲਾਲਚੀ ਬਿਰਤੀ ਉਨ੍ਹਾਂ ਲਈ ਬੇਹੱਦ ਲਾਹੇਵੰਦ ਸਿੱਧ ਹੁੰਦੀ ਹੈ। ਕਿਉਂਕਿ ਅਜਿਹੀ ਬਿਰਤੀ ਵਾਲਾ ਮਨੁੱਖ ਕੌਮ ਦੀ ਵਫ਼ਾਦਾਰੀ ਛੱਡ ਕੇ ਹਾਕਮਾਂ ਦੀ ਵਫ਼ਾਦਾਰੀ ਪ੍ਰਤੀ ਸੇਧਤ ਹੋ ਜਾਂਦਾ ਹੈ। ਇਸ ਲਈ ਹਰੇਕ ਸਮੇਂ ‘ਤੇ ਆਪਣੇ ਇਤਿਹਾਸ ਦੀ ਰਾਖੀ ਖੁਦ ਆਪ (ਕੌਮ) ਨੂੰ ਹੀ ਕਰਨੀ ਪੈਂਦੀ ਹੈ।* ਸਪੱਸ਼ਟ ਹੋਇਆ ਕਿ ਆਪਣੇ ਇਤਿਹਾਸ ਪ੍ਰਤੀ ਥੋੜ੍ਹਾ ਜਿਹਾ ਅਵੇਸਲਾਪਣ ਵੀ ਕੌਮੀਅਤ ਦੇ ਵਿਰਾਸਤੀ ਪ੍ਰਸੰਗ ਦੀ ਸਦ-ਤਾਜ਼ਗੀ ਨੂੰ ਦੂਸ਼ਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਵਾਰਸ ਜੇ ਸੁੱਤੜ ਜਾਂ ਮੌਕਾ-ਪ੍ਰਸਤ ਹੋ ਜਾਣ ਤਾਂ ਇਸ ਖਲਾਅ ਵਿੱਚ ਘੁਸਪੈਠ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਇਸ ਹਾਲਤ ਵਿੱਚ ਵਿਰਾਸਤ ਦੇ ਰੰਗਾਂ ਨੂੰ ਸਦੈਵ-ਸਮਿਆਂ ਲਈ ਸੁਰੱਖਿਅਤ ਰੱਖਣ ਅਤੇ ਆਮ ਚੇਤਨਾ ਤੱਕ ਲੈ ਕੇ ਜਾਣ ਦੀ ਜਿੰਮੇਵਾਰੀ ਵਿਦਵਾਨਾਂ ਦੀ ਹੋ ਜਾਂਦੀ ਹੈ। ਜਿਹੜੀਆਂ ਕੌਮਾਂ ਵਿਦਵਾਨਾਂ ਦੀ ਪੁਸ਼ਤ-ਪਨਾਹੀ ਤੋਂ ਮਹਿਰੂਮ ਰਹਿ ਜਾਂਦੀਆਂ ਹਨ, ਉਹ ਹੌਲੀ ਹੌਲੀ ਅਗਿਆਨ ਦੇ ਰਾਹ ਪੈ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਸਿੱਧ ਕਰਨ ਦਾ ਰਸਤਾ ਚੁਣ ਲੈਂਦੀਆਂ ਹਨ। ਗਦਰ ਲਹਿਰ ਦਾ ਇਤਿਹਾਸ ਕਿਸੇ ਨਾ ਕਿਸੇ ਰੂਪ ਵਿੱਚ ਇਸੇ ਦੁਖਾਂਤ ਦਾ ਸ਼ਿਕਾਰ ਹੋਇਆ ਹੈ।
ਉਪਰੋਕਤ ਪਹਿਲੂਆਂ ਦੇ ਮੱਦੇ-ਨਜ਼ਰ ਗਦਰ ਲਹਿਰ ਨਾਲ ਸਬੰਧਤ ਕੁਝ ਅਹਿਮ ਪਹਿਲੂਆਂ ਬਾਰੇ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ ਤਾਂ ਜੋ ਗਦਰ ਲਹਿਰ ਦੇ ਸ਼ਾਨਦਾਰ ਇਤਿਹਾਸ ਵਿੱਚ ਕੀਤੀ ਗਈ ਘੁਸਪੈਠ ਨੂੰ ਜਨ-ਸਧਾਰਨ ਦੀ ਚੇਤਨਾ ਦਾ ਹਿੱਸਾ ਬਣਾ ਕੇ ਸਮੁੱਚੀ ਲਹਿਰ ਦੇ ਇਤਿਹਾਸਕ ਪੱਖ ਦੀ ਪੁਨਰ ਪੜ੍ਹਤ ਹੀ ਨਾ ਕੀਤੀ ਜਾਵੇ, ਸਗੋਂ ਉਸ ਜ਼ਰਖੇਜ਼ ਇਤਿਹਾਸ ਦੀ ਹਕੀਕਤ ਦੀ ਪੁਨਰ ਉਸਾਰੀ ਵੀ ਕੀਤੀ ਜਾਵੇ। ਗਦਰ ਲਹਿਰ ਨਾਲ ਸਬੰਧਤ ਇਤਿਹਾਸਕ ਦਸਤਾਵੇਜ਼ਾਂ ਦੇ ਅਧਿਐਨ ਉਪਰੰਤ ਜ਼ਿਆਦਾਤਰ ਆਏ ਲਿਟਰੇਚਰ ਵਿੱਚ ਇਹ ਸਤਰਾਂ ਬਹੁਤ ਹੀ ਜ਼ੋਰ ਦੇ ਕੇ ਕਹੀਆਂ ਗਈਆਂ ਹਨ ਕਿ *ਗਦਰ ਲਹਿਰ ਭਾਰਤ ਦੀ ਕੌਮੀ ਆਜ਼ਾਦੀ ਦੀ ਪਹਿਲੀ ਧਰਮ-ਨਿਰਪੱਖ ਲਹਿਰ ਹੈ, ਜਿਸਦਾ ਨਿਸ਼ਾਨਾ ਹਥਿਆਰਾਂ ਦੀ ਤਾਕਤ ਨਾਲ ਭਾਰਤ ਨੂੰ ਆਜ਼ਾਦ ਕਰਾਉਣਾ ਸੀ। ਇਸ ਲਹਿਰ ਵਿੱਚ ਜਿਹੜੇ ਲੋਕ ਸ਼ਾਮਲ ਹੋਏ ਸਨ, ਉਨ੍ਹਾਂ ਵਿੱਚੋਂ 95 ਫੀਸਦੀ ਤੋਂ ਵੱਧ ਸਿੱਖ ਸਨ, ਜਿਹੜੇ ਉਤਰੀ ਅਮਰੀਕਾ ਦੇ ਸ਼ਾਂਤ ਮਹਾਂਸਾਗਰੀ ਤੱਟ ਉਤੇ, ਅਣਸਿੱਖਿਅਤ ਕਾਮਿਆਂ, ਖੇਤ ਮਜ਼ਦੂਰਾਂ ਵਜੋਂ ਕੰਮ ਕਰਦੇ ਸਨ।* ਉਪਰੋਕਤ ਸਤਰਾਂ ਬਹੁਤ ਹੀ ਨੀਝ ਨਾਲ ਅਧਿਐਨ ਦੀ ਮੰਗ ਕਰਦੀਆਂ ਹਨ, ਜਿਨ੍ਹਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਕੁਝ ਇੱਕ ਪੰਕਤੀਆਂ ਵਿੱਚ ਹੀ ਕਿੰਨਾ ਸਵੈ-ਵਿਰੋਧਾਭਾਸ ਹੈ। ਇਥੇ ਤਿੰਨ ਮੁੱਦੇ ਅਹਿਮ ਖੋਜ ਦੀ ਮੰਗ ਕਰਦੇ ਹਨ:
1 ਧਰਮ ਨਿਰਪੇਖ
2 ਭਾਰਤੀ ਕੌਮੀਅਤ
3 ਸਿੱਖ
ਪਹਿਲਾ ਅਹਿਮ ਪ੍ਰਸ਼ਨ ਇਹ ਬਣਦਾ ਹੈ ਕਿ ਸਬੰਧਤ ਲਿਟਰੇਚਰ ਵਿੱਚ ਜਿਸ ਤਰ੍ਹਾਂ ਧਰਮ ਨਿਰਪੇਖਤਾ ਦੇ ਸੰਕਲਪ ਦਾ ਪ੍ਰਸ਼ਨ ਉਘਾੜਿਆ ਜਾ ਰਿਹਾ ਹੈ, ਉਹ ਪੱਛਮ ਦੀ ਉਪਜ ਹੈ ਅਤੇ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਧਰਮ ਦਾ ਲੋਕ ਮੁਕਤੀ ਵਾਲਾ ਰੂਪ ਬਿਪਰਨ ਦੀ ਭੇਂਟ ਚੜ੍ਹ ਲੋਕਾਂ ਦੇ ਪੈਰਾਂ ਦੀ ਜ਼ੰਜ਼ੀਰ ਬਣ ਗਿਆ ਸੀ। ਮਨੁੱਖ ਦੀ ਹਰ ਤਰ੍ਹਾਂ ਦੀ ਆਜ਼ਾਦੀ ਖੋਹ ਲਈ ਸੀ। ਇਥੋਂ ਤੱਕ ਕਿ ਉਸਦਾ ਨਿੱਜ ਵੀ ਆਪਣਾ ਨਹੀਂ ਸੀ। ਫਲਸਰੂਪ ਧਰਮ ਵਿਰੁੱਧ ਬਗ਼ਾਵਤੀ ਸੁਰ ਪੈਦਾ ਹੋਈ ਅਤੇ ਧਰਮ ਨਿਰਪੇਖਤਾ ਨੂੰ ਕਿਸੇ ਹੱਦ ਤੱਕ ਚਰਚ ਨੂੰ ਵੀ ਮਾਨਤਾ ਦੇਣੀ ਪੈ ਗਈ ਸੀ। ਅਜਿਹੀ ਧਰਮ ਨਿਰਪੇਖਤਾ ਸਿੱਖਾਂ ਵਿੱਚ ਤੇ ਕੀ, ਪੂਰੇ ਪੂਰਬ ਵਿੱਚ ਕਿਤੇ ਨਜ਼ਰ ਨਹੀਂ ਆਉਂਦੀ। ਸਪੱਸ਼ਟ ਹੋਇਆ ਕਿ ਗਦਰ ਨਾਲ ਸਬੰਧਤ ਰਚਨਾ ਕਰ ਰਹੇ ਇਤਿਹਾਸਕਾਰ ਜਾਂ ਤਾਂ ਧਰਮ ਨਿਰਪੇਖਤਾ ਦੇ ਸੰਕਲਪੀ ਪ੍ਰਸੰਗ ਤੋਂ ਹੀ ਅਣਜਾਣ ਹਨ ਜਾਂ ਮੰਦ-ਨੀਤੀ ਦੇ ਧਾਰਨੀ। ਅਹਿਮ ਪ੍ਰਸ਼ਨ ਇਹ ਵੀ ਹੈ ਕਿ ਜੇ ਗਦਰੀ ਸਿੱਖ ਹਨ ਤਾਂ ਫਿਰ ਉਹ ਧਰਮ ਨਿਰਪੇਖ ਕਿਵੇਂ ਹੋਏ। ਮਹਾਨਕੋਸ਼ ਵਿੱਚ ਸਿੱਖ ਦੀ ਪਰਿਭਾਸ਼ਾ ਇਸ ਤਰ੍ਹਾਂ ਅੰਕਿਤ ਹੈ, ਜੋ ਇਸਤਰੀ ਜਾਂ ਪੁਰਸ਼ ਦਸ ਗੁਰੂ ਸਾਹਿਬਾਨ ਨੂੰ ਆਪਣਾ ਗੁਰੂ ਮੰਨਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਸਦਾ ਪੂਰਨ ਵਿਸ਼ਵਾਸ ਹੈ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਉਹ ਜ਼ਿੰਦਗੀ ਜਿਉਂਦਾ ਹੈ, ਉਹ ਸਿੱਖ ਹੈ। ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਗਦਰੀ ਬਾਬੇ ਰਹਿਤ-ਬਹਿਤ ਵਾਲੇ ਸਿੱਖ ਸਨ। ਜੇ ਉਹ ਰਹਿਤ ਵਾਲੇ ਸਿੱਖ ਸਨ ਤਾਂ ਉਨ੍ਹਾਂ ਨੂੰ ਧਰਮ ਨਿਰਪੇਖੀ ਹੋਣ ਦੀ ਸੰਗਿਆ ਕਿਵੇਂ ਦਿੱਤੀ ਜਾ ਸਕਦੀ ਹੈ। ਕੀ ਧਰਮ ਨਿਰਪੇਖ ਦਾ ਲੇਬਲ ਧੱਕੇ ਨਾਲ ਤੇ ਗਦਰੀ ਬਾਬਿਆਂ ਨਾਲ ਨਹੀਂ ਜੋੜਿਆ ਜਾ ਰਿਹਾ। ਇਹ ਸਵਾਲ ਖੁੱਲ੍ਹੇ ਸੰਵਾਦ ਤੇ ਗੰਭੀਰ ਅਧਿਐਨ ਦੀ ਮੰਗ ਕਰਦਾ ਹੈ।
ਅਗਲਾ ਪ੍ਰਸ਼ਨ ਭਾਰਤੀ ਕੌਮੀਅਤ ਦਾ ਹੈ। ਭਾਰਤੀ ਸੰਵਿਧਾਨ ਵਿੱਚ ਅੰਕਿਤ ਹੈ ਕਿ ਭਾਰਤ ਬਹੁ-ਧਰਮੀ ਅਤੇ ਬਹੁ-ਕੌਮੀ ਦੇਸ਼ ਹੈ। ਜੇ ਅਜਿਹਾ ਹੈ ਤਾਂ ਫਿਰ ਉਪਰੋਕਤ ਉਸਾਰੇ ਜਾ ਰਹੇ ਸੰਕਲਪ ਦਾ ਕੀ ਕੀਤਾ ਜਾਵੇ। ਸਿੱਖ ਭਾਰਤੀ ਬਸ਼ਿੰਦਿਆਂ ਦੀ ਆਜ਼ਾਦੀ ਲਈ ਲੜੇ (ਜਿਨ੍ਹਾਂ ਵਿੱਚ ਉਨ੍ਹਾਂ ਦੀ ਕੌਮ ਵੀ ਸ਼ਾਮਲ ਹੈ), ਇਹ ਤਾਂ ਸਮਝ ਆਉਂਦਾ ਹੈ ਕਿਉਂਕਿ ਜਿਸ ਵਿਚਾਰਧਾਰਕ ਪ੍ਰਬੰਧ ਦੀ ਉਹ ਸਿਰਜਣਾ ਹਨ, ਉਸ ਦਾ ਨਿਸ਼ਾਨਾ ਬਦੀ ਦਾ ਨਾਸ਼ ਕਰਕੇ ਨੇਕ ਤੇ ਰੂਹਾਨੀਅਤ ਵਾਲੇ ਆਜ਼ਾਦ ਸਮਾਜ ਦੀ ਸੰਰਚਨਾ ਕਰਨਾ ਹੈ। ਜਿਵੇਂ ਆਰੰਭ ਵਿੱਚ ਵੀ ਦੱਸਿਆ ਹੈ ਕਿ ਸਿੱਖ ਨੂੰ ਕਿਸੇ ਕੌਮੀਅਤ ਦਾ ਬੰਧਨ ਨਹੀਂ ਹੈ। ਕਿਸੇ ਵੀ ਕੌਮ ਤੇ ਕਿਸੇ ਵੀ ਸਮੇਂ ਕਿਸੇ ਵੀ ਰਾਹੀਂ ਠੋਸੀ ਗੁਲਾਮ ਮਾਨਸਿਕਤਾ ਵਿਰੁੱਧ ਜੂਝਣ ਦਾ ਅਧਾਰ ਉਨ੍ਹਾਂ ਦੀ ਵਿਰਾਸਤ ਵਿੱਚ ਪਿਆ ਹੋਇਆ ਹੈ। ਕੌਮੀਅਤ ਦੇ ਇਸ ਉਭਾਰੇ ਜਾ ਰਹੇ ਪ੍ਰਸ਼ਨ ਦੀ ਪੁਸ਼ਟੀ ਲਈ ਇਥੇ ਸ਼ਾਨਦਾਰ ਰਵਾਇਤਾਂ ਵਾਲੇ ਜੋਧੇ ਸਾਨਿਆਲ ਦੇ ਇਹ ਸ਼ਬਦ ਧਿਆਨ ਦੀ ਮੰਗ ਕਰਦੇ ਹਨ, *ਸਿੱਖਾਂ ਵਾਂਗ ਮਜ਼ਬੂਤ, ਸਮਰੱਥ ਤੇ ਭਾਵੁਕ ਕੌਮ ਭਾਰਤ ਵਿੱਚ ਹੋਰ ਕੋਈ ਨਹੀਂ ਹੈ। ਸਿੱਖ ਲੋਕ ਜਿਸ ਤਰ੍ਹਾਂ ਸਹਿਜੇ ਹੀ ਵੱਡੇ ਸੰਘਰਸ਼ਾਂ ਲਈ ਲਾਮਬੰਦ ਹੋ ਜਾਂਦੇ ਹਨ, ਉਸ ਤਰ੍ਹਾਂ ਦਾ ਇਤਿਹਾਸ ਹੋਰ ਭਾਰਤੀ ਕੌਮਾਂ ਵਿੱਚ ਗੁੰਮ ਹੈ। ਭਾਵਨਾਵੀ (ਓਮੋਟਿਨaਲ) ਪ੍ਰਸੰਗ ਵਿੱਚ ਸਿੱਖ ਘੜੀ ਭਰ ਵਿੱਚ ਜਿਸ ਤਰ੍ਹਾਂ ਇੱਕ ਅਸੰਭਵ ਕਾਰਜ ਨੂੰ ਸੰਭਵ ਕਰ ਵਿਖਾਉਂਦੇ ਹਨ ਉਹੋ ਜਿਹਾ ਭਾਰਤ ਦੀ ਕੋਈ ਕੌਮ ਨਹੀਂ ਕਰ ਸਕਦੀ। ਸਿੱਖਾਂ ਦੀ ਕਹਿਣੀ ਤੇ ਕਥਨੀ ਵਿੱਚ ਅੰਤਰ ਨਹੀਂ ਹੁੰਦਾ। ਇਸ ਲਈ ਮੈਂ ਸਮਝਦਾ ਹਾਂ ਕਿ ਅਜਿਹਾ ਕੋਈ ਵੀ ਕੰਮ ਨਹੀਂ ਹੈ, ਜਿਸ ਨੂੰ ਸਿੱਖ ਢੁਕਵੀਂ ਲੀਡਰਸ਼ਿਪ ਹੋਣ ਤੇ ਨਾ ਕਰ ਸਕਣ।* ਸਾਨਿਆਲ ਦੇ ਉਪਰੋਕਤ ਸ਼ਬਦਾਂ ਤੋਂ ਬਹੁਤ ਸੁਖੈਨ ਢੰਗ ਨਾਲ ਧਰਮ ਨਿਰਪੇਖ, ਸਿੱਖ ਅਤੇ ਕੌਮ ਦੀ ਅਢੁੱਕਵੀਂ ਕੀਤੀ ਗਈ ਪਹਿਲੀ ਪਰਿਭਾਸ਼ਾ ਬੇਨਕਾਬ ਹੋ ਜਾਂਦੀ ਹੈ। ਸਬੰਧਤ ਇਤਿਹਾਸਕਾਰ ਧਰਮ ਨਿਰਪੱਖਤਾ ਤੇ ਕੌਮੀਅਤ ਦੀ ਪਰਿਭਾਸ਼ਾ ਦੇ ਗੈਰ-ਆਧਾਰ ਪ੍ਰਸੰਗ ਦੇ ਅੰਧ-ਵਿਸ਼ਵਾਸੀ ਹੋਣ ਕਰਕੇ ਉਹ ਧਰਮ ਨਿਰਪੱਖਤਾ ਦੀਆਂ ਸੀਮਾਵਾਂ ਅਤੇ ਬਹੁਲਤਾਵਾਦ ਦੀਆਂ ਸੰਭਾਵਨਾਵਾਂ ਤੋਂ ਅੱਖਾਂ ਮੀਟ ਰਹੇ ਲਗਦੇ ਹਨ। ਦੂਸਰੇ ਉਹ ਸਿੱਖ ਵਿਚਾਰਧਾਰਾ ਅਤੇ ਇਤਿਹਾਸ ਵਿਚਲੇ ਬਹੁਵਾਦੀ ਸੰਵਾਦ ਦੀਆਂ ਰੈਡੀਕਲ ਪਰੰਪਰਾਵਾਂ ਤੋਂ ਵੀ ਬਿਲਕੁੱਲ ਹੀ ਅਣਜਾਣ ਜਾਪਦੇ ਹਨ।
ਗਦਰੀ ਬਾਬਿਆਂ ਦੇ ਧਰਮ ਨਿਰਪੇਖੀ ਕਰੈਕਟਰ ਨੂੰ ਵੱਧ ਪ੍ਰਸੰਗਕ ਬਣਾਉਣ ਅਤੇ ਪੂਰਨ ਤੌਰ ‘ਤੇ ਕਮਿਊਨਿਜ਼ਮ ਵਿਚਾਰਧਾਰਾ ਦੇ ਮੁਦੱਈ ਸਥਾਪਤ ਕਰਨ ਲਈ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਮਾਰਕਸ ਰਚਿਤ ਗ੍ਰੰਥ ‘ਪੂੰਜੀ’ ਦੇ ਉਪਾਸ਼ਕ ਸਿੱਧ ਕਰਨ ਦਾ ਵੱਧ ਯਤਨ ਕੀਤਾ ਗਿਆ ਹੈ। ਉਨ੍ਹਾਂ ਦਾ ਰੂਸੀ ਕਮਿਊਨਿਸਟ ਪਾਰਟੀ ਨਾਲ ਸਬੰਧ ਅਤੇ ਗਦਰੀ ਬਾਬਿਆਂ ਦੀਆਂ ਮਾਸਕੋ ਫੇਰੀਆਂ ਪੁਸ਼ਟੀ ਹਿੱਤ ਪੇਸ਼ ਕੀਤੀਆਂ ਜਾਂਦੀਆਂ ਹਨ। ਅਸਲ ਵਿੱਚ ਇਹ ਵਿਦਵਾਨ ਕੌਮ, ਕੌਮੀ ਸੰਘਰਸ਼ ਅਤੇ ਧਰਮ ਨਿਰਪੱਖਤਾ ਬਾਰੇ ਆਪਣੇ ਮੂਲਵਾਦੀ ਵਿਚਾਰਾਂ ਕਰਕੇ ਪੱਛਮ ਦੀ ਆਧੁਨਿਕਤਾਵਾਦੀ ਵਿਚਾਰਧਾਰਾ ਦੇ ਡੱਬੇ ਵਿੱਚੋਂ ਬਾਹਰ ਨਿਕਲ ਕੇ ਸੋਚ ਹੀ ਨਹੀਂ ਪਾ ਰਹੇ। ਕੌਮ ਅਤੇ ਕੌਮੀ ਸੰਘਰਸ਼ ਦੀ ਵੰਨ-ਸੁਵੰਨਤਾ ਉਨ੍ਹਾਂ ਦੀ ਪਕੜ ਵਿੱਚ ਹੀ ਨਹੀਂ ਆ ਰਹੀ। ਇਥੋਂ ਤੱਕ ਕਿ ਸਿੱਖ ਫਲਸਫੇ ਤੇ ਗਹਿਰ ਗੰਭੀਰ ਪ੍ਰਵਚਨ ਉਸਾਰਨ ਦਾ ਭਰਮ ਪਾਲਣ ਵਾਲੇ ਸਿੱਖ ਚਿੰਤਕ ਵੀ (ਮੈਕਲੋਡੀਅਨ ਸਕੂਲ ਤੇ ਹੋਰ) ਉਪਰੋਕਤ ਭੇਦ (ਧਰਮ ਨਿਰਪੇਖ ਤੇ ਬਹੁਲਤਾਵਾਦ) ਨੂੰ ਸਪੱਸ਼ਟ ਕਰਨ ਦਾ ਯਤਨ ਨਹੀਂ ਕਰ ਰਹੇ। ਅਜਿਹੇ ਸਿੱਖਾਂ ਬਾਰੇ ਪਿੱਛੇ ‘ਬਾਣੀ ਵਿਹੂਣੇ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਬਾਣੀ ਵਿਹੂਣੇ ਕਹਿਣਾ ਉਨ੍ਹਾਂ ਦੀ ਹੇਠੀ ਕਰਨਾ ਨਹੀਂ ਹੈ ਪਰ ਇਹ ਦੱਸਣਾ ਹੈ ਕਿ ਸਿੱਖ ਧਰਮ ਦੇ ਪਵਿੱਤਰ ਧਰਮ ਗ੍ਰੰਥ ਦਾ ਸਿਧਾਂਤਕ ਪ੍ਰਸੰਗ, ਜੋ ਬਾਣੀ ਵਿੱਚ ਨਿਹਤ ਹੈ, ਦਾ ਨੀਝ ਨਾਲ ਅਧਿਐਨ (ਪਾਠ ਪਠਨ) ਕਰਨ ਤੋਂ ਬਿਨਾਂ ਕੇਵਲ ਇਤਿਹਾਸਕਾਰੀ ਦੇ ਅਧਾਰ ਤੇ ਸਾਰਥਿਕ ਨਤੀਜੇ ਸਾਹਮਣੇ ਨਹੀਂ ਲਿਆਂਦੇ ਜਾ ਸਕਦੇ। ਇਤਿਹਾਸ ਨੂੰ ਪ੍ਰਵਚਨ (ਬਾਣੀ) ਦੀ ਲੋੜ ਹੈ ਨਾ ਕਿ ਪ੍ਰਵਚਨ ਨੂੰ ਇਤਿਹਾਸ ਦੀ। ਇਸੇ ਕਰਕੇ ‘ਮਰਣੁ ਕਬੂਲਿ’ ਨਾਂ ਦੀ ਰਚਨਾ ਵਿੱਚ ਅੰਕਿਤ ਹੈ ਕਿ *ਜਿੱਥੇ ‘ਧੁਰ ਕੀ ਬਾਣੀ’ ਦਾ ਪ੍ਰਵਾਹ ਵਗਿਆ ਸੀ, ਉਸੇ ਧਰਤਿ ਤੇ ਧੁਰ ਕੀ ਬਾਣੀ ਦੇ ਵੇਗ ਵਿੱਚੋਂ ਇੱਕ ਮਹਾਂ ਮਾਨਵ ਪੈਦਾ ਹੋਇਆ ਸੀ, ਜਿਸਨੇ ਸਰਬਤ ਦੀ ਆਜ਼ਾਦੀ ਲਈ ਕਾਲੀਆਂ ਬਦਰੂਹਾਂ ਦੇ ਖਿਲਾਫ ਖੰਡਾ ਖੜਕਾ ਜਨ-ਸਧਾਰਨ ਦੀ ਮਾਨਸਿਕਤਾ ਵਿੱਚ ਆਜ਼ਾਦੀ ਦਾ ਪ੍ਰਸ਼ਨ ਖੜ੍ਹਾ ਕਰ ਦਿੱਤਾ ਸੀ।* ਇਸ ਲਈ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਗੁਹਜ ਨੂੰ ਜਾਨਣ ਤੋਂ ਅਸਮਰੱਥ ਹੈ, ਉਹ ਸਾਰਥਿਕ ਪਹੁੰਚ ਬਣਾ ਹੀ ਨਹੀਂ ਸਕਦਾ ਅਤੇ ਸਾਰਥਿਕ ਪਹੁੰਚ ਤੋਂ ਬਿਨਾਂ ਨਤੀਜੇ ਤੇ ਪਹੁੰਚਣਾ ਮੁਸ਼ਕਲ ਹੀ ਨਹੀਂ, ਕਦੀ ਸੰਭਵ ਵੀ ਨਹੀਂ ਹੋ ਸਕਦਾ। ਕਿਉਂਕਿ ਸਿੱਖ ਪਵਿੱਤਰ ਧਰਮ ਗ੍ਰੰਥ ਦਾ ਸਿਧਾਂਤਕ ਪ੍ਰਸੰਗ ਬਹੁ-ਰੰਗੇ ਸੰਸਾਰ ਦੀ ਬਹੁਲਤਾ ਨੂੰ ਬਰਾਬਰ ਵਧਣ-ਫੁੱਲਣ ਦਾ ਮੌਕਾ ਪ੍ਰਦਾਨ ਕਰਵਾਉਣ ਦੀ ਪੈਰਵਾਈ ਕਰਦਾ ਹੈ। ਬਾਣੀ ਦਾ ਵਿਚਾਰਧਾਰਕ ਪ੍ਰਵਚਨ ਰੰਗਾਂ, ਨਸਲਾਂ, ਸੱਭਿਆਤਾਵਾਂ ਜਾਂ ਹੋਰ ਹੱਦ-ਬੰਦੀਆਂ ਤੋਂ ਮੁਕਤ ‘ਸਭ ਸੈ ਲਏ ਮਿਲਾਇ ਜੀਓ’ ਅਤੇ ‘ਰੰਗ ਪਰੰਗ ਉਪਾਰਜਨਾ’ ਦੀ ਬਹੁ ਬਿਧਿ ਸ੍ਰਿਸ਼ਟਿ ਵਿੱਚ ‘ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੈ ਬੈਰਾਈ’ ਦਾ ਪ੍ਰਵਚਨ ਸਰਬ ਸਾਂਝੇ ਸੰਸਾਰ ਨੂੰ ਨਾਲ ਲੈ ਕੇ ਤੁਰਦਾ ਹੈ।
ਇਹੀ ਕਾਰਨ ਸੀ ਕਿ ਗਦਰੀ ਬਾਬਿਆਂ ਨੇ ਜੇ ਕਮਿਊਨਿਜ਼ਮ ਦੇ ਸਿਧਾਂਤ ਵਿੱਚ ਗੁਲਾਮ ਮਾਨਸਿਕਤਾ ਦੀ ਬੰਦ-ਖਲਾਸੀ ਦੇ ਕੁਝ ਅੰਸ਼ ਦਿਸਦੇ ਹੋਣਗੇ ਤਾਂ ਜ਼ਰੂਰ ਉਨ੍ਹਾਂ ਨੇ ਉਸ ਨੂੰ ਧਿਆਨ ਨਾਲ ਪੜ੍ਹਨ ਦਾ ਯਤਨ ਕੀਤਾ ਹੋਵੇਗਾ। ਕਿਸੇ ਵਿਚਾਰਧਾਰਾ ਨੂੰ ਪੜ੍ਹਨਾ ਤੇ ਕਿਸੇ ਵਿਚਾਰਧਾਰਾ ਨੂੰ ਅੰਗੀਕਾਰ ਕਰਨਾ, ਇਹ ਦੋਵੇਂ ਵੱਖ-ਵੱਖ ਪਹਿਲੂ ਹਨ। ਇਸ ਨੂੰ ਮਹਾਨ ਗਦਰੀ ਜਰਨੈਲ ਸੰਤ ਵਿਸਾਖਾ ਸਿੰਘ ਦੇ ਇਨ੍ਹਾਂ ਸ਼ਬਦਾਂ ਨਾਲ ਬਹੁਤ ਸੌਖੀ ਤਰ੍ਹਾਂ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ : “ਕਈ ਕਹਿੰਦੇ ਹਨ ਕਿ ਮੈਂ ਕਮਿਊਨਿਸਟ ਹਾਂ ਤੇ ਰੂਸੀ ਸਾਂਝੀਵਾਲਤਾ ਮੇਰਾ ਨਿਸ਼ਾਨਾ ਹੈ। ਮੇਰਾ ਨਿਸ਼ਾਨਾ ਸ੍ਰੀ ਦਸ਼ਮੇਸ਼ ਜੀ ਦੀ ਕਰਨੀ ਹੈ ਤੇ ਮੇਰੀ ਸਾਂਝੀਵਾਲਤਾ ਗੁਰੂ ਕਿਆਂ ਵਾਲੀ ਸਾਂਝੀਵਾਲਤਾ ਹੈ। 1906-07 ਈਸਵੀ ਵਿੱਚ ਕਿਹੜੀ ਰੂਸੀ ਸਾਂਝੀਵਾਲਤਾ ਸੀ, ਜਦ ਤੋਂ ‘ਸਰਬੱਤ ਦਾ ਭਲਾ’ ਮੇਰੇ ਵਿਚਾਰ ਅਤੇ ਕਰਮ ਦਾ ਸ੍ਰੇਸ਼ਟ ਅੰਗ ਬਣਿਆ ਹੈ? ਮੈਂ ਜੋ ਕੁਝ ਲਿਆ ਹੈ, ਇਹ ਗੁਰੂ ਘਰੋਂ ਲਿਆ ਹੈ। ਕਮਿਊਨਿਜ਼ਮ ਨੇ ਗਰੀਬ ਦੁਖੀ ਦੁਨੀਆਂ ਦਾ ਬੜਾ ਭਲਾ ਕੀਤਾ ਹੈ, ਪਰ ਇਸ ਵਿੱਚ ਅਜੇ ਤਰੁੱਟੀਆਂ ਹਨ। ਸਿੱਖੀ ਬਹੁਤ ਵੱਡੀ ਚੀਜ਼ ਹੈ। ਕਮਿਊਨਿਜ਼ਮ ਸਿੱਖੀ ਦਾ ਇੱਕ ਅੰਗ ਹੈ। ਇਹ ਸਿੱਖੀ ਵਿੱਚ ਸਮਾ ਸਕਦਾ ਹੈ ਪਰ ਸਿੱਖੀ ਇਸ ਵਿੱਚ ਨਹੀਂ ਸਮਾ ਸਕਦੀ। ਕਮਿਊਨਿਜ਼ਮ ਤੇ ਅਜੇ ਕੱਲ ਦੀ ਗੱਲ ਹੈ ਪਰ ਸੈਂਕੜੇ ਸਾਲਾਂ ਤੋਂ ਗੁਰੂ ਸਾਹਿਬਾਨ ਨੇ ਸਾਂਝੀਵਾਲਤਾ ਅਤੇ ਬਰਾਬਰਤਾ ਦਾ ਰਾਹ ਦੱਸਦਿਆਂ ਮਨੁਖਤਾ ਦੀ ਬੰਦ-ਖਲਾਸੀ ਅਤੇ ‘ਤੇਰਾ ਘਰ ਸੋ ਮੇਰਾ ਘਰ’ ਦਾ ਸੰਦੇਸ਼ ਦਿੱਤਾ ਹੈ।”
ਸਪੱਸ਼ਟ ਹੈ ਕਿ ਗਦਰੀ ਬਾਬਿਆਂ ਨੇ ਆਪਣੀਆਂ ਪਰੰਪਰਾਵਾਂ ਨੂੰ, ਜਿਨ੍ਹਾਂ ਵਿੱਚ ਉਹ ਪੈਦਾ ਹੋਏ, ਕੁੱਲ ਜ਼ਿੰਦਗੀ ਨਿਭਾਇਆ, ਥਿੜਕਣ ਜਾਂ ਡੋਲਣ ਦੀ ਸੰਭਾਵਨਾ ਸਧਾਰਨ ਮਨੁੱਖ ਵਿੱਚ ਤੇ ਜ਼ਰੂਰ ਹੁੰਦੀ ਹੈ, ਪਰ ਜਾਂਬਾਜ਼ ਯੋਧਾ, ਜਿਹੜਾ ਆਪਣੀ ਦੇਹ ਦੇ ਮੋਹ ਤੋਂ ਮੁਕਤ ਹੋ ਕੇ ਇਲਾਹੀ ਗੁਹਜ ਦਾ ਹਿੱਸਾ ਹੋ ਗਿਆ ਹੁੰਦਾ ਹੈ, ਇਸ ਦੇ ਥਿੜਕਣ ਦੀਆਂ ਸੰਭਾਵਨਾਵਾਂ ਬਾਰੇ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਇਸੇ ਪ੍ਰਥਾਇ ਇੱਕ ਵਿਦਵਾਨ ਦਾ ਕਥਨ ਹੈ ਕਿ “ਯੋਧੇ ਮਨੁੱਖ ਦਾ ਰੂਹਾਨੀ ਸਫ਼ਰ ਅਜ਼ੀਮ ਸਾਬਤ ਹੋ ਜਾਂਦਾ ਹੈ ਅਤੇ ਉਸਨੂੰ ਹਾਸਲ ਕਰਦੇ ਹੋਏ ਰਹਿਮ ਵਿੱਚ ਅੰਤਮ ਨਾਂਹ ਨੂੰ ਆਪਣੇ ਵਿੱਚ ਸਮੋ ਲੈਣ ਦੀ ਤਾਕਤ ਆ ਜਾਂਦੀ ਹੈ, ਦਿਸ਼ਾ ਤੋਂ ਭਟਕਣ ਜਾਂ ਫਿਰਨ ਦਾ ਸਵਾਲ ਹੀ ਖ਼ਤਮ ਹੋ ਜਾਂਦਾ ਹੈ ਅਤੇ ਅਜਿਹਾ ਯੋਧਾ ਸਦ ਜੀਵਿਤ ਹੋ ਜਾਂਦਾ ਹੈ ਅਤੇ ਫਿਰ ਸਦੈਵ-ਸਮਿਆਂ ਲਈ ਉਸਦਾ ਵਿਸ਼ਵਾਸ ਲੋਕਾਂ ਲਈ ਮਾਰਗ ਦਰਸ਼ਨ ਬਣ ਜਾਂਦਾ ਹੈ।”
ਸਿੱਖ ਵਿਰਾਸਤ ਕੁੱਲ ਧਰਮਾਂ ਦੇ ਬਾਨੀਆਂ ਨੂੰ ਰੱਬ ਦੇ ਦੂਤ ਅਤੇ ਉਨ੍ਹਾਂ ਤੇ ਉਤਰੀ ਬਾਣੀ ਨੂੰ ਦੈਵੀ ਨਾਦ ਪ੍ਰਵਾਨ ਕਰਦੀ ਹੈ। ਕੁੱਲ ਸਿੱਖ ਭਾਈਚਾਰੇ ਇਸ ਨੂੰ ਆਪਣੀ ਪੈਗੰਬਰੀ ਅਜ਼ਮਤ (ਗੁਰੂ ਸਾਹਿਬਾਨ) ਦਾ ਹੁਕਮ ਮੰਨ ਕੇ ਜੀਅ-ਜਾਨ ਨਾਲ ਦਿੱਤੇ ਆਦੇਸ਼ ਨੂੰ ਨਿਭਾਉਣਾ ਆਪਣਾ ਧਾਰਮਿਕ ਫਰਜ਼ ਸਮਝਦਾ ਹੈ। ਇਸਦੇ ਨਾਲ ਹੀ ਪੂਰੀ ਕੌਮ ਨੂੰ ਇਹ ਨਿਰਾਲਾ ਆਦੇਸ਼ ਵੀ ਦਿੱਤਾ ਹੋਇਆ ਹੈ ਕਿ ਉਹ ਕਿਸੇ ਵੀ ਧਰਮ ਜਾਂ ਕੌਮ ਦੇ ‘ਬੋਲੇ’ ਨੂੰ ਬਣਦਾ ਸਤਿਕਾਰ ਦੇਵੇ ਬਸ਼ਰਤੇ ਕਿ ਉਸ ਦਾ ਨਿਸ਼ਾਨਾ ਸੱਚ ਵੱਲ ਸੇਧਤ ਹੋਵੇ ਅਤੇ ਉਸਦੀ ਭਾਵਨਾ ਲੋਕ-ਮੁਖੀ। ਇਸ ਲਈ ਆਜ਼ਾਦੀ ਦੇ ਸੰਗਰਾਮ ਵਿੱਚ ਜੂਝ ਰਹੀਆਂ ਹੋਰ ਕੌਮਾਂ ਜਦੋਂ ‘ਬੰਦੇ ਮਾਤਰਮ’ ਦੇ ਬੋਲੇ ਨੂੰ ਅੰਗੀਕਾਰ ਕਰਕੇ ਚੱਲ ਰਹੀਆਂ ਹੋਣਗੀਆਂ ਤਾਂ ਇਹ ਸੁਭਾਵਕ ਹੈ ਕਿ ਵਿਰਾਸਤੀ ਆਦੇਸ਼-ਸੰਦੇਸ਼ ਅਨੁਸਾਰ ਉਹ ‘ਬੰਦੇ ਮਾਤਰਮ’ ਨੂੰ ਪੂਰਨ ਸਤਿਕਾਰ ਦਿੰਦੇ ਰਹੇ ਹੋਣਗੇ, ਉਨ੍ਹਾਂ ਨਾਲ ਰਲ ਕੇ ਇਸ ਦਾ ਗਾਇਨ ਵੀ ਕਰਦੇ ਹੋਣਗੇ। ਪਰ ਇਹ ਕਦਾਚਿਤ ਸੰਭਵ ਨਹੀਂ ਕਿ ਉਨ੍ਹਾਂ ਨੇ ਆਪਣੇ ਬੋਲਿਆਂ ਨੂੰ ਤਿਆਗ ਕੇ ਕੇਵਲ ਬੰਦੇ ਮਾਤਰਮ ਨੂੰ ਅੰਗੀਕਾਰ ਕਰ ਲਿਆ ਹੋਵੇਗਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਗਦਰ ਨਾਲ ਸਬੰਧਤ ਕੁਝ ਅਹਿਮ ਰਚਨਾਵਾਂ ਵਿੱਚ ਗਦਰੀ ਬਾਬਿਆਂ ਨੂੰ ਆਪਣੇ ਬੋਲਿਆਂ ਤੋਂ ਕਿਨਾਰਾ ਕਰਦੇ ਦਿਖਾਇਆ ਹੈ। ਉਦਾਹਰਨ ਲਈ ਡਾ. ਹਰੀਸ਼ ਪੁਰੀ ਜੀ ਦੀ ਰਚਨਾ ‘ਗਦਰ ਲਹਿਰ : ਵਿਚਾਰਧਾਰਾ ਜਥੇਬੰਦੀ ਅਤੇ ਰਣਨੀਤੀ’ ਵੇਖੀ ਜਾ ਸਕਦੀ ਹੈ। ਉਹ ਲਿਖਦੇ ਹਨ ਕਿ “ਐਸੀ ਗਵਾਹੀ ਸ਼ਾਇਦ ਹੀ ਕੋਈ ਮਿਲਦੀ ਹੋਵੇ ਕਿ ਗਦਰੀਆਂ ਨੇ ਸਿੱਖਾਂ ਦਾ ਮੁਤਵਾਜੀ ਧਾਰਮਿਕ ਜਾਂ ਜੰਗੀ ਨਾਅਰਾ : ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਅਤੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਵਰਤਿਆ ਹੋਵੇ। ਇਸ ਦੀ ਥਾਂ ਹਮੇਸ਼ਾ ਹੀ ‘ਬੰਦੇ ਮਾਤਰਮ’ ਦੇ ਨਾਅਰੇ ਦੀ ਵਰਤੋਂ ਕਰਦੇ ਨਜ਼ਰ ਆਉਂਦੇ ਹਨ।”
ਅਸਲ ਵਿੱਚ ਰਾਜਨੀਤੀ ਦੀ ਚਾਣਕਿਯ ਨੀਤੀ ਦਾ ਇਹ ਮੁੱਖ ਬਾਣ (ਭਾਵੇਂ ਪੱਛਮ ਹੋਵੇ ਜਾਂ ਪੂਰਬ) ਰਿਹਾ ਹੈ ਕਿ ਕਿਸੇ ਵੀ ਕੌਮ ਜਾਂ ਧਰਮ ਵਿੱਚ ਸਵੈ-ਵਿਰੋਧ ਪੈਦਾ ਕਰਨ ਲਈ ਉਸਨੂੰ ਉਸਦੀਆਂ ਪਰੰਪਰਾਵਾਂ ਤੋਂ ਵਿਛੁੰਨੇ ਕਰ ਦਿੱਤਾ ਜਾਵੇ। ਜੇ ਅਜਿਹਾ ਕਰਨ ਵਿੱਚ ਤੁਸੀਂ ਸਫ਼ਲ ਹੋ ਗਏ ਤਾਂ ਆਪ-ਮੁਹਾਰੇ ਤੁਸੀਂ ਉਨ੍ਹਾਂ ਨੂੰ ਆਪਣੇ ਵਿੱਚ ਅਸਿਮੀਲੇਟ(Assimilate) ਕਰਨ ਵਿੱਚ ਕਾਮਯਾਬ ਹੋ ਜਾਵੋਗੇ। ਅਜਿਹਾ ਕਰਦਿਆਂ ਸਮੇਂ ਦੇ ਬੰਧਨ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਨਹੀਂ, ਦਹਾਕਿਆਂ ਤੋਂ ਲੈ ਕੇ ਸਦੀਆਂ ਵਿੱਚ ਵੀ ਅਜਿਹਾ ਵਾਪਰ ਜਾਂਦਾ ਹੈ ਤਾਂ ਇਸ ਨੂੰ ਪ੍ਰਾਪਤੀ ਹੀ ਮੰਨਿਆ ਜਾਵੇਗਾ (ਪੰਜਾਬ ਵਿੱਚ ਮੌਜੂਦਾ ਇਸਾਈ ਪ੍ਰਚਾਰ ਇਸੇ ਨਿਸ਼ਾਨੇ ਵੱਲ ਸੇਧਤ ਹੈ)। ਗਦਰ ਵਿਚ ਜੂਝੇ ਇਨਕਲਾਬੀਆਂ ਬਾਰੇ ਇਹੋ ਜਿਹਾ ਸਾਹਿਤ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਪਰੋਸਿਆ ਜਾ ਰਿਹਾ ਹੈ ਤਾਂ ਜੋ ਕਿਸੇ ਨਾ ਕਿਸੇ ਢੰਗ ਨਾਲ ਉਨ੍ਹਾਂ ਦੀ ਬਿਰਤੀ ਨੂੰ ਖੰਡਿਤ ਕੀਤਾ ਜਾ ਸਕੇ। ਪਰ ਸੱਚ ਜਾਂ ਤੱਥ ਬਿਲਕੁੱਲ ਇਸ ਦੇ ਵਿਪਰੀਤ ਸੀ। ਗਦਰੀ ਬਾਬਿਆਂ ਦੀ ਆਪਣੇ ਪਰੰਪਰਕ ਬੋਲਿਆਂ ਬਾਰੇ ਚੇਤਨਾ ਮਹਾਨ ਯੋਧੇ ਸਾਨਿਆਲ ਦੀ ਲਿਖਤਾਂ ਵਿੱਚੋਂ ਇਸ ਤਰ੍ਹਾਂ ਰੂਪਮਾਨ ਹੁੰਦੀ ਹੈ:
“ਫਾਟਕ ਤੋਂ ਬਾਹਰ ਆਉਂਦੇ ਹੀ ਪੰਜਾਬ ਦੇ ਗਦਰੀ ਅਕਾਸ਼ ਗੂੰਜਾਉਂਦੀਆਂ ਅਵਾਜ਼ਾਂ ਵਿੱਚ ‘ਸਤਿ ਸ੍ਰੀ ਅਕਾਲ’ ਦੇ ਨਾਅਰੇ ਲਾਉਣ ਲੱਗੇ। ਇੱਕ ਨੇ ਕਿਹਾ ‘ਜੋ ਬੋਲੇ ਸੋ ਨਿਹਾਲ’ ਅਤੇ ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ‘ਸਤਿ ਸ੍ਰੀ ਅਕਾਲ’। ਫਾਟਕ ਦੇ ਅੰਦਰ ਅਨੁਸ਼ਾਸਨ ਸਖ਼ਤ ਸੀ। ਫਾਟਕ ਦੇ ਬਾਹਰ ਵੀ ਇੱਕ ਤਰ੍ਹਾਂ ਦਾ ਜੇਲ੍ਹਖਾਨਾ ਹੀ ਸੀ। ਪਰ ਜਦੋਂ ਇਹ ਨਾਅਰੇ ਲੱਗਣ ਲੱਗੇ, ਓਨੇ ਹੀ ਜ਼ੋਰ ਨਾਲ ਮੇਰਾ ਹਿਰਦਾ ਧੜਕਣਾ ਸ਼ੁਰੂ ਹੋ ਗਿਆ। ਮੇਰੀਆਂ ਅੱਖਾਂ ਵਿੱਚ ਅੱਥਰੂ ਸਨ ਤੇ ਸਤਿਕਾਰ ਵਿੱਚ ਸਿਰ ਝੁਕਿਆ। ਹਰ ਇੱਕ ਨਾਅਰੇ ਨਾਲ ਮੇਰੇ ਲੂੰ ਕੰਡੇ ਖੜ੍ਹੇ ਹੋ ਰਹੇ ਸਨ। ਸਵੇਰ ਦਾ ਸਮਾਂ ਸੀ। ਚਾਰੇ ਪਾਸੇ ਸ਼ਾਂਤੀ ਸੀ। ਦੂਰ ਤੱਕ ਸਮੁੰਦਰ ਫੈਲਿਆ ਹੋਇਆ ਸੀ ਅਤੇ ਇਸ ਵਿੱਚ ਛੋਟੀਆਂ ਛੋਟੀਆਂ ਪਹਾੜੀਆਂ ਅਤੇ ਹਰੇ ਭਰੇ ਦਰੱਖਤ ਖੜ੍ਹੇ ਸਨ, ਜਿਹੜੇ ਬੜੇ ਸੋਹਣੇ ਲੱਗ ਰਹੇ ਸਨ। ਸਿੱਖਾਂ ਦੇ ਲਗਾਏ ਜੈਕਾਰੇ ਚਾਰੇ ਪਾਸੇ ਗੂੰਜ ਰਹੇ ਸਨ। ਜਦ ਕਈ ਵਾਰ ਨਾਅਰੇ ਲੱਗ ਗਏ ਤਾਂ ਅਸੀਂ ਅੱਗੇ ਵਧੇ। ਨਾਅਰਿਆਂ ਦੀ ਥਾਂ ਤੇ ਹੁਣ ਪੰਜਾਬੀ ਵਿੱਚ ਗੀਤ ਹੋਣ ਲੱਗੇ। ਇਨ੍ਹਾਂ ਗੀਤਾਂ ਵਿੱਚ ਇੱਕ ਮੈਨੂੰ ਹੁਣ ਵੀ ਯਾਦ ਏ – ‘ਚਿੜੀਆਂ ਤੋਂ ਮੈਂ ਬਾਜ ਤੁੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ’। ਪਹਿਲਾਂ ਦੀ ਤਰ੍ਹਾਂ ਹੀ ਇੱਕ ਦੋ ਬੰਦੇ ਏਸ ਦੀ ਇੱਕ ਤੁਕ ਨੂੰ ਸ਼ੁਰੂ ਕਰਦੇ ਅਤੇ ਬਾਕੀ ਬਾਅਦ ਵਿੱਚ ਦੁਹਰਾਉਂਦੇ।”
ਸਪੱਸ਼ਟ ਹੈ ਕਿ ਗਦਰੀ ਬਾਬੇ ਆਪਣੀਆਂ ਸ਼ਾਨਦਾਰ ਰਵਾਇਤਾਂ ਨਾਲ ਕੁੱਲ ਜ਼ਿੰਦਗੀ ਜਿਊਏ। *ਸਿਰ ਉਚਾ ਚੁੱਕ ਕੇ* ਤੁਰਨ ਦੀ ਜਾਂਚ ਉਨ੍ਹਾਂ ਦੀ ਵਿਰਾਸਤ ਵਿੱਚ ਨਿਹਿਤ ਸੀ ਤੇ ਹੈ ਅਤੇ *ਬਾਰ ਪਰਾਏ ਬੈਸਣ* ਤੋਂ ਇਨਕਾਰੀ ਹੋਣਾ ਉਨ੍ਹਾਂ ਦਾ ਚੇਤਨਾ ਪ੍ਰਸੰਗ।
ਅਖੀਰ ਵਿੱਚ ਮੈਂ ਅਮਰੀਕਨ ਬਸ਼ਿੰਦਿਆਂ ਨੂੰ ਜਿਨ੍ਹਾਂ ਨੇ ਆਪਣੀ ਵਿਰਾਸਤ ਦੇ ਫ਼ਖ਼ਰ ਨੂੰ ਯਾਦ ਕਰਨ ਹਿੱਤ ਇਹ ਇਤਿਹਾਸਕ ਸੈਮੀਨਾਰ ਆਯੋਜਿਤ ਕੀਤਾ, ਵਧਾਈ ਦਿੰਦਾ ਹਾਂ ਅਤੇ ਨਾਲ ਹੀ ਇਹ ਪ੍ਰੇਰਨਾ ਵੀ ਕਿ ਵਿਰਾਸਤ ਦੇ ਫ਼ਖ਼ਰ ਨੂੰ ਯਾਦ ਕਰਨਾ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ, ਜੋ ਆਪਣੇ ਵਿਰਾਸਤ ਦੇ ਫ਼ਖ਼ਰ ਨੂੰ ਭੁੱਲ ਜਾਂਦਾ ਹੈ ਉਹ ਸਮੇਂ ਜਾਂ ਕਾਲ ਚੱਕਰ ਵਿੱਚ ਆਪਣਾ ਸਰੂਪ ਅਤੇ ਸਿਧਾਂਤ ਦੋਵੇਂ ਗਵਾ ਲੈਂਦਾ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ॥
0 Comments