ਘੋਗੇਵਾਲ਼ ਕੀ ਪੰਚਾਇਤ
ਕਈਆਂ ਨੂੰ ਸਮਝੌਤੇ ਕਰਾਉਣ ਅਤੇ ਪੰਚਾਇਤਾਂ ‘ਚ ਜਾਣ ਦਾ ਬੜਾ ਸ਼ੌਂਕ ਹੁੰਦਾ ਹੈ। ਇਹ ਗੱਲ ਮੈਂ ਰੇਡੀਉ ਤੇ ਵੀ ਸਾਂਝੀ ਕੀਤੀ ਸੀ ਅਤੇ ਹੁਣ ਇਸ ਨੂੰ ਕਲਮਬਧ ਵੀ ਕਰ ਰਿਹਾਂ ਹਾਂ। ਮੇਰੇ ਸਿਡਨੀ ਰਹਿੰਦੇ ਦੋਸਤ ਗੋਗੀ ਭਾਜੀ ਇਸਨੂੰ ਬੜੀ ਸ਼ਿਦੱਤ ਨਾਲ ਮਹਿਫਲ ‘ਚ ਸੁਣਾਉਂਦੇ ਹੁੰਦੇ ਨੇ ਅਤੇ ਉਹਨਾਂ ਦੀ ਇਜ਼ਾਜਤ ਨਾਲ ਹੀ ਛਾਪ ਰਿਹਾਂ ਹਾਂ। ਉਹਨੇ ਨੇ ਦੱਸਿਆ ਕਿ ਇਸ ਘਟਨਾ ਵਿੱਚ ਸਾਰੇ ਕਿਰਦਾਰ ਅਸਲੀ ਹਨ ਅਤੇ ਜੇ ਕੋਈ ਕੇਸ ਕਰਨਾ ਚਾਹੇ ਤਾਂ ਫਿਰ ਇਸੇ ਤਰਾਂ ਦੀ ਪੰਚਾਇਤ ਕਰ ਲਵਾਂਗੇ ਜਿਸ ਤਰਾਂ ਘੋਗੇਵਾਲ਼ ਹੋਈ ਸੀ।
ਗੱਲ ਇਸ ਤਰਾਂ ਹੋਈ ਕਿ ਪੰਜਾਬ ਹਰਿਆਣਾ ਬਾਰਡਰ ਤੇ ਇੱਕ ਪਿੰਡ ਦਾ ਮੁੰਡਾ ਘੋਗੇਵਾਲ਼ ਵਿਆਹਿਆ ਹੋਇਆ ਸੀ ਪਰ ਛੇਤੀ ਹੀ ਅਣਬਣ ਜਿਹੀ ਹੋ ਗਈ ਅਤੇ ਬਹੁ ਵਾਪਸ ਘੋਗੇਵਾਲ਼ ਚਲੀ ਗਈ। ਮੁੰਡੇ ਵਾਲੇ ਪਿੰਡ ਦੀ ਪੰਚਾਇਤ ਨੂੰ ਕਹਿਣ ਕਿ ਚਲੋ ਸਾਡੇ ਨਾਲ ਬਹੁ ਲੈਣ ਪਰ ਕੋਈ ਨੱਕ ਜਿਹਾ ਨਾ ਕਰੇ ਕਿਉਂਕਿ ਮੁੰਡੇ ਦਾ ਪਰਿਵਾਰ ਕੁਝ ਕਲੇਸ਼ੀ ਜਿਹਾ ਸੀ ਅਤੇ ਪਹਿਲਾਂ ਵੀ ਕਈ ਵਾਰ ਪਰਿਵਾਰ ਦੇ ਹੋਰ ਜੀਆਂ ਨੇ ਅਜਿਹਾ ਕੀਤਾ ਸੀ। ਆਖਰ ਨੂੰ ਅੱਧੀ ਪੰਚਾਇਤ ਮੰਨ ਗਈ ਤੇ ਬੰਦੇ ਪੂਰੇ ਕਰਨ ਨੂੰ ਇੱਕ ਅਮਲੀ ਨੂੰ ਤਿਆਰ ਕਰ ਲਿਆ ਨਾਲ਼ ਜਾਣ ਲਈ।
ਵਾਪਸ ਆਉਣ ਤੋਂ ਦੂਜੇ ਦਿਨ ਉਹ ਅਮਲੀ ਨੂੰ ਕੁਝ ਬੰਦੇ ਪੁੱਛਣ ਜਾਂਦੇ ਨੇ ਕਿ ਕੀ ਹੋਇਆ ਤੇ ਅੱਗੋਂ ਅਮਲੀ ਪਿੰਡੇ ਤੇ ਟਕੋਰਾਂ ਕਰਵਾ ਰਿਹਾ ਸੀ, ਇੱਕ ਅੱਖ ਸੁੱਜੀ ਹੋਈ ਤੇ ਦੂਜੀ ਕਾਲ਼ੀ। ਕਹਿਣ ਲਗਾ(ਹਰਿਆਵਣੀ ਪੰਜਾਬੀ ‘ਚ)। ਅਸੀਂ ਜੀ ਫਿਰ ਪੰਚਾਇਤ ਲੈ ਕੇ ਘੋਗੇਵਾਲ਼ ਪਹੁੰਚੇ। ਅੱਗੋਂ ਕੁੜਮਾਂ ਦੇ ਘਰੇ ਸਬਾਤ ਵਿੱਚ ਫਰਸ਼(ਚਟਾਈ) ਬਛਾਈ ਹੋਈ ਤੇ ਉਹਨਾਂ ਦੀ ਪੰਚਾਇਤ ਵੀ ਬੈਠੀ। ਕੁੜਮਾ ਪਰਿਵਾਰ ਵੀ ਬੈਠਾ। ਮਹੌਲ ਬੜਾ ਸੁਹਣਾ ਲੱਗਿਆ, ਪਾਣੀ ਧਾਣੀ ਪਿਲਾਇਆ ਤੇ ਫਿਰ ਚਾਹ ਦੀ ‘ਵਾਜ਼ ਮਾਰਤੀ। ਮੈਂ ਬਖਸ਼ੀਸ ਸਿਉਂ ਨੂੰ ਕਿਹਾ ਕਿ ਇਹ ਆਪਣੇ ਹੀ ਖਰਾਬ ਆ, ਇਹ ਵਿਚਾਰੇ ਤਾਂ ਕਬੀਲਦਾਰ ਬੰਦੇ ਆ, ਦੇਖੋ ਕਿੰਨੀ ਲਿਆਕਤ ਅ ਇਹਨਾਂ ‘ਚ।
ਹਾਲ ਚਾਲ ਹੋਇਆ ਤੇ ਸਰਪੰਚ ਨੇ ਪੁੱਛਿਆ “ਆ ਗੇ ਸਾਰੇ ਕਿ ਕੋਈ ਰਹਿੰਦਾ”।
ਮੈਂ ਚਾਉ ਨਾਲ ਕਿਹਾ “ਆ ਗੇ , ਆ ਗੇ”
ਸਰਪੰਚ “ਅੱਛਾਂ, ਛਕਾਈਏ ਬਾਈ ਹੁਣ”
ਇੰਨੇ ਨੂੰ ਉਹਨਾ ਦੇ ਸੀਰੀ ਨੇ ਘਰ ਦਾ ਮੂਹਰਲਾ ਗੇਟ ਭੇੜ ਦਿੱਤਾ ਤੇ ਕੁੰਡਾ ਵੀ ਅੰਦਰੋਂ ਲਾ ਤਾ। ਸਾਡੇ ਸਰੰਪਚ ਨੇ ਪੁੱਛਿਆ ਕਿ ਇਹ ਕਿਉ ਤਾਂ ਉਹਨਾਂ ਕਿਹਾ ਕਿ ਐਂਵੇ ਲੋਕੀ ਪੰਚਾਇਤ ‘ਚ ਬਾਹਰੋਂ ਆ ਬਹਿੰਦੇ ਆ। ਸਬਾਤ ਤੇ ਗੇਟ ਵਿਚਾਲੇ ਇੱਕ ਬਲਦਾਂ ਦਾ ਜੋੜਾ ਅਤੇ ਚਾਰ-ਪੰਜ ਮੰਝਾਂ ਖੜੀਆਂ ਜੁਗਾਲ਼ੀ ਕਰ ਰਹੀਆਂ ਸਨ ਪਰ ਅਜੀਬ ਕਿਸਮ ਦਾ ਸਨਾਟਾ ਸੀ।
ਸਰਪੰਚ “ਮੁੰਡਿਉ, ਲਿਆਉ ਫਿਰ ਹੁਣ ਚਾਹਟਾ ਛਕਾਈਏ!”
ਇੰਨੇ ਨੂੰ ਪੰਜ-ਸੱਤ ਜਣੇ ਡਾਂਗਾਂ ਲੈ ਕੇ ਅੰਦਰੋਂ ਨਿਕਲੇ ਤੇ ਵਰਾਉਣ ਲੱਗੇ ਡਾਂਗ। ਦੇ ਪੈਂਦੀ ਜਿਹਦੇ ਪੈਣ ਦੇ। ਭਗਦੜ ਮਚ ਗੀ, ਧੂੜ ਉੱਡਣ ਲਗੀ, ਪਸ਼ੂ ਰੰਭਣ ਲਗੇ, ਮਰਗੇ ਉਏ, ਹਾਏ ਉਏ ਤੇ ਚੀਕ ਚੀਹਾੜਾ ਪੈਣ ਲਗਾ। ਨਾਲ ਬੈਠਾ ਬਖਸ਼ੀਸ਼ ਭੱਜ ਕੇ ਮੱਝਾਂ ਹੇਠ ਜਾ ਵੜਿਆ, ਦੋ ਜਣੇ ਉਹਨੂੰ ਹੇਠੋਂ ਬਾਹਰ ਨੂੰ ਧੂਣ। ਮੈਨੂੰ ਫਿਰ ਬਚਣ ਦੀ ਤਰਕੀਬ ਸੁੱਝੀ, ਮੈਂ ਨੱਠ ਕੇ ਬਲਦਾਂ ਦੀ ਖੁਰਲੀ ‘ਚ ਛਾਲ ਮਾਰੀ ਤੇ ਛਾਤੀ ਭਾਰ ਸਿਰ ਬਾਹਾਂ ‘ਚ ਲਕੋ ਕੇ ਪੈ ਗਿਆ। ਮਗਰ ਤਾਂ ਮੇਰੇ ਕੋਈ ਨੀ ਆਇਆ ਪਰ ਬਲਦਾਂ ਨੂੰ ਲੱਗਿਆ ਕਿ ਇਹ ਕੋਈ ਨਵੀਂ ਕਿਸਮ ਦਾ ਚਾਰਾ ਪਾਤਾ। ਉਹ ਜੀਭ ਨਾਲ ਅਮਲੀ ਦਾ ਸਲੂਣਾ ਪਿੰਡਾ ਚੱਟਣ ਲੱਗੇ। ਮੈਂਨੂੰ ਇੰਝ ਲੱਗੇ ਜਿਵੇਂ ਤਰਖਾਣ ਦਸ ਨੰਬਰ ਦਾ ਰੇਗਮਾਰ ਮੇਰੀ ਪਿੱਠ ਤੇ ਫੇਰ ਰਿਹਾ ਹੋਵੇ। ਜਿਵੇਂ ਜਿਵੇਂ ਉਹ ਜੀਭ ਫੇਰੇ ਮੇਰੀ ਜਾਨ ਨਿਕਲੇ। ਮੈਂ ਦਰਦ ਵਿੱਚ ਕਿਹਾ “ਚਾਟ ਲੇ, ਚਾਟ ਲੇ, #!@# ਅਮਲੀ ਕਾ ਸਲੂਣਾ ਪਿੰਡਾ, ਜੇ ਤੂੰ ਮੇਰੇ ਘਰੇ ਹੁੰਦਾ ਤੇਰੇ ਡਾਂਗ ਬਹੁਤ ਫੇਰਨੀ ਸੀ ਮੈ”। ਮੈਂ ਮੌਕਾ ਦੇਖ ਕੇ ਛਾਲ ਮਾਰੀ ਤੇ ਕੰਧ ਟੱਪ ਗਿਆ ਤੇ ਗਲ਼ੀ ਤੋਂ ਭੱਜਕੇ ਪਿੰਡ ਦੇ ਅੱਡੇ ਤੇ ਆ ਗਿਆ। ਪਜਾਮਾ ਮੇਰਾ ਲੀਰੋ ਲੀਰ। ਇੰਨੇ ਨੂੰ ਮੋਟਰਾਂ ਆਲਾ ਸੁੱਚਾ ਸਾਇਕਲ ਤੇ ਆ ਗਿਆ ਤੇ ਮੈਨੂੰ ਪਿੰਡ ਛੱਡਕੇ ਗਿਆ।
“ਤੇ ਬਾਕੀ”
“ਕੋਈ ਤੁਰ ਕੇ ਆਇਆ, ਦੋਂ ਕੁ ਨੂੰ ਟਰਾਲੀ ‘ਚ ਪਾਕੇ ਛੱਡਕੇ ਗਏ, ਸਰਪੰਚ ਵਿਚਾਰਾ ਅਜੇ ਹਸਤਪਤਾਲ ਆ”
“ਤੇਰੇ ਘਰਦੇ ਕੀ ਕਹਿੰਦੇ ਫਿਰ?”
“ਉਹ ਤਾਂ ਬਸ ਟਕੋਰਾਂ ਕਰਦੇ ਆ, ਰੋ ਰੋ ਕੇ ਕਹਿਨਾਂ ਤਾਂ ਮੈਂ ਆਂ ਉਹਨਾਂ ਨੂੰ!”
“ਕੀ?”
“ਮੈਂ ਤਾਂ ਆਪਣੇ ਪੋਤਰੋਂ ਕੋ ਬੀ ਬਤਾ ਦੀਆ ਕਿ ਆਪਣੇ ਗੁਰੂ.. ਨੂੰ ਛੱਡ ਕੇ ਕਿਸੇ ਡੇਰੇ ਬੇਸ਼ਕ ਚਲੇ ਜਾਇਉ…..ਪਰ ਘੋਗੇਵਾਲ਼ ਕੀ ਪੰਚਾਇਤ ਮ ਮਤ ਜਾਇਉ… ਹਾਏ….”
0 Comments